ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਫੜੇ ਗਏ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਦੀ ਗ੍ਰਿਫਤਾਰੀ ਨੇ ਸੁਰੱਖਿਆ ਏਜੰਸੀਆਂ ਅਤੇ ਸਮਾਜਿਕ ਮਾਹੌਲ ਵਿੱਚ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ।
ਇਹ ਮਾਮਲਾ ਸਿਰਫ਼ ਜਾਸੂਸੀ ਤੱਕ ਸੀਮਤ ਨਹੀਂ, ਸਗੋਂ ਇਸ ਨੇ ਧਰਮ ਪਰਿਵਰਤਨ, ਲਾਲਚ, ਅਤੇ ਸਰਹੱਦੀ ਖੇਤਰਾਂ ਵਿੱਚ ਆਈਐਸਆਈ ਦੀਆਂ ਸਾਜ਼ਿਸ਼ਾਂ ਦੇ ਗੂੜ੍ਹੇ ਸਬੰਧਾਂ ਨੂੰ ਵੀ ਸਾਹਮਣੇ ਲਿਆਂਦਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਦਲਿਤ ਭਾਈਚਾਰੇ ਨਾਲ ਸਬੰਧਤ ਸਨ, ਜਿਨ੍ਹਾਂ ਨੇ ਬਾਅਦ ਵਿੱਚ ਈਸਾਈ ਧਰਮ ਅਪਣਾਇਆ ਅਤੇ ਫਿਰ ਆਈਐਸਆਈ ਦੇ ਜਾਲ ਵਿੱਚ ਫਸ ਕੇ ਜਾਸੂਸੀ ਦੀ ਦੁਨੀਆਂ ਵਿੱਚ ਉਤਰ ਗਏ।
ਇਸ ਘਟਨਾ ਨੇ ਸਵਾਲ ਖੜ੍ਹੇ ਕੀਤੇ ਹਨ:
2 ਮਈ, 2025 ਨੂੰ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਵਿੱਚ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਖੁਫੀਆ ਏਜੰਸੀਆਂ ਨੇ ਗ੍ਰਿਫਤਾਰ ਕੀਤਾ। ਜਾਂਚ ਵਿੱਚ ਪਤਾ ਲੱਗਾ ਕਿ ਇਹ ਦੋਵੇਂ ਵਿਅਕਤੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟਾਂ ‘ਚਾਚਾ’ ਅਤੇ ‘ਪਠਾਨ’ ਦੇ ਸੰਪਰਕ ਵਿੱਚ ਸਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਨੂੰ ਪਹਿਲਾਂ ਪੈਸਿਆਂ ਦਾ ਲਾਲਚ ਦਿੱਤਾ ਗਿਆ ਅਤੇ ਬਾਅਦ ਵਿੱਚ ਵਿਦੇਸ਼ ਭੇਜਣ ਦਾ ਝਾਂਸਾ ਵੀ ਦਿੱਤਾ ਗਿਆ। ਇਸ ਤੋਂ ਵੀ ਹੈਰਾਨੀਜਨਕ ਇਹ ਸੀ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਵਿੱਚ ਈਸਾਈਆਂ ’ਤੇ ਹੋਣ ਵਾਲੇ ਅੱਤਿਆਚਾਰਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ, ਪਰ ਫਿਰ ਵੀ ਉਹ ਆਈਐਸਆਈ ਦੇ ਜਾਲ ਵਿੱਚ ਫਸ ਗਏ।
ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸਤੰਬਰ 2024 ਵਿੱਚ ਚੰਡੀਗੜ੍ਹ ਵਿੱਚ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਘਰ ’ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਵੀ ਅੰਮ੍ਰਿਤਸਰ ਦੇ ਰਾਮਦਾਸ ਦੇ ਰੋਹਨ ਮਸੀਹ ਅਤੇ ਗੁਰਦਾਸਪੁਰ ਦੇ ਪਿੰਡ ਰਾਇਮਲ ਦੇ ਵਿਸ਼ਾਲ ਮਸੀਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜੰਡਿਆਲਾ ਗੁਰੂ ਦੇ ਡੈਨੀ ਅਤੇ ਉਸ ਦੇ ਨਾਬਾਲਗ ਭਰਾ ਨੂੰ ਅਜਨਾਲਾ ਥਾਣੇ ਵਿੱਚ ਆਈਈਡੀ ਲਗਾਉਣ ਅਤੇ ਕੋਟ ਖਾਲਸਾ ਪੁਲਿਸ ਚੌਕੀ ਦੇ ਬਾਹਰ ਗ੍ਰਨੇਡ ਸੁੱਟਣ ਦੇ ਦੋਸ਼ਾਂ ਵਿੱਚ ਫੜਿਆ ਗਿਆ।
ਇਹ ਸਾਰੇ ਦਲਿਤ ਭਾਈਚਾਰੇ ਵਿਚੋਂ ਸਨ, ਜਿਨ੍ਹਾਂ ਨੇ ਈਸਾਈ ਧਰਮ ਅਪਣਾਇਆ ਅਤੇ ਬਾਅਦ ਵਿੱਚ ਅੱਤਵਾਦੀ ਜਾਂ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਏ।ਇਨ੍ਹਾਂ ਮਾਮਲਿਆਂ ਨੇ ਇੱਕ ਮਹੱਤਵਪੂਰਨ ਸਵਾਲ ਖੜ੍ਹਾ ਕੀਤਾ ਹੈ: ਕੀ ਧਰਮ ਪਰਿਵਰਤਨ ਅਤੇ ਜਾਸੂਸੀ ਵਿੱਚ ਕੋਈ ਸਿੱਧਾ ਸਬੰਧ ਹੈ? ਜਾਂਚ ਅਧਿਕਾਰੀਆਂ ਅਨੁਸਾਰ, ਫਲਕਸ਼ੇਰ ਅਤੇ ਸੂਰਜ ਵਰਗੇ ਵਿਅਕਤੀਆਂ ਨੂੰ ਆਈਐਸਆਈ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ। ਇਹ ਲੋਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧਤ ਸਨ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਅਤੇ ਵਿਦੇਸ਼ ਜਾਣ ਦੇ ਲਾਲਚ ਵਿੱਚ ਫਸਾਉਣਾ ਸੌਖਾ ਸੀ। ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਆਈਐਸਆਈ ਅਕਸਰ ਅਜਿਹੇ ਵਿਅਕਤੀਆਂ ਨੂੰ ਚੁਣਦੀ ਹੈ, ਜੋ ਸਮਾਜਿਕ ਤੌਰ ’ਤੇ ਹਾਸ਼ੀਏ ’ਤੇ ਹੋਣ ਜਾਂ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਵੇ। ਧਰਮ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਵੀ ਅਜਿਹੇ ਲੋਕਾਂ ਨੂੰ ਵਿੱਤੀ ਸਹਾਇਤਾ ਜਾਂ ਸਮਾਜਿਕ ਸੁਰੱਖਿਆ ਦਾ ਲਾਲਚ ਦਿੱਤਾ ਜਾਂਦਾ ਹੈ, ਜੋ ਬਾਅਦ ਵਿੱਚ ਜਾਸੂਸੀ ਜਾਂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਕਾਰਨ ਬਣਦਾ ਹੈ।
ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਪਹਿਲਾਂ ਵੀ ਵਿਵਾਦਾਂ ਦਾ ਹਿੱਸਾ ਰਿਹਾ ਹੈ। 2014 ਵਿੱਚ ਰਿਪੋਰਟਾਂ ਅਨੁਸਾਰ, ਕਰੀਬ 8000 ਈਸਾਈਆਂ ਨੂੰ ਸਿੱਖ ਧਰਮ ਵਿੱਚ ਵਾਪਸ ਸ਼ਾਮਲ ਕਰਵਾਇਆ ਗਿਆ ਸੀ। ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਸਖਤ ਰੁਖ ਅਪਣਾਇਆ ਸੀ। ਅਕਾਲ ਤਖਤ ਦੇ ਜਥੇਦਾਰ ਨੇ ਵੀ 2022 ਵਿੱਚ ਧਰਮ ਬਦਲੀ,ਤਾਂਤਰਿਕ ਟਾਈਪ ਪਾਸਟਰਾਂ ਨੂੰ ਸਿੱਖਾਂ ਅਤੇ ਹਿੰਦੂਆਂ ਲਈ ‘ਖਤਰਾ’ ਦੱਸਦਿਆਂ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਦੀ ਮੰਗ ਕੀਤੀ ਸੀ।
![]()
