ਪੜ੍ਹਾਈ ਅਧੂਰੀ ਛੱਡਣ ਵਾਲੇ ਵਿਦਿਆਰਥੀਆਂ ਦੇ ਵੀਜ਼ੇ ਹੋਣਗੇ ਰੱਦ : ਅਮਰੀਕਾ

In ਅਮਰੀਕਾ
May 28, 2025
ਨਵੀਂ ਦਿੱਲੀ/ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ ਨਵੀਂ ਚਿਤਾਵਨੀ ਜਾਰੀ ਕੀਤੀ ਗਈ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਅਮਰੀਕਾ ਵਿੱਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੀ ਸੰਸਥਾ ਨੂੰ ਸੂਚਿਤ ਕੀਤੇ ਬਿਨਾਂ ਪੜ੍ਹਾਈ ਛੱਡ ਦਿੰਦੇ ਹਨ, ਕਲਾਸਾਂ ਵਿੱਚ ਸ਼ਾਮਲ ਨਹੀਂ ਹੁੰਦੇ ਜਾਂ ਪੜ੍ਹਾਈ ਦੇ ਆਪਣੇ ਪ੍ਰੋਗਰਾਮ ਨੂੰ ਛੱਡ ਦਿੰਦੇ ਹਨ ਤਾਂ ਉਨ੍ਹਾਂ ਦੇ ਵਿਦਿਆਰਥੀ ਵੀਜ਼ੇ ਰੱਦ ਕੀਤੇ ਜਾ ਸਕਦੇ ਹਨ। ਦੂਤਘਰ ਨੇ ਸ਼ੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਵਿਦਿਆਰਥੀਆਂ ਨੂੰ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸਮੱਸਿਆ ਤੋਂ ਬਚਣ ਲਈ ‘ਆਪਣੀ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖਣ’ ਦੀ ਅਪੀਲ ਕੀਤੀ। ਇਸ ਵਿੱਚ ਕਿਹਾ ਗਿਆ ਹੈ,‘ਜੇਕਰ ਤੁਸੀਂ ਆਪਣੇ ਸਕੂਲ (ਸੰਸਥਾ) ਨੂੰ ਸੂਚਿਤ ਕੀਤੇ ਬਿਨਾਂ ਪਿੱਛੇ ਹਟ ਜਾਂਦੇ ਹੋ, ਕਲਾਸਾਂ ਵਿੱਚ ਨਹੀਂ ਜਾਂਦੇ ਜਾਂ ਆਪਣਾ ਪੜ੍ਹਾਈ ਦਾ ਪ੍ਰੋਗਰਾਮ ਛੱਡ ਦਿੰਦੇ ਹੋ, ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਭਵਿੱਖ ਦੇ ਅਮਰੀਕੀ ਵੀਜ਼ਿਆਂ ਲਈ ਯੋਗਤਾ ਗੁਆ ਸਕਦੇ ਹੋ। ਇਸ ਲਈ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਆਪਣੇ ਵੀਜ਼ੇ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰੋ ਅਤੇ ਆਪਣੀ ਵਿਦਿਆਰਥੀ ਸਥਿਤੀ ਨੂੰ ਬਣਾਈ ਰੱਖੋ’। ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਲਈ ਦਾਖਲਾ ਲੈਂਦੇ ਹਨ। ਭਾਰਤ ਵਿੱਚ ਅਮਰੀਕੀ ਕੌਂਸਲੇਟ ਟੀਮ ਨੇ 2023 ਵਿੱਚ 1,40,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ। ਇਹ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੀ ਅਤੇ ਇਹ ਲਗਾਤਾਰ ਤੀਜਾ ਸਾਲ ਸੀ ਜਦੋਂ ਇਸ ਸਬੰਧ ਵਿੱਚ ਰਿਕਾਰਡ ਬਣਾਇਆ ਗਿਆ ਸੀ। ਉਸੇ ਸਾਲ ਭਾਰਤ ਵਿੱਚ ਅਮਰੀਕੀ ਮਿਸ਼ਨ ਨੇ ਰਿਕਾਰਡ 1.4 ਮਿਲੀਅਨ ਵੀਜ਼ੇ ਜਾਰੀ ਕੀਤੇ।

Loading