ਟਰੰਪ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਵੀਜੇ ਜਾਰੀ ਕਰਨ ਲਈ ਮੁਲਾਕਾਤ ਦਾ ਸਮਾਂ ਦੇਣ ਉਪਰ ਲਾਈ ਰੋਕ

In ਅਮਰੀਕਾ
May 29, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟਰੰਪ ਪ੍ਰਸ਼ਾਸਨ ਨੇ ਆਪਣੇ ਵਿਦੇਸ਼ਾਂ ਵਿਚਲੇ ਮਿਸ਼ਨਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਨਵੇਂ ਵਿਦਿਆਰਥੀਆਂ ਨੂੰ ਮੁਲਾਕਾਤ ਦਾ ਸਮਾਂ ਨਾ ਦੇਣ ਤੇ ਫਿਲਹਾਲ ਇਸ ਉਪਰ ਰੋਕ ਲਾ ਦੇਣ। ਇਕ ਅੰਦਰੂਨੀ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਵਿਦੇਸ਼ੀ ਵਿਦਿਆਰਥੀਆਂ ਦੇ ਸ਼ੋਸਲ ਮੀਡੀਆ ਪੁਨਰ ਨਰੀਖਣ ਦੇ ਵਿਸਥਾਰ ਉਪਰ ਕੰਮ ਕਰ ਰਿਹਾ ਹੈ। ਇਸ ਲਈ ਨਵੇਂ ਵਿਦਿਆਰਥੀਆਂ ਨੂੰ ਵੀਜੇ ਜਾਰੀ ਕਰਨ ਲਈ ਮੁਲਾਕਾਤ ਦਾ ਸਮਾਂ ਨਾ ਦਿੱਤਾ ਜਾਵੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਇਹ ਸੰਦੇਸ਼ ਜਾਰੀ ਕੀਤਾ ਗਿਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਹ ਆਦੇਸ਼ ਦੇਸ਼ ਨਿਕਾਲੇ ਦੇ ਪ੍ਰੋਗਰਾਮ ਨੂੰ ਤੇਜ ਕਰਨ ਤੇ ਅਯੋਗ ਵਿਦਿਆਰਥੀਆਂ ਦੇ ਵੀਜੇ ਰਦ ਕਰਨ ਦਰਮਿਆਨ ਆਇਆ ਹੈ। ਇਸ ਆਦੇਸ਼ ਵਿਚ ਰੂਬੀਓ ਨੇ ਕਿਹਾ ਹੈ ਕਿ ਤਾਜਾ ਦਿਸ਼ਾ ਨਿਰਦੇਸ਼ ਤਹਿਤ ਜਿਨਾਂ ਵਿਦਿਆਰਥੀਆਂ ਨੂੰ ਮੁਲਾਕਾਤ ਦਾ ਸਮਾ ਦਿੱਤਾ ਜਾ ਚੁੱਕਾ ਹੈ, ਉਸ ਨੂੰ ਨਿਪਟਾਇਆ ਜਾਵੇ ਤੇ ਜਿਨਾਂ ਦਰਖਾਸਤਾਂ 'ਤੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਉਨਾਂ ਨੂੰ ਜਿਉਂ ਦਾ ਤਿਉਂ ਰਹਿਣ ਦਿੱਤਾ ਜਾਵੇ। ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਇਸ ਆਦੇਸ਼ ਉਪਰ ਕੋਈ ਟਿਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਪਰ ਕਿਹਾ ਹੈ ਕਿ ਅਮਰੀਕਾ ਉਹ ਹਰ ਸਾਧਨ ਦੀ ਵਰਤੋਂ ਕਰੇਗਾ ਜੋ ਕਿਸੇ ਵੀ ਉਸ ਵਿਅਕਤੀ ਦੇ ਨਰੀਖਣ ਵਿੱਚ ਸਹਾਈ ਹੋਵੇਗਾ ਜੋ ਅਮਰੀਕਾ ਆਉਣਾ ਚਹੁੰਦਾ ਹੈ। ਉਨਾਂ ਕਿਹਾ ਕਿ ਜੋ ਵੀ ਕੋਈ ਚਾਹੇ ਉਹ ਵਿਦਿਆਰਥੀ ਹੋਵੇ ਜਾਂ ਕੋਈ ਹੋਰ ਅਮਰੀਕਾ ਆਉਣਾ ਚਹੁੰਦਾ ਹੈ ਦੀ ਜਾਂਚ ਪੜਤਾਲ ਹੋਵੇਗੀ।

Loading