ਚੰਦਰੇ ਨਸ਼ਿਆਂ ਵਿਚ ਰੁੜ੍ਹਿਆ ਪੰਜਾਬ, ਜ਼ਿੰਮੇਵਾਰ ਕੌਣ?

In ਮੁੱਖ ਲੇਖ
May 30, 2025
ਬਘੇਲ ਸਿੰਘ ਧਾਲੀਵਾਲ : ਪੰਜਾਬੀ ਲੋਕ ਗੀਤ “ਚੰਦਰੇ ਨੋਟਾਂ ਨੇ ਮੇਰਾ ਚੰਨ ਪਰਦੇਸੀ ਕੀਤਾ” ਪੁਰਾਣਾ ਜ਼ਰੂਰ ਹੈ, ਪਰ ਅੱਜ ਦੇ ਹਾਲਾਤ ਦੀ ਵੀ ਸੱਚੀ ਤਰਜਮਾਨੀ ਕਰਦਾ ਹੈ। ਇਹ ਗੀਤ ਕਦੇ ਸਿਰਫ਼ ਪਰਦੇਸ ਕਮਾਈ ਕਰਨ ਗਏ ਨੌਜਵਾਨਾਂ ਦੇ ਵਿਛੋੜੇ ਦੀ ਗੱਲ ਕਰਦਾ ਸੀ, ਪਰ ਹੁਣ ਸਮਾਂ ਬਦਲ ਗਿਆ। ਅੱਜ ਪਰਿਵਾਰ ਦਾ ਮੁਖੀ ਹੀ ਨਹੀਂ, ਸਗੋਂ ਘਰ ਦੇ ਸਾਰੇ ਜੀਅ—ਇੱਕ, ਦੋ ਜਾਂ ਕਿਤੇ ਤਿੰਨ ਵੀ—ਪਰਦੇਸੀ ਹੋ ਗਏ। ਪਿੱਛੇ ਰਹਿ ਗਏ ਬੁਢੇ ਮਾਂ-ਬਾਪ, ਜੋ ਆਪਣੇ ਲਾਡਲਿਆਂ ਦੀ ਬਾਹਰਲੇ ਮੁਲਕਾਂ ਵਿਚ ਤਰੱਕੀ ਦੀ ਝੂਠੀ ਖੁਸ਼ੀ ਹੇਠ ਵਿਛੋੜੇ ਦਾ ਦੁੱਖ ਛੁਪਾਉਂਦੇ, ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ। ਕਈਆਂ ਦੇ ਮੰਜੇ ਨਾਲ ਮੰਜਾ ਜੁੜ ਗਿਆ, ਪਰ ਪਾਣੀ ਦੀ ਘੁੱਟ ਪੁੱਛਣ ਵਾਲਾ ਕੋਈ ਨਾ ਬਚਿਆ।ਇਸ ਦਾ ਮਤਲਬ ਇਹ ਨਹੀਂ ਕਿ ਪਰਦੇਸ ਗਏ ਨੌਜਵਾਨਾਂ ਦਾ ਖੂਨ ਸਫੈਦ ਹੋ ਗਿਆ ਜਾਂ ਉਹ ਮਾਂ-ਬਾਪ ਨੂੰ ਭੁੱਲ ਗਏ। ਨਹੀਂ, ਉਹ ਵਾਪਸ ਆਉਣਾ ਚਾਹੁੰਦੇ ਹਨ, ਪਰ ਨਸ਼ਿਆਂ, ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਦੀ ਤੋਟ ਪੂਰੀ ਕਰਨ ਲਈ ਲੁੱਟ-ਖੋਹ ਕਰਦੇ ਨਸ਼ੇੜੀਆਂ ਤੋਂ ਕੌਣ ਸੁਰੱਖਿਆ ਦੇਵੇਗਾ? . ਇਸੇ ਕਾਰਨ ਮਾਂ-ਬਾਪ ਖੁਦ ਨਹੀਂ ਚਾਹੁੰਦੇ ਕਿ ਉਹਨਾਂ ਦੇ ਪਰਦੇਸ ਵਿਚ ਮਿਹਨਤ ਨਾਲ ਸਥਾਪਤ ਹੋਏ ਪੁੱਤਰ ਮੁੜ ਪੰਜਾਬ ਦੇ ਖ਼ਤਰਨਾਕ ਹਾਲਾਤ ਵਿਚ ਫਸਣ। ਉਹ ਆਪਣੇ ਚਾਵਾਂ ਅਤੇ ਮਮਤਾ ਨੂੰ ਔਲਾਦ ਦੀ ਸੁਰੱਖਿਆ ਲਈ ਕੁਰਬਾਨ ਕਰ ਰਹੇ ਹਨ।ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਨਕਸ਼ਾ ਸੱਚਮੁੱਚ ਬਦਲ ਗਿਆ। ਵਿਛੋੜੇ ਦੇ ਲੋਕ ਗੀਤਾਂ ਦੇ ਅਰਥ ਬੇਅਰਥ ਹੋ ਗਏ। ਉਹ ਗੀਤ ਹੁਣ ਸਿਰਫ਼ ਪੁਰਾਣੀਆਂ ਯਾਦਾਂ ਦੀ ਨਿਸ਼ਾਨੀ ਬਣ ਕੇ ਰਹਿ ਗਏ। ਬਾਹਰਲੇ ਮੁਲਕਾਂ ਵਿਚ ਤਰੱਕੀ ਦੀ ਰੀਸ ਵਿਚ ਹਜ਼ਾਰਾਂ ਨੌਜਵਾਨ ਨਸ਼ਿਆਂ ਦੇ ਸੌਦਾਗਰਾਂ ਦੇ ਹੱਥ ਚੜ੍ਹ ਗਏ। ਜਹਾਜ਼ ਚੜ੍ਹਨ ਦੇ ਸੁਪਨੇ ਮਾਰਕੇ ਕਈ ਸਿਵਿਆਂ ਦੇ ਰਾਹਾਂ 'ਤੇ ਅੰਤਮ ਸਫਰ 'ਤੇ ਨਿਕਲ ਪਏ। ਪਤਾ ਹੀ ਨਾ ਲੱਗਾ ਕਿ ਹੱਸਦਾ-ਵੱਸਦਾ ਪੰਜਾਬ ਕਦੋਂ ਉਜਾੜ ਦੀ ਕਗਾਰ 'ਤੇ ਪਹੁੰਚ ਗਿਆ।ਕਹਿੰਦੇ ਸਨ, “ਪੰਜਾਬ ਦੇ ਜਾਏ ਨੂੰ ਨਿੱਤ ਮੁਹਿੰਮਾਂ,” ਪਰ ਹੁਣ ਚਲਾਕ ਸ਼ਕਤੀਆਂ ਨੇ ਸਮਝ ਲਿਆ ਕਿ ਪੰਜਾਬ ਦੀ ਮਿੱਟੀ ਨੂੰ ਮਾਰਨ ਦੀ ਨਹੀਂ, ਸਗੋਂ ਇਸ ਦੀ ਜਣਨ ਸ਼ਕਤੀ ਨੂੰ ਜ਼ਹਿਰੀਲੇ ਤੱਤਾਂ ਨਾਲ ਖਤਮ ਕਰਨ ਦੀ ਲੋੜ ਹੈ। ਗੱਭਰੂਆਂ ਨੂੰ ਭੁੱਕੀ, ਅਫੀਮ ਵਰਗੇ ਕੁਦਰਤੀ ਨਸ਼ਿਆਂ ਤੋਂ ਹਟਾ ਕੇ ਰਸਾਇਣਕ ਨਸ਼ਿਆਂ ਦਾ ਆਦੀ ਬਣਾਇਆ ਜਾ ਰਿਹਾ ਹੈ। ਉਹਨਾਂ ਦੀ ਗੈਰਤ ਅਤੇ ਮਰਦਾਨਗੀ ਨੂੰ ਮਾਰਿਆ ਜਾ ਰਿਹਾ ਹੈ। ਪੰਜਾਬ ਵਿਰੋਧੀ ਤਾਕਤਾਂ ਦੀ ਇਸ ਸਾਜ਼ਿਸ਼ ਨੇ “ਪੰਜਾਬ ਦੇ ਜਾਏ ਨੂੰ ਨਿੱਤ ਮੁਹਿੰਮਾਂ” ਵਾਲਾ ਅਖਾਣ ਵੀ ਬਦਲ ਦਿੱਤਾ। ਮੁਹਿੰਮਾਂ ਸੁਣ ਕੇ ਤਾਂ ਪੰਜਾਬੀ ਜੁਆਨੀ ਦੇ ਡੌਲੇ ਫਰਕਦੇ ਸਨ, ਮਰ ਮਿਟਣ ਦੀ ਤਾਂਘ ਜਾਗਦੀ ਸੀ, ਪਰ ਹੁਣ ਇਸ ਜਜ਼ਬੇ ਨੂੰ ਖ਼ਤਮ ਕਰਨ ਲਈ ਜ਼ਹਿਰੀਲੇ ਨਸ਼ਿਆਂ ਦੇ ਤੀਰ ਨਿਸ਼ਾਨੇ 'ਤੇ ਵੱਜ ਰਹੇ ਹਨ।ਪੋਸਤ, ਭੁੱਕੀ ਅਤੇ ਅਫੀਮ ਦਾ ਨਸ਼ਾ ਕਰਕੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਪੰਜਾਬੀ ਅੱਜ ਚਿੱਟੇ, ਸਮੈਕ, ਗੋਲੀਆਂ, ਕੈਪਸੂਲਾਂ ਅਤੇ ਜ਼ਹਿਰੀਲੀ ਸ਼ਰਾਬ ਨੇ ਨਸ਼ੇੜੀ ਬਣਾ ਦਿੱਤੇ। ਨਤੀਜਾ, ਮੁੱਲ ਦੀਆਂ ਕੁੱਖਾਂ 'ਚੋਂ ਸੰਤਾਨ ਸੁੱਖ ਘਟਦਾ ਜਾ ਰਿਹਾ ਹੈ। ਪੰਜਾਬ ਜਣਨ ਸ਼ਕਤੀ ਗੁਆ ਰਿਹਾ ਹੈ। ਵਾਰਸ ਕੰਮ-ਕਾਰ ਭੁੱਲ ਕੇ ਜ਼ਮੀਨਾਂ ਵੇਚ ਮਾਰੂ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਜਿਹੜੇ ਕਦੇ ਹਕੂਮਤਾਂ ਨੂੰ ਵਕਤ ਪਾਉਂਦੇ ਸਨ, ਅੱਜ ਗਲੀਆਂ ਦੇ ਕੱਖ ਬਣ ਗਏ। ਪਿੰਡਾਂ, ਸ਼ਹਿਰਾਂ, ਕਸਬਿਆਂ ਦੀ ਹਰ ਸੁੰਨੀ ਥਾਂ ਨਸ਼ਿਆਂ ਦਾ ਅੱਡਾ ਬਣ ਗਈ। ਗਲੀਆਂ, ਸੜਕਾਂ 'ਤੇ ਗੈਰਤ ਵਿਹੂਣੀ ਜੁਆਨੀ ਦੀਆਂ ਲਾਸ਼ਾਂ ਸੜਨ ਲੱਗੀਆਂ।ਇਹ ਸਮੇਂ ਦਾ ਦੁਖਾਂਤ ਹੈ ਕਿ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਨਾ ਕੁਦਰਤੀ ਮੌਤ ਵਿਚ ਸ਼ਾਮਲ ਹੁੰਦੀ ਹੈ, ਨਾ ਸਰਕਾਰੀ ਤੰਤਰ ਬਦਨਾਮੀ ਦੇ ਡਰੋਂ ਇਸ ਨੂੰ ਸਵੀਕਾਰਦਾ ਹੈ। ਪਰ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ। ਕੀ ਸਰਕਾਰ ਅਤੇ ਪੁਲਿਸ ਇਮਾਨਦਾਰੀ ਨਾਲ ਦਾਅਵਾ ਕਰ ਸਕਦੇ ਹਨ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਸੁਹਿਰਦ ਯਤਨ ਹੋ ਰਹੇ ਹਨ? ਜੇ ਹਾਂ, ਤਾਂ ਪਿੰਡਾਂ 'ਚ ਰਸਾਇਣਕ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲੇ ਕੌਣ ਹਨ? ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਸਨੀਕ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਹਨਾਂ ਦੇ ਪਿੰਡ 'ਚ ਹਰ ਮਹੀਨੇ ਚਾਰ-ਪੰਜ ਨੌਜਵਾਨ ਨਸ਼ਿਆਂ ਨਾਲ ਜਾਨ ਗੁਆ ਰਹੇ ਹਨ। ਜੇ ਇਹ ਸੱਚ ਵੀ ਨਾ ਮੰਨਿਆ ਜਾਵੇ, ਤਾਂ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੌਤਾਂ ਹੋ ਰਹੀਆਂ ਹਨ। ਗੱਲਾਂ ਤਾਂ ਤਦ ਹੀ ਬਣਦੀਆਂ ਹਨ, ਜਦੋਂ ਸੱਚ ਦੀ ਨੀਂਹ ਹੋਵੇ। ਉਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਨਸ਼ਿਆਂ 'ਚ ਫਸੇ ਲੋਕਾਂ 'ਚ 10 ਤੋਂ 15 ਸਾਲ ਦੇ ਬੱਚੇ ਵੀ ਸ਼ਾਮਲ ਹਨ। ਇਹ ਸਿਰਫ਼ ਇੱਕ ਪਿੰਡ ਦੀ ਕਹਾਣੀ ਨਹੀਂ, ਸਗੋਂ ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ ਦੀ ਦੁਖਦ ਸੱਚਾਈ ਹੈ।ਪੁਲਿਸ ਦੀ ਕਾਰਗੁਜ਼ਾਰੀ 'ਤੇ ਹਾਸਾ ਨਹੀਂ, ਰੋਣਾ ਆਉਂਦਾ ਹੈ। ਪੁਲਿਸ ਅਫੀਮ-ਭੁੱਕੀ ਫੜਨ ਵਿਚ ਸਾਰੀ ਤਾਕਤ ਝੋਕ ਰਹੀ ਹੈ, ਜਦਕਿ ਨੌਜਵਾਨ ਰਸਾਇਣਕ ਨਸ਼ਿਆਂ ਨਾਲ ਮਰ ਰਹੇ ਹਨ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਦਿੱਲੀ ਤੋਂ ਆਉਣ ਵਾਲੇ ਨਸ਼ੇ ਹਰਿਆਣਾ ਪਾਰ ਕਰਕੇ ਸਿਰਫ਼ ਪੰਜਾਬ ਵਿਚ ਹੀ ਵਿਕਦੇ ਹਨ? ਹਰਿਆਣੇ ਜਾਂ ਉੱਤਰ ਪ੍ਰਦੇਸ਼ 'ਚ ਕਿਉਂ ਨਹੀਂ? ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਦੀ ਗੱਲ ਕਰੀਏ, ਤਾਂ ਪੰਜਾਬ ਦੀ 547 ਕਿਲੋਮੀਟਰ ਦੀ ਸਰਹੱਦ ਤੋਂ ਹੀ ਨਸ਼ੇ ਕਿਵੇਂ ਆ ਰਹੇ ਹਨ, ਜਦਕਿ ਰਾਜਸਥਾਨ ਦੀ 1,035 ਕਿਲੋਮੀਟਰ ਅਤੇ ਗੁਜਰਾਤ ਦੀ 512 ਕਿਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ, ਪਰ ਉਥੇ ਨਸ਼ਿਆਂ ਦੀ ਸਪਲਾਈ ਦਾ ਨਾਮੋ-ਨਿਸ਼ਾਨ ਨਹੀਂ। ਗੱਲ ਇਹ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਇਮਾਨਦਾਰੀ ਨਾਲ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਹਾਥੀ ਲੰਘਣ ਗਿਆ ਅਤੇ ਪੂਛ ਫੜਨ ਦਾ ਕੋਈ ਫਾਇਦਾ ਨਹੀਂ। ਤਜਰਬੇ ਸਾਬਤ ਕਰਦੇ ਹਨ ਕਿ ਕੇਂਦਰੀ ਤਾਕਤਾਂ ਪੰਜਾਬ ਨੂੰ ਹੱਸਦਾ-ਵੱਸਦਾ ਨਹੀਂ ਦੇਖਣਾ ਚਾਹੁੰਦੀਆਂ। ਇਸ ਲਈ ਸ਼ਾਸਨ, ਪ੍ਰਸ਼ਾਸਨ ਅਤੇ ਲੋਕਾਂ ਨੂੰ ਇਕਸੁਰ ਹੋ ਕੇ ਸੁਹਿਰਦ ਸਮਝ ਨਾਲ ਕੰਮ ਕਰਨਾ ਪਵੇਗਾ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਪੰਜਾਬੀ ਜੁਆਨੀ ਮਰਦੀ ਰਹੇਗੀ, ਸਿਵੇ ਬਲਦੇ ਰਹਿਣਗੇ, ਅਤੇ ਪੰਜਾਬ ਉਜੜਦਾ ਰਹੇਗਾ। ਇਹ ਜ਼ਮੀਨੀ ਹਕੀਕਤ ਹੈ, ਭਾਵੇਂ ਕੋਈ ਮੰਨੇ ਜਾਂ ਨਾ ਮੰਨੇ। >>>

Loading