ਫ਼ਿਲਮਾਂ ਦਾ ਸਮਾਜ ਨੂੰ ਜੋੜਨ ਤੇ ਤੋੜਨ ਵਿੱਚ ਅਹਿਮ ਰੋਲ : ਬੱਬੂ ਮਾਨ

ਜਗਰਾਓਂ/ਏ.ਟੀ.ਨਿਊਜ਼ : ਗਾਇਕ ਤੇ ਅਦਾਕਾਰ ਬੱਬੂ ਮਾਨ ਇੱਥੇ ਆਪਣੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਪ੍ਰਚਾਰ ਲਈ ਪੁੱਜੇ। ਉਨ੍ਹਾਂ ਨੇ ਧਾਰਮਿਕ ਫ਼ਿਲਮਾਂ ਨੂੰ ਲੈ ਕੇ ਉਠਦੇ ਵਾਦ-ਵਿਵਾਦਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ, ‘ਹੁਣ ਨਹੀਂ ਲੱਗਦਾ ਕਿ ਛੇਤੀ ਭਵਿੱਖ ਵਿੱਚ ਧਾਰਮਿਕ ਫ਼ਿਲਮਾਂ ਬਣਨਗੀਆਂ’। ਉਨ੍ਹਾਂ ਨੇ ਵੀ ਕਈ ਸਿਆਸਤਦਾਨਾਂ ਵੱਲੋਂ ਅਫ਼ੀਮ, ਭੁੱਕੀ ਦੀ ਵਰਤੋਂ ਦੀ ਵਕਾਲਤ ਕਰਨ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਨਸ਼ੇ ਦੀ ਕਾਟ ਕਰਨ ਲਈ ਨਸ਼ੇ ਦੀ ਹੀ ਵਰਤੋਂ ਜ਼ਰੂਰੀ ਹੈ। ਪਿਛਲੇ ਦਿਨੀਂ ਸਥਾਨਕ ਮਲਟੀਪਲੈਕਸ ’ਚ ਪੁੱਜੇ ਅਦਾਕਾਰ ਬੱਬੂ ਮਾਨ ਨੇ ਕਿਹਾ ਕਿ ਫ਼ਿਲਮਾਂ ਦਾ ਸਮਾਜ ਨੂੰ ਜੋੜਨ ਤੇ ਤੋੜਨ ਵਿੱਚ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ‘ਅਕਾਲ’ ਸਮੇਤ ਹੋਰਨਾਂ ਧਾਰਮਿਕ ਫ਼ਿਲਮਾਂ ’ਤੇ ਵਿਵਾਦ ਹੋਏ ਹਨ, ਤੋਂ ਲੱਗਦਾ ਨਹੀਂ ਕਿ ਛੇਤੀ ਭਵਿੱਖ ਵਿੱਚ ਧਾਰਮਿਕ ਫ਼ਿਲਮਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਸਾਊਥ ਵਾਂਗ ਪੰਜਾਬੀ ਫ਼ਿਲਮਾਂ ਵੀ ਹੋਰਨਾਂ ਭਾਸ਼ਾਵਾਂ ਵਿੱਚ ਡੱਬ ਹੋ ਰਹੀਆਂ ਹਨ, ਜੋ ਪੰਜਾਬੀ ਫ਼ਿਲਮ ਇੰਡਸਟਰੀ ਲਈ ਵੱਡਾ ਹੁੰਗਾਰਾ ਹਨ, ਸੁੱਚਾ ਸੂਰਮਾ ਕਈ ਭਾਸ਼ਾਵਾਂ ਵਿੱਚ ਡੱਬ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਫ਼ਿਲਮ ਇੰਡਸਟਰੀ ਦੀ ਬਾਂਹ ਫ਼ੜੇ। ਸਿਰਫ਼ ਪੰਜਾਬੀ ਫ਼ਿਲਮਾਂ ਦੀ ਟਿਕਟ ’ਤੇ ਟੈਕਸ ਮਾਫ਼ ਕਰ ਦੇਵੇ ਤਾਂ ਆਮ ਲੋਕ ਇਨ੍ਹਾਂ ਦਾ ਫ਼ਿਲਮਾਂ ਦਾ ਅਨੰਦ ਮਲਟੀਪਲੈਕਸ ਵਿੱਚ ਮਾਣ ਸਕਣਗੇ। ਬੱਬੂ ਮਾਨ ਕੋਲੋਂ ਜਦੋਂ ਪੁੱਛਿਆ ਕਿ ਸ਼ੌਂਕੀ ਸਰਦਾਰ ਕਿਸ ਦੀ ਕਹਾਣੀ ਹੈ? ਤਾਂ ਉਨ੍ਹਾਂ ਕਿਹਾ, ‘ਮੈਂ ਸਾਹਮਣੇ ਬੈਠਾ ਹਾਂ’। ਉਨ੍ਹਾਂ ਸੋਸ਼ਲ ਮੀਡੀਆ ਨੂੰ ਫ਼ੇਕ ਮੀਡੀਆ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਕੰਮ ਹੀ ਬੇਵਜ੍ਹਾ ਵਿਵਾਦ ਖੜ੍ਹੇ ਕਰਨਾ ਹੈ।

Loading