ਟਰੰਪ ਪ੍ਰਸ਼ਾਸਨ ਨੇ ਕੁਝ ਅਮਰੀਕੀ ਕੰਪਨੀਆਂ ਨੂੰ ਚੀਨ ਨੂੰ ਸਮਾਨ ਨਾ ਵੇਚਣ ਦਾ ਜਾਰੀ ਕੀਤਾ ਆਦੇਸ਼

In ਅਮਰੀਕਾ
May 31, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਟਰੰਪ ਪ੍ਰਸ਼ਾਸਨ ਨੇ ਜਾਰੀ ਹੁਕਮਾਂ ਵਿੱਚ ਕੁਝ ਅਮਰੀਕੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣਾ ਸਮਾਨ ਚੀਨ ਨੂੰ ਨਾ ਵੇਚਣ। ਮੀਡੀਆ ਰਿਪੋਰਟ ਅਨੁਸਾਰ ਟਰੰਪ ਪ੍ਰਸ਼ਾਸਨ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਸਾਫ਼ਟਵੇਅਰ, ਜਿਸ ਦੀ ਵਰਤੋਂ ਸੈਮੀਕੰਡਕਟਰਜ ਬਣਾਉਣ ਲਈ ਕੀਤੀ ਜਾਂਦੀ ਹੈ, ਦੀ ਵਿਕਰੀ ਚੀਨ ਨੂੰ ਨਾ ਕਰਨ। ਪ੍ਰਭਾਵਿਤ ਕੰਪਨੀਆਂ ਵਿੱਚ ਹੋਰਨਾਂ ਤੋਂ ਇਲਾਵਾ ਕੈਡੈਂਸ, ਸਿਨੋਪਸਾਇਸ ਤੇ ਸੀਮਨਜ ਈ. ਡੀ. ਏ. ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਫ਼ਿਲਹਾਲ ਟਰੰਪ ਪ੍ਰਸ਼ਾਸਨ ਦੇ ਹੁਕਮਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਹੈ। ਨਿਊਯਾਰਕ ਟਾਈਮਜ਼ ਨੇ ਛਾਪੀ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਚੀਨ ਨੂੰ ਜੈੱਟ ਇੰਜਣ ਤਕਨੀਕ ਤੇ ਕੁਝ ਵਿਸ਼ੇਸ਼ ਰਸਾਇਣਾਂ ਦੀ ਵਿਕਰੀ ਵੀ ਰੋਕ ਦਿੱਤੀ ਗਈ ਹੈ। ਵਣਜ ਵਿਭਾਗ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਰਣਨੀਤਿਕ ਪੱਖ ਤੋਂ ਅਹਿਮ ਸਮਾਨ ਦੀ ਚੀਨ ਨੂੰ ਕੀਤੀ ਜਾਂਦੀ ਬਰਾਮਦ ਉੱਪਰ ਪੁਨਰ ਵਿਚਾਰ ਕਰ ਰਿਹਾ ਹੈ।

Loading