ਕੀ ਸਿੰਧੂ ਜਲ ਸੰਧੀ ਦਾ ਸੰਕਟ ਭਾਰਤ ਲਈ ਸਿਰਦਰਦੀ ਬਣ ਗਿਆ?

In ਮੁੱਖ ਖ਼ਬਰਾਂ
June 02, 2025
1960 ਵਿੱਚ ਵਰਲਡ ਬੈਂਕ ਦੀ ਵਿਚੋਲਗੀ ਨਾਲ ਸਿੰਧੂ ਜਲ ਸੰਧੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀਆਂ ਦੀ ਵੰਡ ਦਾ ਇੱਕ ਅਹਿਮ ਢਾਂਚਾ ਖੜ੍ਹਾ ਕੀਤਾ ਸੀ। ਇਹ ਸੰਧੀ ਪੱਛਮੀ ਨਦੀਆਂ (ਸਿੰਧੂ, ਜੇਹਲਮ, ਚਨਾਬ) ਦਾ ਪਾਣੀ ਪਾਕਿਸਤਾਨ ਨੂੰ ਅਤੇ ਪੂਰਬੀ ਨਦੀਆਂ (ਰਾਵੀ, ਬਿਆਸ, ਸਤਲੁਜ) ਦਾ ਪਾਣੀ ਭਾਰਤ ਨੂੰ ਦਿੰਦੀ ਹੈ। ਪਰ 22 ਅਪ੍ਰੈਲ, 2025 ਨੂੰ ਪਹਿਲਗਾਮ, ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ (ਜਿਸ ਵਿੱਚ 26 ਲੋਕ ਮਾਰੇ ਗਏ) ਤੋਂ ਬਾਅਦ ਭਾਰਤ ਨੇ 24 ਅਪ੍ਰੈਲ, 2025 ਨੂੰ ਇਸ ਸੰਧੀ ਨੂੰ ‘ਮੁਅੱਤਲ’ ਕਰਨ ਦਾ ਐਲਾਨ ਕੀਤਾ ਸੀ। ਭਾਰਤ ਦਾ ਦਾਅਵਾ ਸੀ ਕਿ ਪਾਕਿਸਤਾਨ ਅੱਤਵਾਦ ਨੂੰ ਸਮਰਥਨ ਦਿੰਦਾ ਹੈ, ਜਿਸ ਕਾਰਨ ਇਹ ਕਦਮ ਜ਼ਰੂਰੀ ਹੋ ਗਿਆ ਹੈ। ਪਾਕਿਸਤਾਨ ਨੇ ਇਸ ਨੂੰ ‘ਜੰਗ ਦਾ ਐਲਾਨ’ ਕਰਾਰ ਦਿੱਤਾ ਸੀ ਅਤੇ ਕਿਹਾ ਕਿ ਸਿੰਧੂ ਦੀਆਂ ਨਦੀਆਂ ਦਾ ਪਾਣੀ ਰੋਕਣਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਵਰਲਡ ਬੈਂਕ ਦੇ ਪ੍ਰਧਾਨ ਅਜੈ ਸਿੰਘ ਬੰਗਾ ਨੇ 9 ਮਈ, 2025 ਨੂੰ ਸਪੱਸ਼ਟ ਕੀਤਾ ਸੀ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਜਾਂ ਪਾਣੀ ਰੋਕਣਾ ਸੰਧੀ ਦੇ ਨਿਯਮਾਂ ਅਨੁਸਾਰ ਸੰਭਵ ਨਹੀਂ।” ਚੀਨ ਦੀ ਬ੍ਰਹਮਪੁੱਤਰ ਦਾ ਪਾਣੀ ਰੋਕਣ ਦੀ ਧਮਕੀ ਅਤੇ ਭਾਰਤ ਨੂੰ ਚੁਣੌਤੀ ਚੀਨ ਨੇ ਸਿੰਧੂੁ ਜਲ ਸੰਧੀ ਦੇ ਸੰਕਟ ਵਿੱਚ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਦਿੱਤਾ। ਨਿਊਜ਼ ਰਿਪੋਰਟ ਅਨੁਸਾਰ, ਚੀਨ ਦੇ ਸੈਂਟਰ ਫਾਰ ਚਾਈਨਾ ਐਂਡ ਗਲੋਬਲਾਈਜ਼ੇਸ਼ਨ ਦੇ ਉਪ ਪ੍ਰਧਾਨ ਵਿਕਟਰ ਗਾਓ ਨੇ ਬ੍ਰਹਮਪੁੱਤਰ ਨਦੀ ਦੇ ਪਾਣੀ ਨੂੰ ਰੋਕਣ ਦੀ ਧਮਕੀ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਦਾ ਪਾਣੀ ਰੋਕਦਾ ਹੈ, ਤਾਂ ਚੀਨ ਵੀ ਭਾਰਤ ਦਾ ਪਾਣੀ ਰੋਕ ਸਕਦਾ ਹੈ।” ਇਹ ਧਮਕੀ ਇਸ ਗੱਲ ਦੀ ਸੂਚਕ ਹੈ ਕਿ ਚੀਨ ਪਾਕਿਸਤਾਨ ਨੂੰ ਨਾ ਸਿਰਫ਼ ਸੈਨਿਕ ਸਹਾਇਤਾ (ਹਥਿਆਰ ਅਤੇ ਕਰਜ਼ੇ) ਦੇ ਰਿਹਾ, ਸਗੋਂ ਭਾਰਤ ’ਤੇ ਕੂਟਨੀਤਕ ਦਬਾਅ ਵੀ ਬਣਾ ਰਿਹਾ ਹੈ। ਚੀਨ ਨੇ ਪਹਿਲਾਂ ਹੀ ਪਾਕਿਸਤਾਨ ਨੂੰ 4 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਅਫਗਾਨਿਸਤਾਨ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਅੰਤਰਰਾਸ਼ਟਰੀ ਮੀਡੀਆ ਨੇ ਚੀਨ ਦੀ ਇਸ ਧਮਕੀ ਨੂੰ ਗੰਭੀਰ ਮੰਨਿਆ। ‘ਬਲੂਮਬਰਗ’ ਨੇ 27 ਮਈ, 2025 ਨੂੰ ਲਿਖਿਆ ਸੀ ਕਿ ਚੀਨ ਦੀ ਇਹ ਚਾਲ ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਨਵਾਂ ਤਣਾਅ ਪੈਦਾ ਕਰ ਸਕਦੀ ਹੈ, ਕਿਉਂਕਿ ਬ੍ਰਹਮਪੁੱਤਰ ਦਾ ਪਾਣੀ ਭਾਰਤ ਦੇ ਉੱਤਰ-ਪੂਰਬੀ ਰਾਜਾਂ ਲਈ ਜ਼ਰੂਰੀ ਹੈ। ਦੂਜੇ ਪਾਸੇ ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ ਅਤੇ ਵਰਲਡ ਬੈਂਕ ਵਿੱਚ ਕਾਨੂੰਨੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੀ ਕੂਟਨੀਤਕ ਸਫਲਤਾ—ਤੁਰਕੀ, ਚੀਨ ਅਤੇ ਅੰਤਰਰਾਸ਼ਟਰੀ ਸਮਰਥਨ ਪਾਕਿਸਤਾਨ, ਭਾਵੇਂ ਆਰਥਿਕ ਤੌਰ ’ਤੇ ਕੰਗਾਲ ਅਤੇ ਸਿਆਸੀ ਤੌਰ ’ਤੇ ਅਸਥਿਰ ਹੈ , ਨੇ ਇਸ ਸੰਕਟ ਵਿੱਚ ਕੂਟਨੀਤਕ ਸਫਲਤਾ ਹਾਸਲ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ 25 ਮਈ, 2025 ਨੂੰ ਤੁਰਕੀ ਦੀ ਯਾਤਰਾ ਕੀਤੀ ਸੀ ਅਤੇ ਰਾਸ਼ਟਰਪਤੀ ਐਰਦੋਆਨ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਆਪਣੇ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਨੂੰ ਵੀ ਨਾਲ ਲਿਆ ਸੀ, ਜੋ ਇੱਕ ਸਪੱਸ਼ਟ ਸੰਕੇਤ ਸੀ ਕਿ ਪਾਕਿਸਤਾਨ ਸੈਨਿਕ ਅਤੇ ਕੂਟਨੀਤਕ ਸਮਰਥਨ ਦੀ ਮੰਗ ਕਰ ਰਿਹਾ ਹੈ। ਇਸੇ ਤਰ੍ਹਾਂ, ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਚੀਨ ਦਾ ਦੌਰਾ ਕੀਤਾ ਸੀ ਅਤੇ ਚੀਨੀ ਨੇਤਾਵਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਦੇ ਨਤੀਜੇ ਵਜੋਂ ਚੀਨ ਨੇ ਪਾਕਿਸਤਾਨ ਨੂੰ 4 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ ਅਤੇ ਆਰਥਿਕ ਗਲਿਆਰੇ ਨੂੰ ਅਫਗਾਨਿਸਤਾਨ ਤੱਕ ਵਧਾਉਣ ਦਾ ਐਲਾਨ ਕੀਤਾ। ‘ ਭਾਰਤ ਲਈ ਅਗਲੀ ਰਣਨੀਤੀ—ਖ਼ਤਰਿਆਂ ਦੇ ਵਿਚਕਾਰ ਰਾਹ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਸਖ਼ਤ ਰੁਖ ਅਪਣਾਇਆ, ਪਰ ਅੰਤਰਰਾਸ਼ਟਰੀ ਸਮਰਥਨ ਦੀ ਘਾਟ ਨੇ ਉਸ ਨੂੰ ਇਕੱਲਾ ਕਰ ਦਿੱਤਾ। ਭਾਰਤ ਨੇ 33 ਦੇਸ਼ਾਂ ਵਿੱਚ ਸੱਤ ਵੱਡੇ ਡੈਲੀਗੇਸ਼ਨ ਭੇਜੇ, ਪਰ ਨਿਊਜ ਏਜੰਸੀ‘ਰਾਇਟਰਜ਼’ ਦੀ 12 ਮਈ, 2025 ਦੀ ਰਿਪੋਰਟ ਅਨੁਸਾਰ, ਕੋਈ ਵੀ ਵੱਡਾ ਦੇਸ਼ ਖੁੱਲ੍ਹ ਕੇ ਸਮਰਥਨ ਨਹੀਂ ਦੇ ਸਕਿਆ। ਰੂਸ ਅਤੇ ਅਮਰੀਕਾ ਦਾ ਸਮਰਥਨ ਅਸਪਸ਼ਟ ਰਿਹਾ, ਜਦਕਿ ਚੀਨ ਅਤੇ ਤੁਰਕੀ ਨੇ ਪਾਕਿਸਤਾਨ ਦਾ ਪੱਖ ਲਿਆ। ਅੰਤਰਰਾਸ਼ਟਰੀ ਅਖ਼ਬਾਰਾਂ ਨੇ ਭਾਰਤ ਦੀ ਇਸ ਇਕੱਲਤਾ ਨੂੰ ਉਜਾਗਰ ਕੀਤਾ ਹੈ। ਭਾਰਤ ਦੇ ਬੋਧਿਕ ਹਲਕਿਆਂ ਦਾ ਮੰਨਣਾ ਹੈ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਅਤੇ ਕੋਆਡ (ਜਪਾਨ, ਆਸਟਰੇਲੀਆ, ਅਮਰੀਕਾ) ਵਰਗੇ ਸਹਿਯੋਗੀਆਂ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਲੋੜ ਹੈ। ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਹੋਵੇਗਾ, ਖ਼ਾਸ ਕਰਕੇ ਸੰਧੀ ਦੀ ਮੁਅੱਤਲੀ ਨੂੰ ਜਾਇਜ਼ ਠਹਿਰਾਉਣ ਲਈ। ਡੱਬੀ ਚੀਨ ਦੇ ਖਤਰੇ ਕਾਰਨ ਅਮਰੀਕਾ ਬੇਚੈਨ.. ਅਮਰੀਕੀ ਰੱਖਿਆ ਮੰਤਰੀ ਦੀ ਇੰਡੋ-ਪੈਸਿਫਿਕ ਵਿੱਚ ਹਲਚਲ ਬਾਰੇ ਚਿਤਾਵਨੀ * ਸਹਿਯੋਗੀ ਦੇਸ਼ਾਂ ਨੂੰ ਫ਼ੌਜੀ ਤਾਕਤ ਵਧਾਉਣ ਦੀ ਅਪੀਲ ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਇੰਡੋ-ਪੈਸਿਫਿਕ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ ’ਤੇ ਚਿੰਤਾ ਜਤਾਈ ਹੈ। ਹੈਗਸੇਥ ਨੇ ਕਿਹਾ ਕਿ ਇੰਡੋ-ਪੈਸਿਫਿਕ ਵਿੱਚ ਚੀਨ ਦੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਸਹਿਯੋਗੀਆਂ ਨੂੰ ਭਰੋਸਾ ਦਿੱਤਾ ਕਿ ਚੀਨ ਦੇ ਵਧਦੇ ਫ਼ੌਜੀ ਅਤੇ ਆਰਥਿਕ ਦਬਾਅ ਦਾ ਮੁਕਾਬਲਾ ਕਰਨ ਲਈ ਅਮਰੀਕਾ ਉਨ੍ਹਾਂ ਨੂੰ ਇਕੱਲਾ ਨਹੀਂ ਛੱਡੇਗਾ। ਪੀਟ ਨੇ ਚੀਨੀ ਫ਼ੌਜ ਦੇ ਯੁੱਧ ਅਭਿਆਸਾਂ ਨੂੰ ਤਾਈਵਾਨ ’ਤੇ ਹਮਲੇ ਦੀ ਤਿਆਰੀ ਦਾ ਸੰਕੇਤ ਮੰਨਦਿਆਂ ਚੀਨ ਨਾਲ ਭਵਿੱਖ ਵਿੱਚ ਫ਼ੌਜੀ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ, ਜਦਕਿ ਅਮਰੀਕਾ ਨੇ ਤਾਈਵਾਨ ਦੀ ਮਦਦ ਦਾ ਵਾਅਦਾ ਕੀਤਾ ਹੈ। ਅਜਿਹੇ ਵਿੱਚ ਚੀਨ ਦੀ ਤਾਈਵਾਨ ’ਤੇ ਕਬਜ਼ੇ ਦੀ ਕੋਸ਼ਿਸ਼ ਉਸ ਨੂੰ ਅਮਰੀਕਾ ਨਾਲ ਜੰਗ ਵਿੱਚ ਧੱਕ ਸਕਦੀ ਹੈ। ਹੈਗਸੇਥ ਨੇ ਕਿਹਾ ਕਿ ਚੀਨ ਨੇ ਨਾ ਸਿਰਫ਼ ਤਾਈਵਾਨ ’ਤੇ ਕਬਜ਼ਾ ਕਰਨ ਲਈ ਆਪਣੀਆਂ ਫ਼ੌਜੀ ਤਾਕਤਾਂ ਦੀ ਗਿਣਤੀ ਵਧਾਈ ਹੈ, ਸਗੋਂ ਇਸ ਲਈ ਸਰਗਰਮੀ ਨਾਲ ਸਿਖਲਾਈ ਵੀ ਕਰ ਰਿਹਾ ਹੈ। ਉਨ੍ਹਾਂ ਨੇ ਇੰਡੋ-ਪੈਸਿਫਿਕ ਖੇਤਰ ਦੇ ਦੇਸ਼ਾਂ ਨੂੰ ਆਪਣਾ ਰੱਖਿਆ ਖਰਚ ਵਧਾਉਣ ਦੀ ਅਪੀਲ ਕੀਤੀ। ਇਥੇ ਜ਼ਿਕਰਯੋਗ ਹੈ ਕਿ ਚੀਨ ਨੇ ਦੱਖਣੀ ਚੀਨ ਸਾਗਰ ’ਚ ਨਵੀਆਂ ਫੌਜੀ ਚੌਕੀਆਂ ਦੇ ਸਮਰਥਨ ਲਈ ਅਤਿ-ਆਧੁਨਿਕ ਮਨੁੱਖ-ਨਿਰਮਿਤ ਟਾਪੂ ਬਣਾਏ ਹਨ। ਨਾਲ ਹੀ, ਬਹੁਤ ਉੱਨਤ ਹਾਈਪਰਸੋਨਿਕ ਅਤੇ ਪੁਲਾੜ ਸਮਰੱਥਾਵਾਂ ਵਿਕਸਿਤ ਕੀਤੀਆਂ ਹਨ। ਚੀਨ ਦੇ ਇਹ ਕਦਮ ਅਮਰੀਕਾ ਨੂੰ ਬੇਚੈਨ ਕਰ ਰਹੇ ਹਨ। ਡੱਬੀ ਲਾਲਮੋਨੀਰਹਾਟ ਏਅਰਬੇਸ - ਚੀਨ ਦੀ ਨਵੀਂ ਚਾਲ, ਭਾਰਤ ਲਈ ਖ਼ਤਰੇ ਦੀ ਘੰਟੀ? ਬੰਗਲਾਦੇਸ਼ ਦੇ ਲਾਲਮੋਨੀਰਹਾਟ ਵਿੱਚ ਚੀਨ ਆਪਣਾ ਪਹਿਲਾ ਏਅਰਬੇਸ ਬਣਾਉਣ ਦੀ ਤਿਆਰੀ ਵਿੱਚ ਹੈ। ਇਹ ਏਅਰਬੇਸ ਭਾਰਤ ਦੀ ਸਰਹੱਦ ਤੋਂ ਸਿਰਫ਼ 12 ਕਿਲੋਮੀਟਰ ਅਤੇ ਸਿਲੀਗੁੜੀ ਕੋਰੀਡੋਰ (ਚਿਕਨ ਨੈਕ) ਤੋਂ 135 ਕਿਲੋਮੀਟਰ ਦੂਰ ਹੈ। ਚਿਕਨ ਨੈਕ ਇੱਕ ਅਜਿਹਾ ਨਾਮ ਹੈ, ਜੋ ਭਾਰਤ ਦੇ ਨਕਸ਼ੇ ਵਿੱਚ ਇੱਕ ਖਾਸ ਇਲਾਕੇ ਨੂੰ ਦਿੱਤਾ ਗਿਆ ਹੈ। ਇਹ ਸਿਲੀਗੁੜੀ ਕੋਰੀਡੋਰ ਵੀ ਕਹਾਉਂਦਾ ਹੈ। ਇਹ ਉਹ ਪਤਲੀ ਜਿਹੀ ਜ਼ਮੀਨ ਦੀ ਪੱਟੀ ਹੈ, ਜੋ ਨੌਰਥ-ਈਸਟ ਦੇ ਸੱਤ ਰਾਜਾਂ (ਅਸਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਮੇਘਾਲਿਆ) ਨੂੰ ਬਾਕੀ ਭਾਰਤ ਨਾਲ ਜੋੜਦੀ ਹੈ। ਇਹ ਪੱਟੀ ਕਿਤੇ 22 ਕਿਲੋਮੀਟਰ ਤੋਂ 40 ਕਿਲੋਮੀਟਰ ਚੌੜੀ ਹੈ। ਇਸ ਨੂੰ ਚਿਕਨ ਨੈਕ ਇਸ ਲਈ ਕਹਿੰਦੇ ਹਨ ਕਿਉਂਕਿ ਨਕਸ਼ੇ ਵਿੱਚ ਇਹ ਮੁਰਗੀ ਦੀ ਗਰਦਨ ਵਰਗੀ ਦਿਖਦੀ ਹੈ। ਜੇ ਇਸ ਵਿੱਚ ਕੋਈ ਅੜਚਣ ਆਈ, ਤਾਂ ਨੌਰਥ-ਈਸਟ ਨਾਲ ਸੰਪਰਕ ਟੁੱਟ ਸਕਦਾ ਹੈ। ਮਾਹਿਰਾਂ ਮੁਤਾਬਕ, ਚੀਨ ਇਸ ਏਅਰਬੇਸ ਦੀ ਵਰਤੋਂ ਸਿਲੀਗੁੜੀ ਕੋਰੀਡੋਰ ’ਤੇ ਨਜ਼ਰ ਰੱਖਣ ਅਤੇ ਫ਼ੌਜੀ ਜਾਸੂਸੀ ਲਈ ਕਰ ਸਕਦਾ ਹੈ। ਚੀਨ ਨੇ ਐਲ.ਏ.ਸੀ. ਨੇੜੇ 6 ਨਵੇਂ ਏਅਰਬੇਸ ਅਪਗ੍ਰੇਡ ਕੀਤੇ ਹਨ ਅਤੇ ਬੰਗਲਾਦੇਸ਼ ਵਿੱਚ ਵੀ ਪ੍ਰੋਜੈਕਟ ਸ਼ੁਰੂ ਕਰ ਦਿੱਤੇ, ਜਿਵੇਂ ਤੀਸਤਾ ਪ੍ਰੋਜੈਕਟ, ਸੈਟੇਲਾਈਟ ਸਿਟੀ ਅਤੇ ਰੰਗਪੁਰ ਵਿੱਚ ਸੋਲਰ ਪਲਾਂਟ। ਭਾਰਤੀ ਮਾਹਿਰਾਂ ਸ੍ਰੀਪਰਨਾ ਪਾਠਕ ਅਤੇ ਬ੍ਰਹਮ ਚੇਲਾਨੀ ਦਾ ਕਹਿਣਾ ਹੈ ਕਿ ਚੀਨ ਦੀਆਂ ਨੀਤੀਆਂ ਨਾਲ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਵਧ ਸਕਦੀਆਂ ਹਨ। ਭਾਰਤ ਨੂੰ ਸਿਲੀਗੁੜੀ ਕੋਰੀਡੋਰ ਦੀ ਸੁਰੱਖਿਆ ਮਜ਼ਬੂਤ ਕਰਨੀ ਪਵੇਗੀ ਅਤੇ ਨੌਰਥ-ਈਸਟ ’ਚ ਆਪਣੀ ਫ਼ੌਜੀ ਮੌਜੂਦਗੀ ਵਧਾਉਣੀ ਪਵੇਗੀ।

Loading