ਹੈਰਾਨ ਕਰਨ ਵਾਲੀ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਲਵਾਯੂ ਤਬਦੀਲੀ ਕਾਰਨ ਚਾਵਲਾਂ ’ਚ ਆਰਸੈਨਿਕ (ਜ਼ਹਿਰ) ਦੀ ਮਾਤਰਾ ਵਧ ਸਕਦੀ ਹੈ, ਜਿਸ ਨਾਲ ਏਸ਼ੀਆਈ ਮੁਲਕਾਂ ਵਿੱਚ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖਤਰਾ ਵਧ ਜਾਵੇਗਾ। ਇਹ ਅਧਿਐਨ ਦੀ ਲੇਸੈਂਟ ਪਲੇਨਟਰੀ ਹੈਲਥ ਜਰਨਲ ਵਿੱਚ ਛਪਿਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਤਾ ਲਾਇਆ ਕਿ ਜੇਕਰ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤੋਂ ਵੱਧ ਵਾਧਾ ਹੁੰਦਾ ਹੈ ਅਤੇ ਕਾਰਬਨ ਡਾਈਆਕਸਾਈਡ ਦਾ ਪੱਧਰ ਵਧਦਾ ਹੈ, ਤਾਂ ਮਿੱਟੀ ਦੇ ਰਸਾਇਣਾਂ ਵਿੱਚ ਬਦਲਾਅ ਹੋਵੇਗਾ। ਇਸ ਨਾਲ ਚਾਵਲਾਂ ਦੇ ਦਾਣਿਆਂ ਵੀਚ ਆਰਸੈਨਿਕ ਆਸਾਨੀ ਨਾਲ ਮਿਲ ਜਾਵੇਗਾ, ਜੋ ਸਿਹਤ ਲਈ ਬਹੁਤ ਖਤਰਨਾਕ ਹੈ।
ਦਿਲ, ਕੈਂਸਰ ਅਤੇ ਚਾਵਲਾਂ ਨਾਲ ਨਵਾਂ ਖਤਰਾ
ਖੋਜ ਦੇ ਮੁਖੀ ਪ੍ਰੋਫੈਸਰ ਲੁਈਸ ਜ਼ਿਸਕਾ ਦਾ ਕਹਿਣਾ ਹੈ, ‘ਸਾਡੇ ਨਤੀਜੇ ਦੱਸਦੇ ਨੇ ਕਿ ਆਰਸੈਨਿਕ ਦੀ ਵਧਦੀ ਮਾਤਰਾ ਨਾਲ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਕੈਂਸਰ ਦਾ ਖਤਰਾ ਕਾਫੀ ਵਧ ਸਕਦਾ ਹੈ।’ ਏਸ਼ੀਆ ਦੇ ਕਈ ਮੁਲਕਾਂ ’ਚ ਚੌਲ ਮੁੱਖ ਖੁਰਾਕ ਹਨ, ਇਸ ਲਈ ਇਹ ਬਦਲਾਅ ਲੋਕਾਂ ਦੀ ਸਿਹਤ ’ਤੇ ਵੱਡਾ ਅਸਰ ਪਾ ਸਕਦਾ ਹੈ। ਭਾਰਤ, ਬੰਗਲਾਦੇਸ਼, ਨੇਪਾਲ, ਥਾਈਲੈਂਡ ਅਤੇ ਵੀਅਤਨਾਮ ਵਰਗੇ ਮੁਲਕਾਂ ’ਚ ਚੌਲ ਮੁੱਖ ਭੋਜਨ ਹੈ ਅਤੇ ਇੱਥੇ ਇਹ ਖਤਰਾ ਸਭ ਤੋਂ ਵੱਧ ਹੈ। ਖੋਜਕਰਤਾਵਾਂ ਨੇ 10 ਸਾਲਾਂ ਤੱਕ 28 ਵੱਖ-ਵੱਖ ਚਾਵਲਾਂ ਦੀਆਂ ਕਿਸਮਾਂ ’ਤੇ ਤਾਪਮਾਨ ਅਤੇ ਸੀ.ਓ.2 ਦੇ ਅਸਰ ਦਾ ਅਧਿਐਨ ਕੀਤਾ। ਫਿਰ ਸੱਤ ਏਸ਼ੀਆਈ ਮੁਲਕਾਂ ਭਾਰਤ, ਚੀਨ, ਬੰਗਲਾਦੇਸ਼, ਇੰਡੋਨੇਸ਼ੀਆ, ਮਿਆਂਮਾਰ, ਫਿਲੀਪੀਨਜ਼ ਅਤੇ ਵੀਅਤਨਾਮ ’ਚ ਚਾਵਲਾਂ ਰਾਹੀਂ ਸਰੀਰ ਵਿੱਚ ਜਾਣ ਵਾਲੇ ਆਰਸੈਨਿਕ ਦੀ ਮਾਤਰਾ ਅਤੇ ਇਸ ਦੇ ਸਿਹਤ ਪ੍ਰਭਾਵਾਂ ਦਾ ਅੰਦਾਜ਼ਾ ਲਾਇਆ।
2050 ਵਿੱਚ ਕੈਂਸਰ ਦੇ ਕਰੋੜਾਂ ਨਵੇਂ ਮਾਮਲੇ!
ਅਧਿਐਨ ਮੁਤਾਬਕ, ਤਾਪਮਾਨ ਅਤੇ ਕਾਰਬਨ ਡਾਈਆਕਸਾਈਡ ਮਿਲ ਕੇ ਚਾਵਲਾਂ ਵਿੱਚ ਆਰਸੈਨਿਕ ਦੀ ਮਾਤਰਾ ਵਧਾਉਂਦੇ ਨੇ। ਇਸ ਨਾਲ ਕੈਂਸਰ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਅੰਦਾਜ਼ਾ ਹੈ ਕਿ 2050 ਤੱਕ ਏਸ਼ੀਆਈ ਮੁਲਕਾਂ ਵਿੱਚ ਕਰੋੜਾਂ ਲੋਕ ਇਸ ਤੋਂ ਪ੍ਰਭਾਵਿਤ ਹੋਣਗੇ। ਸਿਰਫ਼ ਚੀਨ ’ਚ ਹੀ ਲਗਭਗ 1.34 ਕਰੋੜ ਕੈਂਸਰ ਦੇ ਮਾਮਲੇ ਚਾਵਲਾਂ ’ਚ ਮੌਜੂਦ ਆਰਸੈਨਿਕ ਕਾਰਨ ਹੋ ਸਕਦੇ ਨੇ, ਜੋ ਸਭ ਮੁਲਕਾਂ ’ਚ ਸਭ ਤੋਂ ਵੱਧ ਹੈ। ਖੋਜ ਮੁਤਾਬਕ, ਫੇਫੜਿਆਂ ਅਤੇ ਬਲੈਡਰ ਦੇ ਕੈਂਸਰ ਦੇ ਮਾਮਲਿਆਂ ’ਚ ਸਭ ਤੋਂ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਜ਼ਿਸਕਾ ਦਾ ਕਹਿਣਾ ਹੈ ਕਿ ਆਰਸੈਨਿਕ ਦੀ ਜ਼ਿਆਦਾ ਮਾਤਰਾ ਗਰਭ ਅਵਸਥਾ ’ਚ ਸਮੱਸਿਆਵਾਂ, ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਇਮਿਊਨ ਸਿਸਟਮ ’ਤੇ ਵੀ ਮਾੜਾ ਅਸਰ ਪਾ ਸਕਦੀ ਹੈ।
ਕੀ ਹੈ ਹੱਲ?
ਵਿਗਿਆਨੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਕੁਝ ਜ਼ਰੂਰੀ ਸੁਝਾਅ ਦਿੱਤੇ ਨੇ। ਇਨ੍ਹਾਂ ਵਿੱਚ ਚਾਵਲਾਂ ਦੀਆਂ ਅਜਿਹੀਆਂ ਕਿਸਮਾਂ ਤਿਆਰ ਕਰਨਾ ਸ਼ਾਮਲ ਹੈ, ਜੋ ਆਰਸੈਨਿਕ ਨੂੰ ਘੱਟ ਸੋਖਣ। ਨਾਲ ਹੀ, ਖੇਤਾਂ ਵਿੱਚ ਮਿੱਟੀ ਦੀ ਗੁਣਵੱਤਾ ਸੁਧਾਰਨ ਵਾਲੇ ਤਰੀਕਿਆਂ ਨੂੰ ਵਧਾਉਣ ਦੀ ਲੋੜ ਹੈ। ਸਰਕਾਰਾਂ ਨੂੰ ਲੋਕਾਂ ਨੂੰ ਆਰਸੈਨਿਕ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਲਈ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਨੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹੁਣੇ ਕਦਮ ਨਾ ਚੁੱਕੇ ਗਏ, ਤਾਂ 2050 ਤੱਕ ਇਹ ਸੰਕਟ ਵਿਸ਼ਵ ਪੱਧਰ ’ਤੇ ਸਿਹਤ ਸਮੱਸਿਆ ਬਣ ਸਕਦਾ ਹੈ, ਖਾਸ ਕਰਕੇ ਉਨ੍ਹਾਂ ਮੁਲਕਾਂ ਲਈ ਜਿੱਥੇ ਚੌਲ ਸਿਰਫ ਖਾਣਾ ਨਹੀਂ, ਸਗੋਂ ਜੀਵਨ ਦਾ ਅਧਾਰ ਹੈ।