
ਵੈਸਟ ਮਿਫ਼ਲਿਨ (ਪੈਨਸਿਲਵੇਨੀਆ)/ਏ.ਟੀ.ਨਿਊਜ਼:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਪੈਨਸਿਲਵੇਨੀਆ ਸਟੀਲ ਵਰਕਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਉਦਯੋਗ ਦੀ ਰੱਖਿਆ ਲਈ ਸਟੀਲ ਦੀ ਦਰਾਮਦ ’ਤੇ ਟੈਕਸ ਨੂੰ ਦੁੱਗਣਾ ਕਰਕੇ 50 ਫ਼ੀਸਦੀ ਕਰ ਰਹੇ ਹਨ। ਇਹ ਇੱਕ ਹੈਰਾਨੀਜਨਕ ਵਾਧਾ ਹੈ ਜੋ ਰਿਹਾਇਸ਼ੀ, ਆਟੋ ਅਤੇ ਹੋਰ ਸਾਮਾਨ ਬਣਾਉਣ ਲਈ ਵਰਤੀ ਜਾਂਦੀ ਧਾਤ ਦੀਆਂ ਕੀਮਤਾਂ ਨੂੰ ਹੋਰ ਵਧਾ ਸਕਦਾ ਹੈ।
ਬਾਅਦ ਵਿੱਚ ਆਪਣੇ ਟਰੂਥ ਸੋਸ਼ਲ ਪਲੇਟਫ਼ਾਰਮ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਐਲੂਮੀਨੀਅਮ ਟੈਕਸ ਨੂੰ ਵੀ ਦੁੱਗਣਾ ਕਰਕੇ 50 ਫ਼ੀਸਦੀ ਕਰ ਦਿੱਤਾ ਜਾਵੇਗਾ। ਟਰੰਪ ਨੇ ਪਿਟਸਬਰਗ ਵਿੱਚ ਯੂ.ਐੱਸ. ਸਟੀਲ ਦੇ ਮੋਨ ਵੈਲੀ ਵਰਕਸ-ਇਰਵਿਨ ਪਲਾਂਟ ਵਿੱਚ ਸੰਬੋਧਨ ਕਰਦਿਆਂ ਇੱਕ ਭਵਿੱਖ ਦੇ ਸੌਦੇ ’ਤੇ ਵੀ ਚਰਚਾ ਕੀਤੀ, ਜਿਸ ਦੇ ਤਹਿਤ ਜਪਾਨ ਦੀ ਨਿਪੋਨ ਸਟੀਲ ਪ੍ਰਸਿੱਧ ਅਮਰੀਕੀ ਸਟੀਲ ਨਿਰਮਾਤਾ ਵਿੱਚ ਨਿਵੇਸ਼ ਕਰੇਗੀ।
ਉਂਝ ਟਰੰਪ ਨੇ ਸ਼ੁਰੂ ਵਿੱਚ ਪਿਟਸਬਰਗ-ਅਧਾਰਤ ਯੂਐੱਸ ਸਟੀਲ ਨੂੰ ਖਰੀਦਣ ਲਈ ਜਪਾਨੀ ਸਟੀਲ ਨਿਰਮਾਤਾ ਦੀ ਬੋਲੀ ਨੂੰ ਰੋਕਣ ਦੀ ਸਹੁੰ ਖਾਧੀ ਸੀ, ਪਰ ਉਨ੍ਹਾਂ ਫ਼ੈਸਲੇ ਨੂੰ ਉਲਟਾਉਂਦਿਆਂ ਪਿਛਲੇ ਹਫ਼ਤੇ ਨਿਪੋਨ ਵੱਲੋਂ “ਅੰਸ਼ਕ ਮਾਲਕੀ” ਵਜੋਂ ਦਰਸਾਏ ਇੱਕ ਸਮਝੌਤੇ ਦਾ ਐਲਾਨ ਕੀਤਾ।
ਸਰਕਾਰ ਦੇ ਉਤਪਾਦਕ ਮੁੱਲ ਸੂਚਕ ਦੇ ਅਨੁਸਾਰ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਟੀਲ ਦੀਆਂ ਕੀਮਤਾਂ 16 ਫ਼ੀਸਦੀ ਵਧ ਗਈਆਂ ਹਨ। ਅਮਰੀਕੀ ਵਣਜ ਵਿਭਾਗ ਦੇ ਅਨੁਸਾਰ ਮਾਰਚ 2025 ਤੱਕ ਸੰਯੁਕਤ ਰਾਜ ਵਿੱਚ ਸਟੀਲ ਦੀ ਕੀਮਤ 984 ਡਾਲਰ ਪ੍ਰਤੀ ਮੀਟ੍ਰਿਕ ਟਨ ਸੀ, ਜੋ ਕਿ ਯੂਰਪ (690 ਡਾਲਰ) ਜਾਂ ਚੀਨ (392 ਡਾਲਰ) ਵਿੱਚ ਕੀਮਤ ਨਾਲੋਂ ਕਾਫ਼ੀ ਜ਼ਿਆਦਾ ਹੈ।