ਆਈ.ਪੀ.ਐਲ. ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਰੌਇਲ ਚੈਲੇਂਜਰਜ਼ ਬੰਗਲੂਰੂ ਬਣਿਆ ਚੈਂਪੀਅਨ

In ਖੇਡ ਖਿਡਾਰੀ
June 04, 2025
ਅਹਿਮਦਾਬਾਦ/ਏ.ਟੀ.ਨਿਊਜ਼: ਰੌਇਲ ਚੈਲੇਂਜਰਜ਼ ਬੰਗਲੂਰੂ (ਆਰ.ਸੀ.ਬੀ.) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ। ਵਿਰਾਟ ਕੋਹਲੀ ਤੇ ਆਰ.ਸੀ.ਬੀ. ਦੀ ਟੀਮ ਨੇ 18 ਸਾਲਾਂ ਵਿੱਚ ਪਹਿਲੀ ਵਾਰ ਆਈ.ਪੀ.ਐਲ. ਵਿੱਚ ਖਿਤਾਬੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਮਿਲੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 184 ਦੌੜਾਂ ਹੀ ਬਣਾ ਸਕੀ। ਟੀਮ ਨੂੰ ਮਿਲੀ ਜਿੱਤ ਮਗਰੋਂ ਵਿਰਾਟ ਕੋਹਲੀ ਮੈਦਾਨ ’ਤੇ ਕਾਫੀ ਭਾਵੁਕ ਨਜ਼ਰ ਆਏ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਆਈ.ਪੀ.ਐਲ. ਖਿਤਾਬ ਹੈ। ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ ਵਿਚ 61 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 3 ਚੌਕੇ ਤੇ 6 ਛੱਕੇ ਵੀ ਸ਼ਾਮਲ ਹਨ, ਪਰ ਉਹ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਨਾਕਾਮ ਰਿਹਾ। ਹੋਰਨਾਂ ਬੱਲੇਬਾਜ਼ਾਂ ਵਿੱਚ ੲਰਤੀ ਜੋਸ਼ ਇੰਗਲਿਸ਼ ਨੇ 23 ਗੇਂਦਾਂ ’ਤੇ 39 ਦੌੜਾਂ ਬਣਾਈਆਂ। ਕਪਤਾਨ ਸ਼ਰੇਆਸ ਆਈਅਰ ਜੋ ਦੂਜੇ ਕੁਆਲੀਫਾਇਰ ਵਿੱਚ ਟੀਮ ਦੀ ਜਿੱਤ ਦਾ ਹੀਰੋ ਸੀ, 1 ਦੌੜ ਬਣਾ ਕੇ ਆਊਟ ਹੋ ਗਿਆ। ਪੀ.ਆਰੀਆ ਨੇ 24 ਤੇ ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਰੌਇਲ ਚੈਲੇਂਜਰਜ਼ ਬੰਗਲੂਰੂ ਲਈ ਭੁਵਨੇਸ਼ਵਰ ਕੁਮਾਰ ਤੇ ਕਰੁਨਾਲ ਪੰਡਿਆ ਨੇ ਦੋ ਦੋ ਅਤੇ ਵਾਈ. ਦਿਆਲ, ਜੋਸ਼ ਹੇਜ਼ਲਵੁੱਡ ਤੇ ਆਰ.ਸ਼ੈਪਰਡ ਨੇ ਇੱਕ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਨੇ ਪੰਜਾਬ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦੇ ਮਿਲੇ ਸੱਦੇ ’ਤੇ ਨਿਰਧਾਰਿਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 190 ਦੌੜਾਂ ਬਣਾਈਆਂ। ਬੰਗਲੂਰੂ ਦੀ ਟੀਮ ਲਈ ਵਿਰਾਟ ਕੋਹਲੀ ਨੇ 43, ਕਪਤਾਨ ਰਜਤ ਪਾਟੀਦਾਰ ਨੇ 26, ਲਿਆਮ ਲਿਵਿੰਗਸਟੋਨ 25, ਮਯੰਕ ਅਗਰਵਾਲ ਤੇ ਜਿਤੇਸ਼ ਸ਼ਰਮਾ ਨੇ 24-24 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਲਈਆਂ। ਹੋਰਨਾਂ ਗੇਂਦਬਾਜ਼ਾਂ ਵਿੱਚ ਕਾਇਲੀ ਜੈਮੀਸਨ ਨੇ 48 ਦੌੜਾਂ ਬਦਲੇ ਤਿੰਨ ਵਿਕਟ ਲਏ ਜਦੋਂਕਿ ਇੱਕ ਇੱਕ ਵਿਕਟ ਅਜ਼ਮਤਉੱਲਾ ਓਮਰਜ਼ਈ, ਯੁਜ਼ਵੇਂਦਰ ਚਹਿਲ ਤੇ ਵਾਇਸ਼ੈਕ ਵਿਜੈ ਕੁਮਾਰ ਨੇ ਲਈ। ਕਾਬਿਲੇਗੌਰ ਹੈ ਕਿ ਪੰਜਾਬ ਦੀ ਟੀਮ 11 ਸਾਲਾਂ ਬਾਅਦ ਆਈ.ਪੀ.ਐੱਲ. ਦੇ ਫਾਈਨਲ ਵਿੱਚ ਪਹੁੰਚੀ ਸੀ ਜਦੋਂਕਿ ਆਰ.ਸੀ.ਬੀ. ਦਾ ਇਹ ਚੌਥਾ ਖਿਤਾਬੀ ਮੁਕਾਬਲਾ ਸੀ। ਦੋਵਾਂ ਟੀਮਾਂ ਨੇ ਆਈ.ਪੀ.ਐੱਲ. ਦੇ 18 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਆਈ.ਪੀ.ਐੱਲ. ਦਾ ਖਿਤਾਬ ਨਹੀਂ ਜਿੱਤਿਆ ਸੀ।

Loading