ਅਮਰੀਕਾ ਵਿੱਚ ਪਰਵਾਸੀਆਂ ਦੀ ਫ਼ੜੋਫ਼ੜੀ ਕਾਰਨ ਹਫ਼ੜਾਦਫ਼ੜੀ ਵਾਲਾ ਮਾਹੌਲ ਬਣਿਆ

In ਅਮਰੀਕਾ
June 04, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਵਿੱਚ ਤੇਜੀ ਲਿਆਂਦੀ ਹੈ ਜਿਸ ਕਾਰਨ ਹਫ਼ੜਾਦਫ਼ੜੀ ਵਾਲਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ। ਸ਼ੁਰੂ ਵਿੱਚ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਸੀ ਪਰੰਤੂ ਬਾਅਦ ਵਿੱਚ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਘੇਰਾ ਵਧਾ ਦਿੱਤਾ ਗਿਆ ਤੇ ਛੋਟੇ ਮੋਟੇ ਅਪਰਾਧਾਂ ਵਿਚ ਸ਼ਾਮਿਲ ਪਰਵਾਸੀਆਂ ਨੂੰ ਵੀ ਇਸ ਘੇਰੇ ਵਿੱਚ ਸ਼ਾਮਿਲ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਫ਼ੈਕਟਰੀਆਂ, ਹੋਟਲਾਂ ਤੇ ਖੇਤੀਬਾੜੀ ਫ਼ਾਰਮਾਂ ੳੁੱਪਰ ਛਾਪੇ ਮਾਰੇ ਜਾ ਰਹੇ ਹਨ ਤੇ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪ੍ਰਸਿੱਧ ਸੈਨ ਡੀਏਗੋ ਇਟਾਲੀਅਨ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਤੋਂ ਪਹਿਲਾਂ ਮਾਰੇ ਗਏ ਛਾਪੇ ਦੌਰਾਨ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਸਥਾਨਕ ਸੀ. ਬੀ. ਐਸ. ਸਟੇਸ਼ਨ ਦੁਆਰਾ ਇਸ ਛਾਪੇ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਸ ਛਾਪੇ ਦਾ ਸਥਾਨਕ ਲੋਕ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ। ਭਾਰੀ ਗਿਣਤੀ ਵਿੱਚ ਹਥਿਆਰਬੰਦ ਏਜੰਟ ਰੈਸਟੋਰੈਂਟ ਵਿੱਚ ਦਾਖਲ ਹੋਏ ਤੇ ਉਨ੍ਹਾਂ ਨੇ ਹੋਟਲ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਿਸ ਦਾ ਮੌਕੇ ’ਤੇ ਹਾਜਰ ਲੋਕਾਂ ਨੇ ਵਿਰੋਧ ਕੀਤਾ। ਏਜੰਟਾਂ ਨੇ ਬੁਲਟ ਪਰੂਫ਼ ਜੈਕਟਾਂ ਪਾਈਆਂ ਹੋਈਆਂ ਸਨ ਤੇ ਆਪਣੇ ਉਪਰ ਹੋਮਲੈਂਡ ਸਿਕਿਉਰਿਟੀ ਜਾਂਚ ਲੋਗੋ ਚਿਪਕਾਇਆ ਹੋਇਆ ਸੀ। ਪੈਡਰੋ ਰਿਆਸ, ਡਾਇਰੈਕਟਰ ਆਫ਼ ਕੁਏਕਰ ਅਮੈਰੀਕਨ ਫ਼ਰੈਂਡਜ ਸਰਵਿਸ ਕਮੇਟੀ ਯੂ ਐਸ- ਮੈਕਸੀਕੋ ਬਾਰਡਰ ਪ੍ਰੋਗਰਾਮ ਨੇ ਮੀਡੀਆ ਨੂੰ ਦੱਸਿਆ ਕਿ ਏਜੰਟਾਂ ਨੇ ਵਿਰੋਧ ਕਰ ਰਹੀ ਭੀੜ ਉੱਪਰ ਗ੍ਰਨੇਡ ਵੀ ਦਾਗੇ। ਕਾਰਜਕਾਰੀ ਡਾਇਰੈਕਟਰ ਯੂ. ਐਸ. ਇਮੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਏਜੰਟਾਂ ਨੇ ਛਾਪੇ ਦੌਰਾਨ ਕੁਝ ਵੀ ਗਲਤ ਨਹੀਂ ਕੀਤਾ। ਉਨ੍ਹਾਂ ਨੇ ਕੇਵਲ ਆਪਣੀ ਲਾਅ ਇਨਫ਼ੋਰਸਮੈਂਟ ਡਿਊਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਾਜ਼ੀ ਨਾ ਕਿਹਾ ਜਾਵੇ ਤੇ ਨਾ ਹੀ ਅਸੀਂ ਕੋਈ ਖਲਨਾਇਕ ਹਾਂ। ਪਿਛਲੇ ਹਫ਼ਤੇ ਦੇ ਸ਼ੁਰੂ ਵਿੱਚ ਆਈ. ਸੀ. ਈ. ਏਜੰਟਾਂ ਨੇ ਸੈਨ ਐਨਟੋਨੀਓ, ਟੈਕਸਾਸ ਕੋਰਟ ਹਾਊਸ ਵਿੱਚ ਸੁਣਵਾਈ ਤੋਂ ਬਾਅਦ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਦਾ ਪਰਵਾਸੀਆਂ ਦੇ ਵਕੀਲਾਂ ਨੇ ਸਖ਼ਤ ਵਿਰੋਧ ਕੀਤਾ ਸੀ। ਇਮੀਗਰਾਂਟ ਲੀਗਲ ਰਿਸੋਰਸ ਸੈਂਟਰ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਬਹੁਤ ਹੀ ਸੰਕਟ ਭਰੇ ਸਮੇਂ ਵਿੱਚ ਪਰਵਾਸੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰਵਾਸੀ ਨਿਆਂ ਲਈ ਅਦਾਲਤਾਂ ਵਿੱਚ ਆਉਂਦੇ ਹਨ ਪਰੰਤੂ ਸੁਣਵਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਇਸ ਬਿਆਨ ਨਾਲ ਇੱਕ ਵੀਡੀਓ ਵੀ ਜੋੜੀ ਗਈ ਹੈ ਜਿਸ ਵਿੱਚ ਆਈ. ਸੀ. ਈ. ਏਜੰਟ ਅਦਾਲਤ ਵਿੱਚ 4 ਬੱਚਿਆਂ ਸਮੇਤ ਇੱਕ ਮਾਂ ਨੂੰ ਹਿਰਾਸਤ ਵਿੱਚ ਲੈ ਰਹੇ ਹਨ। ਇੱਕ ਨਬਾਲਗ ਬੱਚੇ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਨਜ਼ਰ ਆ ਰਹੇ ਹਨ। ਐਡੋਵੋਕੇਸੀ ਗਰੁੱਪ ਯੂਨੀਡੋਸ ਪੋਡਮੋਸ ਵੱਲੋਂ ਇਸੇ ਹੀ ਅਦਾਲਤ ਦੇ ਬਾਹਰਵਾਰ ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਸ ਸਮੇਂ ਦਾ ਬਹੁਤ ਹੀ ਭਾਵੁਕ ਦ੍ਰਿਸ਼ ਨਜ਼ਰ ਆ ਰਿਹਾ ਹੈ ਜਿਸ ਵਿੱਚ ਸਿਵਲ ਵਰਦੀ ਵਿੱਚ ਏਜੰਟ ਦੋ ਔਰਤਾਂ ਤੇ ਇੱਕ ਬੱਚੇ ਨੂੰ ਕੈਦੀਆਂ ਨੂੰ ਲਿਜਾਉਣ ਵਾਲੀ ਗੱਡੀ ਵਿੱਚ ਜਬਰਨ ਚੜ੍ਹਾ ਰਹੇ ਹਨ।

Loading