
ਸੈਕਰਾਮੈਂਟੋ,ਕੈਲੀਫ਼ੋਰਨੀਆ /ਹੁਸਨ ਲੜੋਆ ਬੰਗਾ: ਕੋਲੋਰਾਡੋ ਵਿੱਚ ਇੱਕ ਸੰਘੀ ਅਦਾਲਤ ਨੇ ਗ਼ਾਜ਼ਾ ਪੱਟੀ ਵਿੱਚ ਇਸਰਾਈਲੀ ਬੰਧਕਾਂ ਦੇ ਸਮਰਥਨ ਵਿੱਚ ਬੋਲਡਰ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਉੱਪਰ ਅੱਗ-ਬੰਬ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਸ਼ੱਕੀ ਦੋਸ਼ੀ ਮੁਹੰਮਦ ਸੋਲੀਮੈਨ ਦੇ ਪਰਿਵਾਰਕ ਜੀਆਂ ਪਤਨੀ ਤੇ 5 ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ੳੱੁਪਰ ਆਰਜ਼ੀ ਰੋਕ ਲਾ ਦਿੱਤੀ ਹੈ। ਯੂ. ਐਸ. ਡਿਸਟਿ੍ਰਕਟ ਜੱਜ ਗਾਰਡਨ ਗਾਲਾਘਰ ਨੇ ਜਾਰੀ ਇੱਕ ਹੁਕਮ ਵਿੱਚ ਕਿਹਾ ਹੈ ਕਿ ਪਰਿਵਾਰ ਨੂੰ ਲੋੜੀਂਦੀ ਪ੍ਰਕ੍ਰਿਆ ਪੂਰੀ ਕੀਤੇ ਬਿਨਾਂ ਦੇਸ਼ ਨਿਕਾਲਾ ਦੇਣ ਨਾਲ ਅਸਧਾਰਨ ਨੁਕਸਾਨ ਹੋ ਸਕਦਾ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ। ਮਿਸਰ ਦੇ ਨਾਗਰਿਕ ਪਰਿਵਾਰ ਦੇ ਵਕੀਲਾਂ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ ਵਿੱਚ ਦੇਸ਼ ਨਿਕਾਲਾ ਰੋਕਣ ਤੇ ਪਰਿਵਾਰ ਨੂੰ ਹਿਰਾਸਤ ਵਿਚੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ। ਬੋਲਡਰ ਪੁਲਿਸ ਅਨੁਸਾਰ ਅੱਗ-ਬੰਬ ਹਮਲੇ ਦੇ ਪੀੜਤਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਸ਼ੱਕੀ ਦੋਸ਼ੀ ਮੁਹੰਮਦ ਸੋਲੀਮੈਨ ਇਸ ਸਮਂੇ ਐਫ਼. ਬੀ. ਆਈ. ਦੀ ਹਿਰਾਸਤ ਵਿੱਚ ਹੈ ਤੇ ਉਸ ਵਿਰੁੱਧ ਨਫ਼ਰਤੀ ਅਪਰਾਧ ਤੇ ਹੱਤਿਆਵਾਂ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ।