
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਆਪਣੀ ਮਿਸਾਲੀ ਸੇਵਾ ਨਾਲ ਸਮਾਜ ਦੇ ਦਬੇ-ਕੁਚਲੇ ਵਰਗਾਂ ਦੇ ਜੀਵਨ ਨੂੰ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ। ਸਰਦਾਰ ਰਜਿੰਦਰ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਚੱਲ ਰਹੀ ਇਸ ਸੰਸਥਾ ਨੇ ਰਾਜਬੀਰ ਸਿੰਘ ਰਵਿਦਾਸੀਆ ਨੂੰ ਇੱਕ ਇਲੈਕਟ੍ਰਾਨਿਕ ਆਟੋ ਰਿਕਸ਼ਾ ਪ੍ਰਦਾਨ ਕੀਤਾ।
ਰਾਜਬੀਰ ਸਿੰਘ ਰਵਿਦਾਸੀਆ, ਜੋ ਆਰਥਿਕ ਅਤੇ ਪਰਿਵਾਰਕ ਮੁਸ਼ਕਿਲਾਂ ਨਾਲ ਜੂਝ ਰਿਹਾ ਸੀ, ਉਸ ਦੀ ਜੀਵਨ-ਕਹਾਣੀ ਸਿੱਖ ਸੇਵਕ ਸੁਸਾਇਟੀ ਦੀ ਸੇਵਾ-ਭਾਵਨਾ ਨਾਲ ਜੁੜੀ ਹੋਈ ਹੈ।
ਸੁਸਾਇਟੀ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਰਾਜਬੀਰ ਦੀ ਪਤਨੀ ਦੀ ਬੀਮਾਰੀ ਦੌਰਾਨ ਸੰਸਥਾ ਦੀ ਮੈਂਬਰ ਬੀਬੀ ਭੁਪਿੰਦਰ ਕੌਰ ਯੂਕੇ ਨੇ ਉਸ ਦੇ ਕਿਡਨੀ ਦੇ ਇਲਾਜ ਵਿੱਚ ਪੂਰਨ ਸਹਿਯੋਗ ਕੀਤਾ। ਬਦਕਿਸਮਤੀ ਨਾਲ, ਰਾਜਬੀਰ ਦੀ ਪਤਨੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ, ਪਰ ਸੁਸਾਇਟੀ ਨੇ ਉਸ ਦੇ ਪਰਿਵਾਰ ਨੂੰ ਸਹਾਰਾ ਦੇਣ ਦਾ ਫਰਜ਼ ਜਾਰੀ ਰੱਖਿਆ। ਰਾਜਬੀਰ ਨੂੰ ਸੱਤ ਮਰਲੇ ਦਾ ਪਲਾਟ ਅਤੇ ਉਸ ਤੋਂ ਇਲਾਵਾ, ਵੰਨ ਬੀਐਚਕੇ ਦਾ ਪੋਰਸ਼ਨ ਬਣਵਾ ਕੇ ਦਿੱਤਾ, ਜਿਸ ਨਾਲ ਉਸ ਨੂੰ ਸਥਾਈ ਰਿਹਾਇਸ਼ ਮਿਲ ਸਕੀ। ਹੁਣ, ਇਲੈਕਟ੍ਰਾਨਿਕ ਆਟੋ ਰਿਕਸ਼ਾ ਦੇਣ ਦੀ ਪਹਿਲ ਨਾਲ ਰਾਜਬੀਰ ਦੇ ਜੀਵਨ ਨੂੰ ਸਵੈ-ਨਿਰਭਰਤਾ ਦਾ ਨਵਾਂ ਮੌਕਾ ਮਿਲਿਆ ਹੈ। ਸੰਸਥਾ ਦੇ ਮੈਂਬਰ ਸੰਦੀਪ ਸਿੰਘ ਚਾਵਲਾ, ਸਾਹਿਬ ਸਿੰਘ ਆਰਟਿਸਟ ਅਤੇ ਅਰਵਿੰਦ ਸਿੰਘ ਨੇ ਇਸ ਮੌਕੇ ’ਤੇ ਰਾਜਬੀਰ ਨੂੰ ਆਟੋ ਪ੍ਰਦਾਨ ਕਰਦਿਆਂ ਸਿੱਖੀ ਦੀ ਸੇਵਾ-ਭਾਵਨਾ ਦੀ ਮਿਸਾਲ ਪੇਸ਼ ਕੀਤੀ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਇਸ ਮੌਕੇ ’ਤੇ ਸਿੱਖ ਪੰਥ ਵਿਰੁੱਧ ਜਾਤੀਵਾਦ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਿੱਖੀ ਸਦਾ ਦਬੇ-ਕੁਚਲੇ ਵਰਗਾਂ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਨੇ ਕਿਹਾ, “ਸਿੱਖ ਪੰਥ ਨੇ ਹਮੇਸ਼ਾ ਹੜ੍ਹਾਂ, ਬਿਪਤਾਵਾਂ ਅਤੇ ਸਮਾਜਿਕ ਅਨਿਆਂ ਵਿਰੁੱਧ ਗਰੀਬਾਂ ਦਾ ਸਾਥ ਦਿੱਤਾ ਹੈ। ਸਿੱਖ ਸੇਵਕ ਸੁਸਾਇਟੀ ਇਸੇ ਸਿਧਾਂਤ ’ਤੇ ਚੱਲਦੀ ਹੈ।” ਉਨ੍ਹਾਂ ਦਸਿਆ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਸਥਾਪਨਾ ਦਾ ਮੁੱਖ ਮਕਸਦ ਸਿੱਖੀ ਦੇ ਸੇਵਾ ਅਤੇ ਸਮਾਨਤਾ ਦੇ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣਾ ਹੈ। ਸੰਸਥਾ ਨੇ ਨਾ ਸਿਰਫ ਰਾਜਬੀਰ ਸਿੰਘ ਦੀ ਸਹਾਇਤਾ ਕੀਤੀ, ਸਗੋਂ ਸਮਾਜ ਦੇ ਹੋਰ ਵੀ ਕਈ ਲੋੜਵੰਦ ਲੋਕਾਂ ਦੀ ਮਦਦ ਕਰਕੇ ਸਿੱਖੀ ਦੀ ਮਹਾਨ ਪਰੰਪਰਾ ਨੂੰ ਜਾਰੀ ਰੱਖਿਆ ਹੈ। ਇਸ ਮੌਕੇ ’ਤੇ ਸੰਸਥਾ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਉਹ ਅੱਗੇ ਵੀ ਅਜਿਹੀਆਂ ਸੇਵਾਵਾਂ ਜਾਰੀ ਰੱਖਣਗੇ, ਜੋ ਸਮਾਜ ਦੇ ਹਰ ਵਰਗ ਨੂੰ ਇੱਕ ਸਮਾਨ ਮਾਣ-ਸਤਿਕਾਰ ਦਿੰਦੀਆਂ ਹਨ। ਸਿੱਖ ਸੇਵਕ ਸੁਸਾਇਟੀ ਦੀ ਇਹ ਪਹਿਲ ਵੀ ਇਸੇ ਸਿਧਾਂਤ ਦੀ ਪੁਸ਼ਟੀ ਕਰਦੀ ਹੈ, ਜਿੱਥੇ ਰਾਜਬੀਰ ਸਿੰਘ ਰਵਿਦਾਸੀਆ ਨੂੰ ਗੁਰੂ ਨਾਨਕ ਪੰਥ ਦੇ ਹਿਸੇ ਵਜੋ ਜਾਤੀ-ਪਾਤੀ ਦੇ ਵਿਤਕਰੇ ਤੋਂ ਪਰੀ ਸਹਾਇਤਾ ਪ੍ਰਦਾਨ ਕੀਤੀ ਗਈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੀ ਇਹ ਪਹਿਲ ਸਿੱਖੀ ਦੀ ਸੇਵਾ-ਭਾਵਨਾ ਅਤੇ ਸਮਾਨਤਾ ਦੇ ਸਿਧਾਂਤਾਂ ਦੀ ਜੀਵੰਤ ਮਿਸਾਲ ਹੈ।