
ਕਾਮਿਕਸ, ਜੋ ਕਦੇ ਸਿਰਫ਼ ਬੱਚਿਆਂ ਦੇ ਮਨੋਰੰਜਨ ਦਾ ਸਾਧਨ ਸਮਝੇ ਜਾਂਦੇ ਸਨ, ਅੱਜ ਸਮਾਜ ਦੇ ਸਭਿਆਚਾਰਕ, ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਦਾ ਅਜਿਹਾ ਦਰਪਣ ਬਣ ਚੁੱਕੇ ਹਨ, ਜਿਸ ਵਿੱਚ ਸਮੁੱਚੀ ਮਨੁੱਖਤਾ ਦੀਆਂ ਰੰਗ-ਬਰੰਗੀ ਤਸਵੀਰਾਂ ਝਲਕਦੀਆਂ ਹਨ। ਅਮਰੀਕੀ ਅਖਬਾਰਾਂ ਜਿਵੇਂ ਕਿ ਐਸੋਸੀਏਟਿਡ ਪ੍ਰੈਸ, ਵਾਸ਼ਿੰਗਟਨ ਟਾਈਮਜ਼, ਅਤੇ ਨਿਊਯਾਰਕ ਟਾਈਮਜ਼ ਨੇ ਇਸ ਸੱਚ ਨੂੰ ਸਾਹਮਣੇ ਲਿਆਂਦਾ ਹੈ ਕਿ ਕਾਮਿਕਸ ਦੀ ਦੁਨੀਆਂ ਹੁਣ ਸਿਰਫ਼ ਸੁਪਰ-ਹੀਰੋਜ਼ ਦੀਆਂ ਕਾਲਪਨਿਕ ਜੰਗਾਂ ਤੱਕ ਸੀਮਤ ਨਹੀਂ, ਸਗੋਂ ਇਹ ਧਰਮ, ਸਭਿਆਚਾਰ, ਅਤੇ ਵਿਭਿੰਨਤਾ ਦੇ ਪੁਲ ਬਣਾਉਣ ਦਾ ਜ਼ਰੀਆ ਬਣ ਰਹੀ ਹੈ। ਇਸ ਸਫ਼ਰ ਦਾ ਸਭ ਤੋਂ ਚਮਕਦਾਰ ਸਿਤਾਰਾ ਹੈ ਵਿਸ਼ਵਜੀਤ ਸਿੰਘ, ਜੋ "ਸਿੱਖ ਕੈਪਟਨ ਅਮਰੀਕਾ" ਦੇ ਰੂਪ ਵਿੱਚ ਸਿੱਖੀ ਦੇ ਮੁੱਲਾਂ—ਸੇਵਾ, ਸਮਾਨਤਾ, ਅਤੇ ਨਿਆਂ ਨੂੰ ਸਿਰਫ਼ ਅਮਰੀਕਾ ਵਿਚ ਹੀ ਨਹੀਂ,ਸਗੋਂ ਸਾਰੀ ਦੁਨੀਆਂ ਸਾਹਮਣੇ ਰੱਖ ਰਿਹਾ ਹੈ।
ਸਿੱਖ ਕੈਪਟਨ ਅਮਰੀਕਾ ਦਾ ਉਭਾਰ
ਕਹਾਣੀ ਸ਼ੁਰੂ ਹੁੰਦੀ ਹੈ 11 ਸਤੰਬਰ 2001 ਦੇ ਉਸ ਦੁਖਦਾਈ ਦਿਨ ਤੋਂ, ਜਦੋਂ ਅਮਰੀਕਾ ਦੀ ਧਰਤੀ 'ਤੇ ਅੱਤਵਾਦੀ ਹਮਲਿਆਂ ਨੇ ਸਿੱਖ ਭਾਈਚਾਰੇ ਨੂੰ ਨਫ਼ਰਤ ਅਤੇ ਗਲਤਫਹਿਮੀ ਦੇ ਕਾਲੇ ਪਰਛਾਵੇਂ ਹੇਠ ਲਿਆ ਦਿੱਤਾ। ਸਿੱਖਾਂ ਨੂੰ, ਜਿਨ੍ਹਾਂ ਦੀ ਪੱਗ ਅਤੇ ਦਾੜ੍ਹੀ ਉਨ੍ਹਾਂ ਦੀ ਧਾਰਮਿਕ ਪਛਾਣ ਦਾ ਅਨਿੱਖੜਵਾਂ ਹਿੱਸਾ ਹੈ, ਅਕਸਰ ਜਿਹਾਦੀ ਅੱਤਵਾਦੀਆਂ ਨਾਲ ਜੋੜ ਕੇ ਗਲਤ ਸਮਝਿਆ ਜਾਣ ਲੱਗਾ। 2012 ਵਿੱਚ ਵਿਸਕੌਨਸਿਨ ਦੇ ਓਕ ਕਰੀਕ ਗੁਰਦੁਆਰੇ 'ਤੇ ਹੋਏ ਹਮਲੇ ਨੇ ਇਸ ਜ਼ਖ਼ਮ ਨੂੰ ਹੋਰ ਡੂੰਘਾ ਕਰ ਦਿੱਤਾ, ਜਿਸ ਵਿੱਚ ਛੇ ਸਿੱਖਾਂ ਦੀ ਮੌਤ ਹੋਈ ਅਤੇ ਕਈ ਜ਼ਖ਼ਮੀ ਹੋਏ। ਅਜਿਹੇ ਮਾਹੌਲ ਵਿੱਚ, ਵਿਸ਼ਵਜੀਤ ਸਿੰਘ ਨੇ, ਜੋ ਇੱਕ ਪਤਲਾ-ਦੁਬਲਾ, ਚਸ਼ਮਾ ਪਾਉਣ ਵਾਲਾ, ਦਾੜ੍ਹੀ ਅਤੇ ਪੱਗ ਵਾਲਾ ਸਿੱਖ ਸੀ, ਇੱਕ ਅਨੋਖਾ ਰਾਹ ਚੁਣਿਆ। ਉਸ ਨੇ "ਕੈਪਟਨ ਅਮਰੀਕਾ" ਦੀ ਪੁਸ਼ਾਕ ਪਹਿਨੀ, ਪਰ ਇਸ ਵਿੱਚ ਆਪਣੀ ਸਿੱਖ ਪਛਾਣ ਨੂੰ ਜਿਉਂ ਦਾ ਤਿਉਂ ਰੱਖਿਆ।ਇਹ ਕੋਈ ਸਾਧਾਰਨ ਫੈਸਲਾ ਨਹੀਂ ਸੀ।
ਵਾਸ਼ਿੰਗਟਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਜਦੋਂ ਇੱਕ ਬੱਚੇ ਨੇ ਉਸ ਨੂੰ ਕਿਹਾ, "ਕੈਪਟਨ ਅਮਰੀਕਾ ਦਾੜ੍ਹੀ ਅਤੇ ਪੱਗ ਨਹੀਂ ਰੱਖਦਾ, ਉਹ ਗੋਰਾ ਹੈ," ਤਾਂ ਸਿੰਘ ਨੇ ਮੁਸਕਰਾਹਟ ਨਾਲ ਜਵਾਬ ਦਿੱਤਾ, "ਮੈਨੂੰ ਬੁਰਾ ਨਹੀਂ ਲੱਗਦਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੇਰੇ ਮਨ ਵਿੱਚ ਸਿੱਖ ਕੈਪਟਨ ਅਮਰੀਕਾ ਦੀ ਛਾਪ ਬਣੇ।"
ਇਹ ਜਵਾਬ ਸਿਰਫ਼ ਇੱਕ ਬੱਚੇ ਨੂੰ ਸੰਬੋਧਨ ਨਹੀਂ ਸੀ, ਸਗੋਂ ਇੱਕ ਮਿਸ਼ਨ ਦੀ ਸ਼ੁਰੂਆਤ ਸੀ—ਇੱਕ ਅਜਿਹੀ ਛਾਪ ਛੱਡਣ ਦੀ, ਜੋ ਨਸਲਵਾਦ ਦੀਆਂ ਕੰਧਾਂ ਨੂੰ ਢਾਹ ਦੇਵੇ ਅਤੇ ਸਿੱਖੀ ਦੇ ਸਰਬ-ਸਾਂਝੇ ਸੁਨੇਹੇ ਨੂੰ ਸਮਾਜ ਦੇ ਹਰ ਹਿੱਸੇ ਤੱਕ ਪਹੁੰਚਾਵੇ।
ਵਿਸ਼ਵਜੀਤ ਸਿੰਘ ਦੀ ਮੁਹਿੰਮ
2013 ਵਿੱਚ ਸ਼ੁਰੂ ਹੋਈ ਵਿਸ਼ਵਜੀਤ ਸਿੰਘ ਦੀ ਇਹ ਮੁਹਿੰਮ 2016 ਵਿੱਚ ਉਸ ਸਮੇਂ ਪੂਰਨ ਸਮਰਪਣ ਦਾ ਰੂਪ ਲੈ ਗਈ, ਜਦੋਂ ਉਸ ਨੇ ਆਪਣੀ ਪੂਰੇ ਸਮੇਂ ਦੀ ਨੌਕਰੀ ਛੱਡ ਦਿੱਤੀ। ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ, ਸਿੰਘ ਨੇ ਸਕੂਲਾਂ, ਸਰਕਾਰੀ ਏਜੰਸੀਆਂ, ਕਾਰਪੋਰੇਸ਼ਨਾਂ, ਅਤੇ ਜਨਤਕ ਸਥਾਨਾਂ 'ਤੇ ਜਾ ਕੇ ਸਿੱਖੀ ਦੇ ਸਿਧਾਂਤ—ਬਰਾਬਰੀ, ਨਿਆਂ, ਅਤੇ ਸਰਵ-ਵਿਆਪਕ ਜੋਤ—ਦੀ ਗੱਲ ਕੀਤੀ। ਉਸ ਦੀ ਪੁਸ਼ਾਕ ਅਤੇ ਸ਼ਖਸੀਅਤ ਦਾ ਜਾਦੂ ਅਜਿਹਾ ਸੀ ਕਿ ਪੁਲਿਸ ਅਧਿਕਾਰੀ ਵੀ ਉਸ ਨਾਲ ਸੈਲਫੀਆਂ ਖਿੱਚਣ ਲੱਗੇ, ਅਤੇ ਇੱਕ ਜੋੜੇ ਨੇ ਤਾਂ ਉਸ ਨੂੰ ਆਪਣੇ ਵਿਆਹ ਵਿੱਚ ਸੱਦਿਆ।ਸਿੰਘ ਦੀ ਕਹਾਣੀ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਇੱਕ ਸਮੁੱਚੇ ਭਾਈਚਾਰੇ ਦੀ ਪਛਾਣ ਦੀ ਲੜਾਈ ਹੈ।
ਨਿਊਯਾਰਕ ਟਾਈਮਜ਼ ਨੇ ਇੱਕ ਲੇਖ ਵਿੱਚ ਜ਼ਿਕਰ ਕੀਤਾ ਕਿ ਸਿੱਖ ਭਾਈਚਾਰੇ ਨੂੰ ਅਮਰੀਕਾ ਵਿੱਚ ਅਕਸਰ ਸਟੀਰੀਓਟਾਈਪਸ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਵਿਸ਼ਵਜੀਤ ਸਿੰਘ ਵਰਗੇ ਵਿਅਕਤੀਆਂ ਨੇ ਕਾਮਿਕਸ ਅਤੇ ਸੁਪਰ-ਹੀਰੋ ਸਭਿਆਚਾਰ ਦੀ ਵਰਤੋਂ ਕਰਕੇ ਇਨ੍ਹਾਂ ਸਟੀਰੀਓਟਾਈਪਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਕਾਰਟੂਨ ਸੀਰੀਜ਼, ਜਿਵੇਂ ਕਿ ਸਿੱਖ ਟੂਨ , ਨੇ ਸਿੱਖੀ ਦੇ ਮੁੱਲਾਂ ਨੂੰ ਸਧਾਰਨ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ, ਜਿਸ ਨਾਲ ਬੱਚਿਆਂ ਅਤੇ ਨੌਜਵਾਨਾਂ ਵਿੱਚ ਸਿੱਖ ਸਭਿਆਚਾਰ ਪ੍ਰਤੀ ਸਕਾਰਾਤਮਕ ਸੋਚ ਪੈਦਾ ਹੋਈ।