ਮਹਾਬੋਧੀ ਮੰਦਰ ਦੇ ਬ੍ਰਾਹਮਣੀਕਰਨ ਪ੍ਰਬੰਧ ਕਾਰਣ ਛਿੜਿਆ ਵਿਵਾਦ

In ਮੁੱਖ ਖ਼ਬਰਾਂ
June 10, 2025
ਬੋਧਗਯਾ ਓਹ ਪਵਿੱਤਰ ਧਰਤੀ, ਜਿੱਥੇ ਸਿਧਾਰਥ ਗੌਤਮ ਬੁੱਧ ਬਣੇ, ਜਿੱਥੇ ਨਿਰੰਜਨਾ ਦਰਿਆ ਦੇ ਕੰਢੇ, ਪਿਪਲ ਦੀ ਛਾਂ ਹੇਠ, ਸੰਸਾਰ ਨੂੰ ਸਮਤਾ, ਕਰੁਣਾ ਅਤੇ ਅਹਿੰਸਾ ਦਾ ਸੁਨੇਹਾ ਮਿਲਿਆ। ਮਹਾਬੋਧੀ ਮੰਦਰ, ਸਿਰਫ਼ ਇੱਕ ਇਮਾਰਤਨਹੀਂ, ਸਗੋਂ ਇੱਕ ਜੀਵਤ ਸੁਪਨਾ, ਇੱਕ ਸਦੀਆਂ ਪੁਰਾਣੀ ਦਾਰਸ਼ਨਿਕ ਇਤਿਹਾਸਕ ਗਾਥਾ ਹੈ,ਜੋ ਤਥੲਗਤ ਬੁਧਨੇ ਸਿਰਜੀ, ਜਿਸ ਉਪਰ ਗੈਰ ਬੋਧੀਆਂ ਦਾ ਕਬਜ਼ਾ ਹੈ। ਬੋਧੀ ਭਿਖਸ਼ੂਆਂ ਦੀ ਅਰਦਾਸ, ਉਹਨਾਂ ਦੀ ਹਿਰਦੇ ਦੀ ਪੁਕਾਰ, ਕਿ ਮਹਾਬੋਧੀ ਮੰਦਰ ਦਾ ਪ੍ਰਬੰਧ ਸਿਰਫ਼ ਬੋਧੀ ਭਾਈਚਾਰੇ ਦੇ ਹੱਥ ਸੌਂਪਿਆ ਜਾਵੇ, ਅੱਜ ਇੱਕ ਜਨ-ਅੰਦੋਲਨ ਦਾ ਰੂਪ ਲੈ ਚੁੱਕੀ ਹੈ। ਇਹ ਸੰਘਰਸ਼ ਸਿਰਫ਼ ਇੱਕ ਮੰਦਰ ਦੀ ਗੱਲ ਨਹੀਂ, ਸਗੋਂ ਸਮਤਾ, ਸਭਿਆਚਾਰਕ ਵਿਰਾਸਤ ਅਤੇ ਧਰਮ ਦੀ ਸੁਤੰਤਰਤਾ ਦੀ ਲੜਾਈ ਹੈ। 2600 ਸਾਲ ਪਹਿਲਾਂ, ਜਦੋਂ ਸਿਧਾਰਥ ਗੌਤਮ ਨੇ ਇਸ ਪਿਪਲ ਦੇ ਹੇਠਾਂ ਗਿਆਨ ਦੀ ਜੋਤ ਜਗਾਈ, ਤਾਂ ਸੰਸਾਰ ਨੂੰ ਇੱਕ ਅਜਿਹਾ ਧੰਮ ਮਿਲਿਆ, ਜਿਸ ਨੇ ਜਾਤੀ, ਲਿੰਗ, ਅਤੇ ਸਮਾਜਕ ਅਸਮਾਨਤਾਵਾਂ ਦੇ ਬੰਧਨਾਂ ਨੂੰ ਤੋੜਣ ਦੀ ਲਹਿਰ ਚਲਾਈ। ਮਹਾਬੋਧੀ ਮੰਦਰ ਦਾ ਪ੍ਰਬੰਧ, ਜੋ 1949 ਦੇ ਬੋਧਗਯਾ ਮੰਦਰ ਅਧਿਨਿਯਮ ਅਧੀਨ ਚੱਲ ਰਿਹਾ ਹੈ, ।ਇਸ ਅਧਿਨਿਯਮ ਮੁਤਾਬਕ, ਮੰਦਰ ਪ੍ਰਬੰਧ ਦੀ ਸਮਿਤੀ ਵਿੱਚ 9 ਮੈਂਬਰ ਹੁੰਦੇ ਹਨ—4 ਹਿੰਦੂ, 4 ਬੋਧੀ, ਅਤੇ ਨੌਵਾਂ ਮੈਂਬਰ ਜਿਲ੍ਹਾ ਮੈਜਿਸਟ੍ਰੇਟ, ਜੋ ਪ੍ਰਧਾਨ ਅਧਿਕਾਰੀ ਦੇ ਰੂਪ ਵਿੱਚ ਮੁਖੀ ਹੁੰਦਾ ਹੈ। ਜੇ ਜਿਲ੍ਹਾ ਮੈਜਿਸਟ੍ਰੇਟ ਗੈਰ-ਹਿੰਦੂ ਹੋਵੇ, ਤਾਂ ਸਰਕਾਰ ਨੂੰ ਇੱਕ ਹਿੰਦੂ ਮੁਖੀ ਨਿਯੁਕਤ ਕਰਨਾ ਜ਼ਰੂਰੀ ਹੈ। ਇਹ ਵਿਵਸਥਾ, ਬੋਧੀ ਭਾਈਚਾਰੇ ਨਾਲ ਅਨਿਆਂ ਦੀ ਪ੍ਰਤੀਕ ਹੈ। ਬੋਧੀ ਭਿਖਸ਼ੂ ਅਤੇ ਉਹਨਾਂ ਦੇ ਸਮਰਥਕਾਂ ਦੀ ਮੰਗ ਇਹ ਹੈ ਕਿ ਇਹ ਮੰਦਰ ਸਾਡਾ ਹੈ, ਸਾਡੇ ਬੁੱਧ ਦਾ, ਸਾਡੇ ਧੰਮ ਦਾ ਹੈ। ਇਸ ਦਾ ਪ੍ਰਬੰਧ ਸਾਡੇ ਹੱਥ ਕਿਉਂ ਨਹੀਂ?” ਬੁਧ ਧਰਮ ਅਤੇ ਬ੍ਰਾਹਮਣਵਾਦ: ਸਦੀਆਂ ਪੁਰਾਣਾ ਸੰਘਰਸ਼ ਗੌਤਮ ਬੁੱਧ ਨੇ 6ਵੀਂ ਸਦੀ ਈਸਵੀ ਪੂਰਵ ਵਿੱਚ ਜਾਤੀਵਾਦ, ਅਸਮਾਨਤਾ, ਅਤੇ ਬ੍ਰਾਹਮਣਵਾਦੀ ਵਿਵਸਥਾ ਦੇ ਵਿਰੁੱਧ ਆਵਾਜ਼ ਉਠਾਈ। ਮੌਰੀਆ ਸਮਰਾਟ ਅਸ਼ੋਕ ਨੇ ਇਸ ਸੁਨੇਹੇ ਨੂੰ ਦੱਖਣ-ਪੂਰਬੀ ਏਸ਼ੀਆ ਤੱਕ ਪਹੁੰਚਾਇਆ, ਅਤੇ ਮਹਾਬੋਧੀ ਮੰਦਰ ਦੀ ਨੀਂਹ ਇਸੇ ਸਮੇਂ ਰੱਖੀ ਗਈ।ਪਰ, ਜਿਵੇਂ ਸਮੁੰਦਰ ਵਿੱਚ ਤੁਫ਼ਾਨ ਉੱਠਦਾ ਹੈ, ਤਿਵੇਂ ਬੁਧ ਧਰਮ ਦੇ ਸੁਨਹਿਰੀ ਸਮੇਂ ਵਿੱਚ ਵੀ ਬ੍ਰਾਹਮਣਵਾਦ ਦੀਆਂ ਤੂਫ਼ਾਨੀ ਲਹਿਰਾਂ ਉੱਠੀਆਂ। ਪੁਸ਼ਯਮਿਤਰ ਸ਼ੁੰਗ, ਜਿਸ ਨੇ ਮੌਰੀਆ ਵੰਸ਼ ਦੇ ਬਾਦ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ, ਨੇ ਬੋਧੀ ਵਿਹਾਰਾਂ ਨੂੰ ਅੱਗ ਲਗਾਈ, ਸਤੂਪਾਂ ਨੂੰ ਢਾਹਿਆ, ਅਤੇ ਭਿਖਸ਼ੂਆਂ ਦੀ ਨਸ਼ਲਕੁਸ਼ੀ ਕੀਤੀ ਤੇ ਭਿਖਸ਼ੂਆਂ ਦੇ ਸਿਰਾਂ ਉਪਰ ਇਨਾਮ ਐਲਾਨੇ। ਫਿਰ 8ਵੀਂ-9ਵੀਂ ਸਦੀ ਵਿੱਚ ਸ਼ੰਕਰਾਚਾਰੀਆ ਨੇ ਬ੍ਰਾਹਮਣਵਾਦ ਨੂੰ ਮੁੜ ਸੰਗਠਿਤ ਕੀਤਾ। ਉਸ ਨੇ ਬੁੱਧ ਦੇ ਈਸ਼ਵਰ ਅਤੇ ਆਤਮਾ ਵਿਰੋਧੀ ਵਿਚਾਰਾਂ ਨੂੰ ਖਾਰਜ ਕੀਤਾ, ਅਤੇ ਸੰਸਾਰ ਨੂੰ ਮਾਇਆ ਦੱਸ ਕੇ ਬੁਧ ਧਰਮ ਨੂੰ ਭਾਰਤ ਦੀ ਧਰਤੀ ਤੋਂ ਲਗਭਗ ਮਿਟਾ ਦਿੱਤਾ।ਪਰ, ਜਿਵੇਂ ਬਸੰਤ ਵਿੱਚ ਸੁੱਕਿਆਂ ਰੁੱਖਾਂ ਵਿੱਚ ਮੁੜ ਸੁਰਜੀਤੀ ਆਉਂਦੀ ਹੈ, ਤਿਵੇਂ 19ਵੀਂ ਸਦੀ ਵਿੱਚ ਸ੍ਰੀਲੰਕਾ ਦੇ ਨਾਗਾਰਿਕ ਧਰਮਪਾਲ ਨੇ ਮਹਾਬੋਧੀ ਮੰਦਰ ਨੂੰ ਮੁੜ ਬੋਧੀ ਭਾਈਚਾਰੇ ਦੇ ਹਵਾਲੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਉਸ ਦੀ ਜੋਤ,ਮਹਾਬੋਧੀ ਸੋਸਾਇਟੀ ਦੀ ਸਥਾਪਨਾ ਨਾਲ ਚਮਕ ਉਠੀ। ਪਰ, 1949 ਦੇ ਅਧਿਨਿਯਮ ਨੇ ਇਸ ਜੋਤ ਵਿੱਚ ਮੁੜ ਇੱਕ ਬੇਸੁਰੀ ਧੁੰਦ ਛੱਡ ਦਿੱਤੀ। ਮੌਜੂਦਾ ਵਿਵਾਦ: ਬੋਧੀ ਅੰਦੋਲਨ ਦੀ ਪੁਕਾਰ ਫਰਵਰੀ 2025 ਤੋਂ, ਬੋਧਗਯਾ ਦੀ ਧਰਤੀ ਮੁੜ ਸੰਘਰਸ਼ ਦੀ ਸਾਖੀ ਬਣੀ ਹੋਈ ਹੈ। ਬੋਧੀ ਭਿਖਸ਼ੂ ਅਤੇ ਉਹਨਾਂ ਦੇ ਅਨੁਯਾਈ, ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅਤੇ ਪ੍ਰਦਰਸ਼ਨਾਂ ਨਾਲ ਆਪਣੀ ਅਰਦਾਸ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੰਗ ਕਰਦੇ ਹਨ ਕਿ 1949 ਦਾ ਅਧਿਨਿਯਮ ਰੱਦ ਕੀਤਾ ਜਾਵੇ, ਅਤੇ ਮਹਾਬੋਧੀ ਮੰਦਰ ਦਾ ਪੂਰਨ ਕੰਟਰੋਲ ਬੋਧੀ ਭਾਈਚਾਰੇ ਨੂੰ ਸੌਂਪਿਆ ਜਾਵੇ। ਆਕਾਸ਼ ਲਾਮਾ ਵਰਗੇ ਪ੍ਰਦਰਸ਼ਨਕਾਰੀਆਂ ਦੀ ਅਵਾਜ.“ਇਹ ਮੰਦਰ ਸਾਡੀ ਵਿਰਾਸਤ ਹੈ, ਸਾਡੀ ਆਸਥਾ ਹੈ, ਸਾਡੇ ਬੁੱਧ ਦਾ ਸੁਨੇਹਾ ਹੈ। ਇਸ ਨੂੰ ਬ੍ਰਾਹਮਣਵਾਦ ਦੀਆਂ ਜੰਜੀਰਾਂ ਵਿੱਚ ਨਹੀਂ ਜਕੜਿਆ ਜਾ ਸਕਦਾ।” ਅੰਬੇਡਕਰੀਆਂ ਦੀ ਚੁੱਪੀ ਕਿਉਂ: ਮਹਾਬੋਧੀ ਮੰਦਰ ਦੇ ਮੁੱਦੇ 'ਤੇ ਅੰਬੇਡਕਰੀ ਸੰਗਠਨਾਂ ਦੀ ਸਰਗਰਮੀ, ਸੀਮਤ ਨਜ਼ਰ ਆਉਂਦੀ ਹੈ। ਭੀਮ ਆਰਮੀ ਵਰਗੇ ਸੰਗਠਨਾਂ ਨੇ ਹਾਲ ਹੀ ਵਿੱਚ ਆਵਾਜ਼ ਉਠਾਈ ਹੈ। ਰਾਸ਼ਟਰੀ ਸਵੈਮਸੇਵਕ ਸੰਘ ਅਤੇ ਹਿੰਦੂਤਵ ਦੀਆਂ ਸਹਿਯੋਗੀ ਸੰਸਥਾਵਾਂ, ਬੋਧੀ ਤੇ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ਦੇ ਬ੍ਰਾਹਮਣੀਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸੂਫੀ ਦਰਗਾਹਾਂ (ਜਿਵੇਂ ਬਾਬਾ ਬੁਡਨਗਿਰੀ ਅਤੇ ਹਾਜੀ ਮਲੰਗ) ਅਤੇ ਸਾਈਂ ਬਾਬਾ ਦੀ ਪਰੰਪਰਾ ਵਿੱਚ ਵੀ ਇਹ ਪ੍ਰਭਾਵ ਦੇਖਿਆ ਜਾ ਸਕਦਾ ਹੈ। ਮਹਾਬੋਧੀ ਮੰਦਰ ਦਾ ਵਿਵਾਦ, ਕਬਜੇ ਦੀ ਕਹਾਣੀ, ‘ਹਿੰਦੂ ਰਾਸ਼ਟਰ’ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।ਇਹ ਸੰਘਰਸ਼, ਭਾਰਤ ਦੀ ਵਿਭਿੰਨ ਸਭਿਆਚਾਰਕ ਵਿਰਾਸਤ ਨੂੰ ਬਚਾਉਣ ਦੀ ਪੁਕਾਰ ਹੈ। ਕਾਨੂੰਨੀ ਸਥਿਤੀ ਅਤੇ ਸਰਕਾਰ ਦਾ ਪੱਖ ਮਹਾਬੋਧੀ ਮੰਦਰ ਦੇ ਪ੍ਰਬੰਧਨ ਸਬੰਧੀ 1949 ਦੇ ਬੋਧਗਯਾ ਮੰਦਰ ਅਧਿਨਿਯਮ ਨੂੰ ਚੁਣੌਤੀ ਦੇਣ ਵਾਲੀ ਰਿੱਟ ਪਟੀਸ਼ਨ (ਸਿਵਲ ਨੰ. 0380, 2012), ਜੋ ਬੋਧੀ ਭਿਖਸ਼ੂ ਭਾਨਤੇ ਆਰਿਆ ਨਾਗਾਰਜੁਨ ਸੁਰਈ ਸਸਾਈ ਅਤੇ ਗਜੇਂਦਰ ਮਹਾਨੰਦ ਪੰਤਾਵਾਨੇ ਨੇ ਦਾਇਰ ਕੀਤੀ ਸੀ, ਅਜੇ ਵੀ ਅਦਾਲਤੀ ਪ੍ਰਕਿਰਿਆ ਵਿੱਚ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸੁਪਰੀਮ ਕੋਰਟ ਨੇ 16 ਮਈ 2025 ਨੂੰ ਇਸ ਮਾਮਲੇ ਦੀ ਅੰਤਿਮ ਸੁਣਵਾਈ 29 ਜੁਲਾਈ 2025 ਲਈ ਨਿਸ਼ਚਤ ਕੀਤੀ ਹੈ। ਇਸ ਦੀ ਸੁਣਵਾਈ ਸਬੰਧੀ 24 ਮਾਰਚ 2025 ਨੂੰ ਕੋਈ ਠੋਸ ਕਾਰਵਾਈ ਦੀ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ।ਸਰਕਾਰ ਦਾ ਪੱਖ ਅਜੇ ਤੱਕ ਸਪੱਸ਼ਟ ਨਹੀਂ ਹੋਇਆ। ਸਰਕਾਰ ਨੇ ਇਸ ਮੁੱਦੇ 'ਤੇ ਕੋਈ ਠੋਸ ਕਦਮ ਨਹੀਂ ਉਠਾਇਆ, ਜਿਸ ਨਾਲ ਪ੍ਰਦਰਸ਼ਨਕਾਰੀਆਂ ਵਿੱਚ ਰੋਸ ਵਧ ਰਿਹਾ ਹੈ। ਸਰਕਾਰ ਨੂੰ 1949 ਦੇ ਅਧਿਨਿਯਮ ਦੀ ਸਮੀਖਿਆ ਕਰਕੇ ਮੰਦਰ ਦਾ ਪ੍ਰਬੰਧ ਪੂਰੀ ਤਰ੍ਹਾਂ ਬੋਧੀ ਭਾਈਚਾਰੇ ਨੂੰ ਸੌਂਪਣ ਦੀ ਸੰਭਾਵਨਾ 'ਤੇ ਵਿਚਾਰ ਕਰਨਾ ਚਾਹੀਦਾ।

Loading