
ਜਗਮੋਹਨ ਸਿੰਘ ਲੱਕੀ :
-ਪੰਜਾਬ ਦੀ ਸਿਆਸਤ ਦੀ ਜਦੋਂ ਵੀ ਗੱਲ ਤੁਰਦੀ ਹੈ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਸਮਝੀ ਜਾਂਦੀ ਹੈ। ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ‘ਫ਼ੁੱਟ ਅਤੇ ਏਕਤਾ’ ਦਾ ਮੁੱਦਾ ਛਾਇਆ ਹੋਇਆ ਹੈ। ਪੰਜਾਬ ਵਿੱਚ ਅਕਾਲੀ ਦਲ ਸੱਤਾ ਤੋਂ ਦੂਰ ਹੋਣ ਦੇ ਬਾਵਜੂਦ ਸਭ ਤੋਂ ਵੱਧ ਚਰਚਿਤ ਪਾਰਟੀ ਬਣਿਆ ਹੋਇਆ ਹੈ। ਹਰ ਦਿਨ ਹੀ ਅਕਾਲੀ ਦਲ ਸਬੰਧੀ ਨਵੀਂਆਂ ਕਿਆਸ ਅਰਾਈਆਂ ਸਾਹਮਣੇ ਆ ਰਹੀਆਂ ਹਨ। ਅਕਾਲੀ ਦਲ ਦੇ ਸਮਰਥਕਾਂ ਨੂੰ ਅਜੇ ਵੀ ਆਸ ਹੈ ਕਿ ਜਲਦੀ ਹੀ ਅਕਾਲੀ ਦਲ ਮੰਝਧਾਰ ਵਿਚੋਂ ਨਿਕਲ ਜਾਵੇਗਾ ਅਤੇ ਅਕਾਲੀ ਦਲ ਪਹਿਲਾਂ ਵਾਂਗ ਪੰਜਾਬ ਵਿੱਚ ਮਜ਼ਬੂਤ ਸਿਆਸੀ ਪਾਰਟੀ ਬਣ ਜਾਵੇਗਾ, ਜਿਸ ਦੀ ਅਜੇ ਆਸ ਘੱਟ ਹੀ ਜਾਪਦੀ ਹੈ।
ਲੰਘੇ ਦਿਨੀਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ- ਵੱਖ ਧੜਿਆਂ ਦੇ ਅਕਾਲੀ ਆਗੂ ਇਕੱਠੇ ਤਾਂ ਹੋਏ ਪਰ ਉਹਨਾਂ ਦੀਆਂ ਆਪਸ ਵਿੱਚ ਨਾ ਤਾਂ ਨਜ਼ਰਾਂ ਮਿਲੀਆਂ ਤੇ ਨਾ ਹੀ ਵਿਚਾਰਾਂ ਦੀ ਸਾਂਝ ਪਈ। ਹਾਂ! ਏਨਾ ਜ਼ਰੂਰ ਹੋਇਆ ਕਿ ਇਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਵੱਖ- ਵੱਖ ਆਗੂਆਂ ਨੇ ਪੰਥਕ ਏਕਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਭ ਦਾ ਧਿਆਨ ਖਿੱਚ ਗਿਆ। ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਦਿੰਦਿਆਂ ਕਿਹਾ ਕਿ ‘‘ਆਪਣੀ ਵਿਰਾਸਤ ਨੂੰ ਸੰਭਾਲ ਲਓ। ਕਿਤੇ ਇਹ ਨਾ ਹੋਵੇ ਕੋਈ ਹੋਰ ਹੀ ਵਿਰਾਸਤ ਦਾ ਇੰਤਕਾਲ ਆਪਣੇ ਨਾਮ ਦਰਜ ਕਰਵਾ ਲਏ।’’ ਉਹਨਾਂ ਇਹ ਵੀ ਕਿਹਾ ਕਿ ਮਜ਼ਬੂਤ ਪੰਥਕ ਪਾਰਟੀ ਦੀ ਲੋੜ ਸਿਰਫ਼ ਪੰਜਾਬ ਨੂੰ ਹੀ ਨਹੀਂ ਸਗੋਂ ਦੇਸ਼ ਨੂੰ ਵੀ ਹੈ।
ਸ਼੍ਰੋਮਣੀ ਅਕਾਲੀ ਦਲ ਅਸਲ ਵਿੱਚ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੈ ਅਤੇ ਇੱਕ ਰਾਜ ਲਈ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਖੇਤਰੀ ਪਾਰਟੀਆਂ ਹੀ ਹੁੰਦੀਆਂ ਹਨ, ਜੋ ਕਿ ਰਾਜ ਦੇ ਮੁੱਖ ਮੁੱਦਿਆਂ ਨੂੰ ਹਲ਼ ਕਰਨ ਲਈ ਯਤਨ ਕਰਦੀਆਂ ਹਨ ਅਤੇ ਸਿਰਫ਼ ਆਪਣੇ ਰਾਜ ਦੇ ਲੋਕਾਂ ਬਾਰੇ ਹੀ ਸੋਚਦੀਆਂ ਹਨ ਜਦੋਂ ਕਿ ਨੈਸ਼ਨਲ ਪਾਰਟੀਆਂ ਸਿਰਫ਼ ਇੱਕ ਰਾਜ ਤੱਕ ਸੀਮਿਤ ਨਹੀਂ ਹੁੰਦੀਆਂ ਬਲਕਿ ਉਹ ਸਾਰੇ ਰਾਜਾਂ ਨਾਲ ਸਬੰਧਿਤ ਹੁੰਦੀਆਂ ਹਨ, ਇਸ ਕਾਰਨ ਹੀ ਉਹ ਇੱਕ ਰਾਜ ਦੇ ਹੱਕ ਵਿੱਚ ਡੱਟ ਕੇ ਸਟੈਂਡ ਲੈਣ ਤੋਂ ਸੰਕੋਚ ਕਰਦੀਆਂ ਹਨ। ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੁੱਦਿਆਂ ਲਈ ਡਟ ਕੇ ਸਟੈਂਡ ਲੈੈਂਦਾ ਆਇਆ ਹੈ ਭਾਵੇਂ ਕਿ ਇਸ ਸਮੇਂ ਇਹ ਪਾਰਟੀ ਹਾਸ਼ੀਏ ’ਤੇ ਪਹੁੰਚ ਗਈ ਹੈ ਪਰ ਇਸ ਦੇ ਸਮਰਥਕਾਂ ਨੂੰ ਇਸ ਪਾਰਟੀ ਤੋਂ ਅਜੇ ਵੀ ਬਹੁਤ ਉਮੀਦਾਂ ਹਨ।
ਅਕਾਲੀ ਦਲ ਬਾਦਲ ਨੇ ਲੰਬਾ ਸਮਾਂ ਸੱਤਾ ਦਾ ਸੁੱਖ ਮਾਣਿਆ ਹੈ। ਇਸ ਕਰਕੇ ਹੀ ਇਹ ਪਾਰਟੀ ਸੰਘਰਸ਼ਾਂ ਤੇ ਮੋਰਚਿਆਂ ਦਾ ਰਾਹ ਛੱਡ ਕੇ ਸੱਤਾ ਦੇ ਮਗਰ ਪੈ ਗਈ। ਉਂਝ ਵੀ ਸੱਤਾ ਦਾ ਸੁੱਖ ਹਰ ਪਾਰਟੀ ਨੂੰ ਚੰਗਾ ਲੱਗਦਾ ਹੈ। ਪੰਜਾਬ ਦੀ ਸੱਤਾ ਦੀ ਪ੍ਰਾਪਤੀ ਲਈ ਅਕਾਲੀ ਦਲ ਦੇ ਆਗੂਆਂ ਨੇ ਇਸ ਪਾਰਟੀ ਦਾ ਪੰਥਕ ਮੁਹਾਂਦਰਾ ਹੀ ਬਦਲ ਦਿੱਤਾ ਸੀ ਅਤੇ ਇਸ ਨੂੰ ਪੰਥਕ ਪਾਰਟੀ ਦੀ ਥਾਂ ਸਾਰੇ ਪੰਜਾਬੀਆਂ ਦੀ ਪਾਰਟੀ ਬਣਾ ਦਿੱਤਾ ਸੀ। ਉਸ ਤੋਂ ਬਾਅਦ ਕਈ ਸਾਲ ਅਕਾਲੀ ਦਲ ਨੇ ਸੱਤਾ ਦਾ ਸੁੱਖ ਮਾਣਿਆ ਪਰ ਹੋਲੀ ਹੋਲੀ ਅਕਾਲੀ ਦਲ ਤੋਂ ਉਸ ਦੇ ਮੁੱਖ ਸਮਰਥਕ ਹੀ ਦੂਰ ਹੁੰਦੇ ਚਲੇ ਗਏ। ਇਥੇ ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਤੋਂ ਬਾਅਦ ਅਕਾਲੀ ਦਲ ਦਾ ਨਿਘਾਰ ਹੋਣਾ ਸ਼ੁਰੂ ਹੋ ਗਿਆ। ਸਾਲ 2022 ਵਿੱਚ ਸੰਗਰੂਰ ਹਲ਼ਕੇ ਦੀ ਹੋਈ ਜ਼ਿਮਨੀ ਚੋਣ ਵਿੱਚ ਖ਼ਾਲਿਸਤਾਨ ਸਮਰਥਕ ਮੰਨੇ ਜਾਂਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ। ਇਸੇ ਤਰ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੇ ਫ਼ਰੀਦਕੋਟ ਹਲ਼ਕੇ ਤੋਂ ਗਰਮ ਖ਼ਿਆਲੀ ਆਗੂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਸੰਸਦ ਮੈਂਬਰ ਚੁਣੇ ਗਏ। ਇਸ ਕਰਕੇ ਅਕਾਲੀ ਸਿਆਸਤ ਵਿੱਚ ਗਰਮ ਦਲ਼ੀ ਆਗੂਆਂ ਦਾ ਉਭਾਰ ਹੁੰਦਾ ਗਿਆ ਅਤੇ ਨਰਮ ਦਲ਼ੀ ਅਕਾਲੀ ਆਗੂ ਆਮ ਲੋਕਾਂ ਤੋਂ ਦੂਰ ਹੁੰਦੇ ਗਏ। ਭਾਵੇਂ ਕਿ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਆਸਤ ਦਾ ਧੁਰਾ ਰਿਹਾ ਅਤੇ ਅਕਾਲੀ ਸਿਆਸਤ ਪੰਥ ਦੀ ਰਹਿਨੁਮਾਈ ਹੇਠ ਚਲਦੀ ਰਹੀ ਪਰ ਕਈ ਸਾਲ ਪਹਿਲ਼ਾਂ ਮੋਗਾ ਰੈਲੀ ਵਿੱਚ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਦਲ ਨੂੰ ਪੰਥਕ ਪਾਰਟੀ ਦੀ ਥਾਂ ਸਾਰੇ ਪੰਜਾਬੀਆਂ ਦੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦਾ ਮੁਹਾਂਦਰਾ ਹੀ ਬਦਲ ਗਿਆ। ਅਨੇਕਾਂ ਟਕਸਾਲੀ ਅਕਾਲੀ ਆਗੂ ਬਾਦਲ ਦਲ ਤੋਂ ਦੂਰ ਹੁੰਦੇ ਗਏ ਅਤੇ ਹਿੰਦੂ ਆਗੂਆਂ ਨੂੰ ਬਾਦਲ ਦਲ ਵਿੱਚ ਅਹਿਮ ਅਹੁਦੇ ਦਿੱਤੇ ਜਾਣ ਲੱਗੇ। ਹੁਣ ਅਕਾਲੀ ਦਲ ਬਾਦਲ ਦੀ ਹਾਲਤ ਅਜਿਹੀ ਹੋ ਗਈ ਕਿ ਇਸ ਨੂੰ ਮੁੜ ਪੰਥ ਦੀ ਸ਼ਰਨ ਵਿੱਚ ਆਉਣ ਲਈ ਮਜਬੂਰ ਹੋਣਾ ਪੈ ਗਿਆ ਕਿਉਂਕਿ ਇਸ ਲਈ ਆਪਣੀ ਹੋਂਦ ਬਚਾਉਣ ਲਈ ਹੋਰ ਕੋਈ ਰਾਹ ਹੀ ਨਹੀਂ ਸੀ ਬਚਿਆ।
ਪੰਜਾਬ ਵਿੱਚ ਅਕਾਲੀ ਦਲ ਦੇ ਹੋਰ ਗਰੁੱਪ ਵੀ ਸਰਗਰਮ ਹਨ, ਜਿਨ੍ਹਾਂ ਦਾ ਆਪੋ ਆਪਣੇ ਇਲਾਕਿਆਂ ਵਿੱਚ ਕੁਝ ਆਧਾਰ ਹੋਣ ਦਾ ਦਾਅਵਾ ਵੀ ਇਹਨਾਂ ਅਕਾਲੀ ਗਰੁੱਪਾਂ ਦੇ ਆਗੂਆਂ ਵੱਲੋਂ ਕੀਤਾ ਜਾਂਦਾ ਹੈ ਪਰ ਆਮ ਤੌਰ ’ਤੇ ਉਸ ਅਕਾਲੀ ਦਲ ਨੂੰ ਸਭ ਤੋਂ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ, ਜਿਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ ’ਤੇ ਹੋਵੇ। ਇਸ ਸਮੇਂ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਹੋਣ ਕਾਰਨ ਇਸ ਅਕਾਲੀ ਦਲ ਨੂੰ ਹੋਰਨਾਂ ਅਕਾਲੀ ਗਰੁੱਪਾਂ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਵੱਖ- ਵੱਖ ਅਕਾਲੀ ਦਲਾਂ ਦੇ ਆਗੂ ਵੀ ਆਪਣੇ ਦਲਾਂ ਨੂੰ ਸਿੱਖਾਂ ਦੀ ਨੁਮਾਇੰਦਗੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਦੇ ਹਨ।
ਜਦੋਂ ਵੀ ਕਿਸੇ ਦੂਜੇ ਰਾਜ ਵਿੱਚ ਸਿੱਖਾਂ ਨਾਲ ਧੱਕਾ ਹੁੰਦਾ ਹੈ ਤਾਂ ਸਿੱਖ ਅਤੇ ਪੰਜਾਬੀ ਸਭ ਤੋਂ ਪਹਿਲ਼ਾਂ ਸ਼੍ਰੋਮਣੀ ਅਕਾਲੀ ਦਲ ਵੱਲ ਆਸ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ ਕਿਉਂਕਿ ਵੱਡੀ ਗਿਣਤੀ ਸਿੱਖ ਅਤੇ ਪੰਜਾਬੀ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਮੋਹ ਰੱਖਦੇ ਹਨ ਭਾਵੇਂ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੱਡੀ ਗਿਣਤੀ ਸਿੱਖਾਂ ਅਤੇ ਪੰਜਾਬੀਆਂ ਨੂੰ ਪ੍ਰਵਾਨ ਨਹੀਂ ਪਰ ਉਹ ਅਕਾਲੀ ਦਲ ਦਾ ਮੁੜ ਉਭਾਰ ਚਾਹੁੰਦੇ ਹਨ ਅਤੇ ਇਸ ਲਈ ਚਾਹੁੰਦੇ ਹਨ ਕਿ ਲੀਡਰਸ਼ਿਪ ਵਿੱਚ ਤਬਦੀਲੀ ਵੀ ਸਮੇਂ ਦੀ ਲੋੜ ਮਹਿਸੂਸ ਹੋ ਰਹੀ ਹੈ। ਵੱਖ- ਵੱਖ ਬੁੱਧੀਜੀਵੀ ਕਹਿ ਰਹੇ ਹਨ ਕਿ ਅਕਾਲੀ ਦਲ ਲਈ ਹੁਣ ਮੌਕਾ ਹੈ ਕਿ ਉਹ ਪੰਜਾਬ ਵਿੱਚ ਆਪਣੀ ਗੁਆਚੀ ਹੋਈ ਜ਼ਮੀਨ ਮੁੜ ਹਾਸਲ ਕਰਨ ਲਈ ਯਤਨ ਕਰੇ। ਇਸ ਲਈ ਜੇ ਸੀਨੀਅਰ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਦੀ ਕੁਰਬਾਨੀ ਦੇਣੀ ਪੈ ਜਾਵੇ ਤਾਂ ਉਹਨਾਂ ਨੂੰ ਇਹ ਕੁਰਬਾਨੀ ਦੇਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਾ ਇਤਿਹਾਸ ਹੀ ਕੁਰਬਾਨੀਆਂ ਭਰਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਮਜ਼ਬੂਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।