ਕੀ ਸੁਖਬੀਰ ਬਾਦਲ ਦਾ ਸੁਪਨਾ ਪੂਰਾ ਹੋ ਸਕੇਗਾ?

In ਮੁੱਖ ਖ਼ਬਰਾਂ
June 11, 2025
ਜਗਮੋਹਨ ਸਿੰਘ ਲੱਕੀ : ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ ਵਾਰ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ 2027 ਵਿੱਚ ਮੁੜ ਸੱਤਾ ਵਿੱਚ ਆਵੇਗਾ। ਸੁਖਬੀਰ ਬਾਦਲ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਦਲ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਮੌਜੂਦਾ ‘ਆਪ ਸਰਕਾਰ’ ਵੱਲੋਂ ‘ਲੈਂਡ ਪੁਲਿੰਗ ਸਕੀਮ’ ਸਮੇਤ ਲਏ ਗਏ ਸਾਰੇ ਫ਼ੈਸਲੇ ਰੱਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੁਖਬੀਰ ਬਾਦਲ ਅਕਸਰ ਕਹਿੰਦੇ ਹਨ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨੰਬਰ ਇੱਕ ਦਾ ਸੂਬਾ ਬਣਾਇਆ ਜਾਵੇਗਾ ਤੇ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਸਿਰਫ਼ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਵਿੱਚ ਸਿਰਫ਼ ਪੰਜਾਬੀ ਹੀ ਜ਼ਮੀਨ ਖਰੀਦ ਸਕਣਗੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੁਖਬੀਰ ਬਾਦਲ ਦਾ ਇਹ ਦਾਅਵਾ, ਜਿਸ ਨੂੰ ਸੁਪਨਾ ਵੀ ਕਿਹਾ ਜਾ ਰਿਹਾ ਹੈ, ਸਾਲ 2027 ਵਿੱਚ ਪੂਰਾ ਹੋ ਸਕੇਗਾ? ਜਿਥੋਂ ਤੱਕ ਰਾਜਨੀਤੀ ਦਾ ਸਵਾਲ ਹੈ ਤਾਂ ਇਸ ਵਿੱਚ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਅਤੇ ਸਾਲ 2027 ਵਿੱਚ ਕਿਸ ਪਾਰਟੀ ਨੂੰ ਬਹੁਮਤ ਮਿਲਦਾ ਹੈ, ਇਸ ਬਾਰੇ ਅਜੇ ਕਹਿਣਾ ਮੁਸ਼ਕਿਲ ਹੈ ਕਿਉਂਕਿ ਸਾਲ 2027 ਦੀਆਂ ਚੋਣਾਂ ਹੋਣ ਵਿੱਚ ਕਾਫ਼ੀ ਸਮਾਂ ਪਿਆ ਹੈ। ਪਰ ਸੁਖਬੀਰ ਬਾਦਲ ਦੇ ਇਸ ਬਿਆਨ ਨਾਲ ਪਤਾ ਚਲ ਜਾਂਦਾ ਹੈ ਕਿ ਅਕਾਲੀ ਦਲ ਬਾਦਲ ਨੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹਨਾਂ ਦਾ ਸੁਪਨਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਹੈ ਜੋ ਕਿ ਅਜੇ ਤੱਕ ਪੂਰਾ ਨਹੀਂ ਹੋਇਆ। ਹੁਣ ਸੁਖਬੀਰ ਬਾਦਲ ਚਾਹੁੰਦੇ ਹਨ ਕਿ ਉਹਨਾਂ ਦਾ ਇਹ ਸੁਪਨਾ ਸਾਲ 2027 ਵਿੱਚ ਪੂਰਾ ਹੋ ਜਾਵੇ। ਇਸ ਲਈ ਉਹਨਾਂ ਵੱਲੋਂ ਪਾਰਟੀ ਦਾ ਮੁੜ ਪ੍ਰਧਾਨ ਬਣਨ ਤੋਂ ਬਾਅਦ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦੋਂ ਤੋਂ ਅਕਾਲੀ ਦਲ ਦੀ ਵਾਗਡੋਰ ਬਾਦਲ ਪਰਿਵਾਰ ਦੇ ਹੱਥ ਆਈ ਹੈ ਤਾਂ ਉਦੋਂ ਤੋਂ ਬਾਦਲ ਪਰਿਵਾਰ ਹੱਥ ਪਾਰਟੀ ਦਾ ਪ੍ਰਧਾਨ ਬਣਦਾ ਆ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਅਕਾਲੀ ਦਲ ਬਾਦਲ ਕਿਹਾ ਜਾਂਦਾ ਹੈ। ਜਦੋਂ ਕਿ ਵੱਡੀ ਗਿਣਤੀ ਟਕਸਾਲੀ ਅਕਾਲੀ ਆਗੂ ਬਾਦਲ ਦਲ ਤੋਂ ਦੂਰ ਹੋ ਚੁੱਕੇ ਹਨ। ਅਕਾਲੀ ਆਗੂਆਂ ਵਿੱਚ ਏਕਤਾ ਕਰਵਾਉਣ ਅਤੇ ਸਾਂਝਾ ਅਕਾਲੀ ਦਲ ਬਣਾਉਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਯਤਨ ਵੀ ਅਜੇ ਤਕ ਸਫ਼ਲ ਨਹੀਂ ਹੋਏ। ਇਸ ਕਰਕੇ ਇਸ ਸਮੇਂ ਅਕਾਲੀ ਦਲ ਬਾਦਲ ਦੇ ਕਰਤਾ ਧਰਤਾ ਪੂਰੀ ਤਰਾਂ ਸੁਖਬੀਰ ਬਾਦਲ ਹੱਥ ਹਨ। ਸੁਖਬੀਰ ਬਾਦਲ ਨੇ ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਦੇ ਸਾਲ 2027 ਵਿੱਚ ਸੱਤਾ ਵਿੱਚ ਆਉਣ ਦਾ ਦਾਅਵਾ ਕੀਤਾ ਹੈ ਉਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਿਲ ਹੈ ਕਿਉਂਕਿ ਸਾਲ 2027 ਆਉਣ ਵਿੱਚ ਹੱਥ ਡੇਢ ਸਾਲ ਦੇ ਕਰੀਬ ਸਮਾਂ ਪਿਆ ਹੈ। ਸੁਖਬੀਰ ਬਾਦਲ ਦਾ ਇਹ ਦਾਅਵਾ ਅਤੇ ਸੁਪਨਾ ਕਿੰਨਾ ਕੁ ਪੂਰਾ ਹੁੰਦਾ ਹੈ ਇਹ ਤਾਂ ਸਾਲ 2027 ਦੀਆਂ ਚੋਣਾਂ ਤੋਂ ਬਾਅਦ ਹੀ ਪਤਾ ਚੱਲੇਗਾ।

Loading