- ਆਉਣ ਵਾਲੀ 19 ਜੂਨ ਨੂੰ ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵਿਚਾਲੇ ਸਿਰ- ਧੜ ਦੀ ਬਾਜ਼ੀ ਲੱਗ ਗਈ ਹੈ। ਇਸ ਉਪ ਚੋਣ ਨੂੰ ਸਿਆਸੀ ਪਾਰਟੀਆਂ ਨੇ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਹੈ। ਇਹ ਚੋਣ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ। ਪੰਜਾਬ ਦੀ ‘ਆਪ’ ਸਰਕਾਰ ਲਈ ਵੀ ਇਹ ਚੋਣ ‘ਮੁੱਛ’ ਦਾ ਸਵਾਲ ਬਣੀ ਹੋਈ ਹੈ ਅਤੇ ਵੱਡੀ ਗਿਣਤੀ ਮੰਤਰੀਆਂ ਤੇ ਵਿਧਾਇਕਾਂ ਨੇ ਲੁਧਿਆਣਾ ਵਿੱਚ ਡੇਰੇ ਲਗਾਏ ਹੋਏ ਹਨ, ਜਿਥੇ ਉਹਨਾਂ ਦੇ ਦਿਨ ਦੀ ਸ਼ੁਰੂਆਤ ਪਾਰਕਾਂ ਵਿੱਚ ਸੈਰ ਕਰਨ ਬਹਾਨੇ ਪਾਰਕਾਂ ਵਿੱਚ ਆਉਂਦੇ ਆਮ ਲੋਕਾਂ ਕੋਲ ਚੋਣ ਪ੍ਰਚਾਰ ਤੋਂ ਹੁੰਦੀ ਹੈ ਅਤੇ ਦੇਰ ਰਾਤ ਤੱਕ ਉਹ ਚੋਣ ਪ੍ਰਚਾਰ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਆਪੋ ਆਪਣਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਤੇਜ਼ ਕਰ ਦਿੱਤਾ ਗਿਆ ਹੈ। ਕਾਂਗਰਸ ਨੂੰ ਅੰਦਰੂਨੀ ਫ਼ੁੱਟ ਇਸ ਚੋਣ ਦੌਰਾਨ ਮਹਿੰਗੀ ਪੈ ਸਕਦੀ ਹੈ, ਕਾਂਗਰਸ ਦੀ ਅੰਦਰੂਨੀ ਫ਼ੁੱਟ ਦਾ ਅਸਰ ਇਸ ਸੀਟ ’ਤੇ ਹੋ ਰਹੇ ਕਾਂਗਰਸ ਦੇ ਚੋਣ ਪ੍ਰਚਾਰ ’ਤੇ ਵੀ ਦਿਖਾਈ ਦੇ ਰਿਹਾ ਹੈ। ਵਿਦੇਸ਼ ਤੋਂ ਪਰਤ ਕੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਅੰਦਰੂਨੀ ਫ਼ੁੱਟ ਦੂਰ ਕਰਨ ਦੇ ਯਤਨ ਕਰ ਰਹੇ ਹਨ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮਝਦੀ ਹੈ ਕਿ ਜੇ ਕਾਂਗਰਸ ਨੇ ਇਹ ਸੀਟ ਜਿੱਤਣੀ ਹੈ ਤਾਂ ਉਸ ਨੂੰ ਏਕਤਾ ਦੇ ਸੂਤਰ ਵਿੱਚ ਬੱਝਣਾ ਪਵੇਗਾ।
ਲੁਧਿਆਣਾ ਪੱਛਮੀ ਹਲਕੇ ’ਚ ਕੁੱਲ 14 ਉਮੀਦਵਾਰ ਚੋਣ ਮੈਦਾਨ ’ਚ ਹਨ। 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ ਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਚੋਣ ਲੜ ਰਹੇ ਹਨ। ਜਦੋਂ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜੀਵਨ ਗੁਪਤਾ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਚੋਣ ਲੜ ਰਹੇ ਹਨ। ਲੁਧਿਆਣਾ ਪੱਛਮੀ ਹਲਕੇ ’ਚ ਕੁੱਲ 17 ਵਾਰਡ ਹਨ। ਸਾਰੇ ਵਾਰਡਾਂ ਵਿੱਚ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਪੂਰੀ ਸ਼ਕਤੀ ਝੋਕ ਦਿੱਤੀ ਗਈ ਹੈ ਅਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਘਰ ਘਰ ਜਾ ਕੇ ਵੀ ਵੋਟਾਂ ਮੰਗੀਆਂ ਜਾ ਰਹੀਆਂ ਹਨ। ਸਨਅਤੀ ਸ਼ਹਿਰ ਹੋਣ ਕਾਰਨ ਲੁਧਿਆਣਾ ਵਿੱਚ ਸਨਅਤਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹਨਾਂ ਦੀਆਂ ਵੋਟਾਂ ਵੀ ਕਾਫ਼ੀ ਮਹੱਤਤਾ ਰੱਖਦੀਆਂ ਹਨ। ਇਸੇ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਸਨਅਤਕਾਰਾਂ ਨੂੰ ਖੁਸ਼ ਕਰਕੇ ਉਹਨਾਂ ਦੀਆਂ ਵੋਟਾਂ ਲੈਣ ਦੇ ਯਤਨ ਕਰ ਰਹੀਆਂ ਹਨ। ਦੂਜੇ ਪਾਸੇ ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਹੋਣ ਕਾਰਨ ਇਸ ਹਲਕੇ ਦੇ ਅਨੇਕਾਂ ਲੋਕ ਘੁੰਮਣ ਵੀ ਗਏ ਹੋਏ ਹਨ, ਜਿਸ ਕਾਰਨ ਵੋਟਾਂ ਵਾਲੇ ਦਿਨ ਵੋਟ ਪ੍ਰਤੀਸ਼ਤ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਤੋਂ ਇਲਾਵਾ ਤੇਜ਼ ਗਰਮੀ ਪੈਣ ਕਾਰਨ ਵੀ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਚੋਣ ਦੌਰਾਨ ਵੀ ਪੰਜਾਬ ਦੇ ਮੁੱਖ ਮੁੱਦੇ ਅਤੇ ਵੱਡੇ ਮਸਲੇ ਅਣਗੌਲੇ ਰਹਿ ਗਏ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਜ਼ੋਰ ਪੰਜਾਬ ਦੇ ਮਸਲੇ ਹਲ਼ ਕਰਨ ਲਈ ਕੋਈ ਠੋਸ ਸੁਝਾਅ ਦੇਣ ਦੀ ਥਾਂ ਇੱਕ ਦੂਜੇ ਦੀ ਨਿਖੇਧੀ ਕਰਨ ਅਤੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਪੱਕੀਆਂ ਕਰਨ ਵੱਲ ਲੱਗਿਆ ਹੋਇਆ ਹੈ। ਇਸ ਚੋਣ ਦੌਰਾਨ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਨਵਾਂ ਪ੍ਰੋਗਰਾਮ ਜਾਂ ਸਿਆਸੀ ਏਜੰਡਾ ਆਮ ਲੋਕਾਂ ਅੱਗੇ ਪੇਸ਼ ਨਹੀਂ ਕੀਤਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਪਿਛਲੀਆਂ ਚੋਣਾਂ ਦੌਰਾਨ ਕੀਤੀਆਂ ਗਈਆਂ ਗੱਲਾਂ ਨੂੰ ਹੀ ਦੁਹਰਾਅ ਰਹੇ ਹਨ। ਕਿਸੇ ਸਿਆਸੀ ਪਾਰਟੀ ਕੋਲ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕਿਸੇ ਵਿਸ਼ੇਸ਼ ਨੀਤੀ ਦਾ ਖਰੜਾ ਨਹੀਂ ਹੈ। ਉਂਝ ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਵੱਡੇ ਉਪਰਾਲੇ ਕਰਨ ਦੇ ਦਾਅਵੇ ਅਤੇ ਵਾਅਦੇ ਕਰ ਰਹੀਆਂ ਹਨ। ਅਕਸਰ ਚੋਣਾਂ ਮੌਕੇ ਸਿਆਸੀ ਪਾਰਟੀਆਂ ਵੋਟਰਾਂ ਨਾਲ ਅਜਿਹੇ ਵਾਅਦੇ ਵੀ ਕਰ ਜਾਂਦੀਆਂ ਹਨ, ਜਿਨ੍ਹਾਂ ਨੂੰ ਚੋਣਾਂ ਜਿੱਤਣ ਤੋਂ ਬਾਅਦ ਵੀ ਪੂਰੇ ਕਰਨਾ ਸੰਭਵ ਨਹੀਂ ਹੁੰਦਾ। ਪਿਛਲੀਆਂ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਨੂੰ ਕੈਲੀਫ਼ੋਰਨੀਆ ਬਣਾਉਣ ਦਾ ਵਾਅਦਾ ਕਰਦੇ ਹੁੰਦੇ ਸਨ ਪਰ ਇਸ ਵਾਰੀ ਇਹ ਵਾਅਦਾ ਕਰਨ ਤੋਂ ਉਹਨਾਂ ਨੇ ਗੁਰੇਜ਼ ਕੀਤਾ ਹੈ। ਉਂਝ ਸੁਖਬੀਰ ਬਾਦਲ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਹੁੰਗਾਰਾ ਭਰ ਰਹੇ ਹਨ ਅਤੇ ਅਕਾਲੀ ਦਲ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਹੋ ਜਿਹਾ ਹਾਲ ਹੀ ਹੋਰਨਾਂ ਸਿਆਸੀ ਆਗੂਆਂ ਦਾ ਹੈ। ਹਰ ਸਿਆਸੀ ਆਗੂ ਵੋਟਰਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ। ਪਤਾ ਸਭ ਨੂੰ ਹੈ ਕਿ ਇਹ ਵਾਅਦੇ ਵੋਟਾਂ ਪੈਣ ਤੋਂ ਬਾਅਦ ਹਵਾ ਹਵਾਈ ਹੋ ਜਾਣੇ ਹਨ। ਭਾਜਪਾ ਆਗੂਆਂ ਨੂੰ ਵਿਸ਼ਵਾਸ ਹੈ ਕਿ ਇਸ ਚੋਣ ਵਿਚੋਂ ਭਾਜਪਾ ਪੰਜਾਬ ਵਿੱਚ ਸ਼ਕਤੀਸ਼ਾਲੀ ਹੋ ਕੇ ਉਭਰੇਗੀ, ਜਦੋਂ ਕਿ ਕਾਂਗਰਸ ਨੂੰ ਇਹ ਸੀਟ ਜਿੱਤਣ ਦੀ ਪੂਰੀ ਉਮੀਦ ਮਹਿਸੂਸ ਹੋ ਰਹੀ ਹੈ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਜੋ ਮਰਜ਼ੀ ਰਹਿਣ, ਪਰ ਏਨਾ ਜ਼ਰੂਰ ਹੈ ਕਿ ਇਹ ਨਤੀਜੇ ਪੰਜਾਬ ਦੀ ਸਿਆਸਤ ’ਤੇ ਵੱਡਾ ਪ੍ਰਭਾਵ ਪਾਉਣਗੇ। ਇਸ ਚੋਣ ਵਿੱਚ ਪੰਜਾਬ ਦੀ ‘ਆਪ ਸਰਕਾਰ’ ਦੀ ਕਾਰਗੁਜ਼ਾਰੀ ਦੀ ਵੀ ਪਰਖ ਹੋਵੇਗੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਲਈ ਵੀ ਇਹ ਚੋਣ ਪਰਖ ਦੀ ਘੜੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਇਹ ਪਾਰਟੀਆਂ ਕਿੱਥੇ ਕੁ ਖੜੀਆਂ ਹਨ। ਜ਼ਿਮਨੀ ਚੋਣ ਦੇ ਨਤੀਜੇ ਪੰਜਾਬ ਦੀ ਸਿਆਸਤ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।