
ਨਵੀਂ ਦਿੱਲੀ/ਏ.ਟੀ.ਨਿਊਜ਼: ਸਾਬਕਾ ਫ਼ੌਜ ਮੁਖੀ ਜਨਰਲ ਵੀ.ਐਨ. ਸ਼ਰਮਾ (ਸੇਵਾਮੁਕਤ) ਨੇ ਇੱਕ ਚੌਂਕਾਉਣ ਵਾਲਾ ਖ਼ੁਲਾਸਾ ਕੀਤਾ ਹੈ ਕਿ 1984 ਵਿੱਚ ਸਾਕਾ ਨੀਲਾ ਤਾਰਾ (ਅਪਰੇਸ਼ਨ ਬਲੂ ਸਟਾਰ) ਵੇਲੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ (ਡੀ.ਜੀ.ਐਮ.ਓ.) ਨੇ ਤਤਕਾਲੀ ਫ਼ੌਜ ਮੁਖੀ ਜਨਰਲ ਏ.ਐਸ. ਵੈਦਿਆ ਨੂੰ ਸਪੱਸ਼ਟ ਸਲਾਹ ਦਿੱਤੀ ਸੀ ਕਿ ਭਾਰਤੀ ਫ਼ੌਜ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਨੂੰ ਉਨ੍ਹਾਂ ਨੇ ਸਿਆਸੀ ਚਾਲ ਦੱਸਿਆ ਸੀ।
ਇਹ ਗੱਲ ਜਨਰਲ ਸ਼ਰਮਾ ਨੇ ਯੂਟਿਊਬ ਚੈਨਲ ‘ਲੈਕਸ ਕੌਂਸਿਲੀਅਮ ਫ਼ਾਊਂਡੇਸ਼ਨ’ ’ਤੇ ਸਾਬਕਾ ਜੱਜ ਐਡਵੋਕੇਟ ਜਨਰਲ ਮੇਜਰ ਜਨਰਲ ਨੀਲੇਂਦਰ ਕੁਮਾਰ ਨਾਲ ਇੰਟਰਵਿਊ ’ਚ ਕਹੀ। ਇਹ ਇੰਟਰਵਿਊ 5 ਜੂਨ 2025 ਨੂੰ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਅਪਲੋਡ ਹੋਈ।
ਇੰਦਰਾ ਗਾਂਧੀ ਦਾ ਦਬਾਅ ਅਤੇ ਜਨਰਲ ਸੁੰਦਰਜੀ ਦੀ ਜ਼ਿੱਦ
ਜਨਰਲ ਸ਼ਰਮਾ, ਜੋ ਉਸ ਵੇਲੇ ਐਡੀਸ਼ਨਲ ਡੀ.ਜੀ.ਐਮ.ਓ. ਸਨ, ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਫ਼ੌਜ ਦਰਬਾਰ ਸਾਹਿਬ ਵਿੱਚ ਜਾ ਕੇ ਸੰਤ ਭਿੰਡਰਾਂਵਾਲੇ ਨੂੰ ਹਟਾਵੇ, ਕਿਉਂਕਿ ਪੰਜਾਬ ਪੁਲਿਸ ਨੇ ਇਸ ਕੰਮ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਜਨਰਲ ਵੈਦਿਆ ਨੂੰ ਪੀ.ਐਮ. ਦਫ਼ਤਰ ਵਿੱਚ ਬੁਲਾ ਕੇ ਕਿਹਾ ਗਿਆ ਕਿ ਭਿੰਡਰਾਂਵਾਲੇ ਦੀ ਵਧਦੀ ਲੋਕਪਿ੍ਰਯਤਾ ਨੂੰ ਰੋਕਣਾ ਜ਼ਰੂਰੀ ਹੈ। ਵੈਦਿਆ ਨੇ ਇਹ ਜ਼ਿੰਮੇਵਾਰੀ ਮੰਨ ਲਈ, ਪਰ ਮਿਲਟਰੀ ਅਪਰੇਸ਼ਨ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਸੰਵਿਧਾਨ ਦੀ ਉਲੰਘਣਾ ਹੋ ਸਕਦੀ ਹੈ। ਐਮ.ਓ. ਡਾਇਰੈਕਟੋਰੇਟ ਨੇ ਸੁਝਾਅ ਦਿੱਤਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਲਿਜਾਇਆ ਜਾਵੇ, ਪਰ ਜਦੋਂ ਵੈਦਿਆ ਨੇ ਇਹ ਗੱਲ ਇੰਦਰਾ ਗਾਂਧੀ ਨੂੰ ਦੱਸੀ, ਤਾਂ ਉਨ੍ਹਾਂ ਨੇ ਪੱਛਮੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੇ. ਸੁੰਦਰਜੀ ਨਾਲ ਸਿੱਧਾ ਸੰਪਰਕ ਕੀਤਾ। ਸੁੰਦਰਜੀ ਨੇ ਐਮ.ਓ. ਡਾਇਰੈਕਟੋਰੇਟ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ, ‘ਮੈਨੂੰ ਹੁਕਮ ਮਿਲ ਗਏ ਨੇ, ਮੈਂ ਇਹ ਕਰਾਂਗਾ।’
ਸਿੱਖ ਅਫ਼ਸਰ ਨੂੰ ਜਾਣਬੁੱਝ ਕੇ ਚੁਣਿਆ, ਸਾਕੇ ਦੀ ਜ਼ਿੰਮੇਵਾਰੀ ਸਿੱਖਾਂ ’ਤੇ ਪਾਈ
ਜਨਰਲ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਜਨਰਲ ਸੁੰਦਰਜੀ ਨੇ ਮੇਜਰ ਜਨਰਲ ਕੇ.ਐਸ. ਬਰਾੜ ਦੀ ਅਗਵਾਈ ਵਿੱਚ 9ਵੀਂ ਡਵੀਜ਼ਨ ਨੂੰ ਇਸ ਅਪਰੇਸ਼ਨ ਲਈ ਜਾਣਬੁੱਝ ਕੇ ਚੁਣਿਆ, ਤਾਂ ਜੋ ਸਾਕੇ ਦੀ ਜ਼ਮੀਨੀ ਕਾਰਵਾਈ ਵਿੱਚ ਸਿੱਖ ਅਫ਼ਸਰ ਮੋਹਰੀ ਹੋਵੇ। ਇਸ ਨਾਲ ਸਰਕਾਰ ਨੂੰ ਇਹ ਦਿਖਾਉਣ ਵਿੱਚ ਮਦਦ ਮਿਲੀ ਕਿ ਇਹ ਕਾਰਵਾਈ ਸਿੱਖਾਂ ਨੇ ਹੀ ਕੀਤੀ। ਜਨਰਲ ਸ਼ਰਮਾ ਨੇ ਦੱਸਿਆ ਕਿ ਉਸ ਵੇਲੇ ਡੀ.ਜੀ.ਐਮ.ਓ. ਲੈਫ਼ਟੀਨੈਂਟ ਜਨਰਲ ਸੀ.ਐਨ. ਸੋਮੰਨਾ ਅਤੇ ਦੂਜੇ ਏ.ਡੀ.ਜੀ.ਐਮ.ਓ. ਮੇਜਰ ਜਨਰਲ ਵੀ.ਕੇ. ਨਾਇਰ (ਦੋਵੇਂ ਹੁਣ ਮਰਹੂਮ) ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ, ਪਰ ਸੁੰਦਰਜੀ ਦੀ ਜ਼ਿੱਦ ਅਤੇ ਸਿਆਸੀ ਦਬਾਅ ਕਾਰਨ ਸਾਕਾ ਨੀਲਾ ਤਾਰਾ ਹੋਇਆ, ਜਿਸ ਨੇ ਸਿੱਖ ਭਾਈਚਾਰੇ ’ਚ ਡੂੰਘੇ ਜ਼ਖ਼ਮ ਦਿੱਤੇ । ਇਸ ਕਾਰਵਾਈ ਵਿੱਚ ਸੈਂਕੜੇ ਸਿੱਖ ਸ਼ਰਧਾਲੂਆਂ ਸਣੇ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਸ੍ਰੀ ਦਰਬਾਰ ਸਾਹਿਬ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਨੁਕਸਾਨ ਪੁੱਜਾ। ਇਸ ਨੇ ਸਿੱਖ ਭਾਈਚਾਰੇ ਵਿੱਚ ਗਹਿਰਾ ਰੋਹ ਪੈਦਾ ਕੀਤਾ ਅਤੇ ਇਸ ਦੇ ਦੂਰਗਾਮੀ ਨਤੀਜੇ ਨਿਕਲੇ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਸ਼ਾਮਲ ਸਨ। ਜਨਰਲ ਸ਼ਰਮਾ ਦਾ ਖੁਲਾਸਾ ਦਰਸਾਉਂਦਾ ਹੈ ਕਿ ਇਹ ਕਾਰਵਾਈ ਸਿਆਸੀ ਮਜਬੂਰੀਆਂ ਅਤੇ ਕੁਝ ਅਫ਼ਸਰਾਂ ਦੀ ਜ਼ਿੱਦ ਕਾਰਨ ਹੋਈ, ਜਦਕਿ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ।