
ਸਤਿਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ, ਸ੍ਰੀ ਕਰਤਾਰਪੁਰ ਸਾਹਿਬ, ਸਿੱਖ ਕੌਮ ਦੇ ਦਿਲ ਦੀ ਧੜਕਣ ਹੈ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਬਿਤਾਏ, ਸੱਚ, ਨਿਆਂ, ਅਮਨ ਅਤੇ ਕਿਰਤ ਦਾ ਸੁਨੇਹਾ ਦੁਨੀਆ ਨੂੰ ਦਿੱਤਾ। ਕਰਤਾਰਪੁਰ ਸਾਹਿਬ ਲਾਂਘਾ, ਜੋ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ। ਇਹ ਸਿੱਖ ਸੰਗਤਾਂ ਲਈ ਨਾ ਸਿਰਫ਼ ਧਾਰਮਿਕ ਅਸਥਾਨ ਸੀ, ਸਗੋਂ ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਦਾ ਪੁਲ ਵੀ ਸੀ। ਪਰ, ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦਿਆਂ ਇਹ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਸੀ।
ਹੁਣ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਲਾਂਘੇ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਇਹ ਪੱਤਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ, ਵਿਸ਼ਵ ਸ਼ਾਂਤੀ ਦੇ ਸੁਨੇਹੇ ਦਾ ਪ੍ਰਤੀਕ ਅਤੇ ਸਿਆਸੀ ਅੜਚਣਾਂ ਵਿਰੱੁਧ ਪੰਜਾਬੀਆਂ ਦੀ ਸਾਂਝੀ ਅਵਾਜ਼ ਹੈ। ਡਾ. ਧਰਮਵੀਰ ਗਾਂਧੀ ਨੇ ਆਪਣੇ ਪੱਤਰ ਵਿੱਚ ਇਸੇ ਭਾਵਨਾਤਮਕ ਮੁੱਦੇ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਿੱਖਾਂ ਲਈ ਸਿਰਫ਼ ਇੱਕ ਧਾਰਮਿਕ ਸਥਾਨ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਉਹ ਸੁਗੰਧੀਆਂ ਯਾਦਾਂ ਹਨ, ਜੋ ਮਨੁੱਖਤਾ ਦੀ ਰੂਹ ਨੂੰ ਰੂਹਾਨੀਅਤ ਤੇ ਅਮਨ ਨਾਲ ਜੋੜਦੀਆਂ ਹਨ। ਇਸ ਲਾਂਘੇ ਦਾ ਬੰਦ ਹੋਣਾ ਸਿੱਖ ਸੰਗਤ ਨੂੰ ਉਸ ਪਵਿੱਤਰ ਸਥਾਨ ਤੋਂ ਵਾਂਝਾ ਕਰ ਰਿਹਾ ਹੈ, ਜੋ ਉਸ ਦੀ ਅਧਿਆਤਮਿਕ ਯਾਤਰਾ ਦਾ ਅਟੁੱਟ ਹਿੱਸਾ ਹੈ।
ਅਕਾਲ ਯੂਥ ਅਤੇ ਸਿੱਖ ਜਥੇਬੰਦੀਆਂ ਨੇ ਵੀ ਇਸ ਮੰਗ ਨੂੰ ਉਠਾਇਆ, ਜਿਸ ਨੂੰ ਡਾ. ਗਾਂਧੀ ਨੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ ਕੀਤਾ ਹੈ।
ਕਰਤਾਰਪੁਰ ਸਾਹਿਬ ਲਾਂਘਾ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਦੁਨੀਆ ਲਈ ਸ਼ਾਂਤੀ ਦਾ ਪ੍ਰਤੀਕ ਹੈ। ਜਦੋਂ 2019 ਵਿੱਚ ਇਹ ਲਾਂਘਾ ਖੋਲ੍ਹਿਆ ਗਿਆ ਸੀ, ਤਾਂ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਦਭਾਵਨਾ ਦਾ ਇੱਕ ਸੁਨਹਿਰੀ ਮੌਕਾ ਸੀ। ਇਹ ਲਾਂਘਾ ਉਹ ਸੁਗੰਧੀ ਹਵਾ ਸੀ, ਜੋ ਸਰਹੱਦਾਂ ਦੀਆਂ ਕੰਧਾਂ ਨੂੰ ਢਾਹ ਕੇ, ਦੋ ਦੇਸ਼ਾਂ ਦੇ ਲੋਕਾਂ ਨੂੰ ਜੋੜਦੀ ਸੀ। ਸਤਿਗੁਰੂ ਨਾਨਕ ਦੇਵ ਜੀ ਦਾ ਸੁਨੇਹਾ, ਜੋ ਸਰਬੱਤ ਦੇ ਭਲੇ ਦਾ ਸੁਨੇਹਾ ਸੀ, ਇਸ ਲਾਂਘੇ ਰਾਹੀਂ ਦੁਨੀਆ ਤੱਕ ਪਹੁੰਚ ਰਿਹਾ ਸੀ। ਅੱਜ, ਜਦੋਂ ਦੁਨੀਆ ਵਿੱਚ ਤਣਾਅ ਦੀਆਂ ਲਹਿਰਾਂ ਉੱਠ ਰਹੀਆਂ ਹਨ—ਭਾਰਤ-ਪਾਕਿਸਤਾਨ, ਚੀਨ-ਅਮਰੀਕਾ, ਰੂਸ-ਯੂਕ੍ਰੇਨ, ਇਜ਼ਰਾਇਲ-ਇਰਾਨ—ਇਸ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇ ਸਕਦਾ ਹੈ। ਇਹ ਲਾਂਘਾ ਸਤਿਗੁਰੂ ਦੇ ਸੁਨੇਹੇ ਨੂੰ ਸਰਹੱਦਾਂ ਪਾਰ ਲੈ ਜਾਣ ਦਾ ਮਾਧਿਅਮ ਬਣ ਸਕਦਾ ਹੈ, ਜੋ ਸੰਸਾਰ ਨੂੰ ਪਰਮਾਣੂ ਜੰਗਾਂ ਦੇ ਖ਼ਤਰੇ ਤੋਂ ਬਚਾਉਣ ਦੀ ਤਾਕਤ ਰੱਖਦਾ ਹੈ।