
ਅੱਜ ਦੇ ਆਧੁਨਿਕ ਯੁੱਗ ਵਿੱਚ ਹਵਾਈ ਜਹਾਜ਼ਾਂ ਨੂੰ ਆਵਾਜਾਈ ਦੇ ਸਭ ਤੋਂ ਸੁਰੱਖਿਅਤ ਅਤੇ ਤੇਜ਼ ਰਫ਼ਤਾਰ ਵਾਲੇ ਸਾਧਨ ਮੰਨਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਕਈ ਵਾਰ ਕੁਝ ਹਵਾਈ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਹਨਾਂ ਵਿੱਚ ਅਨੇਕਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਹਾਦਸੇ ਪੀੜਤਾਂ ਲਈ ਹਮੇਸ਼ਾ ਵਾਸਤੇ ਵੱਡੇ ਜ਼ਖ਼ਮ ਦੇ ਜਾਂਦੇ ਹਨ ਜੋ ਕਿ ਵਰਿ੍ਹਆਂ ਤੱਕ ਰਿਸਦੇ ਰਹਿੰਦੇ ਹਨ। ਵੱਖ- ਵੱਖ ਥਾਂਵਾਂ ’ਤੇ ਵਾਪਰਦੇ ਹਵਾਈ ਹਾਦਸਿਆਂ ਲਈ ਜ਼ਿੰਮੇਵਾਰ ਕੌਣ ਹੈ? ਉਹਨਾਂ ਕਾਰਨਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ, ਜਿਹਨਾਂ ਕਾਰਨ ਹਵਾਈ ਹਾਦਸੇ ਵਾਪਰ ਜਾਂਦੇ ਹਨ। ਇਹਨਾਂ ਹਵਾਈ ਹਾਦਸਿਆਂ ਨੇ ਵਿਸ਼ਵ ਪੱਧਰ ’ਤੇ ਹਵਾਈ ਯਾਤਰਾ ਦੀ ਸੁਰੱਖਿਆ ਪ੍ਰਣਾਲੀ, ਤਕਨਾਲੋਜੀ ਅਤੇ ਸੰਚਾਲਨ ਦੀ ਮੁੜ ਪਰਿਭਾਸ਼ਾ ਨੂੰ ਵੀ ਮਜਬੂਰ ਕੀਤਾ ਹੈ। ਭਾਵੇਂ ਇਹ ਤਕਨੀਕੀ ਨੁਕਸ ਹੋਵੇ, ਮਨੁੱਖੀ ਗਲਤੀ ਹੋਵੇ, ਮੌਸਮ ਹੋਵੇ ਜਾਂ ਅੱਤਵਾਦੀ ਹਮਲੇ – ਅੱਜ ਦੀ ਹਵਾਈ ਯਾਤਰਾ ਇਨ੍ਹਾਂ ਘਟਨਾਵਾਂ ਤੋਂ ਸਿੱਖ ਕੇ ਹੀ ਮੁਕਾਬਲਤਨ ਸੁਰੱਖਿਅਤ ਹੋ ਗਈ ਹੈ। ਹਵਾਈ ਜਹਾਜ਼ ਨੂੰ ਹਾਦਸਿਆਂ ਤੋਂ ਬਚਾਉਣ ਲਈ ਅਕਸਰ ਵੱਡੇ ਬੰਦੋਬਸਤ ਕੀਤੇ ਜਾਂਦੇ ਹਨ ਅਤੇ ਪਾਈਲਟ ਸਮੇਤ ਚਾਲਕ ਦਲ ਨੂੰ
ਹਰ ਤਰ੍ਹਾਂ ਦੀ ਜ਼ਰੂਰੀ ਟ੍ਰੇਨਿੰਗ ਵੀ ਦਿੱਤੀ ਹੁੰਦੀ ਹੈ, ਪਰ ਫਿਰ ਵੀ ਜਦੋਂ ਕਿਸੇ ਕਾਰਨ ਕੋਈ ਵੱਡਾ ਹਵਾਈ ਹਾਦਸਾ ਹੋ ਜਾਂਦਾ ਹੈ ਤਾਂ ਇਸ ਸੁਰੱਖਿਅਤ ਮੰਨੀ ਜਾਂਦੀ ਯਾਤਰਾ ’ਤੇ ਵੀ ਸਵਾਲ ਖੜੇ ਹੋ ਜਾਂਦੇ ਹਨ। ਪਿਛਲੇ ਦਿਨੀਂ ਅਹਿਮਦਾਬਾਦ ਵਿਖੇ ਵਾਪਰਿਆ ਹਵਾਈ ਹਾਦਸਾ ਵੀ ਆਪਣੇ ਪਿੱਛੇ ਵੱਡੇ ਸਵਾਲ ਛੱਡ ਗਿਆ ਹੈ ਪਰ ਇਹਨਾਂ ਸਵਾਲਾਂ ਦਾ ਜਵਾਬ ਆਖ਼ਰ ਦੇਵੇਗਾ ਕੌਣ? ਜਦੋਂ ਵੀ ਕੋਈ ਹਵਾਈ ਹਾਦਸਾ ਵਾਪਰਦਾ ਹੈ ਤਾਂ ਕੁਝ ਦਿਨ ਇਸ ਹਾਦਸੇ ਬਾਰੇ ਮੀਡੀਆ ਵਿੱਚ ਕਈ ਤਰ੍ਹਾਂ ਦੀ ਚਰਚਾ ਹੁੰਦੀ ਹੈ ਅਤੇ ਬਾਅਦ ਵਿੱਚ ਲੋਕ ਸਭ ਕੁੱਝ ਭੁੱਲ ਭੁਲਾ ਜਾਂਦੇ ਹਨ। ਪਿਛਲੇ ਦਿਨੀਂ ਅਹਿਮਦਾਬਾਦ ਤੋਂ ਲੰਡਨ ਦੇ ਗੈਟਵਿਕ ਹਵਾਈ ਅੱਡੇ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਸਿਰਫ਼ ਦੋ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਅਨੇਕਾਂ ਲੋਕਾਂ ਦੇ ਬਹੁਤ ਸਾਰੇ ਸੁਪਨੇ ਅਤੇ ਇੱਛਾਵਾਂ ਹਮੇਸ਼ਾ ਲਈ ਮਲਬੇ ਵਿੱਚ ਦੱਬ ਗਈਆਂ। ਉਸ ਸਮੇਂ, ਜਹਾਜ਼ ਵਿੱਚ ਕੁੱਲ 268 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪਾਇਲਟ ਅਤੇ ਦਸ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।ਹਾਦਸੇ ਵਿੱਚ 267 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ 267 ਮੌਤਾਂ ਵਿੱਚੋਂ ਕੁਝ ਅਜਿਹੀਆਂ ਕਹਾਣੀਆਂ ਹਨ ਜੋ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਲੰਬੇ ਇੰਤਜ਼ਾਰ ਤੋਂ ਬਾਅਦ, ਕੋਈ ਆਪਣੇ ਪੁੱਤਰ ਨੂੰ ਮਿਲਣ ਜਾ ਰਿਹਾ ਸੀ, ਕੋਈ ਧੀ ਨੂੰ ਅਤੇ ਕੋਈ ਪਤੀ ਨੂੰ, ਕੋਈ ਆਪਣੇ ਸੁਪਨਿਆਂ ਨੂੰ ਖੰਭ ਦੇਣ ਜਾ ਰਿਹਾ ਸੀ, ਜਦੋਂ ਕਿ ਕਿਸੇ ਦੇ ਪਰਿਵਾਰਕ ਮੈਂਬਰ ਅਜੇ ਵੀ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ ਪਰ ਮਿਲਣ ਦੀਆਂ ਇਹ ਇੱਛਾਵਾਂ ਅਧੂਰੀਆਂ ਰਹੀਆਂ। ਹਰ ਵਾਰ ਹਵਾਈ ਹਾਦਸੇ ਤੋਂ ਬਾਅਦ ਅਜਿਹੀਆਂ ਕਈ ਕਹਾਣੀਆਂ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜੋ ਕਿ ਹਾਦਸਿਆਂ ਕਾਰਨ ਅਧੂਰੀਆਂ ਰਹਿ ਜਾਂਦੀਆਂ ਹਨ। ਇਹਨਾਂ ਹਾਦਸਿਆਂ ਵਿੱਚ ਸਿਰਫ਼ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਹੀ ਨਹੀਂ ਮਰਦੇ ਸਗੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੁਪਨੇ ਵੀ ਮਰ ਜਾਂਦੇ ਹਨ, ਜੋ ਕਿ ਉਹਨਾਂ ’ਤੇ ਨਿਰਭਰ ਹੁੰਦੇ ਹਨ। ਜਦੋਂ ਕੋਈ ਹਵਾਈ ਹਾਦਸਾ ਵਾਪਰਦਾ ਹੈ ਤਾਂ ਤੁਰੰਤ ਉਸ ਤੋਂ ਪਹਿਲਾਂ ਹੋਏ ਹਵਾਈ ਹਾਦਸਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ।
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਦਾ ਦਰਦਨਾਕ ਹਾਦਸਾ ਕਿਵੇਂ ਅਤੇ ਕਿਉਂ ਹੋਇਆ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਹਾਦਸੇ ਨੇ ਉਡਾਣ ਸੁਰੱਖਿਆ ਨਿਯਮਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਏਅਰਕ੍ਰਾਫਟ ਐਕਟ 1934 ਅਤੇ ਏਅਰਕ੍ਰਾਫਟ ਰੂਲਜ਼ 1937 ਦੇ ਆਧਾਰ ’ਤੇ ਕੰਮ ਕਰਦਾ ਹੈ। ਇਨ੍ਹਾਂ ਨਿਯਮਾਂ ਤਹਿਤ ਏਅਰਲਾਈਨਾਂ ਨੂੰ ਡੀ. ਜੀ. ਸੀ. ਏ. ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ। ਨਿਯਮਾਂ ਦੀ ਪਾਲਣਾ ਕਰਨ ਦੇ ਬਾਵਜੂਦ ਇਹ ਹਾਦਸਾ ਇੱਕ ਰਹੱਸ ਬਣ ਗਿਆ ਹੈ, ਜਿਸ ਨੂੰ ਹੁਣ ਡੀ. ਜੀ. ਸੀ. ਏ. ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ. ਏ. ਆਈ. ਬੀ.) ਵੱਲੋਂ ਸਾਂਝੇ ਤੌਰ ’ਤੇ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦੇਸ਼ੀ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਹੋਣਗੀਆਂ।
ਅੱਜ ਦੇ ਹਾਈਫਾਈ ਯੁੱਗ ਵਿੱਚ ਹਰ ਵਿਅਕਤੀ ਕੋਲ ਸਮੇਂ ਦੀ ਘਾਟ ਹੁੰਦੀ ਹੈ, ਜਿਸ ਕਾਰਨ ਵੱਡੀ ਗਿਣਤੀ ਵਿਅਕਤੀ ਇੱਕ ਸਥਾਨ ਤੋਂ ਦੂਜੇ ਸਥਾਨ ਦੀ ਯਾਤਰਾ ਕਰਨ ਲਈ ਅਕਸਰ ਹਵਾਈ ਜਹਾਜ਼ ਦੀ ਚੋਣ ਕਰਦੇ ਹਨ। ਇਸ ਤੋਂ ਇਲਾਵਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ‘ਸਟੇਟਸ ਸਿੰਬਲ’ ਵੀ ਬਣਦਾ ਜਾ ਰਿਹਾ ਹੈ। ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਨ ਵਾਲੇ ਲੋਕਾਂ ਕੋਲ ਹਵਾਈ ਯਾਤਰਾ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੁੰਦਾ, ਕਿਉਂਕਿ ਸਮੁੰਦਰੀ ਯਾਤਰਾ ਰਾਹੀਂ ਬਹੁਤ ਸਮਾਂ ਲੱਗਦਾ ਹੈ। ਇਸ ਕਰਕੇ ਵੱਡੀ ਗਿਣਤੀ ਲੋਕ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਜਾਣ ਲਈ ਹਵਾਈ ਯਾਤਰਾ ਨੂੰ ਪਹਿਲ ਦਿੰਦੇ ਹਨ ਪਰ ਜਦੋਂ ਕੋਈ ਹਵਾਈ ਹਾਦਸਾ ਵਾਪਰ ਜਾਂਦਾ ਹੈ ਤਾਂ ਅਨੇਕਾਂ ਲੋਕਾਂ ਨੂੰ ਹਵਾਈ ਯਾਤਰਾ ਤੋਂ ਡਰ ਵੀ ਲੱਗਣ ਲੱਗਦਾ ਹੈ। ਇਸ ਦੇ ਬਾਵਜੂਦ ਹਵਾਈ ਯਾਤਰਾ ਪਹਿਲਾਂ ਵਾਂਗ ਜਾਰੀ ਰਹਿੰਦੀ ਹੈ ਕਿਉਂਕਿ ਵੱਡੀ ਗਿਣਤੀ ਲੋਕਾਂ ਕੋਲ ਇਸ ਦਾ ਕੋਈ ਬਦਲ ਹੀ ਨਹੀਂ ਹੁੰਦਾ।
ਚਾਹੀਦਾ ਤਾਂ ਇਹ ਹੈ ਕਿ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੇ ਅਸਲ ਕਾਰਨਾਂ ਨੂੰ ਜਾਂਚ ਰਾਹੀਂ ਸਭ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਇਸ ਹਾਦਸੇ ਤੋਂ ਸਬਕ ਸਿੱਖ ਕੇ ਅਗਲੀਆਂ ਹਵਾਈ ਉਡਾਣਾਂ ਲਈ ਵਿਸ਼ੇਸ਼ ਸੁਰੱਖਿਆ ਨਿਯਮ ਬਣਾਏ ਜਾਣ। ਹਵਾਈ ਜਹਾਜ਼ ਹਾਦਸਿਆਂ ਤੋਂ ਬਚਾਓ ਲਈ ਸਰਕਾਰ, ਏਅਰ ਲਾਈਨਜ਼ ਅਤੇ ਸਬੰਧਿਤ ਮੰਤਰਾਲੇ ਨੂੰ ਯੋਗ ਉਪਰਾਲੇ ਤੁਰੰਤ ਕਰਨੇ ਚਾਹੀਦੇ ਹਨ ਤਾਂ ਕਿ ਇਹਨਾਂ ਹਵਾਈ ਹਾਦਸਿਆਂ ਵਿੱਚ ਕਿਸੇ ਮਾਂ ਕੋਲੋਂ ਉਸ ਦਾ ਪੁੱਤਰ ਨਾ ਵਿੱਛੜੇ, ਕਿਸੇ ਨਵ ਵਿਆਹੁਤਾ ਤੋਂ ਉਸ ਦਾ ਕੰਤ, ਭੈਣਾਂ ਤੋਂ ਵੀਰ, ਬੱਚਿਆਂ ਤੋਂ ਉਹਨਾਂ ਦੇ ਮਾਪੇ ਨਾ ਵਿੱਛੜਨ ਅਤੇ ਨਾ ਹੀ ਕਿਸੇ ਦੇ ਸੁਪਨੇ ਚਕਨਾਚੂਰ ਹੋਣ।