ਬਰਾੜ-ਬਿਸ਼ਨੋਈ ਦੀ 15 ਸਾਲ ਪੁਰਾਣੀ ਯਾਰੀ ਟੁੱਟੀ

In ਮੁੱਖ ਖ਼ਬਰਾਂ
June 18, 2025

ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਦੋਸਤੀ, ਜੋ 2011 ਵਿੱਚ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂ ਹੋਈ ਸੀ, 15 ਸਾਲ ਬਾਅਦ ਟੁੱਟ ਗਈ ਹੈ। ਇਹ ਜੋੜੀ ਅਪਰਾਧ ਦੀ ਦੁਨੀਆ ਵਿੱਚ ਇਕੱਠੀ ਉੱਤਰੀ ਸੀ ਅਤੇ ਜਬਰਨ ਵਸੂਲੀ, ਹੱਤਿਆ, ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਦੇ ਅਪਰਾਧਕ ਸਾਮਰਾਜ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚਲਾਉਂਦੀ ਸੀ। ਸੂਤਰਾਂ ਮੁਤਾਬਕ, ਇਸ ਦੋਸਤੀ ਵਿੱਚ ਤਕਰਾਰ ਦਾ ਮੁੱਖ ਕਾਰਨ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਨਵੰਬਰ 2024 ਵਿੱਚ ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਗ੍ਰਿਫ਼ਤਾਰੀ ਹੈ। ਸੂਤਰਾਂ ਮੁਤਾਬਕ, ਲਾਰੈਂਸ ਨੂੰ ਲੱਗਦਾ ਹੈ ਕਿ ਗੋਲਡੀ ਨੇ ਅਨਮੋਲ ਦੀ ਸੁਰੱਖਿਆ ਲਈ ਕਾਫ਼ੀ ਕੋਸ਼ਿਸ਼ ਨਹੀਂ ਕੀਤੀ। ਦੂਸਰਾ, ਅਪਰਾਧਕ ਸਾਮਰਾਜ ਦੀ ਵੰਡ ਅਤੇ ਵਪਾਰਕ ਹਿੱਤਾਂ ਦੀ ਲੜਾਈ ਨੇ ਵੀ ਇਸ ਫ਼ੁੱਟ ਨੂੰ ਹਵਾ ਦਿੱਤੀ ਹੈ।
ਅਨਮੋਲ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਕਈ ਹਾਈ-ਪ੍ਰੋਫ਼ਾਈਲ ਮਾਮਲਿਆਂ, ਜਿਵੇਂ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਵਿੱਚ ਵੀ ਲੋੜੀਂਦਾ ਸੀ। ਇਸ ਜੋੜੀ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਦਿਨਾਂ ਤੋਂ ਹੋਈ ਸੀ, ਜਦੋਂ ਲਾਰੈਂਸ ਪੜ੍ਹਾਈ ਕਰਦਾ ਸੀ ਅਤੇ ਗੋਲਡੀ ਨਾਲ ਮਿਲ ਕੇ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਸੀ। ਇਸ ਤੋਂ ਬਾਅਦ ਦੋਵਾਂ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਇੱਕ ਵਿਸ਼ਾਲ ਅਪਰਾਧਿਕ ਨੈਟਵਰਕ ਸਥਾਪਤ ਕੀਤਾ ਸੀ।
ਸਿੱਧੂ ਮੂਸੇਵਾਲਾ (ਮਈ 2022), ਬਾਬਾ ਸਿੱਦੀਕੀ (ਅਕਤੂਬਰ 2024), ਅਤੇ ਸੁਖਦੇਵ ਸਿੰਘ ਗੋਗਾਮੇੜੀ (ਦਸੰਬਰ 2023) ਦੀਆਂ ਹੱਤਿਆਵਾਂ ਵਿੱਚ ਇਸ ਜੋੜੀ ਦਾ ਨਾਂ ਸਾਹਮਣੇ ਆਇਆ। ਇਸ ਤੋਂ ਇਲਾਵਾ, ਸਲਮਾਨ ਖਾਨ ਦੇ ਘਰ ’ਤੇ ਅਪ੍ਰੈਲ 2024 ਵਿੱਚ ਹੋਈ ਫ਼ਾਇਰਿੰਗ ਅਤੇ ਖ਼ਾਲਿਸਤਾਨ ਸਮਰਥਕ ਸੁਖਦੂਲ ਸਿੰਘ ਦੀ ਹੱਤਿਆ (ਸਤੰਬਰ 2023) ਵਿੱਚ ਵੀ ਇਸ ਗੈਂਗ ਦੀ ਸ਼ਮੂਲੀਅਤ ਸੀ। ਅਨਮੋਲ ਦੀ ਗ੍ਰਿਫ਼ਤਾਰੀ ਨੇ ਲਾਰੈਂਸ ਅਤੇ ਗੋਲਡੀ ਵਿਚਕਾਰ ਪਹਿਲਾਂ ਤੋਂ ਹੀ ਸੁਕਮੀ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਨੂੰ ਇਸ ਫ਼ੁੱਟ ਕਾਰਨ ਗੈਂਗਵਾਰ ਦਾ ਖਦਸ਼ਾ ਹੈ, ਜਿਸ ਨੇ ਉਨ੍ਹਾਂ ਨੂੰ ਚੌਕਸ ਕਰ ਦਿੱਤਾ ਹੈ।
ਕੀ ਇਹ ਤਕਰਾਰ ਡਰਾਮਾ ਹੈ?
ਬਰਾੜ-ਬਿਸ਼ਨੋਈ ਦੀ ਫ਼ੁੱਟ ਦੀ ਖਬਰ ਨੂੰ ਕੁਝ ਲੋਕ ਭਾਰਤੀ ਸੁਰੱਖਿਆ ਏਜੰਸੀਆਂ ਦੀ ਸਾਜ਼ਿਸ਼ ਮੰਨਦੇ ਹਨ। ਖਾਸ ਕਰਕੇ ਕੈਨੇਡਾ ਵਿੱਚ ਰਹਿੰਦੇ ਕੁਝ ਖ਼ਾਲਿਸਤਾਨ ਸਮਰਥਕ ਇਸ ਨੂੰ ਭਾਰਤ ਸਰਕਾਰ ਦੀ ਚਾਲ ਸਮਝਦੇ ਹਨ, ਜਿਸ ਦਾ ਮਕਸਦ ਅਪਰਾਧੀਆਂ ਅਤੇ ਖ਼ਾਲਿਸਤਾਨੀ ਅੰਦੋਲਨ ਨੂੰ ਜੋੜ ਕੇ ਬਦਨਾਮ ਕਰਨਾ ਹੈ। ਸਿੱਧੂ ਮੂਸੇਵਾਲਾ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਹੱਤਿਆਵਾਂ ਨੇ ਸਿੱਖ ਭਾਈਚਾਰੇ ਵਿੱਚ ਗੁੱਸੇ ਨੂੰ ਹੋਰ ਵਧਾਇਆ ਹੈ। ਜੂਨ 2023 ਵਿੱਚ ਕੈਨੇਡਾ ਵਿੱਚ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਵਿਵਾਦ ਵਧਿਆ, ਜਦੋਂ ਕੈਨੇਡਾ ਨੇ ਬਿਨਾਂ ਠੋਸ ਸਬੂਤਾਂ ਦੇ ਭਾਰਤ ਸਰਕਾਰ ’ਤੇ ਹੱਤਿਆ ਦਾ ਦੋਸ਼ ਲਗਾਇਆ। ਸਿੱਖ ਭਾਈਚਾਰਾ, ਖਾਸ ਕਰਕੇ ਕੈਨੇਡਾ ਵਿੱਚ, ਇਸ ਨੂੰ ਭਾਰਤ ਦੀ ਸਿਆਸੀ ਸਾਜ਼ਿਸ਼ ਮੰਨਦਾ ਹੈ, ਜਿਸ ਦਾ ਮਕਸਦ ਖ਼ਾਲਿਸਤਾਨੀ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ ਪਰ ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਗੈਂਗ ਅਪਰਾਧਕ ਗਤੀਵਿਧੀਆਂ ਦੀ ਜੜ੍ਹ ਨਾਲ ਜੁੜਿਆ ਹੈ। ਉਹ ਇਸ ਨੂੰ ਖ਼ਾਲਿਸਤਾਨੀ ਅੰਦੋਲਨ ਨਾਲ ਜੋੜਨ ਦੀ ਬਜਾਏ, ਅਪਰਾਧਕ ਸੰਗਠਨਾਂ ਦੀ ਅੰਤਰਰਾਸ਼ਟਰੀ ਸਰਗਰਮੀਆਂ ਵਜੋਂ ਦੇਖਦੀਆਂ ਹਨ। ਸਿੱਖ ਭਾਈਚਾਰੇ ਵਿੱਚ ਵਿਚਾਰ ਵੰਡੇ ਹੋਏ ਹਨ। ਕੁਝ ਇਸ ਨੂੰ ਸਰਕਾਰੀ ਪ੍ਰੋਪੇਗੰਡਾ ਮੰਨਦੇ ਹਨ, ਜਦਕਿ ਦੂਸਰੇ ਇਸ ਗੈਂਗ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਸਿੱਖੀ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਦੇ ਖਿਲਾਫ਼ ਸਮਝਦੇ ਹਨ।
ਕੈਨੇਡਾ ਵਿੱਚ ਗੈਂਗ ਦਾ ਸੰਘਣਾ ਜਾਲ, ਸਰਕਾਰ ਲਾਚਾਰ ਕਿਉਂ?
ਬਰਾੜ-ਬਿਸ਼ਨੋਈ ਗੈਂਗ ਦਾ ਜਾਲ ਕੈਨੇਡਾ ਵਿੱਚ ਡੂੰਘਾ ਫ਼ੈਲਿਆ ਹੋਇਆ ਹੈ। ਗੋਲਡੀ ਬਰਾੜ, ਜੋ 2017 ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਸ ਦੇ ਸਾਥੀ ਕੈਨੇਡਾ ਵਿੱਚ ਜਬਰਨ ਵਸੂਲੀ, ਹਿੰਸਕ ਗਤੀਵਿਧੀਆਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਚਲਾਉਂਦੇ ਹਨ। ਕੈਨੇਡਾ ਦੀ ਸਰਕਾਰ ਨੂੰ ਇਸ ਗੈਂਗ ਨੂੰ ਨੱਥ ਪਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਦੇ ਕਈ ਕਾਰਨ ਹਨ। ਪਹਿਲਾਂ, ਇਹ ਗੈਂਗ ਅੰਤਰਰਾਸ਼ਟਰੀ ਪੱਧਰ ’ਤੇ ਕੰਮ ਕਰਦਾ ਹੈ, ਜਿਸ ਕਾਰਨ ਸਥਾਨਕ ਪੁਲਿਸ ਅਤੇ ਅਧਿਕਾਰੀਆਂ ਲਈ ਇਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਔਖਾ ਹੈ। ਦੂਸਰਾ, ਕੈਨੇਡਾ ਦੀਆਂ ਸਿਆਸੀ ਅਤੇ ਕਾਨੂੰਨੀ ਪ੍ਰਕਿਰਿਆਵਾਂ, ਜੋ ਕਿ ਸਿਆਸੀ ਪਨਾਹ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ’ਤੇ ਜ਼ੋਰ ਦਿੰਦੀਆਂ ਹਨ, ਨੇ ਇਸ ਗੈਂਗ ਦੇ ਮੈਂਬਰਾਂ ਨੂੰ ਆੜ ਦਿੱਤੀ ਹੈ। ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੇ ਕੈਨੇਡਾ-ਭਾਰਤ ਸਬੰਧਾਂ ਵਿੱਚ ਵੱਡਾ ਵਿਵਾਦ ਪੈਦਾ ਕੀਤਾ। ਕੈਨੇਡਾ ਸਰਕਾਰ ਨੇ ਇਸ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ, ਪਰ ਸਬੂਤਾਂ ਦੀ ਘਾਟ ਕਾਰਨ ਇਹ ਦੋਸ਼ ਵਿਵਾਦਤ ਰਿਹਾ। ਇਸ ਨੇ ਕੈਨੇਡੀਅਨ ਅਧਿਕਾਰੀਆਂ ਦੀ ਕਾਰਵਾਈ ਨੂੰ ਹੋਰ ਗੁੰਝਲਦਾਰ ਕਰ ਦਿੱਤਾ। ਕੈਨੇਡਾ ਦੀ ਨਰਮ ਨੀਤੀ ਅਤੇ ਲੰਬੀਆਂ ਕਾਨੂੰਨੀ ਪ੍ਰਕਿਰਿਆਵਾਂ ਨੇ ਗੈਂਗ ਨੂੰ ਨੱਥ ਪਾਉਣ ਵਿੱਚ ਰੁਕਾਵਟ ਪਾਈ ਹੈ।

Loading