ਗੁਰਤੇਜ ਸਿੰਘ ਖੁਡਾਲ :
‘‘ਕਹਿਣ ਨੂੰ ਤਾਂ ਅੱਜਕੱਲ੍ਹ ਸਾਰੇ ਹੀ ਕਹਿੰਦੇ ਨੇ ਕਿ ਮੁੰਡਾ ਜਾਂ ਕੁੜੀ ਪੈਦਾ ਹੋਵੇ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੁੰਦਾ! ਪਰ ਇਹ ਸਭ ਕਹਿਣ ਦੀਆਂ ਹੀ ਗੱਲਾਂ ਨੇ। ਸਾਡੇ ਲੋਕ ਅੱਜ ਵੀ ਮੁੰਡੇ ਤੇ ਕੁੜੀ ਵਿੱਚ ਬਹੁਤ ਜ਼ਿਆਦਾ ਫ਼ਰਕ ਸਮਝਦੇ ਹਨ,’’ ਅਮਰਜੀਤ ਸਿੰਘ ਨੇ ਸੈਰ ਕਰਦੇ ਕਰਦੇ ਕੁਝ ਦੋਸਤਾਂ ਨਾਲ ਆਪਣੀ ਗੱਲ ਸਾਂਝੀ ਕੀਤੀ।
ਰਾਜ ਕੁਮਾਰ ਨੇ ਪੁੱਛਿਆ, ‘‘ਕਿਉਂ, ਕੀ ਗੱਲ ਹੋਈ?’’ ‘‘ਗੱਲ ਕੀ ਹੋਣੀ ਸੀ ਸਾਡੇ ਗੁਆਂਢ ਵਿੱਚ ਰਹਿੰਦੇ ਜਸਕਰਨ ਮਾਸਟਰ ਦੇ ਤਕਰੀਬਨ ਦੋ ਸਾਲ ਪਹਿਲਾਂ ਕੁੜੀ ਹੋਈ, ਉਦੋਂ ਉਨ੍ਹਾਂ ਦੇ ਘਰ ਵਿੱਚ ਬਹੁਤ ਉਦਾਸੀ ਵਾਲਾ ਮਾਹੌਲ ਸੀ! ਜਿਵੇਂ ਕੋਈ ਮਰ ਗਿਆ ਜਾਂ ਬਹੁਤ ਜ਼ਿਆਦਾ ਬਿਮਾਰ ਹੋਵੇ! ਸਾਰੇ ਲੋਕ ਢਿੱਲੇ ਜਿਹੇ ਮੂੰਹ ਬਣਾ ਕੇ ਉਨ੍ਹਾਂ ਦੇ ਘਰੋਂ ਆ ਜਾ ਰਹੇ ਸੀ। ਪਰ ਹੁਣ ਇੱਕ ਹਫ਼ਤਾ ਪਹਿਲਾਂ ਜਸਕਰਨ ਮਾਸਟਰ ਦੇ ਘਰ ਮੁੰਡਾ ਪੈਦਾ ਹੋਇਆ ਹੈ! ਉਸ ਦਿਨ ਤੋਂ ਹੀ ਉਨ੍ਹਾਂ ਦੇ ਘਰ ਵਿੱਚ ਬਹੁਤ ਖ਼ੁਸ਼ੀ ਅਤੇ ਜਸ਼ਨ ਵਾਲਾ ਮਾਹੌਲ ਹੈ। ਜਦੋਂ ਜਸਕਰਨ ਦੀ ਪਤਨੀ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਮੁੰਡੇ ਨੂੰ ਘਰ ਵਿੱਚ ਲਿਆਉਣ ਦਾ ਦਿ੍ਰਸ਼ ਦੇਖਣ ਵਾਲਾ ਸੀ। ਜਿਸ ਗੱਡੀ ਵਿੱਚ ਜੱਚਾ ਬੱਚਾ ਨੂੰ ਲੈ ਕੇ ਆਉਣਾ ਸੀ, ਉਸ ਨੂੰ ਫੁੱਲਾਂ, ਗੁਬਾਰਿਆਂ, ਰਿਬਨਾਂ ਅਤੇ ਗੁਲਦਸਤਿਆਂ ਨਾਲ ਡੋਲੀ ਵਾਲੀ ਗੱਡੀ ਵਾਂਗ ਸ਼ਿੰਗਾਰਿਆ ਹੋਇਆ ਸੀ। ਇੱਕ ਹਫ਼ਤੇ ਤੋਂ ਹੀ ਘਰ ਵਿੱਚ ਢੋਲ ਵੱਜ ਰਹੇ ਹਨ, ਭੰਗੜੇ ਪੈ ਰਹੇ ਹਨ, ਸ਼ਰਾਬਾਂ ਦੇ ਦੌਰ ਚੱਲ ਰਹੇ ਹਨ। ਡੀ.ਜੇ. ਵੱਜ ਰਹੇ ਹਨ। ਉਨ੍ਹਾਂ ਨੇ ਇੱਕ ਹਫ਼ਤੇ ਤੋਂ ਹੀ ਗੁਆਂਢੀਆਂ ਦਾ ਵੀ ਜਿਉਣਾ ਹਰਾਮ ਕੀਤਾ ਹੋਇਆ ਹੈ। ਸਾਰੇ ਗੁਆਂਢੀ ਵੀ ਇਹੀ ਚਰਚਾ ਕਰ ਰਹੇ ਸਨ। ਕੁੜੀ ਹੋਣ ’ਤੇ ਕਿੱਲੋ ਲੱਡੂ ਨਹੀਂ ਵੰਡ ਸਕੇ ਤੇ ਮੁੰਡਾ ਕੀ ਹੋਇਆ ਇੱਕ ਹਫ਼ਤੇ ਤੋਂ ਵਿਆਹ ਵਰਗਾ ਮਾਹੌਲ, ਮੀਟ ਅਤੇ ਸ਼ਰਾਬਾਂ ਦੇ ਦੌਰ ਚੱਲ ਰਹੇ ਹਨ। ਇਹ ਮੁੰਡਾ ਅਤੇ ਕੁੜੀ ਪੈਦਾ ਹੋਣ ਵਿੱਚ ਫ਼ਰਕ ਨਹੀਂ ਤਾਂ ਹੋਰ ਕੀ ਹੈ…?’’