ਬੀ.ਸੀ. ਪ੍ਰੀਮੀਅਰ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਕੀਤੀ ਮੰਗ

In ਮੁੱਖ ਖ਼ਬਰਾਂ
June 20, 2025

ਖਾਸ ਖ਼ਬਰ
ਵਿਕਟੋਰੀਆ/ਏ.ਟੀ.ਨਿਊਜ਼:
ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨੀਂ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਜਾਵੇ। ਇਹ ਮੰਗ ਸਾਊਥ ਏਸ਼ੀਆਈ, ਖਾਸਕਰ ਸਿੱਖ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਈਬੀ ਨੇ ਕਿਹਾ ਕਿ ਇਹ ਗੈਂਗ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਸਿੱਖ ਭਾਈਚਾਰੇ ਨੂੰ ਡਰਾਉਣ ਅਤੇ ਧਮਕਾਉਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜਿਸ ਨਾਲ ਜਨਤਕ ਸੁਰੱਖਿਆ ਅਤੇ ਕਾਨੂੰਨ ਦੀ ਸਾਖ ਨੂੰ ਖਤਰਾ ਪੈਦਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਕੁਝ ਗੈਂਗ ਸਾਡੇ ਸੂਬੇ ਅਤੇ ਹੋਰ ਸੂਬਿਆਂ ਵਿੱਚ ਕਾਰਜਸ਼ੀਲ ਹਨ, ਜੋ ਕਿ ਵਪਾਰੀਆਂ ਨੂੰ ਡਰਾ ਕੇ ਪੈਸਾ ਵਸੂਲ ਰਹੇ ਹਨ।” ਉਨ੍ਹਾਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ, ਜਿਸ ਰਾਹੀਂ ਬਿਸ਼ਨੋਈ ਗੈਂਗ ਨੂੰ ਆਤੰਕੀ ਸੰਗਠਨ ਵਜੋਂ ਐਲਾਨਣ ਦੀ ਮੰਗ ਕੀਤੀ ਜਾਵੇਗੀ।
ਇਹ ਦਬਾਅ ਖਾਸ ਕਰਕੇ ਸਰੀ ਵਿੱਚ ਵਧ ਰਹੇ ਵਸੂਲੀ ਮਾਮਲਿਆਂ ਤੋਂ ਬਾਅਦ ਵਧਿਆ ਹੈ। ਸਿਰਫ਼ ਪਿਛਲੇ ਛੇ ਮਹੀਨਿਆਂ ਵਿੱਚ ਸਰੀ ਪੁਲਿਸ ਨੂੰ 10 ਵਸੂਲੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਨਵੀਂ ਬਣੀ ‘ਐਕਸਟੌਰਸ਼ਨ ਇਨਵੈਸਟੀਗੇਸ਼ਨ ਟੀਮ’ ਹੁਣ ਇਹ ਮਾਮਲੇ ਜਾਂਚ ਰਹੀ ਹੈ। ਸਰੀ ਪੁਲਿਸ ਦੇ ਅਨੁਸਾਰ ਇਹ ਧਮਕੀਆਂ ਚਿੱਠੀਆਂ, ਫ਼ੋਨ ਕਾਲਾਂ ਜਾਂ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਹਨ, ਜਿਨ੍ਹਾਂ ਰਾਹੀਂ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਤੋਂ ਲੱਖਾਂ ਡਾਲਰ ਦੀ ਮੰਗ ਕੀਤੀ ਜਾਂਦੀ ਹੈ।
ਸਰੀ ਦੇ ਆਰ.ਸੀ.ਐਮ.ਪੀ. ਦੀ ਲਾਈਜ਼ਨ ਅਧਿਕਾਰੀ ਚੀਫ਼ ਸੁਪਰੀਟੈਂਡੈਂਟ ਵੈਂਡੀ ਮਹਾਤ ਨੇ ਕਿਹਾ ਕਿ ਅਸੀਂ ਇਨ੍ਹਾਂ ਅਪਰਾਧਿਕ ਸਥਿਤੀਆਂ ਨੂੰ ਰੋਕਣ ਅਤੇ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਕੰਮ ਕਰ ਰਹੇ ਹਾਂ।”
ਬੀ.ਸੀ. ਦੇ ਜਨ ਸੁਰੱਖਿਆ ਮੰਤਰੀ ਗੈਰੀ ਬੈਗ ਨੇ ਸਰੀ ਵਿੱਚ ਇੱਕ ਫ਼ੋਰਮ ਦੌਰਾਨ ਦੱਸਿਆ ਕਿ ਬਹੁਤ ਸਾਰੇ ਕਾਰੋਬਾਰੀ ਲੱਖਾਂ ਡਾਲਰ ਦੀ ਵਸੂਲੀ ਦੀਆਂ ਧਮਕੀਆਂ ਦੇ ਕੇਸ ਸਾਹਮਣੇ ਆ ਰਹੇ ਹਨ।
ਡੇਵਿਡ ਈਬੀ ਨੇ ਕਿਹਾ ਕਿ ਇਹ ਸਿਰਫ਼ ਕਾਨੂੰਨੀ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਝਟਕਾ ਨਹੀਂ ਹੈ, ਸਗੋਂ ਲੋਕਤੰਤਰ ਅਤੇ ਭਾਈਚਾਰੇ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ। ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਨੂੰ ਨਜਿਠਣਾ ਜ਼ਰੂਰੀ ਹੈ।”
ਕੈਨੇਡਾ ਦੇ ਘੱਟੋ ਘੱਟ ਛੇ ਸ਼ਹਿਰਾਂ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਖ਼ਾਸ ਕਰਕੇ ਭਾਰਤੀ ਨਿਵਾਸੀਆਂ ਨੂੰ ਨਿਸ਼ਾਨਾ ਬਣਾਕੇ ਕੀਤੀਆਂ ਜਾ ਰਹੀਆਂ ਵਸੂਲੀਆਂ ਦੀ ਜਾਂਚ ਚੱਲ ਰਹੀ ਹੈ।
ਦਸੰਬਰ 2023 ਵਿੱਚ ਐਬਟਸਫ਼ੋਰਡ (ਬੀ.ਸੀ.) ਪੁਲਿਸ ਨੇ ਵੀ ਦੱਸਿਆ ਸੀ ਕਿ ਉਹ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਮੀਰ ਲੋਕਾਂ ਨਾਲ ਸੰਬੰਧਤ ਵਸੂਲੀ ਮਾਮਲਿਆਂ ਦੀ ਜਾਂਚ ਕਰ ਰਹੇ ਹਨ, ਅਤੇ ਇਸ ਦੇ ਦੋਸ਼ੀ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਹਨ।
ਕੈਨੇਡਾ ਦੀ ਰਾਇਲ ਮਾਊਂਟਡ ਪੁਲਿਸ ਨੇ ਵੀ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੀ ਜ਼ਮੀਨ ’ਤੇ ਹੋ ਰਹੇ ਕੁਝ ਹਿੰਸਕ ਅਪਰਾਧਾਂ ਦੇ ਦੋਸ਼ੀ ਭੂਮਿਕਾ ਦੱਸਿਆ ਹੈ, ਜੋ ਭਾਰਤ-ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਪੈਦਾ ਕਰ ਰਹੇ ਹਨ।
ਸਿੱਖ ਸੰਗਠਨਾਂ, ਜਿਵੇਂ ਕਿ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ, ਨੇ ਈਬੀ ਦੀ ਮੰਗ ਦਾ ਸਮਰਥਨ ਕੀਤਾ ਹੈ। ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਬਿਸ਼ਨੋਈ ਗੈਂਗ ਨੂੰ ਖ਼ਾਲਿਸਤਾਨ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਸਰੀ ਵਿੱਚ 15 ਜੂਨ 2025 ਨੂੰ ਹੋਏ ਇੱਕ ਜਨਤਕ ਸੁਰੱਖਿਆ ਫ਼ੋਰਮ ਵਿੱਚ ਸਿੱਖ ਕਾਰੋਬਾਰੀਆਂ ਨੇ ਲੱਖਾਂ ਰੁਪਏ ਦੀਆਂ ਵਸੂਲੀ ਮੰਗਾਂ ਅਤੇ ਸੰਪਤੀਆਂ ’ਤੇ ਹਮਲਿਆਂ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਮੁੱਖ ਮੰਤਰੀ ਈਬੀ ਨੇ ਕਿਹਾ ਸੀ ਕਿ ਇਹ ਰਵਾਇਤੀ ਅਪਰਾਧ ਨਹੀਂ, ਇਹ ਆਤੰਕ ਹੈ। ਸਿੱਖ ਭਾਈਚਾਰਾ ਡਰਿਆ ਹੋਇਆ ਹੈ। ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਸਖ਼ਤ ਕਦਮ ਚੁੱਕਣਗੇ, ਪੁਲਿਸ ਨੂੰ ਅੰਤਰਰਾਸ਼ਟਰੀ ਅਪਰਾਧ ਨਾਲ ਨਜਿੱਠਣ ਲਈ ਹੋਰ ਸਾਧਨ ਮਿਲਣਗੇ।”
ਫ਼ਾਜ਼ਿਕਲਾ ਤੋਂ ਕੌਮਾਂਤਰੀ ਅਪਰਾਧ ਤੱਕ ਲਾਰੈਂਸ ਬਿਸ਼ਨੋਈ
ਲਾਰੈਂਸ ਬਿਸ਼ਨੋਈ ਦਾ ਜਨਮ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੂਤਰਾਂ ਵਾਲੀ ਵਿੱਚ ਹੋਇਆ ਸੀ। ਆਰ.ਸੀ.ਐੱਮ.ਪੀ. ਵੱਲੋਂ ਦਿੱਤੀ ਜਾਣਕਾਰੀ ਨੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਅਪਰਾਧ ਦੀ ਦੁਨੀਆਂ ਵਿੱਚ ਡੂੰਘੀਆਂ ਜੜ੍ਹਾਂ ਬਾਰੇ ਚਰਚਾ ਛੇੜ ਦਿੱਤੀ ਹੈ।
ਪੰਜਾਬ ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਮ ਸਤਵਿੰਦਰ ਸਿੰਘ ਹੈ। ਹਾਲਾਂਕਿ ਲਾਰੈਂਸ ਵੱਖ-ਵੱਖ ਅਪਰਾਧਕ ਮਾਮਲਿਆਂ ਦੇ ਚੱਲਦਿਆਂ ਬੀਤੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਪਰ ਉਨ੍ਹਾਂ ਦਾ ਨਾਮ ਕਈ ‘ਹਾਈ ਪ੍ਰੋਫ਼ਾਈਲ’ ਅਪਰਾਧਕ ਕਾਰਵਾਈਆਂ ਨਾਲ ਵਾਰ-ਵਾਰ ਜੁੜਦਾ ਰਿਹਾ ਹੈ।
ਇਨ੍ਹਾਂ ਕੇਸਾਂ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਵੀ ਸ਼ਾਮਲ ਹੈ। ਸਿੱਧੂ ਮੂਸੇਵਾਲਾ ਨੂੰ ਮਈ 2022 ਵਿੱਚ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਵਿਦੇਸ਼ ਵਿੱਚ ਰਹਿੰਦੇ ਮੰਨੇ ਜਾਂਦੇ ਉਨ੍ਹਾਂ ਦੇ ਹੀ ਸਾਥੀ ਗੋਲਡੀ ਬਰਾੜ ਵੱਲੋਂ ਲਈ ਗਈ ਸੀ।
ਮਾਰਚ 2023 ਵਿੱਚ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ 12 ਹੋਰ ਜਣਿਆਂ ਦੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਿਹੀਆਂ ਜਥੇਬੰਦੀਆਂ ਨਾਲ ਸਬੰਧਾਂ ਬਾਰੇ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਐੱਨ.ਆਈ.ਏ. ਨੇ ਆਪਣੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਸੀ ਕਿ ਸਾਲ 2015 ਤੋਂ ਪੁਲਿਸ ਹਿਰਾਸਤ ਵਿੱਚ ਕੈਦ ਲਾਰੈਂਸ ਬਿਸ਼ਨੋਈ ਵੱਖ-ਵੱਖ ਜੇਲ੍ਹਾਂ ਵਿੱਚੋਂ ਕੈਨੇਡਾ ਵਿਚਲੇ ਗੋਲਡੀ ਬਰਾੜ ਨਾਲ ਰਲ ਕੇ ‘ਟੈਰਰ-ਕ੍ਰਾਈਮ ਸਿੰਡੀਕੇਟ’ ਚਲਾ ਰਿਹਾ ਹੈ। ਗੋਲਡੀ ਬਰਾੜ ਫ਼ਰੀਦਕੋਟ ਵਿੱਚ ਨਵੰਬਰ 2022 ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜੇ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਮੁਲਜ਼ਮ ਹੈ।”
ਐੱਨ.ਆਈ.ਏ. ਅਨੁਸਾਰ ਲਾਰੈਂਸ ਬਿਸ਼ਨੋਈ ‘ਟੈਰਰ ਕ੍ਰਾਈਮ ਐਕਸਟਰੌਸ਼ਨ ਸਿੰਡੀਕੇਟ’ ਦੀ ਮੋਹਾਲੀ ਵਿਚਲੇ ਪੰਜਾਬ ਸਟੇਟ ਇੰਟੈਲਿਜੈਂਸ ਹੈੱਡਕੁਆਰਟਰ ਉੱਤੇ ਹੋਏ ਆਰ.ਪੀ.ਜੀ. ਹਮਲੇ ਵਿੱਚ ਵੀ ਭੂਮਿਕਾ ਸੀ। ਜਨਵਰੀ 2024 ਵਿੱਚ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵਿੱਚ ਏਜੰਸੀ ਨੇ ਕਿਹਾ ਸੀ ਕਿ ਐੱਨ.ਆਈ.ਏ. ਨੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੇ ਸੰਗਠਤ ਅਪਰਾਧਕ ਸਿੰਡੀਕੇਟ ਦੇ ਖਿਲਾਫ਼ ਯੂ.ਏ.ਪੀ.ਏ. ਦੇ ਤਹਿਤ ਅਗਸਤ 2022 ਵਿੱਚ ਕੇਸ ਦਰਜ ਕੀਤਾ ਸੀ।”
ਐੱਨ.ਆਈ.ਏ. ਨੇ ਕਿਹਾ ਸੀ ਕਿ ਇਹ ਨੈੱਟਵਰਕ ਵਪਾਰੀਆਂ ਅਤੇ ਪੇਸ਼ੇਵਰਾਂ ਕੋਲੋਂ ਵੱਡੇ ਪੱਧਰ ਉੱਤੇ ਫ਼ਿਰੌਤੀਆਂ ਲੈਣ ਵਿੱਚ ਸ਼ਾਮਲ ਸੀ।
ਲਾਰੈਂਸ ਬਿਸ਼ਨੋਈ ਪੰਜਾਬ ਦੀ ਬਠਿੰਡਾ ਜੇਲ੍ਹ ਤੇ ਦਿੱਲੀ ਦੀ ਤਿਹਾੜ ਜੇਲ੍ਹ ਸਣੇ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਰਿਹਾ ਹੈ। ਫ਼ਿਲਹਾਲ ਉਹ ਭਾਰਤ ਦੇ ਗੁਜਰਾਤ ਸੂਬੇ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।
ਵੱਖ-ਵੱਖ ਮੌਕਿਆਂ ਉੱਤੇ ਸਿਆਸੀ ਆਗੂਆਂ ਤੇ ਕਾਰਕੁਨਾਂ ਵੱਲੋਂ ਇਹ ਸਵਾਲ ਖੜ੍ਹਾ ਕੀਤਾ ਜਾਂਦਾ ਰਿਹਾ ਹੈ ਕਿ ‘ਆਖ਼ਰ ਜੇਲ੍ਹ ਵਿੱਚ ਬੰਦ ਇੱਕ ਅਪਰਾਧੀ ਜੇਲ੍ਹ ਤੋਂ ਬਾਹਰ ਹੁੰਦੀਆਂ ਅਜਿਹੀਆਂ ਅਪਰਾਧਕ ਗਤੀਵਿਧੀਆਂ ’ਚ ਸਰਗਰਮ ਭੂਮਿਕਾ ਕਿਵੇਂ ਨਿਭਾਅ ਸਕਦਾ ਹੈ।’
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਵਿੱਚ ਵੀ ਉਨ੍ਹਾਂ ਦਾ ਨਾਮ ਸਾਹਮਣੇ ਆਉਂਦਾ ਹੈ।
ਅਪ੍ਰੈਲ 2024 ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫ਼ਾਇਰਿੰਗ ਦੇ ਕੇਸ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ।
ਲਾਰੈਂਸ ਬਿਸ਼ਨੋਈ ਸਾਬਰਮਤੀ ਜੇਲ੍ਹ ਵਿੱਚ ਕਿਉਂ ਬੰਦ ਹੈ?
ਗੁਜਰਾਤ ਦੇ ਇੱਕ ਸੇਵਾਮੁਕਤ ਅਧਿਕਾਰੀ ਟੀ.ਐੱਸ. ਬਿਸਟ ਅਨੁਸਾਰ ਇਹ ਸੈੱਲ ਦੂਜੇ ਸੈੱਲਾਂ ਤੋਂ ਵੱਖਰਾ ਹੈ, ਇਸ ਵਿੱਚ ਡਬਲ ਰਿੰਗ ਸੁਰੱਖਿਆ ਹੈ। ਜੇਲ੍ਹ ਦੇ ਹੋਰ ਹਿੱਸਿਆਂ ਨਾਲੋਂ ਇੱਥੇ ਵਧੇਰੇ ਸਿਖਲਾਈ ਪ੍ਰਾਪਤ ਸਟਾਫ਼ ਮੌਜੂਦ ਹੈ ਅਤੇ ਇਨ੍ਹਾਂ ਉੱਚ ਸੁਰੱਖਿਆ ਸੈੱਲਾਂ ਦੇ ਆਲੇ-ਦੁਆਲੇ ਵਾਚ ਟਾਵਰ ਬਣਾਏ ਗਏ ਹਨ। ‘ਗੁਜਰਾਤ ਜੇਲ੍ਹ ਮੈਨੂਅਲ’ ਅਨੁਸਾਰ ਇਸ ਕਿਸਮ ਦੇ ਸੈੱਲ ਦੇ ਆਲੇ-ਦੁਆਲੇ ਇੱਕ ‘ਨੋ-ਮੈਨਜ਼ ਲੈਂਡ’ ਖੇਤਰ ਹੁੰਦਾ ਹੈ, ਜਿਸ ਵਿੱਚ ਸਿਰਫ਼ ਡਿਊਟੀ ’ਤੇ ਤਾਇਨਾਤ ਜੇਲ੍ਹ ਕਰਮਚਾਰੀ ਹੀ ਦਾਖ਼ਲ ਹੋ ਸਕਦੇ ਹਨ। ਇਸ ਸੈੱਲ ਵਿੱਚ ਕਿਸੇ ਵੀ ਕੈਦੀ ਨੂੰ ਅਦਾਲਤ ਦੀ ਸੁਣਵਾਈ ਲਈ ਬਾਹਰ ਨਹੀਂ ਕੱਢਿਆ ਜਾਂਦਾ। ਵੀਡੀਓ ਕਾਨਫ਼ਰੰਸ ਰਾਹੀਂ ਹੀ ਅਦਾਲਤ ਵਿੱਚ ਪੇਸ਼ੀ ਹੁੰਦੀ ਹੈ।
ਹਾਲਾਂਕਿ, ਬਿਸ਼ਨੋਈ ਅਤੇ ਉਸ ਵਰਗੇ ਕੁਝ ਹੋਰ ਕੈਦੀ ਜੋ ਉੱਚ ਸੁਰੱਖਿਆ ਸੈੱਲ ਵਿੱਚ ਬੰਦ ਹਨ, ਉਨ੍ਹਾਂ ਨੂੰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। ਜੇਲ੍ਹ ਦੇ ਕੈਦੀਆਂ ਨੂੰ ਆਮ ਤੌਰ ’ਤੇ ਹਫ਼ਤੇ ਵਿੱਚ ਦੋ ਦਿਨ ਮਿਲਣ ਦਾ ਮੌਕਾ ਦਿੱਤਾ ਜਾਂਦਾ ਹੈ।
ਸਤੰਬਰ-2022 ਵਿੱਚ ਜਦੋਂ ਤੋਂ ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏ.ਟੀ.ਐੱਸ. ਨੇ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਬੇੜੀ ਵਿੱਚੋਂ 40 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ ਤਾਂ ਉਦੋਂ ਤੋਂ ਹੀ ਲਾਰੈਂਸ ਬਿਸ਼ਨੋਈ ਦਾ ਨਾਮ ਗੁਜਰਾਤ ਮੀਡੀਆ ਵਿੱਚ ਅਕਸਰ ਸੁਣਾਈ ਦਿੰਦਾ ਰਿਹਾ ਹੈ।
ਜਦੋਂ ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ਏ.ਟੀ.ਐੱਸ.) ਕਾਰਵਾਈ ਕਰ ਰਿਹਾ ਸੀ ਤਾਂ ਉਹ ਪੰਜਾਬ ਦੀ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ।
ਜਦੋਂ ਬਿਸ਼ਨੋਈ ਨੂੰ 2023 ਵਿੱਚ ਗੁਜਰਾਤ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਤਾਂ ਏ.ਟੀ.ਐੱਸ. ਦੇ ਪੁਲਿਸ ਸੁਪਰਡੈਂਟ ਸੁਨੀਲ ਜੋਸ਼ੀ ਨੇ ਕਿਹਾ ਸੀ ਕਿ ਸਾਡੀ ਜਾਣਕਾਰੀ ਮੁਤਾਬਕ, ਉਸ ਨੇ ਜੇਲ੍ਹ ਵਿੱਚ ਬੈਠ ਕੇ ਹੀ ਨਸ਼ੀਲੇ ਪਦਾਰਥਾਂ ਦੀ ਖੇਪ ਦਾ ਪ੍ਰਬੰਧ ਕੀਤਾ ਸੀ। ਗੁਜਰਾਤ ਦੇ ਸਮੁੰਦਰ ਤੋਂ ਫ਼ੜੇ ਗਏ ਨਸ਼ੀਲੇ ਪਦਾਰਥਾਂ ਦੀ ਖੇਪ ਉਸ ਦੇ ਲੋਕਾਂ ਲਈ ਆਈ ਸੀ।

Loading