ਆਮਦਨ ਵਧਾਉਣ ਲਈ ਖੇਤੀ ਨਾਲ ਸਹਾਇਕ ਧੰਦੇ ਅਪਨਾਉਣ ਕਿਸਾਨ

In ਮੁੱਖ ਲੇਖ
June 20, 2025

ਪੰਜਾਬ ਦੇ ਖੇਤੀਬਾੜੀ ਖੇਤਰ ਦੀ ਮੁੱਖ ਸਮੱਸਿਆ ਕਣਕ-ਝੋਨੇ ਦੇ ਫ਼ਸਲ ਚੱਕਰ ਵਿਚੋਂ ਕੁਝ ਰਕਬਾ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲੈ ਕੇ ਆਉਣਾ ਹੈ। ਸਾਰੇ ਮਾਹਿਰ ਮੰਨਦੇ ਹਨ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਵੱਧ ਤੋਂ ਵੱਧ 10 ਲੱਖ ਹੈਕਟਰ ਰਕਬਾ ਹੀ ਕੱਢਿਆ ਜਾ ਸਕਦਾ ਹੈ। ਇਸ ਨਾਲ ਮੰਨਿਆ ਜਾਂਦਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਵਿੱਚ ਬਹੁ-ਗਿਣਤੀ ਛੋਟੇ ਕਿਸਾਨਾਂ ਦੀ ਹੈ। ਕੋਈ ਕਿਸਾਨ ਵੀ ਆਪਣੀ ਧਰਤੀ ਨੂੰ ਇੱਕ ਫ਼ਸਲ ਲਈ ਖ਼ਾਲੀ ਛੱਡਣ ਦਾ ਹੌਸਲਾ ਨਹੀਂ ਕਰ ਸਕਦਾ ਹੈ। ਪਹਿਲਾਂ ਸਾਉਣੀ ਵਿੱਚ ਬਹੁਤ ਘੱਟ ਰਕਬੇ ’ਚ ਫ਼ਸਲਾਂ ਬੀਜੀਆਂ ਜਾਂਦੀਆਂ ਸਨ। ਇਸ ਦਾ ਕਾਰਨ ਸਿੰਚਾਈ ਦੇ ਵਸੀਲਿਆਂ ਦੀ ਘਾਟ ਸੀ।
ਹੁਣ ਜਦੋਂ ਸਿੰਚਾਈ ਸਹੂਲਤਾਂ ਪ੍ਰਾਪਤ ਹਨ ਅਤੇ ਪਾਣੀ ਮੁਫ਼ਤ ਹੀ ਮਿਲ ਰਿਹਾ ਹੈ ਤਾਂ ਹਰੇਕ ਕੋਈ ਇਸ ਦਾ ਫ਼ਾਇਦਾ ਉਠਾਉਣਾ ਚਾਹੇਗਾ। ਪਾਣੀ ਦੀ ਬੱਚਤ ਲਈ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾਵੇ ਅਤੇ ਬਰਸਾਤ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਦੇ ਯਤਨ ਸੰਜੀਦਗੀ ਨਾਲ ਕੀਤੇ ਜਾਣ। ਇਸ ਦੇ ਨਾਲ ਹੀ ਸੀਵਰੇਜ ਅਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਨੂੰ ਦਰਿਆਵਾਂ ਵਿੱਚ ਪਾਉਣ ਦੀ ਥਾਂ ਸਾਫ਼ ਕਰ ਕੇ ਸਿੰਚਾਈ ਲਈ ਵਰਤਿਆ ਜਾਵੇ। ਪੰਜਾਬ ’ਚ ਨੀਤੀ ਦੇ ਨਾਲੋ-ਨਾਲ ਨੀਅਤ ਦੀ ਵੀ ਲੋੜ ਹੈ। ਨੀਤੀਆਂ ਤਾਂ ਸਾਰੀਆਂ ਰਾਜਸੀ ਪਾਰਟੀਆਂ ਅਤੇ ਮਾਹਿਰ ਘੜਦੇ ਹਨ ਪਰ ਇਨ੍ਹਾਂ ਨੂੰ ਅਮਲੀ ਰੂਪ ਦੇਣ ਦੇ ਯਤਨ ਬਹੁਤ ਘੱਟ ਕੀਤੇ ਜਾਂਦੇ ਹਨ।
ਕਣਕ-ਝੋਨਾ ਹੀ ਇਥੋਂ ਦੀ ਮੁੱਖ ਫ਼ਸਲ ਚੱਕਰ ਬਣ ਗਿਆ ਹੈ। ਇਹ ਦੋਵੇਂ ਅਜਿਹੀਆਂ ਫ਼ਸਲਾਂ ਹਨ ਜਿਨ੍ਹਾਂ ਵਿੱਚ ਖ਼ਤਰਾ ਸਭ ਤੋਂ ਘੱਟ ਹੈ ਤੇ ਕੁਝ ਨਵਾਂ ਕਰਨ ਦੀ ਗੁੰਜ਼ਾਇਸ਼ ਵੀ ਨਹੀਂ ਹੈ। ਇਨ੍ਹਾਂ ਫ਼ਸਲਾਂ ਨੂੰ ਹੁਣ ਕਾਮੇ ਹੀ ਬੀਜਦੇ ਹਨ ਅਤੇ ਕਾਮੇ ਹੀ ਵੱਢਦੇ ਹਨ, ਕਿਸਾਨ ਤਾਂ ਕੇਵਲ ਮੰਡੀ ਵਿਚੋਂ ਪੈਸੇ ਵਸੂਲਣ ਹੀ ਜਾਂਦਾ ਹੈ। ਸਰਕਾਰ ਵੱਲੋਂ ਖੇਤੀ ਵਿਕਾਸ ਲਈ ਪੂਰੇ ਉਤਸ਼ਾਹ ਨਾਲ ਯੋਗਦਾਨ ਪਾਇਆ ਗਿਆ ਸੀ। ਪਿੰਡਾਂ ਦੀਆਂ ਸੜਕਾਂ ਪੱਕੀਆਂ ਕੀਤੀਆਂ ਗਈਆਂ ਤੇ ਬਿਜਲੀ ਪਹੁੰਚਾਈ। ਟਿਊਬਵੈੱਲ ਲਗਾਉਣ ਲਈ ਕਰਜ਼ਾ ਤੇ ਬਿਜਲੀ ਮੁਫ਼ਤ ਦਿੱਤੀ। ਕਣਕ ਝੋਨੇ ਦੀ ਘੱਟੋ-ਘੱਟ ਖ਼ਰੀਦ ਕੀਮਤ ਮਿੱਥੀ ਗਈ ਤੇ ਇਨ੍ਹਾਂ ਦੀ ਖ਼ਰੀਦ ਯਕੀਨੀ ਬਣਾਈ ਗਈ। ਰਸਾਇਣਿਕ ਖਾਦਾਂ ਉਤੇ ਰਿਆਇਤਾਂ ਤੇ ਹੋਰ ਕਈ ਸਹੂਲਤਾਂ ਦਿੱਤੀਆਂ ਗਈਆਂ। ਅਸੀਂ ਸਾਰੇ ਇਸੇ ’ਤੇ ਮਾਣ ਮਹਿਸੂਸ ਕਰਦੇ ਰਹੇ ਅਤੇ ਕਰ ਰਹੇ ਹਾਂ ਕਿ ਪੰਜਾਬ ਕੇਂਦਰੀ ਅੰਨ ਭੰਡਾਰ ਵਿਚ 60 ਫ਼ੀਸਦੀ ਕਣਕ ਅਤੇ 40 ਫ਼ੀਸਦੀ ਚੌਲ ਦੇ ਰਿਹਾ ਹੈ । ਇਹ ਕਿਸੇ ਨਹੀਂ ਸੋਚਿਆ ਕਿ ਖੇਤੀ ਵਿੱਚ ਵਿਕਾਸ ਦਰ ਵਿੱਚ ਤੇਜ਼ੀ ਨਾਲ ਹੋਏ ਵਾਧੇ ਨੂੰ ਬਰਕਰਾਰ ਰੱਖਣ ਲਈ ਭਵਿੱਖ ਯੋਜਨਾ ਦੀ ਲੋੜ ਹੈ। ਕਈ ਦਹਾਕਿਆਂ ਤੋਂ ਅਪਣਾਇਆ ਗਿਆ ਫ਼ਸਲ ਚੱਕਰ ਖੜ੍ਹੋਤ ਦਾ ਕਾਰਨ ਬਣ ਜਾਂਦਾ ਹੈ । ਪੰਜਾਬ ਦੀ ਖੇਤੀ ਦੀ ਵਿਕਾਸ ਦਰ ਦੋ ਪ੍ਰਤੀਸ਼ਤ ਤੋਂ ਵੀ ਘੱਟ ਗਈ ਹੈ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵੀ ਤਿੰਨਾਂ ਹੀ ਧਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਬਜ਼ੀਆਂ ਦੀ ਕਾਸ਼ਤ ਅਤੇ ਇਨ੍ਹਾਂ ਦੇ ਪਦਾਰਥੀਕਰਨ ਸੰਬੰਧੀ ਖੋਜ ਨੂੰ ਪਹਿਲ ਦੇਣ ਦੀ ਲੋੜ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਨੂੰ ਇਸ ਕਾਰਜ ਲਈ ਲੋੜੀਂਦੀਆਂ ਮਾਇਕ ਸਹੂਲਤਾਂ ਦੇਵੇ। ਸਬਜ਼ੀਆਂ ਦੇ ਬੀਜ ਵੱਡੀ ਸਮੱਸਿਆ ਹੈ। ਪੰਜਾਬ ਸਰਕਾਰ ਤੇ ਯੂਨੀਵਰਸਿਟੀ ਨੂੰ ਰਲ ਕੇ ਸੁਧਰੀਆਂ ਕਿਸਮਾਂ ਦੇ ਬੀਜ ਤਿਆਰ ਕਰਨੇ ਚਾਹੀਦੇ ਹਨ। ਕਿਸਾਨਾਂ ਨੇ ਸਬਜ਼ੀਆਂ ਦੀ ਕਾਸ਼ਤ ਦੇ ਆਪਣੇ ਆਪ ਸਸਤੇ ਅਤੇ ਸੌਖੇ ਢੰਗ ਵਿਕਸਤ ਕੀਤੇ ਹਨ। ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਯੂਨੀਵਰਸਿਟੀ ਖੋਜ ਨੂੰ ਅੱਗੇ ਤੋਰੇ। ਖਿੱਤੇ ਦੀ ਲੋੜ ਅਤੇ ਪੌਣ-ਪਾਣੀ ਅਨੁਸਾਰ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾਵੇ। ਵਿਕਰੀ ਲਈ ਕਿਸਾਨ ਆਪ ਰਲ ਕੇ ਯਤਨ ਕਰ ਸਕਦੇ ਹਨ ਤੇ ਸਰਕਾਰ ਵੀ ਇਸ ਪਾਸੇ ਯੋਗਦਾਨ ਪਾ ਸਕਦੀ ਹੈ। ਸਸਤਾ ਆਟਾ ਦਾਲ ਸਕੀਮ ਅਧੀਨ ਆਲੂ ਅਤੇ ਪਿਆਜ਼ ਵੀ ਸ਼ਾਮਿਲ ਕੀਤੇ ਜਾਣ। ਇੰਝ ਇਨ੍ਹਾਂ ਦੀ ਵਿਕਰੀ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਪੰਜਾਬ ਦੀ ਖੇਤੀ ਲਈ ਡੇਅਰੀ ਫਾਰਮਿੰਗ ਤੇ ਸਬਜ਼ੀਆਂ ਦੀ ਕਾਸ਼ਤ ਸਭ ਤੋਂ ਵੱਧ ਢੁੱਕਵੇਂ ਬਦਲ ਹਨ। ਪੰਜਾਬੀ ਮੁੱਢ ਕਦੀਮ ਤੋਂ ਹੀ ਪਸ਼ੂ-ਪਾਲਕ ਰਹੇ ਹਨ। ਦੁੱਧ ਦੀ ਵਰਤੋਂ ਸਾਰੇ ਸੰਸਾਰ ਵਿਚ ਸਭ ਤੋਂ ਵੱਧ ਪੰਜਾਬੀ ਹੀ ਕਰਦੇ ਹਨ। ਇਸੇ ਕਰ ਕੇ ਦੁੱਧ ਨੂੰ ਪੁੱਤਰ ਨਾਲ ਬਰਾਬਰੀ ਦਿੱਤੀ ਗਈ ਹੈ। ਹਰੇਕ ਪੰਜਾਬੀ ਪਰਿਵਾਰ ਦੁੱਧ ਤੇ ਪੁੱਤ ਲਈ ਲੋਚਦਾ ਹੈ। ਪੰਜਾਬ ਵਿੱਚ ਸਾਰੀ ਧਰਤੀ ਸੇਂਜੂ ਹੋਣ ਕਰ ਕੇ ਇਥੇ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਹੋ ਸਕਦਾ ਹੈ। ਹੁਣ ਵੀ ਪੰਜਾਬ ਦੁੱਧ ਉਤਪਾਦਨ ਲਈ ਮੋਹਰੀ ਹੈ। ਚੰਗੇ ਪ੍ਰਬੰਧਨ ਨਾਲ ਹੋਰ ਵਾਧਾ ਕੀਤਾ ਜਾ ਸਕਦਾ ਹੈ। ਇਸ ਧੰਦੇ ਨੂੰ ਵਪਾਰਕ ਪੱਧਰ ਉਤੇ ਵਿਕਸਤ ਕਰਨ ਲਈ ਮੁੜ ਤਿੰਨਾਂ ਧਿਰਾਂ ਦੇ ਯੋਗਦਾਨ ਦੀ ਲੋੜ ਹੈ। ਕਿਸਾਨ ਨੂੰ ਹੱਥੀਂ ਮਿਹਨਤ ਕਰਨੀ ਪਵੇਗੀ। ਸਵੇਰੇ ਸ਼ਾਮ ਆਪਣੇ ਪਸ਼ੂਆਂ ਨਾਲ ਗੱਲਾਂ ਕਰਨੀ ਪੈਣਗੀਆਂ ਤੇ ਬੱਚਿਆਂ ਵਾਂਗ ਧਿਆਨ ਰੱਖਣਾ ਪਵੇਗਾ। ਦੁੱਧ ਦੀ ਚੁਆਈ ਤੇ ਸੰਭਾਲ ਦਾ ਕੰਮ ਵੀ ਆਪਣੀ ਦੇਖ-ਰੇਖ ਵਿੱਚ ਕਰਨਾ ਪਵੇਗਾ। ਦੂਜੀ ਲੋੜ ਤਕਨਾਲੋਜੀ ਦੀ ਹੈ। ਗੁਰੂ ਅੰਗਦ ਦੇਵ ਪਸ਼ੂ ਪਾਲਣ ਯੂਨੀਵਰਸਿਟੀ ਕੋਲ ਦੇਸ਼ ਦਾ ਸਭ ਤੋਂ ਵਧੀਆ ਮੱਝਾਂ ਦਾ ਵੱਗ ਹੈ। ਵਧੀਆ ਨਸਲ ਦੀਆਂ ਵੱਛੀਆਂ ਅਤੇ ਕੱਟੀਆਂ ਤਿਆਰ ਕਰ ਕੇ ਕਿਸਾਨਾਂ ਨੂੰ ਦੇਣ ਦਾ ਪ੍ਰਬੰਧ ਇਸੇ ਦੀ ਜ਼ਿੰਮੇਵਾਰੀ ਹੈ। ਪਸ਼ੂ ਪ੍ਰਬੰਧ ਦੇ ਵਿਗਿਆਨਕ ਢੰਗਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਵੀ ਇਸ ਨੇ ਹੀ ਕਰਨਾ ਹੈ। ਚਾਰਿਆਂ ਦੀਆਂ ਨਵੀਆਂ ਕਿਸਮਾਂ ਵਿਕਸਤ ਹੋਣ। ਇਨ੍ਹਾਂ ਸਾਰੇ ਯਤਨਾਂ ਨਾਲ ਹੀ ਡੇਅਰੀ ਵਿਕਸਤ ਹੋਵੇਗੀ । ੍ਹ
-ਡਾ. ਰਣਜੀਤ ਸਿੰਘ

Loading