ਤਰਨ ਤਾਰਨ/ਏ.ਟੀ.ਨਿਊਜ਼:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਤਰਨ ਤਾਰਨ ਦੀ ਜ਼ਮੀਨ ਦੇ ਪਲਾਟਾਂ ਦੀ ਵਿਕਰੀ ਕਰਨ ਲਈ ਕੀਤੀ ਜਾ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ’ਤੇ ਲਾਈ ਗਈ ਹੈ। ਸਬ-ਕਮੇਟੀ ਦੀ ਬੀਤੇ ਤਿੰਨ ਮਹੀਨਿਆਂ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਗਈ ਹੈ।
ਦਰਬਾਰ ਸਾਹਿਬ ਤੋਂ ਜਾਰੀ ਸੂਚਨਾ ਵਿੱਚ ਦੱਸਿਆ ਗਿਆ ਕਿ ਦਰਬਾਰ ਸਾਹਿਬ ਦੀ ਜ਼ਮੀਨ ਦੀ ਵਿਕਰੀ ਕਰਨ ਲਈ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਹੁਕਮਾਂ ’ਤੇ ਸਬ-ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੀਆਂ ਬੀਤੇ ਤਿੰਨ ਮਹੀਨਿਆਂ ਅੰਦਰ ਕਈ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਆਧਾਰ ’ਤੇ ਵਿਕਰੀ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਸੀ। ਇਸੇ ਦੌਰਾਨ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਇਸ ਜ਼ਮੀਨ ਦੀ ਵਿਕਰੀ ਕਰਨ ਪਿੱਛੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਸਨ। ਦਰਬਾਰ ਸਾਹਿਬ ਵੱਲੋਂ ਜਾਰੀ ਕੀਤੀ ਸੂਚਨਾ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੇ ਹੁਕਮਾਂ ’ਤੇ ਦਰਬਾਰ ਸਾਹਿਬ ਦੀ ਜ਼ਮੀਨ ਦੀ ਵਿਕਰੀ ਕਰਨ ਲਈ ਸਬ-ਕਮੇਟੀ ਦੀ ਬੀਤੇ ਤਿੰਨ ਮਹੀਨਿਆਂ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਹੁਕਮਾਂ ਮਗਰੋਂ ਇਸ ਜ਼ਮੀਨ ਦੀ ਵਿਕਰੀ ਕੀਤੇ ਜਾਣ ਦੀ ਕਾਰਵਾਈ ਠੱਪ ਹੋ ਗਈ ਹੈ।