ਕੋਪਨਹੇਗਨ ਨੂੰ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ

In ਮੁੱਖ ਖ਼ਬਰਾਂ
June 25, 2025

ਲੰਡਨ/ਏ.ਟੀ.ਨਿਊਜ਼: ਇੰਗਲੈਂਡ ਦੀ ਸੰਸਥਾ ‘ਦੀ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ’ ਵੱਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ। ਯੂਰਪੀ ਦੇਸ਼ ਆਸਟਰੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਚ ਨੂੰ ਸਾਂਝੇ ਤੌਰ ’ਤੇ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਨੂੰ ਇਸ ਦਰਜਾਬੰਦੀ ਵਿੱਚ ਚੌਥਾ ਸਥਾਨ, ਸਿਡਨੀ ਨੂੰ ਛੇਵਾਂ ਅਤੇ ਐਡੀਲੇਡ ਨੂੰ ਨੌਵਾਂ ਸਥਾਨ ਹਾਸਿਲ ਹੋਇਆ ਹੈ।
ਇਹ ਸਰਵੇਖਣ ਵਿਸ਼ਵ ਦੇ 173 ਸ਼ਹਿਰਾਂ ਵਿੱਚ ਕਰਵਾਇਆ ਗਿਆ ਤੇ ਇਹ ਵਧੀਆਂ ਸਿਹਤ ਸਹੂਲਤਾਂ, ਵਾਤਾਵਰਣ,ਉੱਚ ਸਿੱਖਿਆ, ਬੁਨਿਆਦੀ ਢਾਂਚਾ, ਅਤੇ ਸੱਭਿਆਚਾਰ ਤੇ ਆਧਾਰਿਤ ਸੀ। ਇਸ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਨੂੰ ਪੰਜਵਾਂ, ਜਾਪਾਨ ਦੇ ਸ਼ਹਿਰ ਉਸਾਕਾ ਅਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨੂੰ ਸਾਂਝੇ ਤੌਰ ’ਤੇ ਸੱਤਵਾਂ ਦਰਜਾ ਹਾਸਿਲ ਹੋਇਆ ਹੈ। ਕੈਨੇਡਾ ਦੇ ਸ਼ਹਿਰ ਵੈਨਕੂਵਰ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਪਹਿਲਗਾਮ ਹਮਲੇ ਅਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਈ ਜੰਗ ਕਰਕੇ ਭਾਰਤੀ ਸ਼ਹਿਰ ਕੋਈ ਵੀ ਸਨਮਾਨਯੋਗ ਦਰਜਾ ਪ੍ਰਾਪਤ ਕਰਨ ਵਿੱਚ ਨਾਕਾਮ ਰਹੇ ਹਨ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਦਮਾਸਸ, ਕੀਵ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤਿ੍ਰਪੋਲੀ ਆਦਿ ਐਲਾਨੇ ਗਏ ਹਨ।

Loading