
ਜਗਮੋਹਨ ਸਿੰਘ :
ਸਾਲ 2027 ਦੌਰਾਨ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਮੰਨੀ ਜਾ ਰਹੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਵੱਡੀ ਜਿੱਤ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਿਆਸੀ ਤਾਕਤ ਨੂੰ ਹੋਰ ਮਜਬੂਤ ਕੀਤਾ ਹੈ, ਉਥੇ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਆਪਣੀ ਹਾਰ ਦੇ ਕਾਰਨਾਂ ਬਾਰੇ ਘੋਖ ਪੜਤਾਲ ਕਰਕੇ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਲਿਆਉਣ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਲੁਧਿਆਣਾ ਨੂੰ ‘ਭਾਰਤ ਦਾ ਮਾਨਚੈਸਟਰ’ ਵੀ ਕਿਹਾ ਜਾਂਦਾ ਹੈ ਅਤੇ ਇਹ ਸ਼ਹਿਰ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ। ਜਿਸ ਕਰਕੇ ਇਸ ਸ਼ਹਿਰ ਦੇ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ। ਭਾਵੇਂ 19 ਜੂਨ ਨੂੰ ਹੋਈ ਵੋਟਿੰਗ ਵਿੱਚ 51.33 ਫ਼ੀਸਦੀ ਪੋਲਿੰਗ ਹੀ ਦਰਜ ਕੀਤੀ ਗਈ ਸੀ। ਇਸ ਸੀਟ ’ਤੇ ਹੋਏ ਸਖ਼ਤ ਮੁਕਾਬਲੇ ਦੇ ਬਾਵਜੂਦ ਵੱਡੀ ਗਿਣਤੀ ਵੋਟਰ ਵੋਟ ਪਾਉਣ ਲਈ ਨਹੀਂ ਸੀ ਨਿਕਲੇ, ਇਸ ਦੇ ਬਾਵਜੂਦ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਕਾਫ਼ੀ ਅਹਿਮੀਅਤ ਰੱਖਦੀ ਹੈ।
ਇਸ ਚੋਣ ਦੇ ਨਤੀਜੇ ਪੰਜਾਬ ਦੇ ਸਿਆਸੀ ਦ੍ਰਿਸ਼ ’ਚ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਵੀ ਦਿੰਦੇ ਦਿਖਾਈ ਦੇ ਰਹੇ ਹਨ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਦਾ ਹੁਣੇ ਤੋਂ ਸੰਕੇਤ ਦੇ ਰਹੇ ਹਨ। ਧੜੇਬੰਦੀ ਦੇ ਬਾਵਜੂਦ ਇਸ ਚੋਣ ਵਿੱਚ ਕਾਂਗਰਸ ਦਾ ਉਮੀਦਵਾਰ ਦੂਜੇ ਸਥਾਨ ’ਤੇ ਰਿਹਾ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਪੰਜਾਬ ਦੇ ਅਨੇਕਾਂ ਲੋਕ ਅਜੇ ਵੀ ਕਾਂਗਰਸ ਵਿਚੋਂ ਸੰਭਾਵਨਾਵਾਂ ਤਲਾਸ਼ ਕਰਨ ਦਾ ਯਤਨ ਕਰ ਰਹੇ ਹਨ। ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਹਾਰ ਕਾਰਨ ਇਸ ਪਾਰਟੀ ਵਿੱਚ ਧੜੇਬੰਦੀ ਹੋਰ ਵੱਧ ਜਾਣ ਦੇ ਆਸਾਰ ਪੈਦਾ ਹੋ ਗਏ ਹਨ। ਇਸ ਚੋਣ ਵਿੱਚ ਭਾਜਪਾ ਉਮੀਦਵਾਰ ਨੇ ਤੀਜੇ ਨੰਬਰ ’ਤੇ ਰਹਿ ਕੇ ਵੀ ਚੰਗੀ ਕਾਰਗੁਜ਼ਾਰੀ ਦਿਖਾਈ। ਭਾਜਪਾ ਨੂੰ ਇਸ ਹਲਕੇ ਵਿੱਚ ਉਮੀਦਵਾਰ ਐਲਾਨਣ ’ਚ ਹੋਈ ਦੇਰੀ ਕਾਰਨ ਵੀ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਲਕੇ ਤੋਂ ਭਾਜਪਾ ਸਿਆਸੀ ਤਸਵੀਰ ਬਦਲਣ ਵਿੱਚ ਕਾਮਯਾਬ ਨਹੀਂ ਹੋਈ ਭਾਵੇਂ ਕਿ ਉਸ ਦਾ ਪ੍ਰਦਰਸ਼ਨ ਇਸ ਚੋਣ ਵਿੱਚ ਕੁਝ ਬਿਹਤਰ ਕਿਹਾ ਜਾ ਸਕਦਾ ਹੈ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਬਾਦਲ ਦਾ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਚੌਥੇ ਸਥਾਨ ’ਤੇ ਰਿਹਾ ਹੈ ਅਤੇ ਉਸ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਹੈ। ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਪੰਜਾਬ ਦੇ ਲੋਕ ਅਜੇ ਵੀ ਅਕਾਲੀ ਦਲ ਬਾਦਲ ਨਾਲ ਨਾਰਾਜ਼ ਹਨ। ਸੁਖਬੀਰ ਬਾਦਲ ਦੇ ਪਾਰਟੀ ਦਾ ਮੁੜ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲੀ ਚੋਣ ਸੀ ਅਤੇ ਇਸ ਚੋਣ ਦੌਰਾਨ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਡੇਰਾ ਲਗਾ ਰੱਖਿਆ ਸੀ ਪਰ ਸੁਖਬੀਰ ਬਾਦਲ ਦਾ ਜਾਦੂ ਨਹੀਂ ਚੱਲ ਸਕਿਆ। ਇਸ ਚੋਣ ਵਿੱਚ ਅਕਾਲੀ ਦਲ ਨੇ ਸਾਲ 2022 ਵਾਲੀ ਹੀ ਕਾਰਗੁਜ਼ਾਰੀ ਦਿਖਾਈ ਹੈ। ਸਾਲ 2022 ਵਿੱਚ ਵੀ ਇਸ ਹਲਕੇ ਤੋਂ ਅਕਾਲੀ ਦਲ ਬਾਦਲ ਦਾ ਉਮੀਦਵਾਰ ਚੌਥੇ ਨੰਬਰ ’ਤੇ ਹੀ ਰਿਹਾ ਸੀ। ਇਸ ਕਰਕੇ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਵਿੱਚ ਸਾਲ 2022 ਤੋਂ ਲੈ ਕੇ ਹੁਣ ਤੱਕ ਕੋਈ ਸੁਧਾਰ ਨਹੀਂ ਆਇਆ ਹੈ। ਇਹ ਚੋਣ ਦੌਰਾਨ ਅਕਾਲੀ ਉਮੀਦਵਾਰ ਘੁੰਮਣ ਨੂੰ 8203 ਵੋਟਾਂ ਪਈਆਂ ਹਨ ਜਦੋਂ ਕਿ ਸਾਲ 2022 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ 10,072 ਵੋਟਾਂ ਪਈਆਂ ਸਨ। ਇਸ ਤਰ੍ਹਾਂ ਇਸ ਚੋਣ ਵਿੱਚ ਬਾਦਲ ਦਲ ਦੀ ਕਾਰਗੁਜ਼ਾਰੀ ਪਹਿਲਾਂ ਨਾਲੋਂ ਵੀ ਢਿੱਲੀ ਰਹਿ ਗਈ ਹੈ। ਵਿਧਾਨ ਸਭਾ ਦੀਆਂ 1977 ਤੋਂ ਹੁਣ ਤੱਕ ਦਸ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੋ ਵਾਰ ਇਸ ਹਲਕੇ ਤੋਂ ਜਿੱਤਿਆ ਹੈ। 2007 ਵਿੱਚ ਪਾਰਟੀ ਉਮੀਦਵਾਰ ਹਰੀਸ਼ ਰਾਏ ਢਾਂਡਾ 57.0 ਫ਼ੀਸਦੀ ਵੋਟਾਂ ਲੈ ਕੇ ਇਸ ਹਲਕੇ ਤੋਂ ਜਿੱਤ ਗਏ ਸਨ।
ਸਿਆਸੀ ਮਾਹਿਰ ਕਹਿ ਰਹੇ ਹਨ ਕਿ ਇਸ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਉਸ ਵੱਲੋਂ ਪੰਜਾਬ ਦੇ ਆਮ ਲੋਕਾਂ ਲਈ ਕੀਤੇ ਗਏ ਕੰਮਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਘਰੇਲੂ ਸੈਕਟਰ ਲਈ 300 ਯੂਨਿਟ ਮੁਫ਼ਤ ਬਿਜਲੀ ਦੇਣ, ਮੁਹੱਲਾ ਕਲੀਨਿਕ ਖੋਲ੍ਹਣ ਤੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ, ਜ਼ਮੀਨਾਂ ਦੀ ਰਜਿਸਟਰੀ ਨੂੰ ਆਸਾਨ ਬਣਾਉਣ ਦੇ ਕੰਮਾਂ ਨੂੰ ਲੋਕਾਂ ਨੇ ਚੰਗਾ ਸਮਝਿਆ, ਜਿਸ ਦੇ ਨਤੀਜੇ ਵਜੋਂ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਪੱਕੀ ਹੋਈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਵੱਡੀ ਗਿਣਤੀ ਹੈ। ਕਿਸਾਨਾਂ ਦੇ ਧਰਨਿਆਂ ਕਾਰਨ ਇਹਨਾਂ ਉਦਯੋਗਪਤੀਆਂ ਅਤੇ ਵਪਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਸੀ। ਪੰਜਾਬ ਦੀ ‘ਆਪ ਸਰਕਾਰ’ ਨੇ ਕਿਸਾਨਾਂ ਦੇ ਧਰਨੇ ਹਟਵਾ ਕੇ ਪੰਜਾਬ ਦੇ ਦਿਹਾਤੀ ਲੋਕਾਂ ਨੂੰ ਤਾਂ ਭਾਵੇਂ ਨਾਰਾਜ਼ ਕਰ ਲਿਆ ਸੀ ਪਰ ਸ਼ਹਿਰੀ ਵਰਗ ਨੂੰ ਕਿਸਾਨਾਂ ਦੇ ਧਰਨੇ ਹਟਵਾਏ ਜਾਣ ਨਾਲ ਵੱਡੀ ਰਾਹਤ ਮਿਲੀ ਸੀ। ਇਸ ਜ਼ਿਮਨੀ ਚੋਣ ਤੋਂ ਪਹਿਲਾਂ ਲੁਧਿਆਣਾ ਦੇ ਲੋਕਾਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਨੈਸ਼ਨਲ ਹਾਈਵੇ ਤੋਂ ਕਿਸਾਨਾਂ ਦੇ ਧਰਨੇ ਹਟਵਾਉਣ ਦੀ ਮੰਗ ਕੀਤੀ ਸੀ ਤੇ ਸਰਕਾਰ ਨੇ ਉਹਨਾਂ ਦੀ ਮੰਗ ਮੰਨਦਿਆਂ ਇਹ ਧਰਨੇ ਜ਼ਬਰਦਸਤੀ ਚੁੱਕਵਾ ਦਿੱਤੇ ਸਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਖਾਸ ਕਰਕੇ ਲੁਧਿਆਣਾ ਦੇ ਲੋਕਾਂ ਦੀ ਮੰਗ ਪੂਰੀ ਕੀਤੀ ਸੀ ਤਾਂ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਆਮ ਆਦਮੀ ਪਾਰਟੀ ਦੀਆਂ ਉਮੀਦਾਂ ਪੂਰੀਆਂ ਕੀਤੀਆਂ ਹਨ। ਇਸ ਚੋਣ ਤੋਂ ਮਿਲੀ ਜਿੱਤ ਵਿੱਚ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਏਨੀ ਖੁਸ਼ ਹੈ ਕਿ ਉਸ ਨੇ ਐਲਾਨ ਕਰ ਦਿੱਤਾ ਹੈ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਭਗਵੰਤ ਮਾਨ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਹੀ ਪਾਰਟੀ ਦਾ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਹੁਣੇ ਤੋਂ ਐਲਾਨ ਦਿੱਤਾ ਹੈ। ਆਪ ਸੁਪਰੀਮੋ ਕੇਜਰੀਵਾਲ ਨੇ ਤਾਂ ਵੱਡੇ ਹੌਂਸਲੇ ਵਿੱਚ ਆ ਕੇ ਕਹਿ ਦਿੱਤਾ ਹੈ ਕਿ ਸਾਲ 2022 ਦੌਰਾਨ ਪੰਜਾਬ ’ਚ ਆਮ ਆਦਮੀ ਪਾਰਟੀ ਦੀ ‘ਹਨੇਰੀ’ ਆਈ ਸੀ ਤੇ ਸਾਲ 2027 ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ‘ਝੱਖੜ’ ਆਵੇਗਾ।
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਦਾ ਪੰਜਾਬ ਦੀ ਸਿਆਸਤ ’ਤੇ ਵੀ ਵੱਡਾ ਪ੍ਰਭਾਵ ਪੈਣਾ ਲਾਜ਼ਮੀ ਹੈ। ਇਸ ਨਤੀਜੇ ਨਾਲ ਪੰਜਾਬ ਦੀ ਸਿਆਸਤ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੇ ਆਸਾਰ ਬਣ ਗਏ ਹਨ। ਇਸ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਜਿਥੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਨਿਕਲੀ ਹੈ, ਉਥੇ ਕਾਂਗਰਸ, ਭਾਜਪਾ ਅਤੇ ਬਾਦਲ ਦਲ ਨੂੰ ਵੀ ਆਪਣੀ ਹਾਰ ਦੇ ਕਾਰਨਾਂ ਸਬੰਧੀ ਸੋਚ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਦੌਰਾਨ ਇਸ ਚੋਣ ਦੇ ਨਤੀਜੇ ਦਾ ਪ੍ਰਭਾਵ ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਵੀ ਵੇਖਣ ਨੂੰ ਮਿਲੇਗਾ।
ਡੱਬੀ
ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਕੁੱਲ 35,179 ਵੋਟਾਂ ਮਿਲੀਆਂ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ 24,542 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ 20,323 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜ਼ਬਤ ਹੋ ਗਈ। ਉਨ੍ਹਾਂ ਨੂੰ ਸਿਰਫ਼ 8,203 ਵੋਟਾਂ ਪਈਆਂ। ਜ਼ਿਮਨੀ ਚੋਣ ਵਿੱਚ 793 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਹਲਕੇ ’ਤੇ ਸਿਆਸੀ ਝਾਤ ਮਾਰੀਏ ਤਾਂ ਸਾਲ 2022 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ‘ਆਪ’ ਨੂੰ 34.8 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂ ਕਿ ਹੁਣ 39.02 ਫ਼ੀਸਦੀ ਵੋਟਾਂ ਮਿਲੀਆਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ‘ਆਪ’ ਨੂੰ 24.6 ਫ਼ੀਸਦੀ ਵੋਟ ਮਿਲੇ ਸਨ।
ਡੱਬੀ
ਗੁਜਰਾਤ ਦੀ ਜ਼ਿਮਨੀ ਚੋਣ ਵੀ ਜਿੱਤ ਗਈ ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਇਸ ਸਮੇਂ ਜਿੱਤ ਦੇ ਦੋਹਰੇ ਜਸ਼ਨ ਮਨਾ ਹੈ। ਇੱਕ ਪਾਸੇ ਉਸ ਨੇ ਪੰਜਾਬ ਦੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤ ਲਈ ਹੈ, ਦੂਜੇ ਪਾਸੇ ਉਸ ਨੇ ਗੁਜਰਾਤ ਵਿੱਚ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ‘ਵਿਸਾਵਦਰ’ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ। ਇਸ ਹਲਕੇ ਤੋਂ ਹੋਈ ਚੋਣ ਵਿੱਚ ‘ਆਪ’ ਉਮੀਦਵਾਰ ਇਤਾਲੀਆ ਗੋਪਾਲ ਨੇ ਭਾਜਪਾ ਦੇ ਕਿਰਿਤ ਪਟੇਲ ਨੂੰ 17554 ਵੋਟਾਂ ਨਾਲ ਹਰਾਇਆ। ‘ਆਪ’ ਉਮੀਦਵਾਰ ਇਤਾਲੀ ਗੋਪਾਲ ਨੂੰ ਕੁੱਲ 75942 ਵੋਟਾਂ ਪਈਆਂ। ਪਟੇਲ 58388 ਵੋਟਾਂ ਨਾਲ ਦੂਜੇ ਜਦੋਂਕਿ ਕਾਂਗਰਸੀ ਉਮੀਦਵਾਰ ਨਿਤਿਨ ਰਣਪਾਰੀਆ 5501 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ ‘ਆਪ’ ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇਣ ਅਤੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਜਿਹੜੇ ਸਿਆਸੀ ਆਗੂ ਕਹਿੰਦੇ ਸਨ ਕਿ ਸੱਤਾਧਾਰੀ ਪਾਰਟੀ ਲਈ ਜ਼ਿਮਨੀ ਚੋਣ ਜਿੱਤਣਾ ਔਖਾ ਨਹੀਂ ਹੁੰਦਾ, ਉਹਨਾਂ ਸਿਆਸੀ ਆਗੂਆਂ ਨੂੰ ਗੁਜਰਾਤ ਜ਼ਿਮਨੀ ਚੋਣ ਵਿਰੋਧੀ ਧਿਰ ਵਿੱਚ ਰਹਿੰਦਿਆਂ ਵੱਡੇ ਅੰਤਰ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਨੇ ਸੋਚਾਂ ਵਿੱਚ ਪਾ ਦਿੱਤਾ ਹੈ। ਪੰਜਾਬ ਅਤੇ ਗੁਜਰਾਤ ਦੀਆਂ ਜ਼ਿਮਨੀ ਚੋਣਾਂ ਵਿੱਚ ‘ਆਪ’ ਨੂੰ ਮਿਲੀ ਜਿੱਤ ਤੋਂ ਬਾਅਦ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਵੱਖ- ਵੱਖ ਸੂਬਿਆਂ ਦੇ ਸਿਆਸੀ ਦ੍ਰਿਸ਼ ’ਚ ਆਮ ਵੋਟਰ ਆਮ ਆਦਮੀ ਪਾਰਟੀ ’ਚ ਨਵੀਂਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਗੁਜਰਾਤ ’ਚ ਵੀ ਪੰਜਾਬ ਵਾਂਗ ਹੀ ਸਾਲ 2027 ਦੌਰਾਨ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ ਕਾਰਨ ਇਹਨਾਂ ਜ਼ਿਮਨੀ ਚੋਣਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫ਼ਾਈਨਲ ਮੰਨਿਆ ਜਾ ਰਿਹਾ ਹੈ।