
ਜਗਮੋਹਨ ਸਿੰਘ :
ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕੈਨੇਡਾ ਨੂੰ ਭਾਰਤੀ ਵਿਦਿਆਰਥੀਆਂ ਦੀ ‘ਸੁਪਨ ਨਗਰੀ’ ਕਿਹਾ ਜਾਂਦਾ ਸੀ, ਪਰ ਹੁਣ ਇਹ ਸੁਪਨਾ ਟੁੱਟਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਅਮਰੀਕਾ ਤੋਂ ਬਾਅਦ ਕੈਨੇਡਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਹਰ ਦਿਨ ਭਾਰਤੀ ਵਿਦਿਆਰਥੀਆਂ ਦੇ ਜਹਾਜ਼ ਭਰ ਕੇ ਕੈਨੇਡਾ ਜਾਂਦੇ ਹਨ। ਕੈਨੇਡਾ ਜਾਣ ਵਾਲੇ ਇਹਨਾਂ ਵਿਦਿਆਰਥੀਆਂ ਦੀਆਂ ਅੱਖਾਂ ਵਿੱਚ ਅਨੇਕਾਂ ਸੁਪਨੇ ਹੁੰਦੇ ਹਨ ਪਰ ਜਦੋਂ ਕੈਨੇਡਾ ਜਾ ਕੇ ਉਨ੍ਹਾਂ ਦੇ ਸੁਪਨਿਆਂ ਤੋਂ ਉਲਟ ਉਥੋਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਵਿਦਿਆਰਥੀਆਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ।
ਭਾਰਤ ਵਿੱਚ ਜਿਹੜੇ ਵਿਦਿਆਰਥੀਆਂ ਨੇ ਆਪਣੇ ਹੱਥ ਨਾਲ ਪਾਣੀ ਦਾ ਗਿਲਾਸ ਵੀ ਨਹੀਂ ਚੁੱਕਿਆ ਹੁੰਦਾ, ਉਹਨਾਂ ਵਿਦਿਆਰਥੀਆਂ ਨੂੰ ਵੀ ਕੈਨੇਡਾ ਵਿੱਚ ਜਾ ਕੇ ਸ਼ਿਫ਼ਟਾਂ ਵਿੱਚ ਕੰਮ ਕਰਨਾ ਪੈਂਦਾ ਹੈ ਅਤੇ ਬੇਸਮੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਫਿਰ ਅਜਿਹੇ ਵਿਦਿਆਰਥੀ ਉਸ ਸਮੇਂ ਨੂੰ ਪਛਤਾਉਂਦੇ ਹਨ, ਜਦੋਂ ਉਹ ਦਿੱਲੀ ਦੇ ਏਅਰਪੋਰਟ ਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਵਿੱਚ ਅੱਖਾਂ ਵਿੱਚ ਅਨੇਕਾਂ ਗੁਲਾਬੀ ਸੁਪਨੇ ਲੈ ਕੇ ਕੈਨੇਡਾ ਲਈ ਜਹਾਜ਼ ਚੜੇ੍ਹ ਸਨ।
ਅੰਕੜੇ ਕਹਿੰਦੇ ਹਨ ਕਿ ਕੈਨੇਡਾ ਵਿੱਚ ਸਾਲ 2023 ਦੌਰਾਨ 1,040,985 ਕੌਮਾਂਤਰੀ ਵਿਦਿਆਰਥੀ ਸਟੱਡੀ ਵੀਜ਼ਾ ਉੱਤੇ ਰਹਿ ਰਹੇ ਸਨ। ਜੋ ਕਿ 2022 ਨਾਲੋਂ 29 ਫ਼ੀਸਦੀ ਵੱਧ ਸਨ। ਸਾਲ 2023 ਦੌਰਾਨ ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ 487,085 ਭਾਰਤੀ ਵਿਦਿਆਰਥੀ ਸਨ, ਜੋ ਕਿ ਸਾਲ 2022 ਨਾਲੋਂ 33.8 ਵੱਧ ਸਨ। ਸੰਸਾਰ ਭਰ ਵਿਚਲੇ ਕੌਮਾਂਤਰੀ ਵਿਦਿਆਰਥੀਆਂ ਵਿੱਚੋਂ ਹਰ 10 ਵਿੱਚੋਂ 4 ਵਿਦਿਆਰਥੀ ਭਾਰਤੀ ਹਨ।
ਕੈਨੇਡਾ ਵਿੱਚ ਰਹਿ ਰਹੇ ਵਿਦਿਆਰਥੀ ਦੱਸਦੇ ਹਨ ਕਿ ਕੈਨੇਡਾ ਵਿੱਚ ਵਿਦਿਆਰਥੀ ਜੀਵਨ ਬਹੁਤ ਸੰਘਰਸ਼ਮਈ ਹੈ। ਮਾਨਸਿਕ ਤਣਾਅ, ਪਰਿਵਾਰ ਤੋਂ ਦੂਰ ਰਹਿਣ ਦਾ ਤਜਰਬਾ, ਕੰਮ ਨਾ ਮਿਲਣ ਦਾ ਦਬਾਅ, ਵਿਦਿਆਰਥੀ ਜੀਵਨ ਦੇ ਸੰਘਰਸ਼ ਦਾ ਹਿੱਸਾ ਬਣੇ ਹੋਏ ਹਨ। ਭਾਰਤ ਦੇ ਵਿਦਿਆਰਥੀਆਂ ਵਿਚੋਂ ਸਭ ਤੋਂ ਜਿਆਦਾ ਗਿਣਤੀ ਪੰਜਾਬ ਅਤੇ ਗੁਜਰਾਤ ਦੇ ਵਿਦਿਆਰਥੀਆਂ ਦੀ ਹੈ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ 2022 ਦੇ ਮੁਕਾਬਲੇ 2023 ਵਿੱਚ ਐਕਟਿਵ ਸਟੂਡੈਂਟ ਵੀਜ਼ਾ ਦੀ ਗਿਣਤੀ ਤਕਰੀਬਨ 29 ਫ਼ੀਸਦੀ ਵਧ ਕੇ ਕਰੀਬ 10 ਲੱਖ 40 ਹਜ਼ਾਰ ਹੋ ਗਈ।ਇਨ੍ਹਾਂ ਵਿਚੋਂ ਕਰੀਬ ਚਾਰ ਲੱਖ 87 ਹਜ਼ਾਰ ਭਾਰਤੀ ਵਿਦਿਆਰਥੀ ਸਨ।ਇਸ ਤੋਂ ਇਲਾਵਾ ਭਾਰਤੀ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਵਿੱਚ ਇੱਕ ਦੂਜੇ ਦੀ ਦੇਖਾ-ਦੇਖੀ ਵੀ ਕੈਨੇਡਾ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਕੈਨੇਡਾ ਜਾਣ ਦੀ ਥਾਂ ਭਾਰਤ ਵਿੱਚ ਰਹਿ ਕੇ ਹੀ ਉਚੇਰੀ ਪੜ੍ਹਾਈ ਕਰਨ ਲਈ ਕਹਿੰਦੇ ਹਨ ਪਰ ਵਿਦਿਆਰਥੀਆਂ ਵਿੱਚ ਕੈਨੇਡਾ ਜਾਣ ਦੀ ਧੁਨ ਛਾਈ ਹੋਣ ਕਰਕੇ ਮਾਪਿਆਂ ਨੂੰ ਨਾ ਚਾਹੁੰਦਿਆਂ ਵੀ ਆਪਣੇ ਧੀਆਂ ਪੁੱਤਰਾਂ ਨੂੰ ਉਚੇਰੀ ਪੜ੍ਹਾਈ ਲਈ ਕੈਨੇਡਾ ਭੇਜਣਾ ਪੈਂਦਾ ਹੈ।
ੈ ਕੈਨੇਡਾ ਰਹਿ ਰਹੇ ਕੌਮਾਂਤਰੀ ਵਿਦਿਆਰਥੀ ਕਹਿੰਦੇ ਹਨ ਕਿ ਕੈਨੇਡਾ ਤਾਂ ਉਹਨਾਂ ਲਈ ਮਿੱਠੀ ਜੇਲ੍ਹ ਹੈ, ਜਿਥੇ ਕਿ ਹਰ ਚੀਜ਼ ਮਿਲ ਜਾਂਦੀ ਹੈ ਪਰ ਇਥੇ ਉਹਨਾਂ ਨੂੰ ਅਪਣੱਤ ਨਹੀਂ ਮਿਲਦੀ ਅਤੇ ਇੱਥੇ ਇਹ ਗੱਲ ਕਹਿਣ ਵਾਲਾ ਕੋਈ ਨਹੀਂ ਹੁੰਦਾ ਕਿ ‘ਪੁੱਤਰ ਰੋਟੀ ਖਾ ਲਈ ਹੈ ਕਿ ਨਹੀਂ? ’ ਸਭ ਕੁਝ ਮਸ਼ੀਨੀ ਹੋ ਗਿਆ ਹੈ ਅਤੇ ਕੈਨੇਡਾ ਆ ਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਮਸ਼ੀਨਾਂ ਨਾਲ ਮਸ਼ੀਨਾਂ ਵਰਗਾ ਹੋ ਕੇ ਹੀ ਕੰਮ ਕਰਨਾ ਪੈਂਦਾ ਹੈ।
ਕੈਨੇਡਾ ਵਿੱਚ ਵੱਡੀ ਗਿਣਤੀ ਵਿਦਿਆਰਥੀ ਗੁਰੂ ਘਰਾਂ ਦਾ ਆਸਰਾ ਲੈਂਦੇ ਹਨ।
ਕਿਉਂਕਿ ਇਸ ਸਮੇਂ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ, ਉਥੇ ਹੀ ਰੁਜ਼ਗਾਰ ਦੇ ਸਾਧਨ ਘੱਟ ਹੋ ਰਹੇ ਹਨ।
ਕੈਨੇਡਾ ਆ ਕੇ ਹੀ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸੁਪਨਿਆਂ ਅਤੇ ਅਸਲੀਅਤ ਵਿੱਚ ਵੱਡਾ ਅੰਤਰ ਹੋਣ ਦਾ ਪਤਾ ਚੱਲਦਾ ਹੈ ਪਰ ਇਸਦੇ ਬਾਵਜੂਦ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਵੱਸਣ ਦੇ ਲਈ ਦਿਨ ਰਾਤ ਇੱਕ ਕਰ ਰਹੇ ਹਨ। ਜਾਇਜ਼ ਤੇ ਨਾਜਾਇਜ਼ ਦੋਵਾਂ ਤਰ੍ਹਾਂ ਦੇ ਤਰੀਕੇ ਵਿਦੇਸ਼ ਜਾਣ ਲਈ ਅਪਣਾਏ ਜਾ ਰਹੇ ਹਨ। ਜਿਹੜੇ ਵਿਦਿਆਰਥੀ ਅਤੇ ਨੌਜਵਾਨ 25-30 ਲੱਖ ਰੁਪਏ ਲਗਾ ਕੇ ਕੈਨੇਡਾ ਜਾ ਰਹੇ ਹਨ, ਉਹਨਾਂ ਨੂੰ ਵੀ ਕੈਨੇਡਾ ’ਚ ਬੇਰੁਜ਼ਗਾਰੀ ਅਤੇ ਰਿਹਾਇਸ਼ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਜਾਣ ਲਈ 25-30 ਲੱਖ ਰੁਪਏ ਖ਼ਰਚਣ ਦੀ ਥਾਂ ਇਹਨਾਂ ਪੈਸਿਆਂ ਨਾਲ ਪੰਜਾਬ ’ਚ ਹੀ ਕੋਈ ਕੰਮ ਧੰਦਾ ਸ਼ੁਰੂ ਕਰਨ, ਜਿਸ ਨਾਲ ਉਹਨਾਂ ਨੂੰ ਚੰਗੀ ਆਮਦਨੀ ਵੀ ਹੋਵੇਗੀ ਅਤੇ ਉਹਨਾਂ ਨੂੰ ਆਪਣੇ ਪਰਿਵਾਰ ਅਤੇ ਜੱਦੀ ਘਰਾਂ ਤੋਂ ਦੂਰ ਵੀ ਨਹੀਂ ਹੋਣਾ ਪਵੇਗਾ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰੇ ਤਾਂ ਕਿ ਨੌਜਵਾਨਾਂ ਨੂੰ ਕਮਾਈ ਲਈ ‘ਕੈਨੇਡਾ’ ਜਾਣ ਦੀ ਲੋੜ ਨਾ ਪਵੇ।