ਰੂਹ ਦੀ ਖ਼ੁਰਾਕ ਹੁੰਦਾ ਹੈ ਸੰਗੀਤ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਮਹਾਨ ਦਾਰਸ਼ਨਿਕ ਪਲੈਟੋ ਨੇ ਕਿਹਾ ਸੀ, ‘ਸੰਗੀਤ ਇਸ ਬ੍ਰਹਿਮੰਡ ਦੀ ਆਤਮਾ ਹੈ। ਇਹ ਮਨ ਨੂੰ ਖੰਭ, ਚੇਤਨਾ ਨੂੰ ਉਡਾਣ ਅਤੇ ਸੰਸਾਰ ਦੀ ਹਰ ਸ਼ੈਅ ਨੂੰ ਜੀਵਨ ਪ੍ਰਦਾਨ ਕਰਦਾ ਹੈ।’ ਪਲੈਟੋ ਦੇ ਇਹ ਬੋਲ ਨਿਰੋਲ ਅਤੇ ਪੂਰਨ ਸੱਚ ਬੋਲਦੇ ਹਨ। ਇਸੇ ਤਰ੍ਹਾਂ ਵਿਸ਼ਵ ਦੇ ਮਹਾਨ ਸਾਹਿਤਕਾਰ ਵਿਕਟਰ ਹਿਊਗੋ ਨੇ ਵੀ ਸੰਗੀਤ ਦੀ ਉਸਤਤ ਕਰਦਿਆਂ ਆਖਿਆ ਸੀ, ‘ਸੰਗੀਤ ਤਾਂ ਮਨੁੱਖ ਦੇ ਉਹ ਜਜ਼ਬਾਤ ਹਨ ਜੋ ਸ਼ਬਦਾਂ ’ਚ ਬਿਆਨ ਨਹੀਂ ਕੀਤੇ ਜਾ ਸਕਦੇ ਹਨ ਤੇ ਜਿਨ੍ਹਾਂ ਨੂੰ ਖ਼ਾਮੋਸ਼ੀ ਵੀ ਬਿਆਨ ਨਹੀਂ ਕਰ ਸਕਦੀ।’
ਵਿਗਿਆਨੀਆਂ ਦਾ ਤਾਂ ਇੱਥੋਂ ਤੱਕ ਵੀ ਮੰਨਣਾ ਹੈ ਕਿ ਕੇਵਲ ਮਨੁੱਖ ਹੀ ਨਹੀਂ ਸਗੋਂ ਜਲ, ਥਲ ਅਤੇ ਆਕਾਸ਼ ਵਿੱਚ ਵਿਚਰਨ ਵਾਲੇ ਸਮੂਹ ਪਸ਼ੂ, ਪੰਛੀ ਅਤੇ ਹੋਰ ਜੀਵ ਵੀ ਸੰਗੀਤ ਦਾ ਹਾਂ-ਪੱਖੀ ਪ੍ਰਭਾਵ ਕਬੂਲਦੇ ਹਨ। ਸੰਗੀਤ ਦੀ ਲੜੀ ਦਾ ਹੀ ਇੱਕ ਹੋਰ ਮਣਕਾ ਭਾਰਤੀ ਫ਼ਿਲਮ ਸੰਗੀਤ ਤਾਂ ਭਾਰਤੀ ਜਨਜੀਵਨ ਦਾ ਅਨਿਖੱੜਵਾਂ ਅੰਗ ਬਣ ਚੁੱਕਾ ਹੈ। ਸਾਡਾ ਰੇਡੀਓ, ਟੈਲੀਵਿਜ਼ਨ ਅਤੇ ਸਿਨੇਮਾ ਤਾਂ ਬਿਨਾਂ ਸੰਗੀਤ ਤੋਂ ਇੱਕ ਪਲ ਵੀ ਨਹੀਂ ਕੱਢ ਸਕਦਾ।
ਮਹਾਨ ਵਿਦਵਾਨ ਹੈਨਰੀ ਲੌਂਗਫ਼ੈਲੋ ਦਾ ਕਥਨ ਹੈ, ‘ਸੰਗੀਤ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਸਮੁੱਚੀ ਲੋਕਾਈ ਆਸਾਨੀ ਨਾਲ ਸਮਝ ਸਕਦੀ ਹੈ।’’ ਅੱਜ ਦੇ ਦਿਨ ਦੁਨੀਆ ਭਰ ਵਿੱਚ ਸਿਖਾਂਦਰੂ ਤੇ ਉਸਤਾਦ ਸੰਗੀਤਕਾਰ ‘ਮੇਕ ਮਿਊਜ਼ਿਕ’ ਦੇ ਉਦੇਸ਼ ਨਾਲ ਗਲੀਆਂ-ਬਾਜ਼ਾਰਾਂ ਵਿੱਚ ਇਕੱਤਰ ਹੁੰਦੇ ਹਨ ਜਾਂ ਵੱਡੇ ਮੈਦਾਨਾਂ ਵਿੱਚ ਵੱਡੇ ਸੰਗੀਤਕ ਸਮਾਗਮ ਕਰਦੇ ਹਨ ਤੇ ਆਮ ਲੋਕਾਂ ਨੂੰ ਹਰ ਪ੍ਰਕਾਰ ਦੇ ਸੰਗੀਤ ਨਾਲ ਸਰਾਬੋਰ ਕਰ ਦਿੰਦੇ ਹਨ, ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਦੇ ਹਨ ਕਿ ਸੰਗੀਤ ਅਨੰਦ ਦੇਵੇ ਤੇ ਸ਼ੋਰ ਨਾ ਬਣ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪਰੇਸ਼ਾਨੀ ਨਾ ਮਹਿਸੂਸ ਹੋਵੇ।
ਅੱਜ ਆਲਮ ਇਹ ਹੈ ਕਿ ਦਿਲਜੀਤ ਦੁਸਾਂਝ ਸਮੇਤ ਹੋਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਅਨੇਕਾਂ ਪੰਜਾਬੀ ਗੀਤਾਂ ’ਤੇ ਦੁਨੀਆ ਦੇ ਹਰੇਕ ਮੁਲਕ ਦੇ ਲੋਕ ਝੂਮ ਉੱਠਦੇ ਹਨ ਤੇ ਪੰਜਾਬੀ ਜ਼ੁਬਾਨ ਨਾ ਜਾਣਨ ਵਾਲੇ ਮੁਲਕਾਂ ਦੇ ‘ਬਿਲਬੋਰਡਾਂ’ ਅਤੇ ਮਕਬੂਲੀਅਤ ਦੇ ਹੋਰ ਪੈਮਾਨਿਆਂ ’ਤੇ ਪੰਜਾਬੀ ਗੀਤ ਸਿਖਰਲੇ ਸਥਾਨ ਛੂੰਹਦੇ ਹਨ। ਕੋਈ ਵੇਲਾ ਅਜਿਹਾ ਵੀ ਸੀ ਜਦੋਂ ਭਾਰਤੀ ਫ਼ਿਲਮ ਜਗਤ ਦੇ ਵੱਡੇ ਗਾਇਕਾਂ ਦੇ ਗਾਏ ਨਗ਼ਮੇ ਰੂਸ, ਜਪਾਨ, ਅਮਰੀਕਾ, ਇੰਗਲੈਂਡ ਅਤੇ ਅਫ਼ਰੀਕਾ ਜਿਹੇ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਸੁਣੇ ਜਾਂਦੇ ਸਨ। ਮੁਹੰਮਦ ਰਫ਼ੀ, ਮੁਕੇਸ਼, ਕਿਸ਼ੋਰ ਕੁਮਾਰ, ਮਹਿੰਦਰ ਕਪੂਰ, ਮੰਨਾ ਡੇ, ਆਸ਼ਾ ਭੌਸਲੇ ਅਤੇ ਲਤਾ ਮੰਗੇਸ਼ਕਰ ਆਦਿ ਜਿਹੇ ਫ਼ਨਕਾਰਾਂ ਦੇ ਸੰਗੀਤਕ ਸ਼ੋਅ ਜਦੋਂ ਵਿਦੇਸ਼ੀ ਮੁਲਕਾਂ ਵਿੱਚ ਹੁੰਦੇ ਸਨ ਤਾਂ ਉੱਥੇ ਤਿਲ ਧਰਨ ਨੂੰ ਵੀ ਥਾਂ ਨਹੀਂ ਮਿਲਦੀ ਸੀ। ਇਹ ਸਾਰਾ ਕਮਾਲ ਸੁਰੀਲੇ ਤੇ ਦਿਲਕਸ਼ ਸੰਗੀਤ ਦਾ ਹੀ ਸੀ। ਦਰਅਸਲ, ਸੰਗੀਤ ਦੀ ਕੋਈ ਜ਼ੁਬਾਨ ਹੁੰਦੀ ਹੀ ਨਹੀਂ ਹੈ। ਇਹ ਤਾਂ ਹੱਦਾਂ-ਸਰਹੱਦਾਂ ਪਾਰ ਕਰ ਕੇ ਦਿਲਾਂ ਤੱਕ ਪੁੱਜ ਜਾਣ ਵਾਲੀ ਉਹ ਖ਼ੁਸ਼ਬੂ ਹੈ ਜੋ ਸਰੋਤੇ ਨੂੰ ਵਜਦ ਵਿੱਚ ਲਿਆ ਦਿੰਦੀ ਹੈ। ਸੁੱਚੇ ਸੰਗੀਤ ਦੀ ਲੋਰ ’ਚ ਆ ਕੇ ਕੋਈ ਬੁੱਲ੍ਹੇ ਵਾਂਗ ਨੱਚਣ ਲੱਗ ਜਾਂਦਾ ਹੈ ਤੇ ਕੋਈ ਬੁੱਧ ਵਾਂਗ ਸ਼ਾਂਤ ਹੋ ਜਾਦਾ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਰੇ ਧਰਮ ਗ੍ਰੰਥ ਇਹ ਮੰਨਦੇ ਹਨ ਕਿ ਪਰਮਾਤਮਾ ਨਿਰਾਕਾਰ ਹੈ, ਅਬਿਨਾਸ਼ੀ ਹੈ, ਪਰਮਾਨੰਦ ਹੈ। ਹਰੇਕ ਮਨੁੱਖ ਜਦੋਂ ਆਪਣੀਆਂ ਗਿਆਨ ਇੰਦਰੀਆਂ ਦੇ ਨੌਂ ਦੁਆਰੇ ਬੰਦ ਕਰਕੇ ਸੁਰਤ ਨੂੰ ਇਕਾਗਰ ਕਰਦਾ ਹੈ ਤਾਂ ਫ਼ਿਰ ਉਸ ਦੇ ਧੁਰ ਅੰਦਰ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਜਿੱਥੇ ਨਿਰੰਤਰ ਵੱਜ ਰਹੇ ‘ਅਨਹਦ’ ਨਾਦ ਦੀਆਂ ਅਨੰਦਮਈ ਧੁਨਾਂ ਉਸ ਨੂੰ ਸੁਣਦੀਆਂ ਹਨ ਤੇ ਅਨਹਦ ਨਾਦ ਦੀਆਂ ਇਹੋ ਧੁਨਾਂ ਉਸ ਨੂੰ ਪਰਮੇਸ਼ਰ ਅਤੇ ਉਸ ਦੀ ਬਣਾਈ ਪ੍ਰਕਿਰਤੀ ਵਿੱਚ ਇਕਮਿਕ ਕਰ ਦਿੰਦੀਆਂ ਹਨ। ਕੁਝ ਭਾਰਤੀ ਧਰਮ ਤਾਂ ‘ਅਨਹਦ ਨਾਦ’ ਨੂੰ ਸੁਣਨਾ ਹੀ ਜਨਮ-ਮਰਨ ਦੇ ਕੁਚੱਕਰ ਤੋਂ ‘ਮੁਕਤੀ’ ਦਾ ਸਾਧਨ ਐਲਾਨਦੇ ਹਨ।
ਕਾਸ਼! ਭਾਰਤ ਵਿੱਚ ਵੀ ਅਜਿਹਾ ਹੁੰਦਾ ਕਿ ਇਸ ਦਿਨ ਦੇਸ਼ ਦੇ ਹਰ ਗਲੀ-ਮੋੜ ’ਤੇ ਭਾਰਤੀ ਲੋਕ ਸੰਗੀਤ ਅਤੇ ਖੇਤਰੀ ਸੰਗੀਤ ਦੀਆਂ ਵੱਖ-ਵੱਖ ਵੰਨ੍ਹਗੀਆਂ ਦੀ ਗੂੰਜ ਸੁਣਾਈ ਦਿੰਦੀ ਤੇ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਸਾਡੇ ਬੇਸ਼ਕੀਮਤੀ ਤੇ ਵਿਰਾਸਤੀ ਸੰਗੀਤ ਦੇ ਰੂਬਰੂ ਹੋ ਕੇ ਉਸ ਦਾ ਅਨੰਦ ਲੈਂਦੀ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਰੂਹ ਨਾਲ ਸਾਂਭਦੀ, ਸੁਆਰਦੀ ਤੇ ਹਿਰਦੇ ਵਿੱਚ ਵਸਾਉਂਦੀ।

Loading