ਆਧੁਨਿਕ ਖੇਡ ਸਹੂਲਤਾਂ ਨੂੰ ਤਰਸਦੇ ਪੇਂਡੂ ਖ਼ਿਡਾਰੀ

In ਖੇਡ ਖਿਡਾਰੀ
June 27, 2025

ਪੰਜਾਬ ਦੇ ਖਿਡਾਰੀ ਭਾਵੇਂ ਦੁਨੀਆਂ ਵਿੱਚ ਆਪਣੀ ਯੋਗਤਾ ਰਾਹੀਂ ਛਾਏ ਹੋਏ ਹਨ ਪਰ ਅਜੇ ਵੀ ਖੇਡ ਖੇਤਰ ਵਿੱਚ ਬਹੁਤ ਕੁਝ ਅਜਿਹਾ ਹੈ, ਜੋ ਕਿ ਕਾਫ਼ੀ ਸੁਧਾਰ ਮੰਗਦਾ ਹੈ। ਭਾਵੇਂਕਿ ਪੰਜਾਬ ਵਿਰੋਧੀ ਮੀਡੀਆ ਅਕਸਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦਸਦਾ ਰਹਿੰਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਪੰਜਾਬ ਨੇ ਦੇਸ਼ ਨੂੰ ਬਹੁਤ ਸਾਰੇ ਚੰਗੇ ਖਿਡਾਰੀ ਵੀ ਦਿੱਤੇ ਹਨ। ਇਸ ਸਮੇਂ ਵੀ ਪੰਜਾਬ ਦੇ ਵੱਖ- ਵੱਖ ਇਲਾਕਿਆਂ ਵਿੱਚ ਅਨੇਕਾਂ ਖਿਡਾਰੀ ਨਿੱਤ ਨਵੀਆਂ ਮੱਲਾਂ ਮਾਰ ਰਹੇ ਹਨ।
ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਅਨੇਕਾਂ ਉਭਰਦੇ ਖਿਡਾਰੀ ਹਨ ਪਰ ਉਹਨਾਂ ਨੂੰ ਆਧੁਨਿਕ ਖੇਡ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹ ਆਪਣੀ ਖੇਡ ਯੋਗਤਾ ਦਾ ਚੰਗੀ ਤਰ੍ਹਾਂ ਪ੍ਰਗਟਾਵਾ ਨਹੀਂ ਕਰ ਸਕਦੇ। ਮੌਜੂਦਾ ਪੰਜਾਬ ਸਰਕਾਰ ਭਾਂਵੇਂ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੇ ਪੰਜਾਬ ਦੇ ਹਰ ਇਲਾਕੇ ਵਿੱਚ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਪਰ ਅਸਲੀਅਤ ਇਹ ਵੀ ਹੈ ਕਿ ਵੱਡੀ ਗਿਣਤੀ ਪੇਂਡੂ ਖਿਡਾਰੀਆਂ ਤੇ ਖਿਡਾਰਨਾਂ ਤੱਕ ਇਹ ਖੇਡ ਸਹੂਲਤਾਂ ਪੂੁਰੀ ਤਰਾਂ ਨਹੀਂ ਪਹੁੰਚ ਰਹੀਆਂ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਵੇਂ ਪੰਜਾਬ ਵਿੱਚ ਵੱਖ ਵੱਖ ਸਮੇਂ ਸਰਕਾਰ ਬਦਲ ਜਾਂਦੀ ਹੈ ਪਰ ਲਾਲਫੀਤਾਸ਼ਾਹੀ ਤਾਂ ਉਹੀ ਰਹਿੰਦੀ ਹੈ। ਇਸੇ ਕਾਰਨ ਅਕਸਰ ਸਰਕਾਰ ਦੀਆਂ ਖੇਡ ਨੀਤੀਆਂ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਜਾ ਜਾਂਦਾ ਜਾਂ ਇਹਨਾਂ ਨੀਤੀਆਂ ਦਾ ਵਧੇਰੇ ਲਾਭ ਪਹੁੰਚ ਵਾਲੇ ਖਿਡਾਰੀ ਲੈ ਜਾਂਦੇ ਹਨ ਅਤੇ ਆਮ ਖਿਡਾਰੀ ਇਹਨਾਂ ਖੇਡ ਸਹੂਲਤਾਂ ਦਾ ਲਾਭ ਲੈਣ ਤੋਂ ਰਹਿ ਜਾਂਦੇ ਹਨ।
ਪੇਂਡੂ ਖੇਤਰਾਂ ਵਿੱਚ ਖਿਡਾਰੀਆਂ ਦੇ ਨਾਲ ਅਨੇਕਾਂ ਖਿਡਾਰਨਾਂ ਵੀ ਚੰਗੀਆਂ ਖੇਡ ਸਹੂਲਤਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਕਈ ਸਕੂਲਾਂ ਵਾਲਿਆਂ ਨੇ ਤਾਂ ਕ੍ਰਿਕਟ ਤੋਂ ਬਿਨਾ ਕਿਸੇ ਹੋਰ ਖੇਡ ਦੀ ਟੀਮ ਹੀ ਨਹੀਂ ਬਣਾਈ ਹੁੰਦੀ, ਜਿਸ ਕਰਕੇ ਹੋਰਨਾਂ ਖੇਡਾਂ ਦੇ ਖਿਡਾਰੀ ਆਪਣੀ ਯੋਗਤਾ ਦਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਕਈ ਟੀਮਾਂ ਵਿੱਚ ਖਿਡਾਰੀਆਂ ਦੀ ਚੋਣ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਖੇਡਾਂ ਵਿੱਚ ਭਾਈਭਤੀਜਾਵਾਦ ਵੀ ਹੋਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਜਿਸ ਕਾਰਨ ਚੰਗੇ ਖਿਡਾਰੀ ਉਭਰ ਕੇ ਸਾਹਮਣੇ ਆਉਣ ਤੋਂ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਅਨੇਕਾਂ ਖਿਡਾਰੀਆਂ ਨੂੰ ਯੋਗ ਅਗਵਾਈ ਨਾ ਮਿਲਣ ਕਾਰਨ ਵੀ ਉਹ ਪਿੱਛੇ ਰਹਿ ਜਾਂਦੇ ਹਨ।
ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿੱਚ ਖਿਡਾਰੀਆਂ ਅਤੇ ਉਭਰਦੇ ਬਾਲ ਖਿਡਾਰੀਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਜਾਂਦੇ ਖੇਡ ਮੁਕਾਬਲੇ ਵੀ ਖਿਡਾਰੀਆਂ ਵਿੱਚ ਜੋਸ਼ ਭਰ ਦਿੰਦੇ ਹਨ। ਕਈ ਐਨ.ਆਰ.ਆਈ. ਪੰਜਾਬੀ ਵੀ ਆਪਣੇ ਪਿੰਡਾਂ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਮੁਹੱਈਆਂ ਕਰਵਾਉਂਦੇ ਹਨ, ਜੋ ਕਿ ਚੰਗੀ ਗੱਲ ਹੈ।
ਖੇਡਾਂ ਵਿੱਚ ਸੁਧਾਰ ਲਈ ਚਾਹੀਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਵਿੱਚ ਖੇਡ ਸਿਸਟਮ ਨੂੰ ਸੁਧਾਰਿਆ ਜਾਵੇ। ਇਸ ਤੋਂ ਇਲਾਵਾ ਤਜਰਬੇਕਾਰ ਅਤੇ ਸਾਬਕਾ ਖਿਡਾਰੀਆਂ ਦੀਆਂ ਸੇਵਾਵਾਂ ਲੈ ਕੇ ਉਭਰਦੇ ਖਿਡਾਰੀਆਂ ਨੂੰ ਨਵੀਂ ਸੇਧ ਦਿੱਤੀ ਜਾਵੇ। ਇਸ ਤੋਂ ਇਲਾਵਾ ਹਰ ਇਲਾਕੇ ਦੇ ਹਰ ਖਿਡਾਰੀ ਤੱਕ ਸਰਕਾਰੀ ਖੇਡ ਸਹੂਲਤਾਂ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ ਦੀ ਨਵੀਂ ਖੇਡ ਨੀਤੀ ਬਣਾਉਣਾ ਸ਼ਲਾਘਾਯੋਗ ਉਪਰਾਲਾ ਹੈ ਪਰ ਇਸ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਲੋੜ ਤਾਂ ਬਾਲ ਖਿਡਾਰੀਆਂ ਨੂੰ ਤਰਾਸ਼ ਕੇ ਉਹਨਾਂ ਨੂੰ ਚੰਗੇ ਖਿਡਾਰੀ ਬਣਾਉਣ ਦੀ ਹੈ। ਇਸ ਪਾਸੇ ਵੀ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ।

Loading