ਸਿਰਜਣ ਪਾਲ ਸਿੰਘ
ਭਾਰਤੀ ਹਵਾਈ ਫ਼ੌਜ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਕੌਮਾਂਤਰੀ ਪੁਲਾੜ ਸਟੇਸ਼ਨ-ਆਈ.ਐੱਸ.ਐੱਸ. ’ਚ ਦਾਖ਼ਲ ਹੋ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਉਹ ਐਕਸੀਓਮ-4 ਮਿਸ਼ਨ ਦਾ ਹਿੱਸਾ ਹੈ। ਇਹ ਮਿਸ਼ਨ ਨਾਸਾ, ਇਸਰੋ ਅਤੇ ਯੂਰਪੀ ਸਪੇਸ ਏਜੰਸੀ ਦੇ ਤਾਲਮੇਲ ਦਾ ਯਤਨ ਹੈ। ਇਸ ਮਿਸ਼ਨ ਦੌਰਾਨ 60 ਵਿਗਿਆਨਕ ਪ੍ਰੀਖਣ ਕੀਤੇ ਜਾਣਗੇ। ਇਨ੍ਹਾਂ ਪ੍ਰੀਖਣਾਂ ਵਿੱਚ 31 ਦੇਸ਼ਾਂ ਦਾ ਯੋਗਦਾਨ ਹੋਵੇਗਾ ਜਿਨ੍ਹਾਂ ਵਿੱਚ ਸੱਤ ਪ੍ਰੀਖਣਾਂ ਵਿੱਚ ਇਸਰੋ ਦੀ ਸਰਗਰਮ ਭੂਮਿਕਾ ਹੈ। ਇਹ ਪ੍ਰੀਖਣ ਮਾਈਕਰੋਬਾਇਓਲੋਜੀ, ਬਾਇਓਟੈਕਨਾਲੋਜੀ, ਪਦਾਰਥ ਵਿਗਿਆਨ, ਮਾਨਵ ਸਰੀਰ ਵਿਗਿਆਨ ਅਤੇ ਪੁਲਾੜ ਤਕਨੀਕ ਵਰਗੇ ਵੱਖ-ਵੱਖ ਵਿਸ਼ਿਆਂ ਨਾਲ ਜੁੜੇ ਹਨ।
ਇਹ ਮਿਸ਼ਨ ਪੁਲਾੜ ਖੋਜਕਾਰਾਂ ਨੂੰ ਕੌਮਾਂਤਰੀ ਸਪੇਸ ਸਟੇਸ਼ਨ ਤੱਕ ਲੈ ਕੇ ਜਾਣ, ਪਰਵਾਸ ਜਾਂ ਪੁਲਾੜ ਵਿੱਚ ਪ੍ਰਯੋਗ-ਪ੍ਰੀਖਣ ਕਰਨ ਤੱਕ ਹੀ ਸੀਮਤ ਨਹੀਂ ਹੈ। ਇਸ ਵਿੱਚ ਉਸ ਭਵਿੱਖ ਦੀ ਕੁੰਜੀ ਸ਼ਾਮਲ ਹੈ ਜਿਸ ਵਿੱਚ ਪੁਲਾੜ ਕੇਵਲ ਖੋਜ ਦਾ ਹੀ ਇੱਕ ਕੇਂਦਰ ਨਹੀਂ ਰਹੇਗਾ ਸਗੋਂ ਉਹ ਵਿਆਪਕ ਰਣਨੀਤਕ ਅਤੇ ਆਰਥਿਕ ਮੁਹਾਜ਼ ਦੇ ਰੂਪ ਵਿੱਚ ਵੀ ਸਥਾਪਤ ਹੋਵੇਗਾ। ਇਹ ਸਪਸ਼ਟ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਪੁਲਾੜ ਭੂ-ਰਾਜਨੀਤੀ, ਆਲਮੀ ਸ਼ਕਤੀ ਸਮੀਕਰਨ ਅਤੇ ਆਰਥਿਕ ਵਾਧੇ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਚਾਹੇ ਉਪਗ੍ਰਹਿ ਸੰਚਾਰ ਤੋਂ ਲੈ ਕੇ ਰੱਖਿਆ ਪ੍ਰਣਾਲੀਆਂ ਦਾ ਮਾਮਲਾ ਹੋਵੇ ਜਾਂ ਸੋਮਿਆਂ ਦੇ ਖਣਨ ਨਾਲ ਪੁਲਾੜ ਸੈਰ-ਸਪਾਟੇ ਦਾ ਵਿਸ਼ਾ, ਉਨ੍ਹਾਂ ’ਚ ਦੇਸ਼ਾਂ ਦੀਆਂ ਪੁਲਾੜ ਸਮਰੱਥਾਵਾਂ ਹੀ ਇਹ ਨਿਰਧਾਰਤ ਕਰਨਗੀਆਂ ਕਿ ਕਿਹੜਾ ਦੇਸ਼ ਇਸ ਵਿੱਚ ਬੜ੍ਹਤ ਬਣਾਵੇਗਾ ਅਤੇ ਕਿਹੜਾ ਅਮਲ ਕਰੇਗਾ। ਪੁਲਾੜ ਵਿੱਚ ਕੰਟਰੋਲ ਦਾ ਅਰਥ ਹੈ ਸੰਚਾਰ ’ਤੇ ਕਾਬੂ? ਇਹ ਸਥਿਤੀ ਯੁੱਧ ਅਤੇ ਟਕਰਾਅ ਵਿੱਚ ਬਹੁਤ ਉਪਯੋਗੀ ਸਾਬਿਤ ਹੁੰਦੀ ਹੈ। ਸੈਟੇਲਾਈਟ ਨੈੱਟਵਰਕ ਦੀ ਮਹੱਤਤਾ ਤਾਂ ਫ਼ੌਜੀ ਸੰਚਾਰ ਤੋਂ ਲੈ ਕੇ ਰੀਅਲ ਟਾਈਮ ਨੈਵੀਗੇਸ਼ਨ ਅਤੇ ਜਲਵਾਯੂ ਨਿਗਰਾਨੀ ਦੇ ਮੁਹਾਜ਼ ’ਤੇ ਪਹਿਲਾਂ ਹੀ ਸਿੱਧ ਹੋ ਚੁੱਕੀ ਹੈ। ਰੂਸ-ਯੂਕ੍ਰੇਨ ਜੰਗ ਇਸ ਦੀ ਮਿਸਾਲ ਹੈ। ਜਦ ਰੂਸ ਨੇ ਯੂਕ੍ਰੇਨ ਦੇ ਸੰਚਾਰ ਢਾਂਚੇ ਨੂੰ ਤਬਾਹ ਕਰ ਦਿੱਤਾ ਤਦ ਐਲਨ ਮਸਕ ਦੀ ਸਟਾਰਲਿੰਕ ਸੈਟੇਲਾਈਟ ਸਹੂਲਤ ਹੀ ਯੂਕ੍ਰੇਨ ਦੇ ਕੰਮ ਆਈ।
ਆਧੁਨਿਕ ਸਮਰ ਨੀਤੀ ਵਿੱਚ ਵੀ ਪੁਲਾੜ ਇੱਕ ਮਹੱਤਵਪੂਰਨ ਪਹਿਲੂ ਹੈ। ਮਜ਼ਬੂਤ ਪੁਲਾੜ ਪ੍ਰੋਗਰਾਮ ਵਾਲੇ ਦੇਸ਼ਾਂ ਨੂੰ ਸੁਭਾਵਕ ਤੌਰ ’ਤੇ ਰੱਖਿਆ ਖੇਤਰ ਵਿੱਚ ਬੜ੍ਹਤ ਮਿਲਦੀ ਹੈ। ਇਰਾਨ-ਇਜ਼ਰਾਇਲ ਦੀ ਹਾਲੀਆ ਜੰਗ ਵਿੱਚ ਵੀ ਇਸ ਦਾ ਸਬੂਤ ਦਿਸਿਆ ਜਿੱਥੇ ਇਰਾਨ ਦੀਆਂ ਕਈ ਬੈਲੇਸਟਿਕ ਮਿਜ਼ਾਇਲਾਂ ਨੂੰ ਇਜ਼ਰਾਇਲ ਦੇ ਏਅਰੋ-3 ਡਿਫ਼ੈਂਸ ਸਿਸਟਮ ਨੇ ਧਰਤੀ ਦੇ ਵਾਯੂਮੰਡਲ ਦੀ ਸੀਮਾ ਤੋਂ ਬਾਹਰ ਹੀ ਨਕਾਰਾ ਬਣਾ ਦਿੱਤਾ। ਇਹ ਦਰਸਾਉਂਦਾ ਹੈ ਕਿ ਪੁਲਾੜ ਸੰਪਤੀਆਂ ’ਤੇ ਕੰਟਰੋਲ ਕਿਵੇਂ ਆਧੁਨਿਕ ਸਮਰ ਨੀਤੀ ਨੂੰ ਫ਼ੈਸਲਾਕੁੰਨ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ। ਬੀਤੇ ਦਿਨੀਂ ਭਾਰਤ ਦੇ ਅਪਰੇਸ਼ਨ ਸੰਧੂਰ ਵਿੱਚ ਵੀ ਸੈਟੇਲਾਈਟ ਕੈਮਰਿਆਂ ਦੀ ਉਪਯੋਗਿਤਾ ਦਿਸੀ ਜਿਨ੍ਹਾਂ ਨੇ ਟੀਚਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਨੁਕਸਾਨ ਦੇ ਮੁਲਾਂਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਪਹਿਲੂਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੀਆਂ ਪੁਲਾੜ ਸੰਪਤੀਆਂ ਦੀ ਸੁਰੱਖਿਆ ਲਈ ਸਪੇਸ ਫ਼ੋਰਸ ਨਾਂ ਨਾਲ ਇੱਕ ਅਲੱਗ ਫ਼ੌਜੀ ਯੂਨਿਟ ਦਾ ਗਠਨ ਕੀਤਾ ਹੋਇਆ ਹੈ। ਭਾਰਤ ਵੀ ਇਸ ਧਾਰਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਜਾ ਰਿਹਾ ਹੈ। ਆਰਥਿਕ ਮੁਹਾਜ਼ ’ਤੇ ਵੀ ਪੁਲਾੜ ਨਵਾਂ ਅਖਾੜਾ ਬਣ ਰਿਹਾ ਹੈ। ਪੁਲਾੜ ਸੈਰ-ਸਪਾਟਾ ਹੁਣ ਕੋਈ ਕੋਰੀ ਕਲਪਨਾ ਨਹੀਂ ਹੈ। ਕੁਝ ਕੰਪਨੀਆਂ-ਸੰਗਠਨਾਂ ਨੇ ਪੁਲਾੜ ਯਾਤਰੀਆਂ ਲਈ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸਰੋ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਉਸ ਦੀ 2030 ਤੱਕ ਆਲਮੀ ਪੁਲਾੜ ਕਾਰੋਬਾਰ ਦੇ 65,000 ਕਰੋੜ ਰੁਪਏ ਤੱਕ ਪੁੱਜਣ ਦਾ ਅਨੁਮਾਨ ਹੈ। ਕਿਉਂਕਿ ਭਾਰਤ ਦੀ ਪਛਾਣ ਭਰੋਸੇਯੋਗ ਤੇ ਕਿਫ਼ਾਇਤੀ ਲਾਂਚਿੰਗ ਸਮਰੱਥਾਵਾਂ ਵਾਲੇ ਮੁਲਕ ਦੀ ਹੈ, ਇਸ ਲਈ ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਸ ਬਾਜ਼ਾਰ ਵਿੱਚ ਉਸ ਨੂੰ ਵੱਡਾ ਹਿੱਸਾ ਪ੍ਰਾਪਤ ਹੋਣ ਵਾਲਾ ਹੈ। ਵਿਸਥਾਰ ਲੈ ਰਹੀ ਪੁਲਾੜ ਅਰਥ-ਵਿਵਸਥਾ ਵਿੱਚ ਉਹੀ ਦੇਸ਼ ਬਾਜ਼ੀ ਮਾਰਨ ਵਿੱਚ ਕਾਮਯਾਬ ਹੋ ਸਕਦੇ ਹਨ ਜੋ ਮਨੁੱਖਾਂ ਤੋਂ ਲੈ ਕੇ ਮਸ਼ੀਨਾਂ ਨੂੰ ਆਪਣੇ ਦਮ ’ਤੇ ਪੁਲਾੜ ਵਿੱਚ ਭੇਜਣ ਵਿੱਚ ਸਮਰੱਥ ਹੋਣਗੇ। ਉੱਚੇ ਦਾਅ ਵਾਲੀ ਇਸ ਦੌੜ ਵਿੱਚ ਭਾਰਤ ਬਿਲਕੁਲ ਸਟੀਕ ਮੌਕੇ ’ਤੇ ਕਦਮ ਵਧਾ ਰਿਹਾ ਹੈ।
ਇੱਕ ਆਲਮੀ ਪੁਲਾੜ ਮਹਾਸ਼ਕਤੀ ਬਣਨ ਦੀ ਭਾਰਤ ਦੀ ਯਾਤਰਾ ਵਿੱਚ ਐਕਸੀਓਮ-4 ਮਿਸ਼ਨ ਇੱਕ ਮੀਲ ਦਾ ਪੱਥਰ ਹੈ। ਸਿੱਧੇ ਤੌਰ ’ਤੇ ਇਸ ਦਾ ਸਰੋਕਾਰ ਭਾਰਤ ਦੇ ਗਗਨਯਾਨ ਪ੍ਰੋਗਰਾਮ ਨਾਲ ਜੁੜਿਆ ਹੈ ਜਿਸ ਤਹਿਤ ਸਵਦੇਸ਼ ਨਿਰਮਿਤ ਪੁਲਾੜ ਗੱਡੀ ਜ਼ਰੀਏ ਭਾਰਤੀ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਪੰਧ ਵਿੱਚ ਭੇਜਣ ਦੀ ਯੋਜਨਾ ਹੈ। ਇਹ 2027 ਤੱਕ ਸੰਭਵ ਹੋ ਸਕਦਾ ਹੈ। ਹਾਲਾਂਕਿ ਭਾਰਤ ਦੇ ਇਰਾਦੇ ਇਸ ਤੋਂ ਕਿਤੇ ਜ਼ਿਆਦਾ ਵੱਡੇ ਹਨ। ਭਾਰਤ ਦਾ ਟੀਚਾ ਸੰਨ 2035 ਤੱਕ ਭਾਰਤੀ ਪੁਲਾੜ ਸਟੇਸ਼ਨ-ਬੀਏਐੱਸ ਦੇ ਰੂਪ ਵਿੱਚ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨਾ ਹੈ। ਇਹ ਕੇਂਦਰ ਅਤਿ-ਆਧੁਨਿਕ ਖੋਜ-ਅਧਿਐਨ, ਇਨੋਵੇਸ਼ਨ ਅਤੇ ਲੰਬੇ ਅਰਸੇ ਵਾਲੇ ਮਿਸ਼ਨ ਲਈ ਇੱਕ ਮੰਚ ਦੀ ਭੂਮਿਕਾ ਨਿਭਾਵੇਗਾ। ਇਸ ਦੇ ਨਾਲ ਹੀ ਭਾਰਤ ਪੁਲਾੜ ਵਿੱਚ ਸਥਾਈ ਮਨੁੱਖੀ ਮੌਜੂਦਗੀ ਵਾਲੇ ਚੋਣਵੇਂ ਮੁਲਕਾਂ ਵਿੱਚ ਸ਼ਾਮਲ ਹੋ ਜਾਵੇਗਾ। ਐਕਸੀਓਮ-4 ਮਿਸ਼ਨ ਦੌਰਾਨ ਲਾਈਫ਼ ਸਾਇੰਸ, ਪੰਧ ਸੰਚਾਲਨ ਅਤੇ ਕੌਮਾਂਤਰੀ ਸਹਿਯੋਗ ਦੇ ਮੁਹਾਜ਼ਾਂ ’ਤੇ ਸਿੱਖੇ ਜਾਣ ਵਾਲੇ ਸਬਕ ਬੀਏਐੱਸ ਦੇ ਡਿਜ਼ਾਈਨ ਅਤੇ ਸੰਚਾਲਨ ਢਾਂਚੇ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪੁਲਾੜ ’ਚ ਮੁੱਲਵਾਨ ਸੋਮਿਆਂ ਦਾ ਭੰਡਾਰ ਵੀ ਲੁਕਿਆ ਹੋਇਆ ਹੈ। ਇਸ ਸਿਲਸਿਲੇ ਵਿੱਚ ਮੰਗਲ ਅਤੇ ਬ੍ਰਹਿਸਪਤੀ ਵਿਚਾਲੇ ਸਥਿਤ ਛੋਟੇ ਗ੍ਰਹਿ (ਐਸਟੇਰਾਇਡ) ਬੈਲਟ ਸਭ ਤੋਂ ਵੱਧ ਸੰਪੰਨ ਹੈ।
ਇਨ੍ਹਾਂ ਵਿੱਚ ਪਲੇਟੀਨਮ, ਸੋਨਾ, ਕੋਬਾਲਟ, ਲੀਥੀਅਮ ਵਰਗੇ ਉਹ ਦੁਰਲਭ ਸੋਮੇ ਹਨ ਜੋ ਬੈਟਰੀ, ਇਲੈਕਟ੍ਰਾਨਿਕਸ ਅਤੇ ਸਵੱਛ ਊਰਜਾ ਤਕਨੀਕ ਵਰਗੀਆਂ ਆਧੁਨਿਕ ਲੋੜਾਂ ਦੀ ਪੂਰਤੀ ’ਚ ਬੇਹੱਦ ਅਹਿਮ ਹਨ। ਧਰਤੀ ’ਤੇ ਸਿਮਟਦੇ ਜਾ ਰਹੇ ਸੋਮਿਆਂ ਨੂੰ ਦੇਖਦੇ ਹੋਏ ਭਵਿੱਖ ਦੀ ਆਰਥਿਕਤਾ ਵਿੱਚ ਪੁਲਾੜ ਖਣਨ ਦਾ ਮਹੱਤਵ ਵਧੇਗਾ। ਸਮਝ ਲਓ ਕਿ ਸੰਪੂਰਨ ਵਿਸ਼ਵ ਦਾ ਸਮੁੱਚਾ ਘਰੇਲੂ ਉਤਪਾਦ (ਜੀਡੀਪੀ) ਲਗਪਗ 100 ਟ੍ਰਿਲੀਅਨ (ਲੱਖ ਕਰੋੜ) ਡਾਲਰ ਹੈ ਤਾਂ ਕੇਵਲ ਛੋਟੇ ਗ੍ਰਹਿ ਬੈਲਟ ਦੀ ਹੈਸੀਅਤ ਹੀ ਦੁਨੀਆ ਦੇ ਉਤਪਾਦਨ ਤੋਂ ਲਗਪਗ 8,000 ਗੁਣਾ ਵੱਧ ਹੈ। ਯਾਨੀ ਉੱਥੇ ਮੌਜੂਦ ਖਣਿਜਾਂ ਦਾ ਮੁੱਲ ਇੰਨਾ ਜ਼ਿਆਦਾ ਹੈ ਕਿ ਪੂਰੀ ਦੁਨੀਆ ਅਗਲੀਆਂ 80 ਸਦੀਆਂ ਤੱਕ ਕਮਾਈ ਜ਼ਰੀਏ ਹੀ ਉਸ ਦੀ ਬਰਾਬਰੀ ਕਰ ਸਕੇਗੀ। ਜੋ ਦੇਸ਼ ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਪੁੱਜ ਕੇ ਉਸ ਦੇ ਕੁਝ ਹਿੱਸੇ ’ਤੇ ਆਪਣਾ ਕਬਜ਼ਾ ਕਰ ਲੈਣਗੇ, ਉਹੀ ਭਵਿੱਖ ਦੇ ਉਦਯੋਗਾਂ ਦੀਆਂ ਲੋੜਾਂ ਦੀ ਪੂਰਤੀ ਦੇ ਚੱਕਰ ਨੂੰ ਕੰਟਰੋਲ ਕਰ ਸਕਣਗੇ। ਉਹ ਕੀਮਤਾਂ ਦੇ ਨਿਰਧਾਰਨ, ਨਵੇਂ ਉੱਦਮਾਂ ਦੀ ਸਥਾਪਨਾ ਅਤੇ ਆਲਮੀ ਬਾਜ਼ਾਰਾਂ ਨੂੰ ਆਕਾਰ ਦੇਣਗੇ। ਇਹੀ ਵਜ੍ਹਾ ਹੈ ਕਿ ਪੁਲਾੜ ’ਚ ਪੈਂਠ ਭਾਰਤ ਦੇ ਭਵਿੱਖ ਲਈ ਅਹਿਮ ਹੈ। ਆਪਣੀਆਂ ਸਮਰੱਥਾਵਾਂ ਅਤੇ ਮੁਹਾਰਤ ਨਾਲ ਭਾਰਤ ਵੱਖ-ਵੱਖ ਦੇਸ਼ਾਂ ਦੇ ਨਾਲ ਸਾਂਝੇਦਾਰੀ ਤੇ ਸਿਖਲਾਈ ਜ਼ਰੀਏ ਪੁਲਾੜ ’ਚ ਵਿਕਾਸਸ਼ੀਲ ਤੇ ਉੱਭਰਦੇ ਅਰਥਚਾਰਿਆਂ ਦੀ ਅਗਵਾਈ ਕਰ ਸਕਦਾ ਹੈ। ਇਹ ਰਣਨੀਤੀ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਹੀ ਪੁਲਾੜ ਬਾਬਤ ਖੋਜ ਨੂੰ ਵੀ ਕਿਤੇ ਜ਼ਿਆਦਾ ਸਮਾਵੇਸ਼ੀ ਤੇ ਨਿਆਂ-ਸੰਗਤ ਬਣਾਵੇਗੀ।
ਪੁਲਾੜ ਬਾਰੇ ਅਣਗਿਣਤ ਪੌਰਾਣਿਕ ਕਥਾ-ਕਹਾਣੀਆਂ ਸਾਡੇ ਸੁਪਨਿਆਂ ਨੂੰ ਖੰਭ ਲਾਉਂਦੀਆਂ ਰਹੀਆਂ ਹਨ੍ਹ। ਭਾਰਤ ਦੇ ਵਿਗਿਆਨੀਆਂ ਨੇ ਮਨੁੱਖ ਦੇ ਸਦੀਆਂ ਪੁਰਾਣੇ ਸੁਪਨਿਆਂ ਨੂੰ ਸਾਕਾਰ ਕਰ ਕੇ ਪੁਲਾੜ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਇਸ ਨਾਲ ਭਾਰਤ ਦਾ ਆਲਮੀ ਰੁਤਬਾ ਵਧਿਆ ਹੈ। ਇਸ ਖੇਤਰ ਵਿੱਚ ਅਨੇਕ ਵਿਗਿਆਨੀਆਂ ਨੇ ਨਾਮਣਾ ਖੱਟਿਆ ਹੈ। ਇਸ ਸੂਚੀ ਵਿੱਚ ਹੁਣ ਸ਼ੁਭਾਂਸ਼ੂ ਸ਼ੁਕਲਾ ਦਾ ਨਾਂ ਵੀ ਜੁੜ ਗਿਆ ਹੈ। ਕੈਪਟਨ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਪੁਲਾੜ ਯਾਤਰੀ ਹਨ। ਚਾਰ ਦਹਾਕੇ ਪਹਿਲਾਂ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਮਿਸ਼ਨ ਦੇ ਹਿੱਸੇ ਵਜੋਂ ਪੁਲਾੜ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ’ਚ ਭਾਰਤ ਲਈ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਪੂਰੇ ਦੇਸ਼ ਨੂੰ ਸ਼ੁਭਾਂਸ਼ੂ ਦੀ ਕਾਮਯਾਬੀ ’ਤੇ ਬਹੁਤ ਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਦੀ ਸਫ਼ਲਤਾ ’ਤੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਆਪਣੇ ਨਾਲ 140 ਭਾਰਤੀਆਂ ਦੀਆਂ ਉਮੀਦਾਂ ਲੈ ਕੇ ਗਏ ਹਨ।
-( ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦਾ ਸਲਾਹਕਾਰ ਰਿਹਾ ਲੇਖਕ ਕਲਾਮ ਸੈਂਟਰ ਦਾ ਸੀ.ਈ.ਓ. ਹੈ)
![]()
