ਵਧ ਰਹੀ ਕਿਲਰ ਫ਼ੰਗਸ, ਮਨੁੱਖ ਲਈ ਬਣ ਰਹੀ ਹੈ ਜਾਨਲੇਵਾ

In ਖਾਸ ਰਿਪੋਰਟ
June 28, 2025

‘ਕਿਲਰ ਫ਼ੰਗਸ’ ਮਨੁੱਖੀ ਫ਼ੇਫ਼ੜਿਆਂ ਵਿੱਚ ਘਰ ਕਰਕੇ ਅਤੇ ਕਈ ਵਾਰ ਦਿਮਾਗ ਨੂੰ ਵੀ ਚੁਣੌਤੀ ਦੇਣ ਵਾਲੀ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਵਧਦਾ ਗਲੋਬਲ ਤਾਪਮਾਨ ਅਤੇ ਜਲਵਾਯੂ ਪਰਿਵਰਤਨ ਨੇ ਇਸ ਅਦਿੱਖ ਦੁਸ਼ਮਣ ਨੂੰ ਹੋਰ ਵੀ ਤਾਕਤਵਰ ਕਰ ਦਿੱਤਾ ਹੈ। ਮੈਨਚੈਸਟਰ ਯੂਨੀਵਰਸਿਟੀ ਦੀ ਖੋਜ ਮੁਤਾਬਕ, ਐਸਪਰਗਿਲਸ ਨਾਂ ਦੀ ਫ਼ੰਗਸ, ਜੋ ਪਹਿਲਾਂ ਸਿਰਫ਼ ਗਰਮ ਖੇਤਰਾਂ ਵਿੱਚ ਪਾਈ ਜਾਂਦੀ ਸੀ, ਹੁਣ ਯੂਰਪ ਵਰਗੇ ਠੰਢੇ ਮੁਲਕਾਂ ’ਚ ਵੀ ਪੈਰ ਪਸਾਰ ਰਹੀ ਹੈ। ਇਹ ਐਸਪਰਗਿਲੋਸਿਸ ਵਰਗੀ ਜਾਨਲੇਵਾ ਬਿਮਾਰੀ ਦਾ ਕਾਰਨ ਬਣਦੀ ਹੈ, ਜੋ ਫ਼ੇਫ਼ੜਿਆਂ ਨੂੰ ਖੋਰਾ ਲਾਉਂਦੀ ਹੈ। ਦਾ ਲੇਸੈਂਟ ਹੈਲਥ ਮੈਗਜ਼ੀਨ (2024) ਦੀ ਰਿਪੋਰਟ ਅਨੁਸਾਰ, ਹਰ ਸਾਲ 18 ਲੱਖ ਲੋਕ ਇਸ ਦੀ ਭੇਟ ਚੜ੍ਹਦੇ ਹਨ। ਭਾਰਤ ਵਿੱਚ ਵੀ ਇਹ ਖਤਰਨਾਕ ਸਾਬਤ ਹੋ ਰਹੀ ਹੈ।
ਮਿਨੀਸੋਟਾ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਇਨਫ਼ੈਕਸ਼ੀਅਸ ਡਿਜ਼ੀਜ਼ ਦੇ ਅਧਿਐਨ ਮੁਤਾਬਕ, ਸਾਲਾਨਾ 2.5 ਲੱਖ ਲੋਕ ਐਸਪਰਗਿਲੋਸਿਸ ਦਾ ਸ਼ਿਕਾਰ ਹੁੰਦੇ ਹਨ, ਖਾਸਕਰ ਟੀ.ਬੀ. ਜਾਂ ਫ਼ੇਫ਼ੜਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼। ਕੋਵਿਡ ਮਹਾਮਾਰੀ ਵਿੱਚ ਮਿਊਕੋਰਮਾਈਕੋਸਿਸ (ਕਾਲੀ ਫ਼ੰਗਸ) ਨੇ ਤਬਾਹੀ ਮਚਾਈ, ਜਿਸ ਨੇ ਸਾਬਿਤ ਕੀਤਾ ਕਿ ਫ਼ੰਗਸ ਸਿਰਫ਼ ਚਮੜੀ ਦੀ ਖੁਜਲੀ ਨਹੀਂ, ਸਗੋਂ ਜਾਨ ਦਾ ਜੰਜਾਲ ਵੀ ਬਣ ਸਕਦੀ ਹੈ।
ਦਾ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਸ (2021) ਮੁਤਾਬਕ, ਕੋਵਿਡ ਵਿੱਚ ਸਟੀਰੌਇਡਜ਼ ਦੀ ਜ਼ਿਆਦਾ ਵਰਤੋਂ ਨੇ ਇਸ ਨੂੰ ਹੋਰ ਵਧਾਇਆ। ਨੇਚਰ ਅਤੇ ਵਿਸ਼ਵ ਫ਼ੰਗਲ ਪਰੀਓਰਟੀ ਪਾਥੋਜਨਜ ਲਿਸਟ 2022) ਦੀਆਂ ਰਿਪੋਰਟਾਂ ਵਿੱਚ 19 ਅਜਿਹੀਆਂ ਫ਼ੰਗਸ ਦੀ ਸੂਚੀ ਹੈ, ਜੋ ਸਿਹਤ ਲਈ ਖਤਰਨਾਕ ਹਨ। ਕੁਝ, ਜਿਵੇਂ ਕ੍ਰਿਪਟੋਕੋਕਸ ਨੀਓਫ਼ਾਰਮੈਂਸ, ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਖਾਸਕਰ ਏਡਜ਼ ਵਾਲੇ ਮਰੀਜ਼ਾਂ ਵਿੱਚ।
ਫ਼ੰਗਸ ਦੀਆਂ ਕਿਸਮਾਂ: ਚਮੜੀ ਤੋਂ ਫ਼ੇਫ਼ੜਿਆਂ ਤੱਕ
ਫ਼ੰਗਸ ਦੀਆਂ ਕਈ ਕਿਸਮਾਂ ਹਨ। ਕੁਝ ਸਿਰਫ਼ ਚਮੜੀ ’ਤੇ ਖੁਜਲੀ ਪੈਦਾ ਕਰਦੀਆਂ ਹਨ, ਜਿਵੇਂ ਐਥਲੀਟਸ ਫ਼ੁਟ ਜਾਂ ਫ਼ੰਗਲ ਟੋਨੇਲ, ਪਰ ਕੁਝ, ਜਿਵੇਂ ਐਸਪਰਗਿਲਸ ਅਤੇ ਕੈਂਡੀਡਾ, ਸਰੀਰ ਦੇ ਅੰਦਰੂਨੀ ਅੰਗਾਂ ਨੂੰ ਖੋਰ ਲਾਉਂਦੀਆਂ ਹਨ।
ਐਸਪਰਗਿਲੋਸਿਸ: ਹਵਾ ’ਚ ਤੈਰਦੇ ਸਪੋਰਸ ਰਾਹੀਂ ਫ਼ੇਫ਼ੜਿਆਂ ਵਿੱਚ ਪਹੁੰਚਦੀ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ, ਜਿਵੇਂ ਕੈਂਸਰ ਜਾਂ ਟੀ.ਬੀ. ਦੇ ਮਰੀਜ਼, ’ਚ ਇਹ ਜਾਨਲੇਵਾ ਹੋ ਸਕਦੀ ਹੈ।
ਕੈਂਡੀਡੀਆਸਿਸ: ਕੈਂਡੀਡਾ ਐਲਬੀਕਨਸ, ਜੋ ਸਰੀਰ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਹੈ, ਕਮਜ਼ੋਰ ਇਮਿਊਨ ਸਿਸਟਮ ਵਿੱਚ ਖੂਨ ਵਿੱਚ ਫ਼ੈਲਕੇ ਸੈਪਟੀਸੀਮੀਆ ਵਰਗੀ ਗੰਭੀਰ ਸਥਿਤੀ ਪੈਦਾ ਕਰਦੀ ਹੈ। ਮਿਊਕੋਰਮਾਈਕੋਸਿਸ: ਕੋਵਿਡ ਵਿੱਚ ਇਸ ਨੇ ਨੱਕ, ਅੱਖਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਇਆ।
ਦਾ ਲੇਸੈਂਟ ਇਨਫ਼ੈਕਸ਼ਨ ਡੀਸੀਜਿਜ (2023) ਮੁਤਾਬਕ, ਇਹ ਖਾਸਕਰ ਡਾਇਬਟੀਜ਼ ਅਤੇ ਸਟੀਰੌਇਡ ਵਰਤੋਂ ਵਾਲੇ ਮਰੀਜ਼ਾਂ ਵਿੱਚ ਖਤਰਨਾਕ ਸੀ।
ਕ੍ਰਿਪਟੋਕੋਕੋਸਿਸ: ਏਡਜ਼ ਵਾਲੇ ਮਰੀਜ਼ਾਂ ਵਿੱਚ ਦਿਮਾਗੀ ਲਾਗ ਦਾ ਕਾਰਨ ਬਣਦੀ ਹੈ।
ਵਿਸ਼ਵ ਸਿਹਤ ਸੰਗਠਨ ਦੀ 2022 ਦੀ ਰਿਪੋਰਟ ਮੁਤਾਬਕ, ਫ਼ੰਗਲ ਬਿਮਾਰੀਆਂ ਹਰ ਸਾਲ 38 ਲੱਖ ਮੌਤਾਂ ਦਾ ਕਾਰਨ ਬਣਦੀਆਂ ਹਨ, ਜੋ ਮਲੇਰੀਆ ਅਤੇ ਟੀ.ਬੀ. ਨਾਲੋਂ ਜ਼ਿਆਦਾ ਹੈ। ਭਾਰਤ ਵਿੱਚ ਕੋਵਿਡ ਦੌਰਾਨ ਮਿਊਕੋਰਮਾਈਕੋਸਿਸ ਦੇ 47,000 ਤੋਂ ਵੱਧ ਮਾਮਲੇ ਸਾਹਮਣੇ ਆਏ, ਜਿਨ੍ਹਾਂ ’ਚੋਂ 30% ਮਰੀਜ਼ਾਂ ਦੀ ਮੌਤ ਹੋ ਗਈ (ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ , 2021)।
ਵਧਦਾ ਤਾਪਮਾਨ: ਫ਼ੰਗਸ ਦਾ ਪਸਾਰ
ਜੌਨ ਹਾਪਕਿਨਸ ਬਲੂਮਬਰਗ ਸਕੂਲ ਦੇ ਪ੍ਰੋਫ਼ੈਸਰ ਆਰਟੂਰੋ ਕਾਸਾਡੇਵਲ ਦੱਸਦੇ ਹਨ ਕਿ ਗਲੋਬਲ ਵਾਰਮਿੰਗ ਨੇ ਫ਼ੰਗਸ ਨੂੰ ਅਨੁਕੂਲ ਵਾਤਾਵਰਣ ਦਿੱਤਾ ਹੈ। ਗਰਮ ਅਤੇ ਨਮੀ ਵਾਲੀਆਂ ਥਾਵਾਂ, ਜਿਵੇਂ ਮੀਂਹ ਤੋਂ ਬਾਅਦ ਦੀ ਗਿੱਲੀ ਮਿੱਟੀ, ਫ਼ੰਗਸ ਦੇ ਪਨਪਣ ਦਾ ਕਾਰਨ ਬਣਦੀਆਂ ਹਨ। ਨੇਚਰ ਮਾਈਕਰੋ ਬਾਇਓਲੋਜੀ (2023) ਮੁਤਾਬਕ, ਗਰਮ ਖੇਤਰਾਂ ਦੀ ਫ਼ੰਗਸ ਹੁਣ ਠੰਡੇ ਇਲਾਕਿਆਂ ਵਿੱਚ ਵੀ ਪੈਰ ਜਮਾ ਰਹੀ ਹੈ। ਹੈਰਾਨੀ ਦੀ ਗੱਲ, ਮਨੁੱਖੀ ਸਰੀਰ ਦਾ ਤਾਪਮਾਨ ਵੀ ਘੱਟ ਰਿਹਾ ਹੈ। ਜਰਨਲ ਆਫ਼ ਕਲੀਨੀਕਲ ਇਨਵੈਸਟੀਗੇਸ਼ਨ (2024) ਅਨੁਸਾਰ, ਪਿਛਲੇ ਸੌ ਸਾਲਾਂ ਵਿੱਚ ਸਰੀਰ ਦਾ ਤਾਪਮਾਨ ਇੱਕ ਡਿਗਰੀ ਘਟਿਆ ਹੈ। ਆਧੁਨਿਕ ਦਵਾਈਆਂ ਨੇ ਸੋਜ ਅਤੇ ਬੁਖਾਰ ਨੂੰ ਘਟਾਇਆ, ਜਿਸ ਨਾਲ ਫ਼ੰਗਸ ਨੂੰ ਸਰੀਰ ਵਿੱਚ ਪਨਪਣ ਦਾ ਮੌਕਾ ਮਿਲਿਆ। ਦਾ ਲੇਸੈਂਟ (2024) ਮੁਤਾਬਕ, ਵਧਦੇ ਤਾਪਮਾਨ ਨਾਲ ਕੋਕਸੀਡਿਓਇਡਜ਼ ਇਮਾਈਟਿਸ ਵਰਗੀਆਂ ਫ਼ੰਗਸ ਅਮਰੀਕਾ ਵਿੱਚ ਵੀ ਫ਼ੈਲ ਰਹੀਆਂ ਹਨ।
ਬਚਾਅ ਅਤੇ ਇਲਾਜ:
ਫ਼ੰਗਸ ਦੇ ਖਤਰੇ ਨੂੰ ਘਟਾਉਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਪੈਰ ਸਾਫ਼ ਅਤੇ ਸੁੱਕੇ ਰੱਖੋ। ਗਿੱਲੇ ਜੁੱਤੇ ਜਾਂ ਮੌਜੇ ਐਥਲੀਟਸ ਫ਼ੁਟ ਨੂੰ ਸੱਦਾ ਦਿੰਦੇ ਹਨ। ਸਿਹਤਮੰਦ ਖੁਰਾਕ, ਕਸਰਤ, ਅਤੇ ਤਣਾਅ-ਮੁਕਤ ਜੀਵਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਾਓ। ਘਰ ਨੂੰ ਸੁੱਕਾ ਅਤੇ ਹਵਾਦਾਰ ਰੱਖੋ, ਕਿਉਂਕਿ ਗਿੱਲੀਆਂ ਥਾਵਾਂ ਫ਼ੰਗਸ ਦਾ ਕਾਰਣ ਹੁੰਦੀਆਂ ਹਨ। ਚਮੜੀ ’ਤੇ ਲਾਲੀ, ਖੁਜਲੀ, ਜਾਂ ਸਾਹ ਦੀ ਸਮੱਸਿਆ ਦਿਖੇ, ਤਾਂ ਤੁਰੰਤ ਡਾਕਟਰ ਨੂੰ ਮਿਲੋ। ਇਲਾਜ ਵਿੱਚ ਅਜ਼ੋਲ ਵਰਗੀਆਂ ਐਂਟੀਫ਼ੰਗਲ ਦਵਾਈਆਂ ਵਰਤੀਆਂ ਜਾਂਦੀਆਂ ਹਨ, ਪਰ ਮੈਨਚੈਸਟਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਾਈਕਲ ਬ੍ਰੋਮਲੀ ਮੁਤਾਬਕ, ਖੇਤੀ ’ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਨੇ ਫ਼ੰਗਸ ਨੂੰ ਰੋਧਕ ਬਣਾ ਦਿੱਤਾ ਹੈ। ਨਵੀਂ ਦਵਾਈ ਫ਼ੋਸਮਾਨੋਜ਼ੇਪਿਕਸ ’ਤੇ ਕੰਮ ਜਾਰੀ ਹੈ, ਜੋ ਫ਼ੰਗਸ ਦੇ ਡੀ.ਐਨ.ਏ. ਨੂੰ ਰੋਕਦੀ ਹੈ। ਨੇਚਰ ਰਿਵਿਊਜ ਡਰਗ ਡਿਸਕਵਰੀ (2024) ਮੁਤਾਬਕ, ਇਹ ਦਵਾਈ ਅਗਲੇ ਕੁਝ ਸਾਲਾਂ ਵਿੱਚ ਆ ਸਕਦੀ ਹੈ।

Loading