ਪ੍ਰਮਿੰਦਰ ਸਿੰਘ ਪ੍ਰਵਾਨਾ
ਸਿੱਖ ਧਰਮ ਸੰਸਾਰ ਦੇ ਪ੍ਰਸਿੱਧ ਧਰਮਾਂ ਵਿੱਚੋਂ ਹੈ। ਜਿਸ ਦੀ ਜ਼ੁਲਮ ਵਿਰੁੱਧ ਜੂਝ ਕੇ ਸ਼ਹੀਦ ਹੋਣ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਸਿੱਖ ਗੁਰੂਆਂ ਨੇ ਗੁਰਬਾਣੀ ਦੇ ਉਪਦੇਸ਼ ਰਾਹੀਂ ਮਨੁੱਖਤਾ ਨੂੰ ਜ਼ੁਲਮ ਵਿਰੁੱਧ ਡਟ ਜਾਣ ਦਾ ਉਤਸ਼ਾਹ ਬਖ਼ਸ਼ਿਆ, ਫਿਰ ਭਾਵੇਂ ਜਾਨ ਵੀ ਚਲੀ ਜਾਵੇ। ਸਥਾਪਤ ਪ੍ਰਥਾਵਾਂ ਸੰਸਥਾਵਾਂ ਰਾਹੀਂ ਮਨੁੱਖ ਨੂੰ ਪੂਰਨ ਆਜ਼ਾਦੀ ਵਾਸਤੇ ਸੰਘਰਸ਼ ਕਰਨ ਲਈ ਖ਼ਾਲਸਾ ਫ਼ੌਜੀ ਤਿਆਰ ਕੀਤਾ। ਸੱਚਖੰਡ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਅਧਿਆਤਮਕ ਅਤੇ ਸੰਸਾਰਕ ਸ਼ਕਤੀ ਦੇ ਕੇਂਦਰ ਸਥਾਪਤ ਹੋਏ। ਜਿਨ੍ਹਾਂ ਦੀ ਬਰਾਬਰ ਦੀ ਮਹੱਤਤਾ ਅਤੇ ਲੋੜ ਹੈ। ਜੋ ਸਿੱਖੀ ਦੀ ਚੜ੍ਹਦੀਕਲਾ, ਸਵੈ ਮਾਣ ਅਤੇ ਸਵੈ ਰੱਖਿਆ ਦੇ ਗਵਾਹ ਹਨ। ਇੱਕੋ ਜਗ੍ਹਾ ਦੋਵੇਂ ਪਾਵਨ ਅਸਥਾਨਾਂ ਦੀ ਸਿੱਖ ਕੌਮ ਦੇ ਮਨਾਂ ਵਿੱਚ ਬਰਾਬਰ ਦੀ ਸ਼ਰਧਾ ਅਤੇ ਸਤਿਕਾਰ ਹੈ।
ਸਿੱਖ ਧਰਮ ਦੇ ਸਾਂਝੀਵਾਲਤਾ ਦੇ ਉਪਦੇਸ਼ ਵਿੱਚ ਦੂਸਰੇ ਧਰਮਾਂ ਦੇ ਲੋਕ ਵੀ ਆਪਣੀ ਮਰਜ਼ੀ ਨਾਲ ਸਿੱਖ ਧਰਮ ਅਪਨਾਉਣ ਲੱਗੇ। ਇਸ ਵਧਦੀ ਹਰਮਨਪਿਆਰਤਾ ਵੇਖ ਕੇ ਸਮੇਂ ਦੀਆਂ ਜਾਲਮ ਹਕੂਮਤਾਂ ਨੂੰ ਈਰਖਾ ਹੋਣ ਲਗੀ। ਰਾਜਸੀ ਤਾਕਤਾਂ ਸਿੱਖ ਧਰਮ ਦੇ ਖ਼ਿਲਾਫ਼ ਹੋਣ ਲੱਗੀਆਂ। ਜਿਸ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਹੋਈ। ਜਦੋਂ ਗੁਰੂ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਤਲਬ ਕੀਤਾ ਤਾਂ ਸਮਰੱਥ ਗੁਰੂ ਜਾਣ ਗਏ ਸਨ ਕਿ ਉਨ੍ਹਾਂ ਮੁੜ ਕੇ ਨਹੀਂ ਆਉਣਾ। ਉਹਨਾਂ ਨੇ ਗੁਰੂ ਹਰਿਗੋਬਿੰਦ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਦਿਆਂ ਸੁਚੇਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜ਼ੁਲਮ ਵਿਰੁੱਧ ਸ਼ਸਤਰ ਚੁੱਕਣ ਦੀ ਲੋੜ ਹੋਵੇਗੀ। ਸ਼ਸਤਰਧਾਰੀ ਹੋ ਕੇ ਗੁਰਗੱਦੀ ’ਤੇ ਬਿਰਾਜਮਾਨ ਹੋਣਾ ਹੈ। ਸਵੈ ਰਖਿਆ ਲਈ ਫ਼ੌਜ ਰੱਖਣੀ ਹੈ। ਧਾਰਮਿਕ ਰਹੁ-ਰੀਤਾਂ ਗੁਰੂਆਂ ਵੱਲੋਂ ਚਲਾਈਆਂ ਨੂੰ ਉਸ ਤਰ੍ਹਾਂ ਜਾਰੀ ਰੱਖਣੀਆਂ ਹਨ। ਇਹ ਸਿੱਖ ਕੌਮ ਦੇ ਸ਼ਸਤਰਧਾਰੀ ਹੋਣ ਦਾ ਬਕਾਇਦਾ ਐਲਾਨ ਸੀ। ਇਸੇ ਰੋਸ਼ਨੀ ਵਿੱਚ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇਹ ਸਿੱਖ ਕੌਮ ਦਾ ਮੀਰੀ ਪੀਰੀ ਵਿੱਚ ਵਿਸ਼ਵਾਸ ਅਤੇ ਸਿਆਸੀ ਟੱਕਰ ਦਾ ਬਕਾਇਦਾ ਅਮਲ ਜਾਰੀ ਸੀ।
ਮੀਰੀ ਪੀਰੀ ਦੀਆਂ ਤਲਵਾਰਾਂ, ਭਗਤੀ ਅਤੇ ਸ਼ਕਤੀ ਦੇ ਸੁਮੇਲ ਵਿੱਚ ਭਵਿੱਖ ਦੀ ਨੀਤੀ ਤਹਿ ਕਰਦੀਆਂ ਹਨ। ਅਧਿਆਤਮਕ ਅਤੇ ਸੰਸਾਰਕ ਦੇ ਇਸ ਸਿਧਾਂਤ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਨਾਲ 15 ਜੂਨ, 1606 ਨੂੰ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਜਿਸ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ।
ਜਾਰੀ ਮਰਯਾਦਾ ਅਨੁਸਾਰ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪੋਥੀ ਸਾਹਿਬ ਜੀ ਦੇ ਪਾਠ ਹੁੰਦੇ। ਗੁਰਬਾਣੀ ਕੀਰਤਨ,ਕਥਾ, ਧਾਰਮਿਕ ਉਪਦੇਸ਼ ਹੁੰਦੇ। ਬਾਅਦ ਦੁਪਹਿਰ ਗੁਰੂ ਜੀ ਆਪਣੀ ਨਿਗਰਾਨੀ ਹੇਠ ਨੌਜਵਾਨਾਂ ਦੀਆਂ ਕਸਰਤਾਂ ਦਾ ਅਭਿਆਸ ਕਰਵਾਉਂਦੇ। ਸੂਰਬੀਰਾਂ ਦੀ ਕੌਮ ਬਨ੍ਹਾਉਣ ਲਈ ਵੱਡਾ ਕਦਮ ਸੀ। ਜੰਗੀ ਕਰਤਬਾਂ ਦਾ ਵੀ ਅਭਿਆਸ ਹੁੰਦਾ। ਢਾਡੀਆਂ ਵੱਲੋਂ ਸੂਰਬੀਰਾਂ ਦੇ ਪ੍ਰਸੰਗ ਗਾਏ ਜਾਂਦੇ। ਗੁਰੂ ਜੀ ਸੰਗਤਾਂ ਦਾ ਉਪਦੇਸ਼ ਲਈ ਦਰਬਾਰ ਸਜਾਉਂਦੇ। ਸੰਗਤਾਂ ਦੇ ਮਸਲੇ ਹਲ਼ ਕਰਵਾਉਂਦੇ, ਜਿਸ ਨਾਲ ਆਪਸੀ ਮੇਲ ਮਿਲਾਪ ਵਿੱਚ ਵਾਧਾ ਹੋਇਆ। ਗੁਰੂ ਜੀ ਅਨੁਸਾਰ ਨਿਜੀ ਮਸਲਿਆਂ ਕਰਕੇ ਸਰਕਾਰੇ ਦਰਬਾਰੇ ਜਾਣ ਦੀ ਲੋੜ ਨਹੀਂ ਹੈ। ਇਸ ਨਾਲ ਸਿੱਖਾਂ ਦਾ ਗੁਰੂ ਜੀ ਦੇ ਨਿਆਂ ਤੇ ਉਤਸ਼ਾਹ ਵਧਿਆ ਕੌਮ ਦੀ ਏਕਤਾ ਮਜ਼ਬੂਤ ਹੋਈ। ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ।
ਰਾਜੇ ਮਹਾਰਾਜਿਆਂ ਦੇ ਚਲੰਤ ਰਾਜਸੀ ਠਾਠ ਬਾਠ ਦੇ ਮੁਕਾਬਲੇ ਸਿੱਖ ਕੌਮ ਵਿਚੋਂ ਡਰ ਅਤੇ ਝਿਜਕ ਖਤਮ ਕਰਨ ਲਈ ਗੁਰੂ ਜੀ ਨੇ ਆਪ ਸ਼ਾਹੀ ਵਸਤਰ ਧਾਰਨ ਕੀਤੇ ਜਿਵੇਂ ਛਤਰ, ਕਲਗੀ, ਸ਼ਸਤਰ ਅਤੇ ਬਾਜ਼ ਆਦਿ ਸ਼ਖਸੀਅਤ ਦਾ ਹਿੱਸਾ ਬਣਾ ਲਏ। ਸੰਗਤਾਂ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿਣ ਲੱਗੀਆਂ। ਗੁਰੂ ਜੀ ਦੀ ਸ਼ਖਸੀਅਤ ਵਿੱਚ ਅੰਤਰ- ਮੁੱਖੀ ਸਾਧੂ ਬਾਹਰ ਮੁੱਖੀ ਰਾਜੇ। ਗੁਰੂ ਜੀ ਨੇ ਸਪਸ਼ਟ ਕੀਤਾ ਕਿ ਸ਼ਸਤਰ ਗਰੀਬ ਦੀ ਰਾਖੀ ਲਈ ਹਨ। ਜ਼ੁਲਮਾਂ ਦਾ ਨਾਸ ਕਰਨ ਲਈ ਸ਼ਸਤਰ ਚੁੱਕਣ ਦੀ ਲੋੜ ਹੈ। ਸਿੱਖ ਕੌਮ ਵਿੱਚ ਸ਼ਸਤਰਾਂ ਦਾ ਸਤਿਕਾਰ ਅਤੇ ਪ੍ਰਯੋਗ ਕਰਨ ਲਈ ਉਤਸ਼ਾਹ ਉਤਪੰਨ ਕਰਨਾ ਸੀ।
ਗੁਰੂ ਜੀ ਨੇ ਸੰਗਤਾਂ ਕੋਲੋਂ ਰਸਦ, ਮਾਇਆ ਦੇ ਨਾਲ ਨਾਲ ਵਧੀਆ ਸ਼ਸਤਰ , ਵਧੀਆ ਘੋੜੇ ਅਤੇ ਜਵਾਨਾਂ ਦੀ ਮੰਗ ਰੱਖੀ। ਬਾਬਾ ਬਿਧੀ ਚੰਦ ਜੀ ਘੋੜਿਆਂ ਦੀ ਖਰੀਦ ਅਤੇ ਸਾਂਭਣ ਦਾ ਪ੍ਰਬੰਧ ਕਰਦੇ ਸਨ। ਗੁਰੂ ਜੀ ਕੋਲ ਮਾਲਵਾ, ਮਾਝਾ ਤੇ ਦੋਆਬਾ ਤੋਂ ਆਏ 500 ਸਿਰਲੱਥ ਯੋਧਿਆਂ ਦੀ ਫ਼ੌਜ ਸੀ। ਜਿਨ੍ਹਾਂ ਦੀ ਗੁਰੂ ਜੀ ਕੋਲ ਕੋਈ ਮੰਗ ਨਹੀਂ ਸੀ। ਉਹਨਾਂ ਵਿੱਚ ਸਿਰਫ਼ ਗੁਰੂ ਲਈ ਆਪਾ ਵਾਰਨ ਦਾ ਜਜ਼ਬਾ ਸੀ। ਪ੍ਰਮੁੱੱਖ ਯੋਧਿਆਂ ਵਿੱਚ ਭਾਈ ਬਿਧੀ ਚੰਦ, ਭਾਈ ਪਿਰਾਣ, ਭਾਈ ਜੇਠਾ, ਭਾਈ ਪੈੜਾ ਅਤੇ ਭਾਈ ਲੰਗਾਹ ਜੀ ਆਦਿ। ਪਠਾਣਾਂ ਸਮੇਤ ਗੁਰੂ ਜੀ ਕੋਲ ਸੰਤ ਸਿਪਾਹੀ ਜਜ਼ਬੇ ਵਾਲੀ ਫ਼ੌਜ ਤਿਆਰ ਸੀ। ਜਿੰਨਾਂ ਨੇ ਗੁਰੂ ਜੀ ਦੇ ਨਾਲ ਜੰਗਾਂ ਵਿੱਚ ਹਿੱਸਾ ਲਿਆ। ਉਹਨਾਂ ਜਿੱਤਾਂ ਪ੍ਰਾਪਤ ਕੀਤੀਆਂ। ਇਹ ਸ਼ਕਤੀ ਰੂਹਾਨੀ ਵੀ ਤੇ ਸੰਸਾਰਕ ਵੀ , ਜਿਸ ਦਾ ਕੇਂਦਰ ਅਕਾਲ ਤਖ਼ਤ ਸਾਹਿਬ ਹੀ ਸੀ।
ਅੰਮ੍ਰਿਤਸਰ ਨੂੰ ਫ਼ੌਜ ਪੱਖੋਂ ਸੁਰੱਖਿਅਤ ਬਣਾਉਣ ਲਈ ਲੋਹਗੜ੍ਹ ਦਾ ਕਿਲਾ ਬਣਾਇਆ। ਬੀਰ ਨਗਾਰੇ ਵੱਜਣ ਲੱਗੇ, ਨਿਸ਼ਾਨ ਸਾਹਿਬ ਝੂਲਣ ਲੱਗੇ। ਯੋਧੇ ਇਕੱਠੇ ਹੋਣ ਲੱਗੇ। ਹਥਿਆਰਬੰਦ ਦਸਤੇ ਰਾਤਾਂ ਨੂੰ ਮਿਸ਼ਾਲਾਂ ਬਾਲ ਕੇ ਗਸ਼ਤ ਕਰਨ ਲੱਗੇ। ਗੁਰੂ ਜੀ ਕੋਲ ਆਪਣੇ 52 ਅੰਗ ਰਖ਼ਸ਼ਕ ਸਨ। ਜਾਲਮ ਹਕੂਮਤਾਂ ਵੱਲੋਂ ਸਿੱਖਾਂ ਦੀ ਤਾਕਤ ਖ਼ਤਮ ਕਰਨ ਲਈ ਇਸ ਕੇਂਦਰੀ ਸੰਸਥਾ ਨੂੰ ਬਰਬਾਦ ਕਰਨ ਦੇ ਇਰਾਦੇ ਨਾਲ ਬਰੂਦ ਨਾਲ ਉਡਾਇਆ ਗਿਆ। ਦੁਸ਼ਮਣ ਜਾਣਦੇ ਸਨ ਕਿ ਸਿੱਖ ਕੌਮ ਅਤੇ ਫ਼ੌਜ ਦੇ ਰੂਹਾਨੀ ਅਤੇ ਸੰਸਾਰਕ ਜਜ਼ਬਾਤ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹੋਏ ਹਨ, ਜਿਥੋਂ ਇਹਨਾਂ ਨੂੰ ਸ਼ਕਤੀ ਦੀ ਪ੍ਰੇਰਣਾ ਮਿਲਦੀ ਹੈ। ਕੌਮ ਨੇ ਕੁਰਬਾਨੀਆਂ ਦੇ ਕੇ ਇਸ ਨੂੰ ਮੁੜ ਮੁੜ ਉਸਾਰਿਆ ਅਤੇ ਇਸ ਦੀ ਪਰੰਪਰਾ ਸ਼ਾਨ ਨੂੰ ਬਰਕਰਾਰ ਰੱਖਿਆ। ਜੂਨ 1984 ਵਿੱਚ ਭਾਰਤੀ ਫ਼ੌਜ ਵੱਲੋਂ ਵੀ ਇਸ ’ਤੇ ਹਮਲਾ ਕਰਕੇ ਡੇਗ ਦਿੱਤਾ। ਸਿੱਖ ਕੌਮ ਨੇ ਇਸ ਨੂੰ ਫਿਰ ਉਸਾਰਿਆ। ਇਸ ਸਰਵ ਉੱਚ ਸੰਸਥਾ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹ ਸਿੱਖ ਕੌਮ ਦੀ ਅਗਵਾਈ ਦਾ ਧੁਰਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਹੋਂਦ ਨੂੰ ਬਰਕਰਾਰ ਰੱਖਣ ਦਾ ਚਾਨਣ ਮੁਨਾਰਾ ਹੈ। ਧਰਮ ਦੀ ਸਥਾਪਤੀ ਲਈ ਜਬਰ, ਜ਼ੁਲਮ, ਅਨਿਆਂ ਵਿਰੁੱਧ ਸੰਘਰਸ਼ ਦਾ ਬੀਰ ਰਸ ਉਤਸ਼ਾਹ ਹੈ। ਅਕਾਲ ਤਖ਼ਤ ਸਾਹਿਬ ਤੋਂ ਪੰਥਕ ਮਰਯਾਦਾ ਅਨੁਸਾਰ ਜਾਰੀ ਹੋਏ ਹਰ ਹੁਕਮ ਅਤੇ ਗੁਰਮਤੇ ਨੂੰ ਸਮੂਹ ਸਿੱਖਾਂ ਵੱਲੋਂ ਇਲਾਹੀ ਹੁਕਮ ਵਜੋਂ ਮੰਨਿਆ ਜਾਂਦਾ ਹੈ।
ਅਕਾਲ ਤਖ਼ਤ ਸਾਹਿਬ ਹਰ ਸਿੱਖ ਦੇ ਹਿਰਦੇ ਵਿੱਚ ਸਰਵ ਉੱਚ ਸਥਾਨ ਰੱਖਦਾ ਹੈ। ਚਾਰ ਤਖ਼ਤ ਹੋਰ ਹਨ
ਪਟਨਾ ਸਾਹਿਬ, ਬਿਹਾਰ
ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ
ਹਜ਼ੂਰ ਸਾਹਿਬ, ਨੰਦੇੜ ਮਹਾਰਾਸ਼ਟਰ
ਦਮਦਮਾ ਸਾਹਿਬ ਤਲਵੰਡੀ ਸਾਬੋ
ਅੰਤਿਕਾ : ਭਗਤੀ ਅਤੇ ਸ਼ਕਤੀ ਦੇ ਸੁਮੇਲ ਦੀ ਅਗਵਾਈ ਗੁਰਬਾਣੀ ਵਿੱਚ ਮਿਲਦੀ ਹੈ ਕਿ ਹੇ ਭਾਈ! ਜੇ ਤੈਨੂੰ ਪ੍ਰਭੂ ਪ੍ਰੇਮ ਦੀ ਖੇਡ ਖੇਡਣ ਦਾ ਸ਼ੋਂਕ ਹੈ ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ। ਲੋਕ ਲਾਜ ਛੱਡ ਕੇ ਹਊਮੇ ਦੂਰ ਕਰਕੇ ਆ। ਪ੍ਰਭੂ ਪ੍ਰੀਤ ਦੇ ਰਸਤੇ ਉੱਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ, ਜਦੋਂ ਸਿਰ ਭੇਂਟ ਕੀਤਾ ਜਾਵੇ ਪਰ ਕੋਈ ਝਿਜਕ ਨਾ ਕੀਤੀ ਜਾਵੇ। ਜਦੋਂ ਬਿਨਾਂ ਕਿਸੇ ਝਿਜਕ ਦੇ ਲੋਕ ਲਾਜ ਅਤੇ ਹਊਮੇ ਛੱਡੀ ਜਾਵੇ। ਅੰਗ -1412