ਅਮਰੀਕੀ ਅਦਾਲਤ ਵਿੱਚ ਪੇਸ਼ ਨਵੇਂ ਦਸਤਾਵੇਜ਼ਾਂ ਨੇ ਨਿੱਝਰ ਦੇ ਕਤਲ ਤੇ ਪੰਨੂ ਕਤਲ ਦੀ ਸਾਜ਼ਿਸ਼ ਵਿਚਾਲੇ ਸਬੰਧ ਦੇ ਭੇਦ ਖੋਲੇ

In ਮੁੱਖ ਖ਼ਬਰਾਂ
July 01, 2025

ਅਮਰੀਕੀ ਅਦਾਲਤ ਦੇ ਨਵੇਂ ਖੁੱਲ੍ਹੇ ਦਸਤਾਵੇਜ਼ਾਂ ਨੇ ਹਰਦੀਪ ਸਿੰਘ ਨਿੱਝਰ ਦੇ 2023 ਦੌਰਾਨ ਹੋਏ ਕਤਲ ਅਤੇ ਸਿੱਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ’ਤੇ ਨਿਊਯਾਰਕ ਵਿੱਚ ਕਤਲ ਦੀ ਸਾਜ਼ਿਸ਼ ਦਰਮਿਆਨ ਸਬੰਧ ਨੂੰ ਉਜਾਗਰ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤ ਸਰਕਾਰ ਦੇ ਕਰਮਚਾਰੀ ਵਿਕਾਸ਼ ਯਾਦਵ ਦਾ ਨਾਂ ਸਾਹਮਣੇ ਆਇਆ ਹੈ, ਜੋ ਹੁਣ ਐਫ਼.ਬੀ.ਆਈ. ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਹੈ। 18 ਜੂਨ 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਗ ਲਾਟ ਵਿੱਚ ਭਾਈ ਹਰਦੀਪ ਸਿੰਘ ਨਿੱਝਰ (45) ਨੂੰ ਦੋ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਈ ਨਿੱਝਰ, ਜੋ ਖਾਲਿਸਤਾਨ ਲਹਿਰ ਦੇ ਪ੍ਰਮੁੱਖ ਸਮਰਥਕ ਅਤੇ ਗੁਰਦੁਆਰੇ ਦੇ ਪ੍ਰਧਾਨ ਸਨ, ਆਪਣੇ ਟਰੱਕ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, ਪੰਨੂ ਦੇ ਕਤਲ ਦੀ ਸਾਜ਼ਿਸ਼, ਜੋ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਹਨ, ਦਾ ਸਿੱਧਾ ਸਬੰਧ ਭਾਈ ਨਿੱਝਰ ਦੇ ਕਤਲ ਨਾਲ ਹੈ। ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਵਿਕਾਸ਼ ਯਾਦਵ, ਜੋ ਭਾਰਤ ਸਰਕਾਰ ਦਾ ਸੀਨੀਅਰ ਅਧਿਕਾਰੀ ਸੀ, ਨੇ ਨਿਖਿਲ ਗੁਪਤਾ ਨੂੰ ਪੰਨੂ ਦੇ ਕਤਲ ਲਈ ਭਰਤੀ ਕੀਤਾ ਸੀ। ਮਈ 2023 ਵਿੱਚ, ਯਾਦਵ ਨੇ ਗੁਪਤਾ ਨੂੰ ਇੱਕ ਅਪਰਾਧੀ ਸਾਥੀ ਸਮਝ ਕੇ ਸੰਪਰਕ ਕੀਤਾ, ਜੋ ਅਸਲ ਵਿੱਚ ਅਮਰੀਕੀ ਖੁਫ਼ੀਆ ਏਜੰਸੀ ਦਾ ਗੁਪਤ ਏਜੰਟ ਸੀ। ਗੁਪਤਾ ਨੇ 100,000 ਡਾਲਰ ਦੀ ਸੁਪਾਰੀ ਦੀ ਗੱਲ ਕੀਤੀ ਸੀ, ਜਿਸ ਵਿੱਚ 15,000 ਡਾਲਰ ਅਗਾਊਂ ਅਦਾ ਕੀਤੇ ਗਏ। ਗੁਪਤਾ ਨੇ ਏਜੰਟ ਨੂੰ ਕਿਹਾ ਸੀ ਕਿ ਨਿੱਝਰ ਵੀ ‘ਟਾਰਗੇਟ’ ਸੀ, ਜਿਸ ਨਾਲ ਨਿੱਝਰ ਦੇ ਕਤਲ ਦੀ ਸਾਜ਼ਿਸ਼ ਦਾ ਸ਼ੱਕ ਪੁਖਤਾ ਹੁੰਦਾ ਹੈ। ਗੁਪਤਾ ਨੂੰ ਜੂਨ 2023 ਵਿੱਚ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਨਿਊਯਾਰਕ ਵਿੱਚ 3 ਨਵੰਬਰ 2025 ਨੂੰ ਮੁਕੱਦਮੇ ਦਾ ਸਾਹਮਣਾ ਕਰੇਗਾ।
ਦਸਤਾਵੇਜ਼ਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੋਰ ਕਈ ਕੈਨੇਡੀਅਨ ਸਿੱਖ ਆਗੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ। ਨਿੱਝਰ ਦੇ ਕਤਲ ਵਿੱਚ ਚਾਰ ਭਾਰਤੀ ਨਾਗਰਿਕਾਂ—ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ—’ਤੇ ਪਹਿਲੇ ਦਰਜੇ ਦੇ ਕਤਲ ਅਤੇ ਸਾਜ਼ਿਸ਼ ਦੇ ਦੋਸ਼ ਹਨ। ਇਹਨਾਂ ਦੀ ਅਗਲੀ ਅਦਾਲਤੀ ਸੁਣਵਾਈ 14 ਅਗਸਤ ਨੂੰ ਹੋਵੇਗੀ। ਹਾਲਾਂਕਿ, ਇਹਨਾਂ ਨੂੰ ਸੁਪਾਰੀ ਦੇਣ ਵਾਲੇ ਦੀ ਪਛਾਣ ਅਜੇ ਨਹੀਂ ਹੋਈ। ਪੰਨੂ ਅਤੇ ਸਿੱਖ ਫ਼ਾਰ ਜਸਟਿਸ ਨੇ ਦਾਅਵਾ ਕੀਤਾ ਹੈ ਕਿ ਇਹ ਸਾਜ਼ਿਸ਼ਾਂ ਭਾਰਤ ਸਰਕਾਰ ਦੀ ‘ਅੰਤਰਰਾਸ਼ਟਰੀ ਦਮਨ’ ਨੀਤੀ ਦਾ ਹਿੱਸਾ ਹਨ। ਪਨੂੰ ਨੇ ਕਿਹਾ ਕਿ ਕੈਨੇਡਾ ਵਿੱਚ 100 ਤੋਂ ਵੱਧ ਸਿੱਖ ਆਗੂ ਭਾਰਤੀ ਕੌਂਸਲੇਟਾਂ ਦੀ ਨਿਗਰਾਨੀ ਹੇਠ ਹਿਟ ਲਿਸਟ ’ਤੇ ਹਨ। ਕੈਨੇਡੀਅਨ ਅਤੇ ਅਮਰੀਕੀ ਖੁਫ਼ੀਆ ਏਜੰਸੀਆਂ ਇਸ ਮਾਮਲੇ ਦੀ ਸਾਂਝੀ ਜਾਂਚ ਕਰ ਰਹੀਆਂ ਹਨ।
ਅਕਤੂਬਰ 2024 ਵਿੱਚ, ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਨਿਕਾਲਾ ਦਿੱਤਾ, ਜਿਨ੍ਹਾਂ ਨੂੰ ਨਿੱਝਰ ਦੇ ਕਤਲ ਨਾਲ ਜੋੜਿਆ ਗਿਆ। ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਪੁਖਤਾ ਸਬੂਤ ਹਨ ਜੋ ਭਾਰਤੀ ਏਜੰਟਾਂ ਨੂੰ ਇਹਨਾਂ ਅਪਰਾਧਾਂ ਨਾਲ ਜੋੜਦੇ ਹਨ।
ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਹੂਦਾ ਕਰਾਰ ਦਿੱਤਾ ਅਤੇ ਜਵਾਬੀ ਕਾਰਵਾਈ ਵਜੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਨਿਕਾਲਾ ਦਿੱਤਾ। ਪੰਨੂ ਨੇ ਕਿਹਾ ਕਿ ਉਹ ਖ਼ਾਲਿਸਤਾਨ ਰੈਫ਼ਰੈਂਡਮ ਮੁਹਿੰਮ ਨੂੰ ਜਾਰੀ ਰੱਖਣਗੇ, ਜਿਸ ਦਾ ਅਗਲਾ ਪੜਾਅ 17 ਅਗਸਤ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਹੋਵੇਗਾ। ਇਹ ਸਾਜ਼ਿਸ਼ਾਂ ਸਾਨੂੰ ਨਹੀਂ ਰੋਕ ਸਕਦੀਆਂ। ਸਿੱਖ ਭਾਈਚਾਰੇ ਦੀ ਹੋਂਦ ਨੂੰ ਖਤਰਾ ਹੈ ਅਤੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ।
ਇਹਨਾਂ ਦੋਸ਼ਾਂ ਦੀ ਅਦਾਲਤ ਵਿੱਚ ਅਜੇ ਪੁਸ਼ਟੀ ਨਹੀਂ ਹੋਈ। ਕੈਨੇਡੀਅਨ ਪੁਲਿਸ ਅਤੇ ਐਫ਼.ਬੀ.ਆਈ. ਦੀ ਜਾਂਚ ਜਾਰੀ ਹੈ, ਜਿਸ ਵਿੱਚ ਹੋਰ ਸੰਭਾਵੀ ਟਾਰਗੇਟਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Loading