
ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਅਤੇ ਸਾਬਕਾ ਆਈ.ਪੀ.ਐਸ. ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚੋਂ 5 ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਇਹ ਫੈਸਲਾ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਵੱਲੋਂ ਲਿਆ ਗਿਆ ਸੀ। ਕੁੰਵਰ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਦੀ ਕਾਰਵਾਈ ’ਤੇ ਸਵਾਲ ਉਠਾਉਣ ਦਾ ਦੋਸ਼ ਹੈ। ਪਿਛਲੇ ਦਿਨੀਂ ਕੁੰਵਰ ਨੇ ਕਿਹਾ ਸੀ ਕਿ 2022 ਵਿੱਚ ਮਜੀਠੀਆ ਜਦੋਂ ਜੇਲ੍ਹ ਵਿੱਚ ਸਨ, ਤਾਂ ਭਗਵੰਤ ਮਾਨ ਸਰਕਾਰ ਨੇ ਨਾ ਤਾਂ ਉਹਨਾਂ ਦੀ ਪੁੱਛਗਿੱਛ ਕੀਤੀ ਅਤੇ ਨਾ ਹੀ ਰਿਮਾਂਡ ਮੰਗਿਆ, ਜਿਸ ਕਾਰਨ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਵੇਰੇ-ਸਵੇਰੇ ਕਿਸੇ ਦੇ ਘਰ ਛਾਪੇ ਮਾਰਨਾ ਨੈਤਿਕ ਸਿਧਾਂਤਾਂ ਦੇ ਖ਼ਿਲਾਫ਼ ਹੈ।
ਆਮ ਆਦਮੀ ਪਾਰਟੀ ਦੇ ਇਸ ਫੈਸਲੇ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਕੋਟਕਪੂਰਾ ਗੋਲ਼ੀਬਾਰੀ ਮਾਮਲਿਆਂ ਦੀ ਜਾਂਚ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਫਸਰ ਸਨ, ਜਿਨ੍ਹਾਂ ਨੇ ‘ਆਪ’ ਦੀ 2022 ਦੀ ਸੱਤਾ ਵਿੱਚ ਵਾਪਸੀ ਦਾ ਰਾਹ ਪੱਧਰਾ ਕੀਤਾ ਸੀ।
ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੁੰਵਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਜਨਤਕ ਬਿਆਨਬਾਜ਼ੀ ਕਰਕੇ ਰਾਜਨੀਤਿਕ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕੀਤਾ ਗਿਆ ਸੀ। ਗਰਗ ਨੇ ਕਿਹਾ ਕਿ ਮਜੀਠੀਆ ਵਿਰੁੱਧ ਵਿਜੀਲੈਂਸ ਦੀ ਕਾਰਵਾਈ ਨੂੰ ਪੂਰਾ ਪੰਜਾਬ ਸਮਰਥਨ ਕਰਦਾ ਹੈ। ਉਹਨਾਂ ਨੇ ਸਵਾਲ ਉਠਾਇਆ ਕਿ ਜੇਕਰ ਕੁੰਵਰ ਨੂੰ ਇਸ ਬਾਰੇ ਕੋਈ ਇਤਰਾਜ਼ ਸੀ, ਤਾਂ ਉਹ ਪਾਰਟੀ ਦੇ ਅੰਦਰੂਨੀ ਪਲੇਟਫਾਰਮ ’ਤੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਸਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁਅੱਤਲੀ ਦੇ ਜਵਾਬ ਵਿੱਚ ਕਿਹਾ ਕਿ ਮੈਂ 5 ਸਾਲ ਬਾਅਦ ਜਵਾਬ ਦਿਆਂਗਾ। ਜੇਕਰ ਪਾਰਟੀ ਦੀ ਕੋਈ ਹੋਂਦ ਹੀ ਨਹੀਂ, ਤਾਂ ਮੈਨੂੰ ਕਿਸ ਨੇ ਕੱਢਿਆ? ਪਾਰਟੀ ਸੁਪਰੀਮੋ ਕੇਜਰੀਵਾਲ ਸਮੇਤ ਸਾਰੇ ਵੱਡੇ ਨੇਤਾ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਪਾਰਟੀ ਤਾਂ ਰਹੀ ਹੀ ਨਹੀਂ। ਉਹਨਾਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਮੁਅੱਤਲੀ ਤੋਂ ਪਹਿਲਾਂ ਉਹਨਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਅਤੇ ਨਾ ਹੀ ਸਫਾਈ ਦਾ ਮੌਕਾ ਦਿੱਤਾ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁਅੱਤਲੀ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਤਣਾਅ ਪੈਦਾ ਕੀਤਾ ਹੈ। ਉਨ੍ਹਾਂ ਦੀ ਬੇਅਦਬੀ ਮਾਮਲਿਆਂ ਵਿੱਚ ਭੂਮਿਕਾ ਅਤੇ ਤਤਕਾਲੀ ਸਰਕਾਰ ਵਿਰੁੱਧ ਸਖ਼ਤ ਸਟੈਂਡ ਨੇ ਆਪ ਨੂੰ 2022 ਦੀਆਂ ਚੋਣਾਂ ਵਿੱਚ ਜਿੱਤ ਦਿਵਾਈ ਸੀ, ਪਰ ਹੁਣ ਉਨ੍ਹਾਂ ਦੀ ਮੁਅੱਤਲੀ ਨੇ ਪਾਰਟੀ ਦੀ ਅੰਦਰੂਨੀ ਸਥਿਤੀ ਅਤੇ ਜਨਤਕ ਸਾਖ ’ਤੇ ਸਵਾਲ ਉਠਾਏ ਹਨ। ਬੇਅਦਬੀ ਮਾਮਲਿਆਂ ਦੀ ਹੌਲੀ ਜਾਂਚ ਅਤੇ ਕੁੰਵਰ ਦੇ ਦੋਸ਼ਾਂ ਨੇ ਸਿੱਖ ਪੰਥ ਵਿੱਚ ਨਾਰਾਜ਼ਗੀ ਨੂੰ ਹੋਰ ਵਧਾਇਆ ਹੈ। ਇਸ ਸਥਿਤੀ ਦਾ ਪੰਜਾਬ ਦੀ ਸਿਆਸਤ ’ਤੇ ਲੰਮੇ ਸਮੇਂ ਦਾ ਅਸਰ ਕੀ ਹੋਵੇਗਾ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।