ਸ਼ਹੀਦ ਭਾਈ ਖਾਲੜਾ ਦੀ ਸ਼ਹਾਦਤ ਅਤੇ ਵਿਰਾਸਤ ਬਾਰੇ ਸੈਮੀਨਾਰ ਅਤੇ ਕਿਤਾਬ ਲੋਕ ਅਰਪਣ ਕੀਤੀ

In ਮੁੱਖ ਖ਼ਬਰਾਂ
July 02, 2025

ਸਰੀ/ਏ.ਟੀ.ਨਿਊਜ਼: ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਤਿੰਨ ਦਹਾਕਿਆਂ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ ਦੋ ਸਾਲਾਂ ਬਾਅਦ, ਉਨ੍ਹਾਂ ਦੀ ਸਦੀਵੀ ਵਿਰਾਸਤ ਦੇ ਸਬੰਧ ਵਿੱਚ ਵਿਸ਼ੇਸ਼ ਸੈਮੀਨਾਰ, ਵਿਸ਼ਵ ਸਿੱਖ ਸੰਸਥਾ ਵੱਲੋਂ ਪੰਥਕ ਅਲਾਇੰਸ ਨਾਲ ਮਿਲ ਕੇ ਸਰੀ ਦੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਹਾਲ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਵਿਖੇ ਕਰਵਾਇਆ ਗਿਆ।
ਇਸ ਮੌਕੇ ’ਤੇ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਿਸ਼ੇਸ਼ ਮਹਿਮਾਨ ਬੁਲਾਰਿਆਂ ਵਿੱਚ ਭਾਈ ਅਮਰਜੀਤ ਸਿੰਘ ਖਾਲੜਾ (ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ) ਨੇ ਵਿਸਥਾਰ ਵਿੱਚ ਸ਼ਹੀਦ ਖਾਲੜਾ ਦੀ ਸ਼ਹਾਦਤ ਦੇ ਇਤਿਹਾਸ ਨੂੰ ਬਿਆਨ ਕਰਦਿਆਂ, ਮੌਜੂਦਾ ਪੰਥਕ ਚੁਣੌਤੀਆਂ ਬਾਰੇ ਵੀ ਗੱਲਬਾਤ ਕੀਤੀ।
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਸਿੱਖ ਮਿਸਲਾਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੇ ਕੌਮੀ ਚੁਣੌਤੀਆਂ ਅਤੇ ਪੰਥਕ ਮਸਲਿਆਂ ਦੀ ਹੱਲ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਪ੍ਰਸਿੱਧ ਕਿਤਾਬ ‘ਰਿਡਿਊਸ ਟੂ ਐਸ਼ਜ’ (ਸੁਆਹ ਕਰ ਦਿੱਤੇ ਲੋਕ) ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਲਿਖਤਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ।
ਇਸ ਮੌਕੇ ’ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਸਿੱਖ ਚਿੰਤਕ ਅਤੇ ਇਤਿਹਾਸਕਾਰ ਸਿਰਦਾਰ ਅਜਮੇਰ ਸਿੰਘ ਵੱਲੋਂ ਲਿਖੀ ਕਿਤਾਬ ‘ਸ਼ਹੀਦ ਜਸਵੰਤ ਸਿੰਘ ਖਾਲੜਾ : ਸੋਚ, ਸੰਘਰਸ਼ ਅਤੇ ਸ਼ਹਾਦਤ’ ਦਾ ਅੰਗਰੇਜ਼ੀ ਐਡੀਸ਼ਨ ਰਿਲੀਜ਼ ਕੀਤਾ ਗਿਆ।
ਵਰਲਡ ਸਿੱਖ ਆਰਗਨਾਈਜੇਸ਼ਨ ਵੱਲੋਂ ਪੰਥਕ ਅਲਾਇੰਸ ਆਫ ਬੀ ਸੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ, ਵਿਸ਼ਵ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਦਾਨਿਸ਼ ਸਿੰਘ ਅਤੇ ਪੰਥਕ ਅਲਾਇੰਸ ਦੇ ਮੁੱਖ ਸੇਵਾਦਾਰ ਭਾਈ ਭਵਨੀਤ ਸਿੰਘ ਨੇ ਸੰਗਤਾਂ ਨੂੰ ‘ਜੀ ਆਇਆਂ ਨੂੰ’ ਆਖਦਿਆਂ ਧੰਨਵਾਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਜਹਾਜ਼ ਦੀ ਅਗਵਾਈ ਕਰਨ ਵਾਲੀ ਪੰਜ ਮੈਂਬਰੀ ਕਮੇਟੀ ਵਿੱਚ ਖਾਲੜਾ ਸਾਹਿਬ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਖਾਲੜਾ ਦੀ ਵਿਸ਼ੇਸ਼ ਭੂਮਿਕਾ ਸੀ।

Loading