ਵਿਦੇਸ਼ ਵਿੱਚ ਸੈਟਲ ਹੋਣ ਦਾ ਸੁਪਨਾ ਹੋਵੇ ਸੱਚ, ਇਹ 3 ਦੇਸ਼ ਦੇ ਰਹੇ ਨੇ ਪੈਸੇ ਤੇ ਮੁਫਤ ਘਰ! ਅੱਜ-ਕੱਲ੍ਹ ਹਰ ਕੋਈ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਵੇਖਦਾ ਹੈ। ਪਰ ਵੀਜ਼ੇ, ਦਸਤਾਵੇਜ਼ ਅਤੇ ਹੋਰ ਪ੍ਰਕਿਰਿਆਵਾਂ ਦੀ ਝੰਝਟ ਕਾਰਨ ਇਹ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਹੁਣ ਤੁਹਾਡੇ ਲਈ ਖੁਸ਼ਖਬਰੀ ਹੈ! ਦੁਨੀਆ ਦੇ 3 ਅਜਿਹੇ ਸ਼ਹਿਰ ਹਨ, ਜੋ ਨਾ ਸਿਰਫ਼ ਤੁਹਾਨੂੰ ਆਪਣੇ ਇੱਥੇ ਸੱਦ ਰਹੇ ਨੇ, ਸਗੋਂ ਪੈਸੇ ਅਤੇ ਮੁਫਤ ਘਰ ਵੀ ਦੇ ਰਹੇ ਨੇ। ਕੰਟੈਂਟ ਕ੍ਰੀਏਟਰ ਤੇ ਵਿੱਤ ਮਾਹਿਰ ਕੈਸਪਰ ਓਪਾਲਾ ਨੇ ਹਾਲ ਹੀ ’ਚ ਇੱਕ ਵੀਡੀਓ ’ਚ ਇਨ੍ਹਾਂ ਸਥਾਨਾਂ ਬਾਰੇ ਦੱਸਿਆ। ਆਓ, ਜਾਣਦੇ ਹਾਂ ਇਨ੍ਹਾਂ 3 ਸੁੰਦਰ ਥਾਵਾਂ ਬਾਰੇ।
ਐਂਟੀਕਾਇਥੇਰਾ ਆਈਲੈਂਡ, ਗ੍ਰੀਸ
ਗ੍ਰੀਸ ਦਾ ਇਹ ਛੋਟਾ ਜਿਹਾ ਟਾਪੂ ਸਿਰਫ਼ 39 ਲੋਕਾਂ ਦਾ ਘਰ ਹੈ। ਚਿੱਟੀਆਂ ਇਮਾਰਤਾਂ, ਨੀਲਾ ਸਮੁੰਦਰ, ਗੁਫਾਵਾਂ ਅਤੇ ਸੁੰਦਰ ਨਜ਼ਾਰਿਆਂ ਨਾਲ ਸਜਿਆ ਇਹ ਟਾਪੂ ਕੁਦਰਤ ਪ੍ਰੇਮੀਆਂ ਦਾ ਪਸੰਦੀਦਾ ਹੈ। ਇੱਥੇ 5 ਪਰਿਵਾਰਾਂ ਨੂੰ ਵਸਣ ਲਈ ਵਿੱਤੀ ਮਦਦ ਅਤੇ ਮੁਫਤ ਘਰ ਦਿੱਤਾ ਜਾਵੇਗਾ। ਜੇਕਰ ਤੁਸੀਂ ਬੇਕਰੀ ਚਲਾਉਣ ਜਾਂ ਮੱਛੀਆਂ ਫੜਨ ’ਚ ਮਾਹਰ ਹੋ, ਤਾਂ ਤੁਹਾਨੂੰ ਤਰਜੀਹ ਮਿਲੇਗੀ। ਚੁਣੇ ਗਏ ਪਰਿਵਾਰਾਂ ਨੂੰ 3 ਸਾਲਾਂ ਲਈ ਹਰ ਮਹੀਨੇ 600 ਡਾਲਰ (ਲਗਭਗ 50,000 ਰੁਪਏ) ਅਤੇ ਜ਼ਮੀਨ ਦਾ ਟੁਕੜਾ ਮਿਲੇਗਾ। ਚੋਣ ਲਈ ਇੱਕ ਸਧਾਰਨ ਇੰਟਰਵਿਊ ਪ੍ਰਕਿਰਿਆ ਹੈ।
ਐਲਬਿਨੇਨ, ਸਵਿਟਜ਼ਰਲੈਂਡ
ਸਵਿਟਜ਼ਰਲੈਂਡ ਦਾ ਇਹ ਸੁੰਦਰ ਪਿੰਡ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨ ਪਰਿਵਾਰਾਂ ਨੂੰ ਸੱਦ ਰਿਹਾ ਹੈ। ਜੇਕਰ ਤੁਸੀਂ 4 ਜਾਂ ਵੱਧ ਮੈਂਬਰਾਂ ਵਾਲੇ ਪਰਿਵਾਰ ਨਾਲ ਇੱਥੇ ਵਸਦੇ ਹੋ, ਤਾਂ ਤੁਹਾਨੂੰ 60,000 ਡਾਲਰ (ਲਗਭਗ 50 ਲੱਖ ਰੁਪਏ) ਤੱਕ ਦੀ ਸਹਾਇਤਾ ਮਿਲ ਸਕਦੀ ਹੈ। ਹਰ ਵਿਅਕਤੀ ਲਈ 26,800 ਡਾਲਰ (22 ਲੱਖ ਰੁਪਏ) ਅਤੇ ਹਰ ਬੱਚੇ ਲਈ 10,700 ਡਾਲਰ (9 ਲੱਖ ਰੁਪਏ) ਦਿੱਤੇ ਜਾਣਗੇ। ਇਹ ਯੋਜਨਾ ਖਾਸ ਕਰਕੇ ਨੌਜਵਾਨ ਜੋੜਿਆਂ ਲਈ ਲਾਭਕਾਰੀ ਹੈ।
ਪ੍ਰੈਸੀਚੇ, ਇਟਲੀ
ਇਟਲੀ ਦੇ ਇਸ ਸ਼ਹਿਰ ’ਚ ਬਹੁਤ ਸਾਰੇ ਘਰ ਖਾਲੀ ਪਏ ਹਨ। ਸਥਾਨਕ ਕੌਂਸਲ ਇਨ੍ਹਾਂ ਘਰਾਂ ਨੂੰ ਮੁੜ ਵਸਾਉਣ ਲਈ 30,000 ਡਾਲਰ (25 ਲੱਖ ਰੁਪਏ) ਦੀ ਮਦਦ ਦੇ ਰਹੀ ਹੈ। ਇਹ ਰਕਮ ਪੁਰਾਣੇ ਘਰ ਖਰੀਦਣ ਅਤੇ ਮੁਰੰਮਤ ਲਈ ਵਰਤੀ ਜਾ ਸਕਦੀ ਹੈ। ਇੱਥੇ ਨੌਜਵਾਨਾਂ ਦੀ ਘਾਟ ਕਾਰਨ ਬਾਹਰੀ ਲੋਕਾਂ ਨੂੰ ਸੱਦਿਆ ਜਾ ਰਿਹਾ ਹੈ।ਇਹ ਤਿੰਨੇ ਥਾਵਾਂ ਸੁੰਦਰਤਾ, ਸ਼ਾਂਤੀ ਅਤੇ ਨਵੀਂ ਸ਼ੁਰੂਆਤ ਦਾ ਮੌਕਾ ਦੇ ਰਹੀਆਂ ਨੇ।
![]()
