ਚੰਗੇ ਰੁਜ਼ਗਾਰ ਵੀ ਪੈਦਾ ਕਰਦੀਆਂ ਹਨ ਖੇਡਾਂ

In ਖੇਡ ਖਿਡਾਰੀ
July 03, 2025

ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਤਣਾਅ ਹੁੰਦੇ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਘਿਰੇ ਹੋਏ ਹਨ। ਖੇਡਾਂ ਸਾਨੂੰ ਇਨ੍ਹਾਂ ਸਮੱਸਿਆਵਾਂ, ਤਣਾਅ ਅਤੇ ਚਿੰਤਾਵਾਂ ਤੋਂ ਮੁਕਤ ਕਰਦੀਆਂ ਹਨ। ਜੋ ਲੋਕ ਖੇਡਾਂ ਨੂੰ ਜੀਵਨ ਦਾ ਜ਼ਰੂਰੀ ਅੰਗ ਮੰਨਦੇ ਹਨ, ਉਹ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਯੋਗ ਹੁੰਦੇ ਹਨ।
ਸੰਤ ਰਾਮਕ੍ਰਿਸ਼ਨ ਪਰਮਹੰਸ ਕਹਿੰਦੇ ਹਨ ਕਿ ਪਰਮਾਤਮਾ ਨੇ ਸੰਸਾਰ ਨੂੰ ਖੇਡ-ਖੇਡ ਵਿੱਚ ਬਣਾਇਆ ਹੈ। ਭਾਵ ਰੱਬ ਨੂੰ ਖੇਡਾਂ ਬਹੁਤ ਪਸੰਦ ਹਨ। ਫਿਰ ਇਨਸਾਨ ਖੇਡਾਂ, ਰੱਬ ਦੀ ਰਚਨਾ ਤੋਂ ਦੂਰ ਕਿਉਂ ਰਹੇ? ਖੇਡਾਂ ਖੇਡਣ ਨਾਲ ਹੀ ਲੋਕ ਜਾਣ ਸਕਦੇ ਹਨ ਕਿ ਜ਼ਿੰਦਗੀ ਇੱਕ ਖੇਡ ਹੈ। ਜ਼ਿੰਦਗੀ ਨੂੰ ਜ਼ਿਆਦਾ ਗੰਭੀਰ ਅਤੇ ਤਣਾਅਪੂਰਨ ਨਹੀਂ ਬਣਾਉਣਾ ਚਾਹੀਦਾ। ਜੇਕਰ ਹਰ ਕੋਈ ਹੱਸਦਿਆਂ-ਖੇਡਦਿਆਂ ਜੀਵਨ ਬਤੀਤ ਕਰੇ ਤਾਂ ਦੁਨੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸ ਲਈ ਖੇਡਾਂ ਦਾ ਜੀਵਨ ਵਿੱਚ ਅਹਿਮ ਸਥਾਨ ਹੋਣਾ ਚਾਹੀਦਾ ਹੈ।
ਜਿਥੇ ਖੇਡਾਂ ਦੇ ਅਨੇਕਾਂ ਗੁਣ ਹਨ, ਉਥੇ ਹੁਣ ਖੇਡ ਜਗਤ ਵਿੱਚ ਵੀ ਨੌਜਵਾਨਾਂ ਨੂੰ ਚੰਗਾ ਰੁਜ਼ਗਾਰ ਮਿਲਦਾ ਹੈ। ਇਸ ਤਰਾਂ ਖੇਡ-ਖੇਡ ਵਿੱਚ ਹੀ ਨੌਜਵਾਨ ਬੇਰੁਜ਼ਗਾਰ ਤੋਂ ਰੁਜ਼ਗਾਰ ਵਾਲੇ ਬਣ ਜਾਂਦੇ ਹਨ ਅਤੇ ਹੋਰਨਾਂ ਨੂੰ ਰੁਜ਼ਗਾਰ ਦੇਣ ਦੇ ਯੋਗ ਹੋ ਜਾਂਦੇ ਹਨ। ਅੱਜ ਕੱਲ੍ਹ ਚੰਗੇ ਖਿਡਾਰੀਆਂ ਨੂੰ ਬਹੁਤ ਇੱਜ਼ਤ ਮਿਲਦੀ ਹੈ। ਉਸ ਨੂੰ ਧਨ ਵੀ ਬਹੁਤ ਮਿਲਦਾ ਹੈ। ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ’ਤੇ ਰੱਖਦੀਆਂ ਹਨ। ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਸਤਿਕਾਰ ਮਿਲਦਾ ਹੈ। ਉਪਰੋਕਤ ਕਾਰਨਾਂ ਕਰਕੇ ਖੇਡਾਂ ਦੀ ਮਹੱਤਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ।
ਖੇਡਾਂ ਸਰੀਰ ਨੂੰ ਸਿਹਤਮੰਦ ਕਰਦੀਆਂ ਹਨ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸਹੀ ਕੰਮ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਸਰੀਰ ’ਚ ਜਮ੍ਹਾ ਪਾਣੀ ਪਸੀਨੇ ਦੇ ਰੂਪ ’ਚ ਬਾਹਰ ਨਿਕਲਦਾ ਹੈ। ਖੇਡਾਂ ਸਰੀਰ ਅਤੇ ਮਨ ਨੂੰ ਤਾਜ਼ਗੀ ਪ੍ਰਦਾਨ ਕਰਦੀਆਂ ਹਨ। ਇਸ ਕਾਰਨ ਮਾਸਪੇਸ਼ੀਆਂ ਚੰਗੀ ਤਰ੍ਹਾਂ ਬਣ ਜਾਂਦੀਆਂ ਹਨ। ਮਨ ਵਿੱਚੋਂ ਬੋਰੀਅਤ ਦੂਰ ਕਰਨ ਅਤੇ ਮਨ ਨੂੰ ਖ਼ੁਸ਼ੀ ਦੇਣ ਵਿੱਚ ਖੇਡਾਂ ਤੋਂ ਵੱਡੀ ਭੂਮਿਕਾ ਸ਼ਾਇਦ ਹੋਰ ਕੋਈ ਨਹੀਂ ਨਿਭਾਉਂਦੀ। ਇਹੀ ਕਾਰਨ ਹੈ ਕਿ ਵੱਖ-ਵੱਖ ਸਮਾਜਾਂ ਅਤੇ ਦੇਸ਼ਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨੂੰ ਕਾਫ਼ੀ ਮਹੱਤਵ ਦਿੱਤਾ ਜਾਂਦਾ ਹੈ।
ਸਕੂਲਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੇਡਾਂ ਨੂੰ ਸਿੱਖਿਆ ਦਾ ਇੱਕ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ। ਖੇਡਾਂ ਨਾਲ ਸਬੰਧਿਤ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਸਕੂਲਾਂ ਵਿੱਚ ਸਾਲਾਨਾ ਖੇਡ ਮੇਲੇ ਕਰਵਾਏ ਜਾਂਦੇ ਹਨ। ਵੱਡੀ ਗਿਣਤੀ ਸਕੂਲਾਂ ਵਿੱਚ ਹਰ ਰੋਜ਼ ਇੱਕ ਖੇਡ ਪੀਰੀਅਡ ਹੁੰਦਾ ਹੈ। ਖੇਡ ਟ੍ਰੇਨਰ ਇਸ ਪੀਰੀਅਡ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਣਾ ਸਿਖਾਉਂਦੇ ਹਨ। ਬੱਚੇ ਉਤਸ਼ਾਹ ਨਾਲ ਖੇਡਦੇ ਹਨ ਅਤੇ ਤਣਾਅ ਤੋਂ ਮੁਕਤ ਹੋ ਜਾਂਦੇ ਹਨ ਅਤੇ ਦੁਬਾਰਾ ਪੜ੍ਹਾਈ ’ਤੇ ਧਿਆਨ ਦਿੰਦੇ ਹਨ।
ਖੇਡਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਵਿਸ਼ਵ ਭਰ ਵਿੱਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਮੁਕਾਬਲਾ ਉਲੰਪਿਕ ਖੇਡਾਂ ਹੈ, ਜੋ ਹਰ ਚਾਰ ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਵਿਸ਼ਵ ਕੱਪ ਕ੍ਰਿਕਟ, ਵਿਸ਼ਵ ਕੱਪ ਫੁਟਬਾਲ, ਵਿਸ਼ਵ ਕੱਪ ਸ਼ਤਰੰਜ ਆਦਿ ਦੇ ਮੁਕਾਬਲੇ ਵੀ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਹਨ। ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਏਸ਼ੀਅਨ ਖੇਡਾਂ ਏਸ਼ੀਆਈ ਮਹਾਂਦੀਪ ਦਾ ਸਭ ਤੋਂ ਵੱਡਾ ਆਯੋਜਨ ਹੈ। ਵੱਖ-ਵੱਖ ਖੇਡ ਮੁਕਾਬਲਿਆਂ ਦਾ ਆਯੋਜਨ ਦੁਨੀਆਂ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ। ਲੋਕ ਖੇਡਾਂ ਵਿੱਚ ਜ਼ਿਆਦਾ ਦਿਲਚਸਪੀ ਲੈਣ ਲੱਗਦੇ ਹਨ। ਜਦੋਂ ਤੋਂ ਖੇਡਾਂ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ, ਉਦੋਂ ਤੋਂ ਹੀ ਨੌਜਵਾਨਾਂ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਦੀ ਰੁਚੀ ਵਧੀ ਹੈ।

Loading