ਉਟਾਹ ਵਿੱਚ ਰਾਧਾ ਕ੍ਰਿਸ਼ਨਾ ਮੰਦਿਰ ’ਤੇ ਚਲਾਈਆਂ ਗੋਲੀਆਂ

In ਅਮਰੀਕਾ
July 04, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਟਾਹ ਰਾਜ ਵਿੱਚ ਸਪੈਨਿਸ਼ ਫ਼ੌਰਕ ਵਿਖੇ ਸਥਿਤ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ ਦੀ ਖ਼ਬਰ ਹੈ। ਮੰਦਿਰ ਪ੍ਰਬੰਧਕਾਂ ਨੇ ਕਿਹਾ ਹੈ ਕਿ ਇਹ ਨਫ਼ਰਤੀ ਅਪਰਾਧ ਹੈ । ਮੰਦਿਰ ਪ੍ਰਬੰਧਕਾਂ ਨੇ ਨਫ਼ਰਤੀ ਅਪਰਾਧ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਨ। ਇਸ ਮੰਦਿਰ ਨੂੰ ਪਹਿਲਾਂ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਤਾਜ਼ਾ ਹਮਲੇ ਕਾਰਨ ਹਿੰਦੂ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਨਿਗਰਾਨ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਇੱਕ ਕਾਰ ਗੇਟ ਦੇ ਬਾਹਰ ਆਉਂਦੀ ਹੈ ਤੇ ਉਸ ਵਿੱਚ ਸਵਾਰ ਲੋਕ ਮੰਦਿਰ ੳੁੱਪਰ ਗੋਲੀਆਂ ਚਲਾ ਕੇ ਫ਼ਰਾਰ ਹੋ ਜਾਂਦੇ ਹਨ। ਗੋਲੀਬਾਰੀ ਕਰਨ ਮੰਦਿਰ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਮੰਦਿਰ ਦੇ ਸੇਵਿਕ ਪਰੈਸਥਾਇਆ ਦਾਸੀ ਅਨੁਸਾਰ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਉਠਿੱਆ। ਹਮਲਾਵਰਾਂ ਨੇ ਮੰਦਿਰ ਉੱਪਰ ਅੰਧਾਧੁੰਦ ਗੋਲੀਆਂ ਚਲਾਈਆਂ। ਮੰਦਿਰ ਦੇ ਪ੍ਰਧਾਨ ਵਾਈ ਵਾਰਡਨ ਨੇ ਕਿਹਾ ਹੈ ਕਿ ਮੰਦਿਰ ੳੁੱਪਰ 20 ਤੋਂ 30 ਗੋਲੀਆਂ ਚਲਾਈਆਂ ਗਈਆਂ ਹਨ। ਇੱਕ ਗੋਲੀ ਮੰਦਿਰ ਦੇ ਪੂਜਾ ਹਾਲ ਵਿੱਚ ਵੀ ਵੱਜੀ ਹੈ ਪਰੰਤੂ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Loading