ਕੀ ਪੰਜਾਬ ਵਿੱਚ ਨਵਾਂ ਸਿਆਸੀ ਪੰਥਕ ਫ਼ਰੰਟ ਉਭਰੇਗਾ?

In ਮੁੱਖ ਖ਼ਬਰਾਂ
July 05, 2025

ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਪੰਜ ਮੈਂਬਰੀ ਕਮੇਟੀ ਦੀਆਂ ਕੋਸ਼ਿਸ਼ਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਲਿਆਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਇਹ ਕਮੇਟੀ ਨਵੇਂ ਅਕਾਲੀ ਦਲ ਦੀ ਸਥਾਪਨਾ ਲਈ ਸਰਗਰਮ ਹੈ। ਇਸ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣਾ ਹੈ, ਪਰ ਇਸ ਦੇ ਨਾਲ ਹੀ ਵਿਧਾਨ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਆਪਣੀ ਮਜ਼ਬੂਤ ਸਥਿਤੀ ਬਣਾਉਣ ਦੀਆਂ ਤਿਆਰੀਆਂ ਜਾਰੀ ਹਨ।
ਪੰਜ ਮੈਂਬਰੀ ਕਮੇਟੀ ਨੇ ਵਾਰਿਸ ਪੰਜਾਬ ਦੇ ਅਤੇ ਭਾਈ ਰਣਜੀਤ ਸਿੰਘ ਦੀ ਜਥੇਬੰਦੀ ਨਾਲ ਸਹਿਮਤੀ ਬਣਾਈ ਹੈ, ਜਿਸ ਨਾਲ ਨਵਾਂ ਅਕਾਲੀ ਦਲ ਇੱਕ ਸਾਂਝੇ ਨਿਸ਼ਾਨ ਅਤੇ ਨਾਂਅ ਹੇਠ ਚੋਣ ਮੈਦਾਨ ਵਿੱਚ ਉਤਰ ਸਕਦਾ ਹੈ। ਪਰ ਇਸ ਪ੍ਰਕਿਰਿਆ ਵਿੱਚ ਕਈ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਉਸਾਰੇ ਜਾ ਰਹੇ ਅਕਾਲੀ ਦਲ ਦੀ ਪ੍ਰਧਾਨਗੀ ਸਬੰਧੀ ਚੋਣ, ਤਰਨ ਤਾਰਨ ਉਪ-ਚੋਣ ਅਤੇ ਪੰਥਕ ਸਫ਼ਾਂ ਵਿੱਚ ਵਿਸ਼ਵਾਸ ਬਣਾਉਣਾ ਸ਼ਾਮਲ ਹੈ।
ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਤੇ ਉਹਨਾਂ ਦੇ ਸਹਿਯੋਗੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਕਮੇਟੀ ਨੇ ਵਾਰਿਸ ਪੰਜਾਬ ਦੇ ਅਤੇ ਭਾਈ ਰਣਜੀਤ ਸਿੰਘ ਦੀ ਜਥੇਬੰਦੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਾਂਝਾ ਮੋਰਚਾ ਬਣਾਉਣ ਦੀ ਸਹਿਮਤੀ ਬਣਾ ਲਈ ਹੈ। ਇਸ ਸਹਿਮਤੀ ਦੀ ਸ਼ੁਰੂਆਤ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕੀਤੀ ਸੀ।
ਇਸ ਸਾਂਝੇ ਮੋਰਚੇ ਦਾ ਮਕਸਦ ਪੰਥਕ ਵੋਟਰਾਂ ਨੂੰ ਇੱਕ ਜੁੱਟ ਕਰਕੇ ਅਕਾਲੀ ਦਲ ਬਾਦਲ ਦੇ ਪ੍ਰਭਾਵ ਨੂੰ ਸਿੱਖ ਰਾਜਨੀਤੀ ਵਿਚੋਂ ਘਟਾਉਣਾ ਹੈ। ਇਸ ਦੌਰਾਨ, ਰਾਜਦੇਵ ਸਿੰਘ ਖ਼ਾਲਸਾ ਵਰਗੇ ਸਾਬਕਾ ਨੇਤਾਵਾਂ ਦੀ ਵਾਪਸੀ ਨੇ ਵੀ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਰਾਜਦੇਵ ਸਿੰਘ ਖ਼ਾਲਸਾ, ਜੋ ਪਹਿਲਾਂ ਵਾਰਿਸ ਪੰਜਾਬ ਦੇ ਨਾਲ ਜੁੜੇ ਸਨ, ਨੇ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਵੀਕਾਰ ਕਰਦਿਆਂ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਉਸ ਦੇ ਇਸ ਫ਼ੈਸਲੇ ਦੀ ਸਰਾਹਨਾ ਕੀਤੀ ਸੀ, ਪਰ ਕਈ ਪੰਥਕ ਲੋਕ ਰਾਜਦੇਵ ਸਿੰਘ ਦੀ ਪਿਛਲੀ ਸ਼ੱਕੀ ਸਿਆਸੀ ਸਰਗਰਮੀਆਂ, ਜੋ ਸੰਘ ਪਰਿਵਾਰ ਨਾਲ ਜੁੜੀਆਂ ਸਨ,ਨੂੰ ਲੈ ਕੇ ਸਵਾਲ ਵੀ ਉਠਾ ਰਹੇ ਹਨ।
ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਪਹਿਲੀ ਵੱਡੀ ਚੁਣੌਤੀ ਪ੍ਰਧਾਨਗੀ ਦੀ ਚੋਣ ਹੈ। ਜਾਣਕਾਰੀ ਅਨੁਸਾਰ, ਪ੍ਰਧਾਨਗੀ ਲਈ ਕਈ ਨਾਂਅ ਚਰਚਾ ਵਿੱਚ ਹਨ, ਜਿਨ੍ਹਾਂ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ ਅਤੇ ਕੁਝ ਹੋਰ ਨੇਤਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੰਤਾ ਸਿੰਘ ਉਮੈਦਪੁਰੀ ਨੂੰ ਸਭ ਤੋਂ ਵੱਧ ਸਵੀਕਾਰਯੋਗ ਉਮੀਦਵਾਰ ਮੰਨਿਆ ਜਾ ਰਿਹਾ ਹੈ, ਕਿਉਂਕਿ ਉਹ ਸਿਰਫ਼ ਪ੍ਰਧਾਨਗੀ ਦੀ ਦਾਅਵੇਦਾਰੀ ਰੱਖਦੇ ਹਨ ਅਤੇ ਮੁੱਖ ਮੰਤਰੀ ਜਾਂ ਚੋਣ ਲਈ ਉਮੀਦਵਾਰੀ ਦੀ ਇੱਛਾ ਨਹੀਂ ਰੱਖਦੇ।
ਪਰ, ਰਾਜਦੇਵ ਸਿੰਘ ਖ਼ਾਲਸਾ ਵਰਗੇ ਨੇਤਾਵਾਂ ਦੀ ਸ਼ਮੂਲੀਅਤ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਦਾਗੀ ਐਲਾਨੇ ਨੇਤਾਵਾਂ ਨੂੰ ਪ੍ਰਮੋਟ ਕਰਨ ਦੀਆਂ ਚਰਚਾਵਾਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਸਬੰਧੀ ਪੰਥਕ ਸਫ਼ਾਂ ਵਿੱਚ ਵਿਸ਼ਵਾਸ ਦੀ ਸਮੱਸਿਆ ਪੈਦਾ ਕੀਤੀ ਹੈ। ਚੰਦੂਮਾਜਰਾ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਦਾਗੀ ਐਲਾਨਿਆ ਗਿਆ ਸੀ ਅਤੇ ਉਸ ਦੀ ਸੰਭਾਵੀ ਸ਼ਮੂਲੀਅਤ ਨਵੇਂ ਅਕਾਲੀ ਦਲ ਦੀ ਪੰਥਕ ਸਾਖ ’ਤੇ ਸਵਾਲ ਉਠਾ ਸਕਦੀ ਹੈ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਨਵਾਂ ਅਕਾਲੀ ਦਲ ਪੰਥਕ ਸਿਆਸਤ ਵਿੱਚ ਨਵੀਂ ਉਮੀਦ ਜਗਾਉਣ ਦੀ ਸੰਭਾਵਨਾ ਰੱਖਦਾ ਹੈ, ਪਰ ਇਸ ਦੀ ਸਫ਼ਲਤਾ ਪ੍ਰਧਾਨਗੀ ਦੀ ਸਹੀ ਚੋਣ, ਪੰਥਕ ਸਾਖ ਦੀ ਬਹਾਲੀ ਅਤੇ ਚੋਣ ਮੈਦਾਨ ਵਿੱਚ ਮਜ਼ਬੂਤ ਪ੍ਰਦਰਸ਼ਨ ’ਤੇ ਨਿਰਭਰ ਕਰੇਗੀ। ਤਰਨ ਤਾਰਨ ਦੀ ਉਪ-ਚੋਣ ਅਤੇ ਆਉਣ ਵਾਲੀਆਂ ਸਥਾਨਕ ਚੋਣਾਂ ਇਸ ਨਵੇਂ ਪੰਥਕ ਫ਼ਰੰਟ ਦੀ ਅਸਲ ਤਾਕਤ ਦੀ ਪਰਖ ਕਰਨਗੀਆਂ।

Loading