
ਸੁੱਚਾ ਸਿੰਘ ਗਿੱਲ
ਭਾਰਤ ਦੀ ਆਜ਼ਾਦੀ ਨੇ 1947 ਵਿੱਚ ਦੇਸ਼ ਦੀ ਵੰਡ ਨਾਲ ਦਸਤਕ ਦਿੱਤੀ। ਇਸ ਆਜ਼ਾਦੀ ਨੇ ਧਾਰਮਿਕ ਆਧਾਰ ’ਤੇ ਦੇਸ਼ ਦੀ ਵੰਡ ਕਰ ਕੇ ਮੁਸਲਮਾਨ ਭਾਈਚਾਰੇ ਵਾਸਤੇ ਇੱਕ ਨਵੇਂ ਦੇਸ਼ ਪਾਕਿਸਤਾਨ ਨੂੰ ਜਨਮ ਦਿੱਤਾ। ਵੰਡ ਕਰਦੇ ਸਮੇਂ ਪੰਜਾਬ ਅਤੇ ਬੰਗਾਲ ਦੇ ਸੂਬਿਆਂ ਨੂੰ ਵੰਡਿਆ ਗਿਆ। ਭਾਰਤ ਵਿਚੋਂ ਖਾਸ ਤੌਰ ’ਤੇ ਪੰਜਾਬ ਤੇ ਬੰਗਾਲ ਦੇ ਸੂਬਿਆਂ ’ਚੋਂ ਮੁਸਲਮਾਨਾਂ ਦਾ ਉਜਾੜਾ ਹੋਇਆ ਅਤੇ ਉਹ ਪਾਕਿਸਤਾਨ ਵੱਲ ਨੂੰ ਪਲਾਇਨ ਕਰਨ ਵਾਸਤੇ ਮਜਬੂਰ ਹੋਏ। ਪਾਕਿਸਤਾਨ ਵਿਚੋਂ ਹਿੰਦੂ-ਸਿੱਖ ਧਰਮਾਂ ਦੇ ਲੋਕਾਂ ਨੂੰ ਮਜਬੂਰਨ ਘਰ-ਘਾਟ ਛੱਡ ਕੇ ਭਾਰਤ ਵੱਲ ਆਉਣਾ ਪਿਆ। ਇਸ ਵੰਡ ਕਾਰਨ ਵਸੋਂ ਦੇ ਤਬਾਦਲੇ ਨੇ ਬਹੁਤ ਭਿਆਨਕ ਦੁਖਾਂਤ ਪੈਦਾ ਕੀਤਾ ਸੀ। ਇਸ ਦੁਖਾਂਤ ਬਾਰੇ ਇਤਿਹਾਸਕਾਰਾਂ ਵੱਲੋਂ ਖੋਜ ਆਧਾਰਿਤ ਕਿਤਾਬਾਂ ਅਤੇ ਲੇਖ ਲਿਖੇ ਗਏ ਹਨ ਅਤੇ ਇਸ ਬਾਰੇ ਹੋਰ ਖੋਜ ਵੀ ਜਾਰੀ ਹੈ। ਇਨ੍ਹਾਂ ਖੋਜਾਂ ਵਿੱਚ ਇਸ ਦੁਖਾਂਤ ਦੀ ਗਹਿਰਾਈ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਅਤੇ ਇਸ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਇਸ ਬਾਰੇ ਮੌਲਿਕ ਸਾਹਿਤ ਅੰਗਰੇਜ਼ੀ ਭਾਸ਼ਾ ਵਿੱਚ ਰਚਿਆ ਗਿਆ ਹੈ ਅਤੇ ਇਸ ਦੇ ਕੁਝ ਉਲੱਥੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋ ਗਏ ਹਨ। ਪੌਣੀ ਸਦੀ ਲੰਘਣ ਤੋਂ ਬਾਅਦ ਭਾਵੁਕਤਾ ਨੂੰ ਛੱਡ ਕੇ ਤੱਥਾਂ ’ਤੇ ਆਧਾਰਿਤ ਇਤਿਹਾਸਕ ਲਿਖਤਾਂ ਨੂੰ ਪੈਰ ਜਮਾਉਣ ਦਾ ਮੌਕਾ ਮਿਲ ਗਿਆ ਹੈ। ਸਰਕਾਰਾਂ ਵੱਲੋਂ ਗੁਪਤ ਰਿਕਾਰਡ ਨੂੰ ਜਨਤਕ ਕਰਨ ਨਾਲ ਨਵੇਂ ਸਬੂਤ ਅਤੇ ਦਲੀਲਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਵਾਪਰੇ ਦੁਖਾਂਤਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ ਅਤੇ ਭਵਿੱਖ ਵਿਚ ਇਨ੍ਹਾਂ ਨੂੰ ਰੋਕਣ ਦੇ ਰਸਤੇ ਖੁੱਲ੍ਹਦੇ ਹਨ।
ਇਸ ਸੰਦਰਭ ਵਿੱਚ ਜੋਗਿੰਦਰ ਸਿੰਘ ਤੂਰ ਵੱਲੋਂ ਲਿਖੀ ਕਿਤਾਬ ਵੰਡ ਦੀ ‘ਅਕੱਥ ਕਥਾ’ ਲੋਕਗੀਤ ਪ੍ਰਕਾਸ਼ਨ ਮੋਹਾਲੀ (2025, ਕੀਮਤ 400 ਰੁਪਏ) ਪੰਜਾਬੀ ਇਤਿਹਾਸਕਾਰੀ ਵਿੱਚ ਇਕ ਮਹੱਤਵਪੂਰਨ ਵਾਧਾ ਕਰਦੀ ਹੈ। ਇਹ ਕਿਤਾਬ ਤਿੰਨ ਨੁਕਤਿਆਂ ’ਤੇ ਕੇਂਦਰਿਤ ਕਰ ਕੇ ਲਿਖੀ ਗਈ ਹੈ। ਇਹ ਹਨ: (1) ਦੇਸ਼ ਦੀ ਵੰਡ ਸਮੇਂ ਆਬਾਦੀ ਦੇ ਤਬਾਦਲੇ ਦੇ ਦੌਰਾਨ ਦੋਹੀ ਪਾਸੀਂ ਹੋਏ ਜ਼ੁਲਮ ਦਾ ਅੱਖੀਂ ਵੇਖਿਆ ਵੇਰਵਾ (2) ਦੇਸ਼ ਦੀ ਵੰਡ ਦੇ ਪਿਛੋਕੜ ਵਿਚ ਘਟਨਾਵਾਂ ਅਤੇ ਵੰਡ ਦੇ ਕਾਰਨਾਂ ਦੀ ਇਤਿਹਾਸਕ ਜਾਣਕਾਰੀ ਅਤੇ (3) ਆਜ਼ਾਦੀ ਮੌਕੇ 565 ਰਿਆਸਤਾਂ ਨੂੰ ਦੇਸ਼ ਵਿੱਚ ਸ਼ਾਮਿਲ ਕਰਨ ਦਾ ਵੇਰਵਾ। ਇਸ ਪੱਖੋਂ ਲੇਖਕ ਵੱਲੋਂ ਇਨ੍ਹਾਂ ਤਿੰਨਾਂ ਪੱਖਾਂ ਬਾਰੇ ਵੇਰਵੇ ਦਸਤਾਵੇਜ਼ਾਂ ਦੀ ਮਦਦ ਨਾਲ ਦਰਜ ਕੀਤੇ ਗਏ ਹਨ।
ਲੇਖਕ ਵਲੋਂ ਕਿਤਾਬ ਦੀ ਸ਼ੁਰੂਆਤ ਮੁਗਲ ਅਤੇ ਬਰਤਾਨਵੀ ਹਾਕਮਾਂ ਦੀ ਹਿੰਦੋਸਤਾਨੀਆਂ ਬਾਰੇ ਸਮਝ ਤੋਂ ਸ਼ੁਰੂ ਕੀਤੀ ਗਈ ਹੈ। ਇਹ ਦਰਜ ਕੀਤਾ ਗਿਆ ਹੈ ਕਿ ਮੁਗਲਾਂ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਭਾਰਤ ਕਈ ਹਕੂਮਤਾਂ ਵਿੱਚ ਵੰਡਿਆ ਹੋਇਆ ਸੀ। ਇਸ ਤੋਂ ਇਲਾਵਾ ਲੋਕ ਧਾਰਮਿਕ ਫਿਰਕਿਆਂ ਅਤੇ ਜਾਤਾਂ ਵਿੱਚ ਵੀ ਵੰਡੇ ਹੋਏ ਸਨ। ਇਨ੍ਹਾਂ ਵਖਰੇਵਿਆਂ ਕਾਰਨ ਉਨ੍ਹਾਂ ਵਿੱਚ ਦਾਨਸ਼ਮੰਦਾਂ ਵਾਲੀ ਸਮਝ ਅਤੇ ਸਮਰੱਥਾਵਾਂ ਦੀ ਘਾਟ ਸੀ। ਇਸ ਕਾਰਨ ਇਥੇ ਧਾੜਵੀ ਆਉਂਦੇ,ਕਤਲੇਆਮ, ਲੁੱਟਮਾਰ ਅਤੇ ਜ਼ੁਲਮ ਕਰਦੇ ਅਤੇ ਰਾਜਸੱਤਾ ’ਤੇ ਕਾਬਜ਼ ਹੋ ਜਾਂਦੇ ਸਨ। ਅੰਗਰੇਜ਼ ਹਾਕਮਾਂ ਨੇ ਬੰਗਾਲ ਤੋਂ ਸ਼ੁਰਆਤ ਕਰਦਿਆਂ ਇੱਕ-ਇੱਕ ਕਰ ਕੇ ਰਿਆਸਤਾਂ ਨੂੰ ਹਰਾ ਕੇ ਸਾਰੇ ਦੇਸ਼ ਸਮੇਤ ਬਰਮਾ/ਮਿਆਂਮਾਰ ’ਤੇ ਕਬਜ਼ਾ ਕਰ ਲਿਆ। ਦੇਸ਼ ਵਿੱਚ 585 ਰਿਆਸਤਾਂ ਨਾਲ ਸੰਧੀਆਂ ਕਰ ਕੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਇਸ ਪ੍ਰਸੰਗ ਵਿੱਚ ਦੇਸ਼ ਦੀ ਵੰਡ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਿਤਾਬ ਦੇ ਚੈਪਟਰ 2-4 ਲੇਖਕ ਵੱਲੋਂ ਅੱਖੀਂ ਵੇਖੇ ਅਤੇ ਹੰਡਾਏ ਸੰਤਾਪ ਨੂੰ ਬਿਆਨ ਕਰਦੇ ਹਨ। ਦੇਸ਼ ਦੀ ਵੰਡ ਸਮੇਂ ਲੇਖਕ 10 ਸਾਲ ਦੀ ਉਮਰੇ 5ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਅਨੁਸਾਰ ਅਗਸਤ 1947 ਤੋਂ ਕਈ ਮਹੀਨੇ ਪਹਿਲਾਂ ਦੇਸ਼ ਦੀ ਆਜ਼ਾਦੀ ਅਤੇ ਵੰਡ ਕਾਰਨ ਪਿੰਡ ਛੱਡਣ ਦੀਆਂ ਗੱਲਾਂ ਉਸ ਨੇ ਸੁਣੀਆਂ ਸਨ। ਪਰ ਅਗਸਤ ਦੇ ਨੇੜੇ ਆਉਣ ’ਤੇ ਲਾਗਲੇ ਪਿੰਡਾਂ ਵਿੱਚ ਫਿਰਕੂ ਫਸਾਦ ਪਹੁੰਚਣ ਬਾਅਦ ਮੁਸਲਮਾਨਾਂ ਵੱਲੋਂ ਹਿੰਦੂ-ਸਿੱਖਾਂ ਦੇ ਪਿੰਡਾਂ ੳੁੱਪਰ ਹਮਲੇ ਹੋਣ ਲੱਗ ਪਏ ਸਨ। ਲੇਖਕ ਦੇ ਪਿੰਡ ਵਿੱਚ ਵੀ ਲਾਗਲੇ ਪਿੰਡਾਂ ਦੇ ਮੁਸਲਮਾਨਾਂ ਵੱਲੋਂ ਹਿੰਦੂ-ਸਿੱਖਾਂ ਦੇ ਖੂਹਾਂ ਤੋਂ ਮੱਝਾਂ ਅਤੇ ਬਲਦ ਜ਼ਬਰਦਸਤੀ ਖੋਲ੍ਹ ਕੇ ਲਿਜਾਣ ਬਾਰੇ ਸੁਣਿਆ ਗਿਆ ਸੀ। ਇਸ ਧੱਕੇਸ਼ਾਹੀ ਦੀ ਇੱਕ ਘਟਨਾ ਦੌਰਾਨ ਪਿੰਡ ਦੇ ਸਿੱਖਾਂ ਵੱਲੋਂ ਮੁਕਾਬਲਾ ਕਰਨ ’ਤੇ ਇੱਕ ਮੁਸਲਮਾਨ ਹਮਲਾਵਰ ਨੂੰ ਜ਼ਖਮੀ ਕਰ ਕੇ ਫੜ ਲਿਆ ਗਿਆ ਸੀ। ਇਸ ਕਾਰਨ ਉਨ੍ਹਾਂ ਦੇ ਪਿੰਡ ਦੇ ਆਸਪਾਸ ਹਿੰਦੂ-ਸਿੱਖਾਂ ਵਿਰੁੱਧ ਮਾਹੌਲ ਹੋਰ ਵੀ ਤੇਜ਼ ਹੋ ਗਿਆ। ਜੋ ਉਨ੍ਹਾਂ ਦੇ ਪਿੰਡ ਦੇ ਛੋਟੇ ਮੁਸਲਮਾਨ ਬੱਚਿਆਂ ਦੇ ਆਮ ਵਿਹਾਰ ਤੋਂ ਵੀ ਨਜ਼ਰ ਆਉਣ ਲੱਗ ਪਿਆ ਸੀ। ਪਿੰਡ ਦੇ ਮੁਸਲਮਾਨਾਂ ਵੱਲੋਂ ਹਿਮਾਇਤ ਦਾ ਭਰੋਸਾ ਦੇਣ ਦੇ ਬਾਵਜੂਦ ਉਹ ਜਲਦੀ ਹੀ ਲਾਗਲੇ ਪਿੰਡਾਂ ਵਿੱਚ ਫਿਰਕੂ ਸ਼ਕਤੀਆਂ ਦੇ ਸਾਹਮਣੇ ਟਿਕਣ ਤੋਂ ਅਸਮਰਥ ਹੋ ਗਏ ਅਤੇ ਉਨ੍ਹਾਂ ਹਿੰਦੂ-ਸਿੱਖ ਪਰਿਵਾਰਾਂ ਨੂੰ ਪਿੰਡ ਛੱਡਣ ਦੀ ਸਲਾਹ ਦਿੱਤੀ ਗਈ ਸੀ। ਪਿੰਡ ਦੇ ਮੁਸਲਮਾਨਾਂ ਦੀ ਹਮਦਰਦੀ ਕਾਰਨ ਹੀ ਲੇਖਕ ਦੇ ਪਰਿਵਾਰ ਅਤੇ ਕੁਝ ਸੰਬੰਧੀਆਂ ਨੂੰ ਨੇੜੇ ਦੀ ਮੰਡੀ ਵਿੱਚ ਇਕੱਠੇ ਹੋਏ ਕਾਫਲੇ ’ਤੇ ਸੰਭਾਵਿਤ ਹਮਲੇ ਬਾਰੇ ਪਹਿਲਾਂ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਬਚਾਅ ਸੰਭਵ ਹੋ ਸਕਿਆ ਸੀ। ਉਹ ਬਚ ਕੇ ਫਿਰੋਜ਼ਪੁਰ ਦੇ ਬਾਰਡਰ ਤੋਂ ਆਜ਼ਾਦ ਭਾਰਤ ਵਿੱਚ ਦਾਖਲ ਹੋਏ ਸਨ। ਵੰਡ ਦੇ ਸ਼ਿਕਾਰ ਪਰਿਵਾਰਾਂ ਨੂੰ ਲੁੱਟ-ਪੁੱਟ ਹੋ ਕੇ ਆਉਣ ਤੋ ਂਬਾਅਦ ਸ਼ਰਨਾਰਥੀ ਕੈਂਪ ਵਿੱਚ ਠਹਿਰਣ ਵਾਸਤੇ ਮਜਬੂਰ ਹੋਣਾ ਪਿਆ ਸੀ। ਭਾਰਤ ਆ ਕੇ ਵੇਖਿਆ ਕਿ ਇਹੋ ਵਰਤਾਰਾ ਹਿੰਦੂ-ਸਿੱਖਾਂ ਵੱਲੋਂ ਮੁਸਲਮਾਨਾਂ ਨਾਲ ਕੀਤਾ ਗਿਆ ਸੀ। ਬੇਕਸੂਰ ਲੋਕਾਂ ਦੇ ਕਤਲ ਕੀਤੇ ਗਏ, ਔਰਤਾਂ ਦੀ ਇੱਜ਼ਤ ਲੁੱਟੀ ਗਈ ਅਤੇ ਉਨ੍ਹਾਂ ਨੂੰ ਉਧਾਲਿਆ ਗਿਆ। ਮਾਸੂਮ ਬੱਚਿਆਂ ਦੇ ਕਤਲ ਕੀਤੇ ਗਏ। ਵਿਰੋਧੀ ਫਿਰਕਿਆਂ ਦੇ ਘਰ-ਬਾਰ ਲੁੱਟ ਗਏ ਅਤੇ ਧਾਰਮਿਕ ਅਸਥਾਨ ਸਾੜੇ ਗਏ। ਹਿੰਸਾ ਦਾ ਨੰਗਾ ਨਾਚ ਕਈ ਮਹੀਨੇ ਬੇਰੋਕ-ਟੋਕ ਚੱਲਦਾ ਰਿਹਾ ਅਤੇ ਬਰਤਾਨਵੀ ਸਰਕਾਰ ਨੇ ਇਸ ਨੂੰ ਰੋਕਣ ਦੀ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਵਿੱਚ ਮੁਸਲਿਮ ਲੀਗੀਆਂ ਵੱਲੋਂ ਅਤੇ ਨਾ ਹੀ ਕਾਂਗਰਸ ਵੱਲੋਂ ਸੱਤਾ ਹਾਸਲ ਕਰਨ ਬਾਅਦ ਇਸ ਹਿੰਸਾ ਨੂੰ ਇਕਦਮ ਰੋਕਿਆ ਗਿਆ। ਲੇਖਕ ਵੱਲੋਂ ਦਰਜ ਬਾਗਾ ਪਹਿਲਵਾਨ ਦੀ ਜ਼ਿੰਦਗੀ ਦੀ ਬਰਬਾਦੀ ਦੀ ਕਹਾਣੀ ਇਸ ਵਰਤਾਰੇ ਨੂੰ ਦੋਵੇਂ ਪਾਸੇ ਬਾਖੂਬੀ ਬਿਆਨ ਕਰਦੀ ਹੈ।
ਜੋਗਿੰਦਰ ਸਿੰਘ ਤੂਰ ਨੇ ਬੜੀ ਮਿਹਨਤ ਤੇ ਸੰਵੇਦਨਸ਼ੀਲਤਾ ਨਾਲ ਵੰਡ ਦੇ ਦੁਖਾਂਤ, ਕਾਰਨਾਂ ਤੇ ਪ੍ਰਕਿਰਿਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਇਸ ਦੁਖਦਾਈ ਇਤਿਹਾਸ ਦੀਆਂ ਪਰਤਾਂ ਨੂੰ ਫੋਲ ਕੇ ਇਹ ਸੁਨੇਹਾ ਦਿੱਤਾ ਹੈ ਕਿ ਅਜਿਹੇ ਕਾਰਜ ਕਰੀਏ ਜਿਸ ਨਾਲ ਪੰਜਾਬੀਅਤ ਦੇ ਸਾਂਝੀਵਾਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਜਾ ਸਕਣ, ਜਿਵੇਂ 2020-21 ਦੇ ਕਿਸਾਨ ਅੰਦੋਲਨ ਨੇ ਕੀਤਾ ਸੀ। ਇਹ ਵਡਮੁੱਲੀ ਕਿਤਾਬ ਪੰਜਾਬੀ ਪਾਠਕਾਂ ਅਤੇ ਇਤਿਹਾਸ ਦੇ ਵਿਦਿਆਰਥੀਆਂ ਦੇ ਧਿਆਨਦੀ ਪਾਤਰਤਾ ਰੱਖਦੀ ਹੋਈ, ਪੜ੍ਹਨ ਅਤੇ ਵਿਚਾਰਨਯੋਗ ਹੈ।