ਬੰਦ ਪਿਆ ਬਿਸਤਰਾ (ਕਹਾਣੀ)

ਨਵਤੇਜ ਸਿੰਘ

ਪਿਆਰ ਲਈ ਝੂਠ ਦਾ ਠੁੰਮਣਾ ਕਿਓਂ?… ਪਤਾ ਨਹੀਂ ਇਹ ਗੀਤ ਜੋੜਨ ਵਾਲੇ ਮਹਿਬੂਬਾ ਤੇ ਵਤਨ ਦੋਵਾਂ ਬਾਰੇ ਬੜੀ ਵਾਰੀ ਝੂਠ ਕਿਉਂ ਬੋਲਦੇ ਨੇ? ਕੀ ਤੁਹਾਡੀ ਮਹਿਬੂਬਾ ਤੁਹਾਨੂੰ ਤਾਂ ਹੀ ਪਿਆਰੀ ਲੱਗ ਸਕਦੀ ਏ ਜੇ ਉਹ ‘ਚਾਂਦ ਸੀ ਮਹਿਬੂਬਾ’ ਹੋਵੇ? ਕੀ ਤੁਹਾਡਾ ਵਤਨ ਤੁਹਾਨੂੰ ਤਾਂ ਹੀ ਚੰਗਾ ਲੱਗ ਸਕਦਾ ਏ ਜੇ ਉਹ ਸਾਰੇ ਜਹਾਂ ਸੇ ਅੱਛਾ ਹੋਵੇ। ਇੰਝ ਗੀਤਾਂ ਵਿੱਚ ਹੀ ਹੁੰਦਾ ਹੋਵੇਗਾ…ਮੈਂ ਆਪਣੇ ਵਤਨ ਦੀ ਹੀ ਗੱਲ ਕਰ ਸਕਦਾ ਹਾਂ….ਤੁਸੀਂ ਮੈਨੂੰ ਜ਼ਰੂਰ ਟੋਕੋਗੇ ਕਿ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਨੂੰ ਜਾਣ ਦੀ ਇਜਾਜ਼ਤ ਨਹੀਂ- ਜਦੋਂ ਹਾਲੀ ਮੈਂ ਆਪਣੇ ਵਤਨ ਦੀ ਜੂਹ ਵੀ ਨਹੀਂ ਸੀ ਟੱਪੀ ਓਦੋਂ ਵੀ ਮੇਰਾ ਖਿਆਲ ਇਹੀ ਸੀ, ਤੇ ਹੁਣ ਜਦੋਂ ਮੈਂ ਸਾਰੇ ਜਹਾਨ ਬਾਰੇ ਏਨਾ ਕੁਝ ਜਾਣ ਲਿਆ ਏ, ਜਦੋਂ ਮੈਨੂੰ ਪੱਕਾ ਹੋ ਚੁੱਕਿਆ ਏ ਕਿ ਮੇਰਾ ਵਤਨ ਸਾਰੇ ਜਹਾਨ ਵਿਚੋਂ ਕਿਸੇ ਤਰ੍ਹਾਂ ਵੀ ਅੱਛਾ ਨਹੀਂ, ਪਰ ਫੇਰ ਵੀ ਮੇਰੇ ਚੇਤਿਆਂ ਵਿੱਚ ਸਭ ਤੋਂ ਵੱਧ ਉਹੀ ਵਸਿਆ ਹੋਇਆ ਏ। ਮੇਰੀਆਂ ਅੱਖਾਂ ਹੁਣ ਜਦੋਂ ਇੱਕ ਦੁਨੀਆਂ ਦੇ ਹੁਸਨ ਨੂੰ ੳਾਪਣੇ ਅੰਦਰ ਰਚਾ ਚੁੱਕੀਆਂ ਨੇ, ਚੰਨ ਵਰਗੇ ਚਿਹਰਿਆਂ ਨਾਲ ਆਸ਼ਨਾ ਹੋ ਚੁੱਕੀਆਂ ਨੇ, ਓਦੋਂ ਵੀ ਮੇਰੇ ਦਿਲ ਤੇ ਜਾਨ ਵਿਚ ਮੇਰੇ ਅਨੰਤ ਦਿਨਾਂ ਦੀ ਉਹੀ ਮਹਿਬੂਬਾ ਵਸੀ ਹੋਈ ਏ, ਜਿਦ੍ਹੇ ਮੂੰਹ ਤੋਂ ਜਵਾਨੀ ਦੇ ਚੜ੍ਹਾਅ ਪਿਛੋਂ ਕਿੱਲਾਂ ਦੇ ਦਾਗ਼ ਕਦੇ ਅਲੋਪ ਨਹੀਂ ਹੋਏ…
ਮੈਨੂੰ ਅਤਿਕਥਨੀ ਵਾਲੇ ਗੀਤ ਕਦੇ ਵੀ ਚੰਗੇ ਨਹੀਂ ਲੱਗੇ; ਤੇ ਸ਼ਾਇਦ ਇਸੇ ਲਈ ਮੈਂ ਆਪ ਇਕ ਨਵਾਂ ਨਕੋਰ ਗੀਤ ਲਿਖਣਾ ਚਾਹੁੰਦਾ ਹਾਂ, ਆਪਣੇ ਸਾਦ ਮੁਰਾਦੇ ਵਤਨ ਬਾਰੇ ਇੱਕ ਵੱਖਰੀ ਤਰ੍ਹਾਂ ਦਾ ਗੀਤ; ਪਰ ਮੈਨੂੰ ਗੀਤ ਲਿਖਣਾ ਨਹੀਂ ਆਉਂਦਾ ਹਾਂ,ਜੇ ਕਦੇ ਮੈਂ ਗੀਤ ਲਿਖ ਸਕਦਾ ਹੁੰਦਾ ਤਾਂ ਮੈਂ ਆਪਣੇ ਗੀਤ ਵਿੱਚ ਅਜਿਹੀਆਂ ਗੱਲਾਂ ਜ਼ਰੂਰ ਕਹਿੰਦਾ ਜਿਹੜੀਆਂ ਵਤਨ ਪਿਆਰ ਦੇ ਕਿਸੇ ਵੀ ਗੀਤ ਵਿੱਚ ਅੱਗੇ ਕਦੇ ਵੀ ਨਹੀਂ ਕਹੀਆਂ ਗਈਆਂ।
ਮੈਂ ਅੱਜ ਤੁਹਾਡੇ ਨਾਲ ਓਸ ਗੀਤ ਵਿਚਲੀਆਂ ਗੱਲਾਂ ਹੀ ਕਰ ਲੈਂਦਾ ਹਾਂ, ਉਹ ਗੀਤ ਜਿਹੜਾ ਮੈਂ ਕਦੇ ਲਿਖ ਨਹੀਂ ਸਕਣਾਂ! ਤੁਹਾਡੇ ਵਿਚੋਂ ਕਈ ਨਸੀਬਾਂ ਵਾਲੇ ਨੇ, ਤੇ ਓਥੇ ਰਹਿੰਦੇ ਨੇ, ਜਿਹੜਾ ਮੇਰਾ ਵਤਨ ਏ, ਪਰ ਜਿਥੇ ਮੈਂ ਜਾ ਨਹੀਂ ਸਕਦਾ। ਜਿਵੇਂ ਮੈਂ ਅੱਗੇ ਦਸ ਚੁਕਿਆਂ ਹਾਂ, ਮੇਰਾ ਵਤਨ ਮਨੁੱਖ ਦੀ ਇਸ ਧਰਤੀ ਦਾ ਇਕ ਆਮ ਜਿਹਾ ਟੁੱਕੜਾ ਸੀ। ਹੁਨਾਲੇ ਵਿੱਚ ਓਥੇ ਅਤਿ ਦੀ ਗਰਮੀ ਤੇ ਸਿਆਲੇ ਵਿਚ ਓਥੇ ਅਤਿ ਦੀ ਸਰਦੀ ਪੈਂਦੀ ਸੀ। ਫੁੱਲਾਂ ਨੂੰ ਖਿੜਣ, ਟਹਿਕਣ ਲਈ ਬੜਾ ਈ ਥੋੜ੍ਹਾ ਮੌਕਾ ਮਿਲਦਾ ਸੀ। ਗੁਲਾਬਾਸ਼ੀ ਤੇ ਗੈਂਦੇ ਦੇ ਫੁੱਲ ਹੀ ਮੈਨੂੰ ਆਪਣੇ ਬਚਪਨ ਵਿਚੋਂ ਚੇਤੇ ਨੇ, ਤੇ ਹਾਂ ਪੋਸਤ ਦੇ ਜੰਗਲੀ ਫੁੱਲ। ਰੁੱਖ ਆਮ ਤੌਰ ਉਤੇ ਉਥੇ ਟਾਹਲੀਆਂ ਦੇ ਹੀ ਸਨ। ਇਥੋਂ ਤਕ ਕਿ ਨਿੱਕੇ ਹੁੰਦਿਆਂ ਮੇਰੇ ਲਈ ਟਾਹਲੀ ਲਫ਼ਜ਼ ਰੁੱਖ ਦੇ ਹੀ ਮਾਅਨੇ ਰੱਖਦਾ ਸੀ। ਮੈਂ ਜਦੋਂ ਪਹਿਲੀ ਵਾਰ ਬੇਰੀ ਦੇਖੀ ਸੀ, ਤਾਂ ਮੈਂ ਉਹਨੂੰ ਬੇਰਾਂ ਦੀ ਟਾਹਲੀ ਆਖਿਆ ਸੀ, ਤੇ ਇਸੇ ਤਰ੍ਹਾਂ ਮੇਰੇ ਲਈ ਹੋਰ ਕੁਝ ਟਾਹਲੀਆਂ ਸਨ, ਕਿੱਕਰਾਂ ਦੀਆਂ ਤੇ ਜਾਮਨੂੰਆਂ ਦੀਆਂ।
ਇਕ ਜਾਮਨੂੰ ਸਾਡੇ ਘਰ ਦੇ ਪਛਵਾੜੇ ਹੁੰਦਾ ਸੀ। ਉਹਨੂੰ ਉਸ ਤਰ੍ਹਾਂ ਦੇ ਮੋਟੇ ਮੋਟੇ ਤੇ ਰਸੀਲੇ ਜਾਮਨੂੰ ਨਹੀਂ ਸਨ ਲਗਦੇ ਜਿਹੋ ਜਿਹੇ ਬਾਜ਼ਾਰਾਂ ਵਿਚ ਲੂਣ ਲੱਗੇ ਵਿਕਦੇ ਨੇ, ਉਹਦੇ ਜਾਮਨੂੰ ਨਿੱਕੇ ਨਿੱਕੇ ਤੇ ਗਲ-ਘੋਟੂ ਸਨ। ਪਰ ਉਹ ਆਪਣਾ ਜਾਮਨੂੰ ਮੈਨੂੰ ਕਿੰਨਾ ਚੰਗਾ ਲੱਗਦਾ ਸੀ।
ਇਕ ਰਾਤ ਮੈਨੂੰ ਨੀਂਦਰ ਨਹੀਂ ਸੀ ਆ ਰਹੀ। ਮੇਰੀ ਅੰਮੀਂ ਪੋਲੇ ਪੋਲੇ ਹੱਥਾਂ ਨਾਲ ਮੇਰੀ ਪਿੱਠ ਉਤਲੀ ਪਿੱਤ ਮਲ ਰਹੀ ਸੀ ਤੇ ਨਾਲੇ ਚੰਨ ਉਤੇ ਰਹਿੰਦੀ ਚੰਨ ਤੋਂ ਵੀ ਸੋਹਣੀ ਕਿਸੇ ਪਰੀ ਦੀ ਬਾਤ ਪਾ ਰਹੀ ਸੀ। ਮੇਰੀ ਅੰਮੀਂ ਨੇ ਚਾਹਿਆ ਕਿ ਮੈਂ ਉਸ ਚੰਨ-ਪਰੀ ਨਾਲ ਵਿਆਹ ਕਰ ਕੇ ਓਥੇ ਜਾ ਰਹਾਂ, ਆਪਣੀ ਅੰਮੀਂ ਨੂੰ ਵੀ ਓਥੇ ਨਾਲ ਲੈ ਜਾਵਾਂ।
ਮੈਂ ਪੁਛਿਆ, “ਅੰਮੀਂ, ਚੰਨ ਉਤੇ ਜਾਮਨੂਆਂ ਦੀ ਟਾਹਲੀ ਹੁੰਦੀ ਏ?” ਅੰਮੀਂ ਨੂੰ ਇਹ ਤਾਂ ਪਤਾ ਸੀ ਕਿ ਓਥੇ ਚਾਂਦੀ ਤੇ ਹੌਰਿਆਂ ਦੇ ਪਰਬਤ, ਦੁਧ ਤੇ ਮਾਖਿਓਂ ਦੀਆਂ ਨਦੀਆਂ, ਪਰੀਆਂ ਤੇ ਬੁੱਢੀ ਮਾਈ ਦਾ ਚਰਖਾ ਹੁੰਦਾ ਏ, ਪਰ ਜਾਮਨੂੰਆਂ ਦਾ ਜ਼ਿਕਰ ਉਹਨੇ ਕਿਸੇ ਵੀ ਬਾਤ ਵਿਚ ਨਹੀਂ ਸੀ ਸੁਣਿਆ, ਸੋ ਉਹਨੇ ਕਿਹਾ, ‘ਨਹੀਂ।”
ਮੈਂ ਉਸੇ ਵੇਲੇ ਚੰਨ ਵਲੋਂ ਮੂੰਹ ਮੋੜ ਲਿਆ- ਮੈਂ ਕੀ ਕਰਨਾ ਸੀ ਅਜਿਹੇ ਚੰਨ ਉਤੇ ਜਾ ਕੇ…..ਜਿਸ ਰਾਤ ਮੇਰੀ ਅੰਮੀਂ ਨੇ ਇਹ ਬਾਤ ਸੁਣਾਈ ਸੀ ਉਹ ਬੜੀ ਗਰਮ ਰਾਤ ਸੀ, ਪਰ ਮੇਰੇ ਵਤਨ ਵਿੱਚ ਕਦੇ ਕਦੇ ਓਦੂੰ ਵੀ ਗਰਮ ਰਾਤਾਂ ਆਉਂਦੀਆਂ ਹੁੰਦੀਆਂ ਸਨ। ਇੱਕ ਵਾਰੀ ਰਾਤ ਵੇਲੇ ਵੀ ਓਥੇ ਏਨੀ ਗਰਮ ਲੂ ਚੱਲੀ ਸੀ ਕਿ ਮੇਰੀ ਅੰਮੀਂ ਮੈਨੂੰ ਅੰਦਰ ਲੈ ਗਈ ਤੇ ਉਹਨੇ ਬੂਹੇ ਬਾਰੀਆਂ ਬੰਦ ਕਰ ਦਿਤੇ ਸਨ। ਬਾਰੀ ਦੇ ਸ਼ੀਸ਼ੇ ਵਿਚੋਂ ਮੈਂ ਆਪਣੀ ਲਾਖੀ ਵੱਛੀ ਤੇ ਉਹਦੀ ਮਾਂ ਨੂੰ ਬਾਹਰ ਝੁਲਸਦਿਆਂ ਵੇਖ ਰਿਹਾ ਸਾਂ, ਉਨ੍ਹਾਂ ਦੀ ਜੀਭ ਪਲੇ ਪਲੇ ਬਾਹਰ ਹੌਂਕਦੀ, ਤੇ ਮੈਂ ਅੰਦਰ ਬੈਠਾ ਤ੍ਰੇਹ ਨਾਲ ਤਰਲੋ-ਮੱਛੀ ਹੋ ਰਿਹਾ ਸਾਂ; ਪਰ ਘੜਿਆਂ ਵਿੱਚ, ਪਤੀਲਿਆਂ ਵਿੱਚ ਜਿਥੇ ਵੀ ਪਾਣੀ ਸੀ ਉਹ ਤੱਤਾ ਤੇਲ ਤੇ ਬਾਹਰ ਨਲਕੇ ਤਕ ਜਾਣ ਦਾ ਹੀਆ ਕਿਸੇ ਨੂੰ ਨਹੀਂ ਸੀ ਪੈਂਦਾ।
ਤੇ ਇੱਕ ਵਾਰ ਓਥੇ ਏਨੀ ਮਕੜੀ ਆਈ ਸੀ ਕਿ ਸਭ ਟਾਹਲੀਆਂ, ਬੇਰੀਆਂ ਤੇ ਜਾਮਨਾਂ ਰੁੰਡ ਮੁੰਡ ਕਰ ਗਈ ਸੀ, ਰੇਲ ਗੱਡੀ ਕਿੰਨੇ ਦਿਨ ਨਹੀਂ ਸੀ ਚੱਲੀ। ਰੇਲ ਦੀ ਪਟੜੀ ਮਕੜੀਆਂ ਥੱਲੇ ਗੁਆਚ ਗਈ ਸੀ, ਤੇ ਜਦੋਂ ਉਤੇ ਇੰਜਨ ਰਤਾ ਕੁ ਵੀ ਚਲਦਾ ਤਾਂ ਫਿਸੀਆਂ ਮਕੜੀਆਂ ਦੀ ਮਿਝ ਨਾਲ ਪਟੜੀ ਲਥ-ਪਥ ਹੋ ਜਾਂਦੀ ਸੀ ਤੇ ਇੰਜਨ ਫਫ ਫਫ ਕਰ ਕੇ ਰੁਕ ਜਾਂਦਾ ਸੀ।
ਸਾਡਾ ਪਿੰਡ ਦਰਿਆ ਦੇ ਕੰਢੇ ਉਤੇ ਸੀ। ਸਾਡਾ ਇਹ ਦਰਿਆ ਬੜਾ ਹੀ ਚੌੜਾ ਸੀ। ਵਿਚਕਾਰ ਇੱਕ ਬਰੇਤੀ ਸੀ, ਸਿਆਲੇ ਵਿੱਚ ਇਹ ਬਰੇਤੀ ਵੱਡੀ ਹੋ ਜਾਂਦੀ, ਤੇ ਹੁਨਾਲੇ ਵਿੱਚ ਟਿਮਕਣੀ ਜਿਹੀ।
ਮੀਹਾਂ ਪਿਛੋਂ ਇਸ ਦਰਿਆ ਦੇ ਕੰਢੇ ਅਣਗਿਣਤ ਖੁੰਭਾਂ ਉਗਦੀਆਂ ਤੇ ਮੈਂ ਦੱਭ ਘਾਹ ਦੀਆਂ ਤਿੜਾਂ ਵਿੱਚ ਖੁੰਭਾਂ ਦੇ ਹਾਰ ਪਰੋ ਲੈਂਦਾ। ਓਦੋਂ ਮੇਰੀ ਅੰਮੀਂ ਉਨ੍ਹਾਂ ਖੁੰਭਾਂ ਦਾ ਜਿਹੋ ਜਿਹਾ ਸਲੂਣਾ ਬਣਾਂਦੀ ਸੀ, ਉਹੋ ਜਿਹਾ ਸੁਆਦੀ ਪਕਵਾਨ ਮੈਂ ਸਾਰੀ ਉਮਰ ਕਿਤੇ ਨਹੀਂ ਖਾਧਾ।
ਤੇ ਉਥੇ ਸਾਡੇ ਦਰਿਆ ਦੇ ਕੰਢੇ ਬੜੇ ਵੱਡੇ ਵੱਡੇ ਹਦਵਾਣੇ ਹੁੰਦੇ ਸਨ। ਦਸ ਦਸ ਪੰਦਰਾਂ ਸੇਰਾਂ ਦਾ ਇੱਕ ਹਦਵਾਣਾ। ਅਸੀਂ ਪੱਥਰਾਂ ਦਾ ਆਸਰਾ ਦੇ ਕੇ ਹਦਵਾਣੇ ਦਰਿਆ ਵਿੱਚ ਟਿਕਾ ਛੱਡਦੇ ਤੇ ਫੇਰ ਜਦੋਂ ਇਹ ਠੰਡੇ ਠਾਰ ਹੋ ਜਾਂਦੇ ਤਾਂ ਰੱਜ ਰੱਜ ਕੇ ਖਾਂਦੇ। ਓਨੇ ਠੰਡੇ, ਓਨੇ ਮਿੱਠੇ ਹਦਵਾਣੇ ਮੈਂ ਏਧਰ ਕਦੇ ਨਹੀਂ ਖਾਧੇ।
ਮੇਰਾ ਸਕੂਲ ਦਰਿਆਓਂ ਪਾਰ ਤਿੰਨਾਂ ਕੋਹਾਂ ਦੀ ਵਾਟ ਉਤੇ ਸੀ। ਸਕੂਲ ਜਾਣ ਲਈ ਰੋਜ਼ ਪਹਿਲਾਂ ਮੈਨੂੰ ਬੇੜੀ ਰਾਹੀਂ ਦਰਿਆ ਪਾਰ ਕਰਨਾ ਪੈਂਦਾ। ਮੈਂ ਆਪਣਾ ਸਾਈਕਲ ਵੀ ਬੇੜੀ ਵਿੱਚ ਰੱਖ ਲੈਂਦਾ। ਸਕੂਲ ਦਾ ਚੌਥਾ ਹਿੱਸਾ ਰਾਹ ਦਰਿਆ ਨਾਲ ਰੁੜ੍ਹ ਕੇ ਆਈ ਬਜਰੀ ਵਾਲਾ ਸੀ। ਮੇਰਾ ਸਾਈਕਲ ਬਜਰੀ ਵਿੱਚ ਧਸ ਧਸ ਜਾਂਦਾ ਤੇ ਬੜਾ ਹੀ ਜ਼ੋਰ ਲਗਦਾ, ਤੇ ਫੇਰ ਜਦੋਂ ਪੱਕੀ ਸੜਕ ਉਤੇ ਪੈਂਦਾ ਤਾਂ ਕਿਤੇ ਮੈਨੂੰ ਸੁਖ ਦਾ ਸਾਹ ਆਉਂਦਾ।
ਸਿਆਲੇ ਵਿੱਚ ਸਕੂਲ ਜਾਣ ਲਈ ਬੜੀ ਹੀ ਸਵੇਰੇ ਮੈਨੂੰ ਉਠਣਾ ਪੈਂਦਾ। ਮੈਂ ਤੁਹਾਨੂੰ ਦਸ ਹੀ ਚੁਕਿਆ ਹਾਂ ਓਥੇ ਤੰਤਾਂ ਦਾ ਪਾਲਾ ਪੈਂਦਾ ਸੀ। ਸਵੇਰੇ ਪਹਿਲੋਂ ਅੰਮੀਂ ਮੇਰੇ ਬੂਟਾਂ ਨੂੰ ਅੰਗੀਠੀ ਉਤੇ ਸੇਕਦੀ, ਫੇਰ ਮੇਰੀਆਂ ਜੁਰਾਬਾਂ ਤੇ ਫੇਰ ਮੇਰੇ ਪੈਰ- ਤੇ ਫੇਰ ਕਿਤੇ ਮੈਂ ਬੂਟ, ਜੁਰਾਬਾਂ ਪਾਂਦਾ। ਇਸੇ ਤਰ੍ਹਾਂ ਮੇਰੇ ਹੱਥ ਤੇ ਦਸਤਾਨੇ ਵੀ ਸੇਕੇ ਜਾਂਦੇ।
ਸਿਆਲੇ ਵਿੱਚ ਜੇ ਬਾਹਰ ਰਾਤੀਂ ਦੁਧ ਰੱਖ ਦਿਓ, ਤਾਂ ਸਵੇਰੇ ਕੁਲਫ਼ੀ ਜੰਮ ਜਾਂਦੀ ਤੇ ਸਵੇਰੇ ਖਾਲਾਂ ਸਾਰੀਆਂ ਕੱਕਰ ਕੱਕਰ ਹੁੰਦੀਆਂ। ਜਦੋਂ ਮੈਂ ਬੇੜੀ ਚੜ੍ਹਦਾ ਤਾਂ ਦਰਿਆ ਧੁੰਦ ਦੇ ਥਲੇ ਲੁਕਿਆ ਹੁੰਦਾ, ਤੇ ਹਥ ਪਸਾਰਿਆਂ ਨਹੀਂ ਸੀ ਲੱਭਦਾ। ਸਕੂਲੇ ਪੁਜ ਕੇ ਬੜੀ ਦੇਰ ਮੈਂ ਦਸਤਾਨਿਆਂ ਸਣੇ ਆਪਣੇ ਹੱਥ ਸੇਕਦਾ ਰਹਿੰਦਾ, ਤਾਂ ਜਾ ਕੇ ਕਿਤੇ ਮੇਰੀਆਂ ਉਂਗਲਾਂ ਸਿੱਧੀਆਂ ਹੁੰਦੀਆਂ ਤੇ ਮੈਂ ਕਲਮ ਫੜ ਸਕਦਾ।
ਸ਼ਾਮੀਂ ਜਦੋਂ ਮੈਂ ਘਰ ਪਰਤਦਾ ਤਾਂ ਵੀ ਦਰਿਆਂ ਧੁੰਦ ਥੱਲੇ ਲੁਕਿਆ ਹੁੰਦਾ। ਗਰਮੀਆਂ ਵਿੱਚ ਛੁੱਟੀ ਭਾਵੇਂ ਇੱਕ ਵਜੇ ਹੀ ਹੋ ਜਾਂਦੀ, ਪਰ ਏਨੀ ਤਿੱਖੜ ਦੁਪਹਿਰ ਹੁੰਦੀ ਕਿ ਉਸ ਵਿੱਚ ਤਿੰਨ ਕੋਹ ਸਾਈਕਲ ਚਲਾਣਾ ਮੌਤ ਨੂੰ ਸੱਦਾ ਦੇਣਾ ਸੀ, ਤੇ ਮੈਂ ਸਕੂਲ ਦੇ ਇਕ ਕਮਰੇ ਵਿੱਚ ਟਾਟ ਉਤੇ ਪਿਆ ਰਹਿੰਦਾ, ਤੇ ਸੂਰਜ ਢਲੇ ਹੀ ਸਕੂਲੋਂ ਪਰਤਦਾ। ਜਦੋਂ ਮੈਂ ਦਰਿਆ ਕੋਲ ਪੁਜਦਾ ਤਾਂ ਓਦੋਂ ਉਹ ਮੈਨੂੰ ਬੜਾ ਚੰਗਾ ਲੱਗਦਾ- ਪੰਘਰੀ ਵਹਿੰਦੀ ਠੰਡ। ਬੇੜੀ ਵਿੱਚ ਚੜ੍ਹਨੋਂ ਪਹਿਲਾਂ ਹੀ ਮੈਂ ਦਰਿਆ ਵਿੱਚ ਤਾਰੀਆਂ ਲਾ ਕੇ ਆਪਣਾ ਪਿੰਡਾ ਠਾਰ ਲੈਂਦਾ।
ਕਦੀ ਕਦੀ ਮੈਂ ਸੁਣਦਾ, ਪਿੰਡ ਦਾ ਕੋਈ ਬੰਦਾ ਦਰਿਆ ਵਿੱਚ ਨਹਾਣ ਗਿਆ ਤੇ ਫੇਰ ਕਦੇ ਵੀ ਨਾ ਪਰਤਿਆ। ਇੰਝ ਹੀ ਇੱਕ ਵਾਰ ਮੇਰੇ ਬੇਲੀ ਸ਼ੀਰੀਂ-ਦਿਲ ਨਾਲ ਹੋਇਆ।
ਸਾਡੇ ਦਰਿਆ ਵਿੱਚ ਮਗਰਮੱਛ ਸਨ। ਇੱਕ ਦੋ ਵਾਰੀ ਮੈਂ ਉਨ੍ਹਾਂ ਨੂੰ ਬਰੇਤੇ ਉਤੇ ਲੇਟਿਆਂ ਵੀ ਵੇਖਿਆ ਸੀ। ਦੁਨੀਆਂ ਵਿੱਚ ਬੜੀਆਂ ਡਰਾਉਣੀਆਂ ਚੀਜ਼ਾਂ ਨੇ। ਮੈਂ ਏਡਾ ਵੱਡਾ ਹੋ ਗਿਆਂ, ਪਰ ਹੁਣ ਤੱਲਕ ਮੈਨੂੰ ਮਗਰਮੱਛ ਦੀ ਮੂਰਤ ਤੋਂ ਵੀ ਡਰ ਲੱਗਦਾ ਏ। ਸਾਡੇ ਪਿੰਡ ਦੀਆਂ ਸਾਰੀਆਂ ਪੈਲੀਆਂ ਲੰਘ ਕੇ ਉੱਤਰ ਵਾਲੇ ਪਾਸੇ ਇੱਕ ਨਿੱਕੀ ਜਿਹੀ ਪਹਾੜੀ ਸੀ। ਛੱੁਟੀ ਵਾਲੇ ਦਿਨ ਕਦੀ ਕਦੀ ਅਸੀਂ ਉਹਦੇ ਪੈਰਾਂ ਵਿੱਚ ਖੇਡਦੇ ਹੁੰਦੇ ਸਾਂ। ਉਥੇ ਜੰਗਲੀ ਫੁੱਲ ਹੁੰਦੇ, ਮਲ੍ਹੇ ਹੁੰਦੇ, ਤੇ ਰੰਗ-ਬਰੰਗੇ ਵੱਟੇ। ਇੱਕ ਵਾਰੀ ਸਾਨੂੰ ਓਥੋਂ ਇੱਕ ਨਿੱਕਾ ਜਿਹਾ ਟੁਟਿਆ ਹੋਇਆ ਬੁੱਤ ਵੀ ਲੱਭਾ ਸੀ। ਮੇਰੇ ਪਿਤਾ ਜੀ ਨੇ ਦੱਸਿਆ ਕਿ ਇਹ ਹਜ਼ਾਰਾਂ ਵਰ੍ਹੇ ਪੁਰਾਣੀ ਤਹਿਜ਼ੀਬ ਦੀ ਨਿਸ਼ਾਨੀ ਸੀ। ਫੇਰ ਜਦੋਂ ਮੈਂ ਜਵਾਨ ਹੋ ਗਿਆ, ਮੇਰੀ ਪਹਿਲੀ ਨੌਕਰੀ ਓਸੇ ਸਕੂਲ ਵਿੱਚ ਲਗ ਗਈ ਜਿਥੇ ਮੈਂ ਪੜਿ੍ਹਆ ਸਾਂ। ਰੋਜ਼ ਪਹਿਲੀਆਂ ਵਾਂਗ ਹੀ ਦਰਿਆ ਪਾਰ ਕਰ ਕੇ ਤਿੰਨ ਕੋਹ ਸਾਈਕਲ ਚਲਾ ਕੇ ਮੈਂ ਆਪਣੀ ਨੌਕਰੀ ਉਤੇ ਪੁਜਦਾ।
ਮੈਂ ਆਪਣੀ ਪਹਿਲੀ ਤਨਖ਼ਾਹ ਵਿਚੋਂ ਬੜੇ ਚਾਅਵਾਂ ਨਾਲ ਇੱਕ ਬਿਸਤਰਾ ਬਣਾਇਆ। ਅਸਲ ਵਿੱਚ ਸਾਡੇ ਘਰ ਵਿੱਚ ਓਥੇ ਆਇਆ ਗਿਆ ਬਹੁਤ ਸੀ, ਤੇ ਬਿਸਤਰੇ ਥੁੜੇ ਹੀ ਰਹਿੰਦੇ ਸਨ। ਘਰ ਵਿੱਚ ਨਿਕਿਆਂ ਹੋਣ ਕਰਕੇ ਮੇਰੇ ਹਿੱਸੇ ਵਾਧੂ ਘਾਟੂ ਬਿਸਤਰਾ ਹੀ ਆਉਂਦਾ ਸੀ, ਤੇ ਕਈ ਵਾਰੀ ਤਾਂ ਕਿਸੇ ਨਾਲ ਲੇਟਣਾ ਪੈਂਦਾ ਸੀ, ਸੋ ਮੇਰੀ ਬੜੀ ਦੇਰ ਦੀ ਸੱਧਰ ਸੀ ਕਿ ਇੱਕ ਬੜਾ ਵਧੀਆ ਬਿਸਤਰਾ ਹੋਵੇ, ਤੇ ਹੋਵੇ ਵੀ ਨਿਰੋਲ ਮੇਰਾ। ਨਾਲੇ ਸਾਡੇ ਵਤਨ ਦੇ ਦਰੀਆਂ ਤੇ ਖੇਸ ਤਾਂ ਦੂਰ ਦੂਰ ਤਕ ਮਸ਼ਹੂਰ ਸਨ।
ਜਦੋਂ ਆਪਣੇ ਘਰ, ਆਪ ਖਰੀਦੇ ਇਸ ਨਵੇਂ ਬਿਸਤਰੇ ਉਤੇ ਮੈਂ ਪਹਿਲੀ ਵਾਰ ਸੁੱਤਾ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਪਾਰਾਵਾਰ ਨਾ ਰਿਹਾ।
ਕਿਹੀ ਸੁਹਣੀ ਨੀਂਦਰ ਆਈ ਸੀ ਉਸ ਰਾਤ ਮੈਨੂੰ, ਤੇ ਉਸ ਰਾਤ ਹੀ ਪਹਿਲੀ ਵਾਰ ਮੈਨੂੰ ਆਪਣੀ ਮਹਿਬੂਬਾ ਸੁਫ਼ਨੇ ਵਿੱਚ ਮਿਲੀ ਸੀ ਉਹ ਤੇ ਮੈਂ ਆਪਣੀ ਪਹਾੜੀ ਦੇ ਪੈਰਾਂ ਵਿੱਚ ਜੰਗਲੀ ਪੋਸਤ ਦੇ ਫੁੱਲ ਇਕੱਠੇ ਕਰ ਰਹੇ ਸਾਂ, ਉਹ ਹਸਦੀ ਹਸਦੀ ਪਹਾੜ ਦੇ ਉਤੇ ਚੜ੍ਹਣ ਲੱਗ ਗਈ ਸੀ- ਉਹਦੇ ਗਲ ਵਿੱਚ ਖੁੰਭਾਂ ਦੇ ਹਾਰ ਸਨ, ਤੇ ਉਪਰ ਪੂਰਾ ਚੰਨ ਸੀ, ਉਹਦੇ ਮੋਢਿਆਂ ਉਤੇ ਖੰਭ ਉਗ ਆਏ ਸਨ, ਤੇ ਮੇਰਿਆਂ ਉਤੇ, ਤੇ ਅਸੀਂ ਦੋਵੇਂ ਉਡ ਰਹੇ ਸਾਂ… ਇਸ ਆਪਣੇ ਬਿਸਤਰੇ ਉਤੇ ਹਾਲੀ ਮਸਾਂ ਹਫ਼ਤਾ ਕੁ ਹੀ ਮੈਂ ਸੁੱਤਾ ਹੋਵਾਂਗਾ ਕਿ ਮੈਨੂੰ ਤੇ ਮੇਰੇ ਨਾਲ ਲੱਖਾਂ ਹੀ ਲੋਕਾਂ ਨੂੰ ਆਪਣਾ ਵਤਨ ਛੱਡ ਕੇ ਏਧਰ ਆਉਣਾ ਪਿਆ। ਤੇ ਇਸੇ ਤਰ੍ਹਾਂ ਲੱਖਾਂ ਨੂੰ ਹੀ ਏਧਰੋਂ ਆਪਣਾ ਵਤਨ ਛੱਡ ਕੇ ਓਧਰ ਜਾਣਾ ਪਿਆ।
ਬੜੇ ਹੀ ਭਿਆਣਕ ਦਿਨ ਸਨ ਉਹ-ਜਿਵੇਂ ਦਰਿਆ ਤੋਂ ਬਾਹਰ ਵੀ ਥਾਂ ਥਾਂ ਮਗਰਮੱਛ ਹੋਣ। ਉਹ ਇੱਕ ਬਿਸਤਰਾ ਤੇ ਆਪਣੇ ਤਨ ਦੁਆਲੇ ਦੇ ਤਿੰਨ ਕਪੜੇ ਲੈ ਕੇ ਮੈਨੂੰ ਆਪਣਾ ਵਤਨ ਛੱਡਣਾ ਪਿਆ। ਮੈਂ ਇਕੱਲਾ ਕਾਰਾ ਹੀ ਕਿਸੇ ਹਾਲ ਏਧਰ ਪੁਜਾ।
ਪਹਿਲਾਂ ਤਾਂ ਕੁਝ ਦਿਨ ਕਾਫ਼ਲਿਆਂ ਵਿੱਚ, ਕੈਂਪਾਂ ਵਿਚ, ਟਰੱਕਾਂ ਵਿੱਚ, ਗੱਡੀਆਂ ਵਿੱਚ ਅਜਿਹੇ ਹਾਲ ਲੰਘੇ ਕਿ ਬਿਸਤਰਾ ਲਾਣ ਦੀ ਥਾਂ ਹੀ ਕੋਈ ਨਹੀਂ ਸੀ। ਫੇਰ ਰਾਤ ਨੂੰ ਕਦੇ ਕਦੇ ਥਾਂ ਮਿਲਣ ਲੱਗ ਪਈ, ਪਰ ਮੈਂ ਆਪਣੇ ਬੱਝੇ ਬਿਸਤਰੇ ਨਾਲ ਢਾਸਣਾ ਲਾ ਕੇ ਹੀ ਲੇਟ ਜਾਂਦਾ। ਕੁਝ ਚਿਰ ਪਿੱਛੋਂ ਮੈਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਮਿਲ ਗਿਆ। ਇੱਕ ਕਮਰਾ ਤੇ ਇੱਕ ਮੰਜਾ ਵੀ ਇੱਕ ਮਿਹਰਬਾਨ ਨੇ ਲੱਭ ਦਿੱਤਾ- ਪਰ ਉਸ ਕਮਰੇ ਵਿੱਚ ਵੀ ਆਪਣਾ ਬਿਸਤਰਾ ਖੋਲ੍ਹਣ ਉਤੇ ਮੇਰਾ ਜੀਅ ਨਾ ਕੀਤਾ। ਇਥੇ ਪ੍ਰਦੇਸ ਵਿੱਚ ਇਹ ਬਿਸਤਰਾ ਭਲਾ ਕਿਓਂ ਖੋਲ੍ਹਾਂ। ਇਥੇ ਅਲਾਣੀ ਮੰਜੀ ਉਤੇ ਹੀ ਝਟ ਟਪਾ ਲਵਾਂਗਾ। ਨਾਲੇ ਹਾਲੀ ਸਿਆਲਾ ਵੀ ਤਾਂ ਨਹੀਂ ਸੀ ਆਇਆ, (ਇਥੋਂ ਦਾ ਸਿਆਲਾ ਵੀ ਤਾਂ ਬੜਾ ਨੀਮ ਜਿਹਾ ਹੁੰਦਾ ਏ!) ਮਹੀਨਾ ਨਹੀਂ, ਤਾਂ ਦੋ ਮਹੀਨੇ, ਹਦ ਚਾਰ ਮਹੀਨੇ, ਤੇ ਹਾਲਤ ਸੁਧਰ ਜਾਏਗੀ, ਸਭ ਆਪੋ ਆਪਣੇ ਘਰੀਂ ਪਰਤ ਪੈਣਗੇ। ਪਹਿਲੇ ਦਿਨ ਮੁੜ ਆਣਗੇ ਤੇ ਇਹ ਬਿਸਤਰਾ ਆਪਣੇ ਵਤਨ ਹੀ ਜਾ ਕੇ ਲਾਵਾਂਗਾ, ਗੁਲਾਬਾਸ਼ੀਆਂ ਤੇ ਗੈਂਦੇ ਵਾਲੇ ਆਪਣੇ ਘਰ ਜਿਹੜਾ ਉਸ ਵੱਡੇ ਸਾਰੇ ਦਰਿਆ ਦੇ ਕੰਢੇ ਸੀ (ਇਥੋਂ ਦੇ ਦਰਿਆ ਵੀ ਤੇ ਨਾਲੇ ਜਿਹੇ ਸਨ!) ਜਿਸਨੂੰ ਸਿਆਲੇ ਵਿੱਚ ਧੁੰਦ ਲੁਕੋ ਲੈਂਦੀ ਸੀ, ਤੇ ਮੀਂਹਾਂ ਪਿਛੋਂ ਜਿਦ੍ਹੇ ਕੰਢੇ ਖੁੰਭਾਂ ਹੀ ਖੁੰਭਾਂ ਨਿਕਲ ਆਉਂਦੀਆਂ ਸਨ, ਤੇ ਜਿਥੇ ਹਦਵਾਣੇ ਏਨੇ ਠੰਢੇ, ਏਨੇ ਮਿੱਠੇ ਤੇ ਏਨੇ ਲਾਲ ਹੁੰਦੇ ਸਨ, ਤੇ ਜਿਥੇ ਉਹ ਪਹਾੜੀ ਸੀ ਜਿਸ ਦੇ ਪੈਰਾਂ ਵਿਚੋਂ ਲੱਭਿਆ ਹਜ਼ਾਰਾਂ ਵਰਿ੍ਹਆਂ ਦਾ ਪੁਰਾਣਾ ਬੁੱਤ ਓਥੇ ਮੇਰੀ ਬੈਠਕ ਦੀ ਅੰਗੀਠੀ ਉਤੇ ਪਿਆ ਸੀ..ਤੇ ਮੇਰੀ ਮਹਿਬੂਬਾ… ਪਰ ਮਹੀਨਾ, ਦੋ ਮਹੀਨੇ, ਚਾਰ ਮਹੀਨੇ ਤੇ ਫੇਰ ਹੁਣ ਕੋਈ ਤ੍ਰੇਈ ਵਰ੍ਹੇ ਹੋਣ ਲੱਗੇ ਨੇ- ਮੈਨੂੰ ਏਧਰ ਹੀ ਰਹਿਣਾ ਪੈ ਰਿਹਾ ਏ। ਹੁਣ ਇਥੇ ਮੇਰਾ ਪਰਿਵਾਰ ਏ, ਇਕ ਦਰਮਿਆਨਾ ਜਿਹਾ ਆਪਣਾ ਮਕਾਨ ਏ, ਇਥੇ ਵੀ ਆਇਆ ਗਿਆ ਰਹਿਣ ਲਗ ਪਿਆ ਏ। ਪਰ ਜੇ ਕਦੇ ਬਿਸਤਰੇ ਘਟ ਵੀ ਜਾਣ ਤਾਂ ਵੀ ਆਪਣੇ ਵਤਨ ਤੋਂ ਲਿਆਂਦਾ ਉਹ ਬਿਸਤਰਾ, ਆਪਣੀ ਪਹਿਲੀ ਤਨਖ਼ਾਹ ਦੀ ਖ਼ਰੀਦ, ਖੋਲ੍ਹਣ ਉਤੇ ਮੇਰਾ ਜੀਅ ਨਹੀਂ ਕਰਦਾ। ਉਹ ਤੇ ਮੈਂ ਸੋਚਿਆ ਸੀ ਕਿ ਆਪਣੇ ਵਤਨ ਜਾ ਕੇ ਹੀ ਖੋਲ੍ਹਾਂਗਾ- ਤੁਸੀਂ ਫਿਰ ਟੋਕੋਗੇ ਕਿ ਉਹ ਮੇਰਾ ਵਤਨ ਕਿਵੇਂ ਹੋਇਆ ਜਿਥੇ ਮੈਂ ਜਾ ਹੀ ਨਹੀਂ ਸਕਦਾ! – ਤੇ ਉਹ ਬਿਸਤਰਾ ਉਵੇਂ ਦਾ ਉਵੇਂ ਬੰਦ ਪਿਆ ਏ…

Loading