ਵਿਸ਼ੇਸ਼ ਰਿਪੋਰਟ
ਪੰਜਾਬ, ਹਰਿਆਣਾ ਦੀ ਧਰਤੀ, ਜਿੱਥੇ ਖੇਤਾਂ ਦੀ ਮਿੱਟੀ ਵਿਚੋਂ ਸੁਗੰਧ ਉੱਠਦੀ ਹੈ ਤੇ ਉੱਥੇ ਦੇ ਲੋਕਾਂ ਦੇ ਸੁਪਨੇ ਅਕਸਰ ਪਰਦੇਸ ਵੱਲ ਜਾਂਦੇ ਨੇ। ਅਮਰੀਕਾ ਜਾਂ ਕੈਨੇਡਾ ਦੀਆਂ ਚਮਕਦੀਆਂ ਸੜਕਾਂ, ਵੱਡੇ-ਵੱਡੇ ਮਕਾਨ ਤੇ ਡਾਲਰਾਂ ਦੀ ਚਮਕ ਨੇ ਕਈਆਂ ਦੇ ਮਨ ਵਿੱਚ ਘਰ ਕਰ ਲਿਆ। ਪਰ ਇਹ ਸੁਪਨੇ ਕਈ ਵਾਰੀ ਅਜਿਹੀਆਂ ਰਾਹਾਂ ’ਤੇ ਲੈ ਜਾਂਦੇ ਨੇ, ਜਿੱਥੇ ਸੁਰੱਖਿਆ ਦੀ ਥਾਂ ਖ਼ਤਰੇ ਤੇ ਸੁਖ ਦੀ ਥਾਂ ਸਿਰਫ਼ ਦੁੱਖ ਹੀ ਮਿਲਦੇ ਨੇ। ਇਹ ਦੁਖਾਂਤਕ ਦਾਸਤਾਨ ਉਨ੍ਹਾਂ ਭੋਲੇ-ਭਾਲੇ ਲੋਕਾਂ ਦੀ ਹੈ, ਜਿਹੜੇ ‘ਡੰਕੀ ਰੂਟ’ ਦੇ ਝਾਂਸੇ ਵਿੱਚ ਆ ਕੇ ਆਪਣੀ ਜ਼ਿੰਦਗੀ ਦੀ ਪੂੰਜੀ ਗੁਆ ਬੈਠਦੇ ਨੇ। ਪੰਜਾਬ-ਹਰਿਆਣਾ ਦੇ ਟਰੈਵਲ ਏਜੰਟਾਂ ਨੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਜਾਂ ਕੈਨੇਡਾ ਵਿੱਚ ਸੈਟਲ ਕਰਨ ਦੇ ਸੁਪਨੇ ਵਿਖਾਏ, ਤੇ ਉਨ੍ਹਾਂ ਨੂੰ ‘ਡੰਕੀ ਰੂਟ’ ਦੇ ਖਤਰਨਾਕ ਜੰਗਲੀ ਰਾਹਾਂ ’ਤੇ ਧੱਕ ਦਿੱਤਾ। 2025 ਦੇ ਜੁਲਾਈ ਵਿੱਚ ਈ.ਡੀ. ਨੇ ਇਹਨਾਂ ਏਜੰਟਾਂ ’ਤੇ ਨਕੇਲ ਪਾਉਣ ਲਈ ਵੱਡਾ ਅਪਰੇਸ਼ਨ ਸ਼ੁਰੂ ਕੀਤਾ। ਪਿਛਲੇ ਦਿਨੀਂ ਜਲੰਧਰ ਦੇ ਜ਼ੋਨਲ ਦਫ਼ਤਰ ਤੋਂ ਈ.ਡੀ. ਦੀਆਂ ਟੀਮਾਂ ਨੇ ਪੰਜਾਬ ਦੇ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਤਰਨਤਾਰਨ ਤੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ ਤੇ ਕਰਨਾਲ ਵਿੱਚ 11 ਥਾਂਵਾਂ ’ਤੇ ਛਾਪੇ ਮਾਰੇ। ਈ.ਡੀ. ਦੀਆਂ ਨਜ਼ਰਾਂ ’ਤੇ ਸੀ ਉਨ੍ਹਾਂ ਏਜੰਟਾਂ ਦੇ ਘਰ ਤੇ ਦਫ਼ਤਰ, ਜਿਹੜੇ ਮਨੀ ਲਾਂਡਰਿੰਗ ਦੇ ਖੇਡ ਵਿੱਚ ਸ਼ਾਮਲ ਸਨ। ਮੋਗਾ ਵਿੱਚ ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੇ ਘਰ ਵੀ ਈ.ਡੀ. ਦੀਆਂ ਟੀਮਾਂ ਪਹੁੰਚੀਆਂ। ਇਸੇ ਤਰ੍ਹਾਂ ਤਰਨਤਾਰਨ ਦੇ ਚੋਹਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਇੱਕ ਨੇਤਾ ਦੇ ਘਰ ਵੀ ਜਾਂਚ ਹੋਈ। ਇਹ ਛਾਪੇ 17 ਐਫ਼.ਆਈ.ਆਰਾਂ. ਦੇ ਅਧਾਰ ’ਤੇ ਮਾਰੇ ਗਏ, ਜਿਹੜੀਆਂ ਪੰਜਾਬ ਤੇ ਹਰਿਆਣਾ ਪੁਲਿਸ ਨੇ ਇਹਨਾਂ ਏਜੰਟਾਂ ਖ਼ਿਲਾਫ਼ ਦਰਜ ਕੀਤੀਆਂ ਸਨ। ਇਹ ਏਜੰਟ ਲੋਕਾਂ ਨੂੰ 40 ਤੋਂ 50 ਲੱਖ ਰੁਪਏ ਲੈ ਕੇ ਅਮਰੀਕਾ ਵਿੱਚ ਜਹਾਜ਼ ਰਾਹੀਂ ‘ਕਾਨੂੰਨੀ’ ਤਰੀਕੇ ਨਾਲ ਪਹੁੰਚਾਉਣ ਦਾ ਵਾਅਦਾ ਕਰਦੇ ਸਨ, ਪਰ ਅਸਲ ਵਿੱਚ ਉਨ੍ਹਾਂ ਨੂੰ ਜੰਗਲਾਂ, ਨਦੀਆਂ ਤੇ ਖਤਰਨਾਕ ਰਾਹਾਂ ਰਾਹੀਂ ‘ਡੰਕੀ ਰੂਟ’ ’ਤੇ ਭੇਜ ਦਿੰਦੇ ਸਨ।
2024-2025 ਵਿੱਚ ਹੋਈਆਂ ਛਾਪੇਮਾਰੀਆਂ ਤੇ ਗ੍ਰਿਫ਼ਤਾਰੀਆਂ
2024 ਦੇ ਅਖੀਰ ਤੋਂ 2025 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਈ.ਡੀ. ਨੇ ਕਈ ਵਾਰੀ ਛਾਪੇ ਮਾਰੇ। 25 ਫ਼ਰਵਰੀ 2025 ਨੂੰ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਪੰਜ ਥਾਂਵਾਂ ’ਤੇ ਛਾਪੇ ਮਾਰੇ ਗਏ, ਜਿੱਥੇ ਈ.ਡੀ. ਨੇ 19 ਲੱਖ ਰੁਪਏ ਨਕਦੀ, ਡਿਜੀਟਲ ਡਿਵਾਈਸਾਂ ਤੇ ਅਹਿਮ ਦਸਤਾਵੇਜ਼ ਜ਼ਬਤ ਕੀਤੇ। 9 ਜੁਲਾਈ 2025 ਨੂੰ ਫ਼ਿਰ 11 ਥਾਂਵਾਂ ’ਤੇ ਵੱਡੀ ਕਾਰਵਾਈ ਹੋਈ, ਜਿਸ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਗ੍ਰਿਫ਼ਤਾਰੀਆਂ ਦੀ ਗੱਲ ਕਰੀਏ, ਤਾਂ ਈ.ਡੀ. ਦੀਆਂ ਛਾਪੇਮਾਰੀਆਂ ਤੋਂ ਇਲਾਵਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਵੀ ਇਸ ਮਾਮਲੇ ਵਿੱਚ ਛਾਪੇ ਮਾਰੇ। ਮਾਰਚ 2025 ਵਿੱਚ ਐਨ.ਆਈ.ਏ. ਨੇ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ 100 ਤੋਂ ਵੱਧ ਲੋਕਾਂ ਨੂੰ ‘ਡੰਕੀ ਰੂਟ’ ਰਾਹੀਂ ਅਮਰੀਕਾ ਭੇਜਿਆ ਸੀ। ਜੁਲਾਈ 2025 ਵਿੱਚ ਐਨ.ਆਈ.ਏ. ਨੇ ਦੋ ਹੋਰ ਮੁਲਜ਼ਮਾਂ ਸੰਨੀ (ਉਰਫ਼ ਸੰਨੀ ਡੌਂਕਰ) ਤੇ ਸ਼ੁਭਮ ਸੰਧਲ (ਉਰਫ਼ ਦੀਪ ਹੁੰਡੀ) ਨੂੰ ਹਿਮਾਚਲ ਪ੍ਰਦੇਸ਼ ਤੇ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਸੀ। ਈ.ਡੀ. ਦੀਆਂ ਛਾਪੇਮਾਰੀਆਂ ਵਿੱਚ ਅਜੇ ਤੱਕ ਕਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ, ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਾਂਚ ਜਾਰੀ ਹੈ ਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ।
ਭਾਰਤ ਸਰਕਾਰ ਦੀ ਸਖ਼ਤੀ
ਭਾਰਤ ਸਰਕਾਰ ਨੇ ਇਸ ਮਨੁੱਖੀ ਤਸਕਰੀ ਦੇ ਰੈਕੇਟ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਈ.ਡੀ. ਨੇ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ.ਐਮ.ਐਲ.ਏ.) ਅਧੀਨ ਜਾਂਚ ਸ਼ੁਰੂ ਕੀਤੀ, ਕਿਉਂਕਿ ਇਹ ਏਜੰਟ ਨਾ ਸਿਰਫ਼ ਲੋਕਾਂ ਨੂੰ ਠੱਗਦੇ ਸਨ, ਸਗੋਂ ਉਨ੍ਹਾਂ ਦੀਆਂ ਕਮਾਈਆਂ ਨੂੰ ਮਨੀ ਲਾਂਡਰਿੰਗ ਰਾਹੀਂ ਛੁਪਾਉਂਦੇ ਸਨ। ਇਹਨਾਂ ਏਜੰਟਾਂ ਨੇ ਝੂਠੇ ਵੀਜ਼ੇ, ਜਾਅਲੀ ਸਰਟੀਫ਼ਿਕੇਟ ਤੇ ਨਕਲੀ ਤਜਰਬਾ ਪੱਤਰ ਬਣਾ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ। ਈ.ਡੀ. ਦੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਏਜੰਟ ਸਥਾਨਕ ਗੁੰਡਿਆਂ ਤੇ ਮਾਫ਼ੀਆ ਨਾਲ ਮਿਲ ਕੇ ਪੀੜਤਾਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੰਦੇ ਸਨ, ਤਾਂ ਜੋ ਉਹ ਹੋਰ ਪੈਸੇ ਦੇਣ ਲਈ ਮਜਬੂਰ ਹੋ ਜਾਣ। ਸਰਕਾਰ ਦੀ ਸਖ਼ਤੀ ਦਾ ਸਬੂਤ ਇਹ ਵੀ ਹੈ ਕਿ ਜਿਹੜੇ ਲੋਕ ਡਿਪੋਰਟ ਹੋ ਕੇ ਵਾਪਸ ਆਏ, ਉਨ੍ਹਾਂ ਦੇ ਬਿਆਨ ਰਿਕਾਰਡ ਕਰਕੇ ਈ.ਡੀ. ਨੇ ਇਸ ਨੈਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ।
ਅਮਰੀਕਾ ਦੀ ਡਿਪੋਰਟੇਸ਼ਨ ਨੀਤੀ: ਸੁਪਨਿਆਂ ਦਾ ਅੰਤ
ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਨੇ ਗ਼ੈਰਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ। 2025 ਫ਼ਰਵਰੀ ਵਿੱਚ ਅਮਰੀਕਾ ਨੇ 380 ਤੋਂ ਵੱਧ ਭਾਰਤੀਆਂ ਨੂੰ, ਜਿਹੜੇ ‘ਡੰਕੀ ਰੂਟ’ ਰਾਹੀਂ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਸਨ, ਵਾਪਸ ਭਾਰਤ ਡਿਪੋਰਟ ਕਰ ਦਿੱਤਾ। ਇਹਨਾਂ ਵਿਚੋਂ 131 ਸਿਰਫ਼ ਪੰਜਾਬ ਦੇ ਸਨ, ਜਿਹੜੇ ਅਮਰੀਕੀ ਫ਼ੌਜੀ ਜਹਾਜ਼ਾਂ ਵਿੱਚ ਹੱਥਕੜੀਆਂ ਪਾਈ ਵਾਪਸ ਅੰਮ੍ਰਿਤਸਰ ਏਅਰਪੋਰਟ ’ਤੇ ਉੱਤਰੇ। ਇਹਨਾਂ ਲੋਕਾਂ ਨੂੰ 23 ਤੋਂ 28 ਜਨਵਰੀ 2025 ਦਰਮਿਆਨ ਅਮਰੀਕੀ ਸਰਹੱਦੀ ਸੁਰੱਖਿਆ ਫ਼ੋਰਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਸਾਰੇ ਉਹ ਸਨ, ਜਿਨ੍ਹਾਂ ਨੇ 45-50 ਲੱਖ ਰੁਪਏ ਦੇ ਕੇ ਏਜੰਟਾਂ ਤੋਂ ਅਮਰੀਕਾ ਦਾ ‘ਕਾਨੂੰਨੀ’ ਵੀਜ਼ਾ ਲੈਣ ਦਾ ਸੁਪਨਾ ਦੇਖਿਆ ਸੀ, ਪਰ ਉਹਨਾਂ ਨੂੰ ਜੰਗਲਾਂ ਵਿਚੋਂ ਲੰਘਦੇ ਖਤਰਨਾਕ ਰਾਹਾਂ ’ਤੇ ਧੱਕਿਆ ਗਿਆ।
ਡਾਰੀਅਨ ਗੈਪ: ਮੌਤ ਦਾ ਜੰਗਲ
‘ਡੰਕੀ ਰੂਟ’ ਦੀ ਸਭ ਤੋਂ ਵੱਡੀ ਮੁਸੀਬਤ ਹੈ ਡਾਰੀਅਨ ਗੈਪ। ਇਹ ਕੋਲੰਬੀਆ ਤੇ ਪਨਾਮਾ ਦੀ ਸਰਹੱਦ ’ਤੇ 97 ਕਿਲੋਮੀਟਰ ਦਾ ਇੱਕ ਅਜਿਹਾ ਜੰਗਲ ਹੈ, ਜਿੱਥੇ ਮੌਤ ਹਰ ਪਲ ਸਾਹਮਣੇ ਖੜ੍ਹੀ ਹੁੰਦੀ ਹੈ। ਇਹ ਜੰਗਲ ਨਾ ਸਿਰਫ਼ ਸੰਘਣੀਆਂ ਝਾੜੀਆਂ, ਤੇਜ਼ ਨਦੀਆਂ ਤੇ ਉੱਚੇ-ਨੀਵੇਂ ਪਹਾੜਾਂ ਨਾਲ ਭਰਿਆ ਹੋਇਆ ਹੈ, ਸਗੋਂ ਇੱਥੇ ਜ਼ਹਿਰੀਲੇ ਸੱਪ, ਜੰਗਲੀ ਜਾਨਵਰ ਤੇ ਬਿਮਾਰੀਆਂ ਵੀ ਪਰਵਾਸੀਆਂ ਦੀ ਜਾਨ ਦੇ ਦੁਸ਼ਮਣ ਨੇ। 2023 ਵਿੱਚ 5 ਲੱਖ ਤੋਂ ਵੱਧ ਪਰਵਾਸੀਆਂ ਨੇ ਇਸ ਜੰਗਲ ਨੂੰ ਪਾਰ ਕੀਤਾ, ਜਿਨ੍ਹਾਂ ਵਿਚੋਂ ਹਜ਼ਾਰਾਂ ਭਾਰਤੀ ਵੀ ਸਨ। ਪਰ ਇਹ ਸਫ਼ਰ ਖ਼ਤਰਿਆਂ ਨਾਲ ਭਰਪੂਰ ਹੈ । ਇੱਥੇ ਕਾਰਟੇਲ, ਹਥਿਆਰਬੰਦ ਗਿਰੋਹ ਤੇ ਤਸਕਰ ਪਰਵਾਸੀਆਂ ਨੂੰ ਲੁੱਟਦੇ ਨੇ, ਧਮਕੀਆਂ ਦਿੰਦੇ ਨੇ ਤੇ ਔਰਤਾਂ ਨਾਲ ਜਿਨਸੀ ਹਿੰਸਾ ਕਰਦੇ ਨੇ। 2023 ਦੇ ਦਸੰਬਰ ਵਿੱਚ ਡਾਕਟਰਜ਼ ਵਿਦਆਊਟ ਬਾਰਡਰਜ਼ ਨੇ 214 ਜਿਨਸੀ ਹਿੰਸਾ ਦੇ ਪੀੜਤਾਂ ਦਾ ਇਲਾਜ ਕੀਤਾ, ਜੋ ਆਮ ਨਾਲੋਂ ਸੱਤ ਗੁਣਾ ਜ਼ਿਆਦਾ ਸੀ। ਪਨਾਮਾ ਦੇ ਨਵੇਂ ਰਾਸ਼ਟਰਪਤੀ ਜੋਸੇ ਰਾਉਲ ਮੁਲੀਨੋ ਨੇ ਦਸੰਬਰ 2024 ਵਿੱਚ ਦੱਸਿਆ ਕਿ 55 ਪਰਵਾਸੀ ਇਸ ਜੰਗਲ ਵਿੱਚ ਮਰ ਗਏ ਤੇ 180 ਬੱਚੇ ਇੱਥੇ ਛੱਡ ਦਿੱਤੇ ਗਏ। ਇਹ ਸਫ਼ਰ ਇੰਨਾ ਖਤਰਨਾਕ ਹੈ ਕਿ ਯੂਟਿਊਬਰ ਬਾਲਡ ਐਂਡ ਬੈਂਕਰਪਟ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਅਨੁਭਵ ਦੱਸਿਆ।
ਜਿੱਥੇ ਮੌਤ ਵੀ ਸੁਪਨਿਆਂ ਨੂੰ ਨਿਗਲ ਜਾਂਦੀ ਹੈ
‘ਡੰਕੀ ਰੂਟ’ ਰੂਟ ਸਪੇਨ, ਅਲ ਸਲਵਾਡੋਰ, ਗੁਆਤੇਮਾਲਾ, ਮੈਕਸੀਕੋ ਵਰਗੇ ਦੇਸ਼ਾਂ ’ਚੋਂ ਲੰਘਦਾ ਹੈ, ਜਿੱਥੇ ਪਰਵਾਸੀਆਂ ਨੂੰ ਪੈਦਲ, ਕਿਸ਼ਤੀਆਂ ’ਤੇ ਜਾਂ ਮਾਲ ਗੱਡੀਆਂ ਵਿੱਚ ਸਫ਼ਰ ਕਰਨਾ ਪੈਂਦਾ ਹੈ। ਇਸ ਸਫ਼ਰ ਵਿੱਚ ਨਾ ਸਿਰਫ਼ ਭੁੱਖ-ਪਿਆਸ, ਸਗੋਂ ਡਕੈਤਾਂ, ਮਾਫ਼ੀਆ ਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਪਰਵਾਸੀਆਂ ਨੂੰ ਰਾਹ ਵਿੱਚ ਲੁੱਟਿਆ ਜਾਂਦਾ ਏ, ਕਈਆਂ ਦੀਆਂ ਜਾਨਾਂ ਜਾਂਦੀਆਂ ਨੇ। 2024 ਵਿੱਚ ਜਨਵਰੀ ਤੋਂ ਅਪ੍ਰੈਲ ਦਰਮਿਆਨ 30,000 ਤੋਂ ਵੱਧ ਬੱਚਿਆਂ ਨੇ ਇਸ ਰੂਟ ਨੂੰ ਪਾਰ ਕੀਤਾ, ਜੋ ਪਿਛਲੇ ਸਾਲ ਨਾਲੋਂ 40% ਜ਼ਿਆਦਾ ਸੀ। ਇਹ ਸਫ਼ਰ ਬਜ਼ੁਰਗਾਂ, ਬੱਚੇ ਤੇ ਔਰਤਾਂ ਲਈ ਖਾਸ ਕਰਕੇ ਮੁਸੀਬਤਾਂ ਭਰਿਆ ਹੁੰਦਾ ਹੈ, ਜਿਹੜੇ ਭਾਰੀ ਸਮਾਨ ਚੁੱਕ ਕੇ ਜੰਗਲਾਂ ਵਿੱਚ ਲੰਘਦੇ ਨੇ। ਪੰਜਾਬ-ਹਰਿਆਣਾ ਦੇ ਨੌਜਵਾਨ, ਜਿਹੜੇ ਆਪਣੇ ਪਰਿਵਾਰਾਂ ਦੀ ਬਿਹਤਰੀ ਦੀ ਆਸ ਵਿੱਚ ਘਰ-ਜਾਇਦਾਦ ਵੇਚ ਕੇ 50-50 ਲੱਖ ਰੁਪਏ ਏਜੰਟਾਂ ਨੂੰ ਦਿੰਦੇ ਨੇ, ਉਹ ਅਕਸਰ ਖਾਲੀ ਹੱਥ ਵਾਪਸ ਆਉਂਦੇ ਨੇ। ਈ.ਡੀ. ਤੇ ਐਨ.ਆਈ.ਏ. ਵਰਗੀਆਂ ਏਜੰਸੀਆਂ ਹੁਣ ਇਹਨਾਂ ਏਜੰਟਾਂ ਦੇ ਪਿੱਛੇ ਹੱਥ ਧੋ ਕੇ ਪੈ ਗਈਆਂ ਨੇ। ਅਮਰੀਕਾ ਵੀ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ’ਚ ਕੋਈ ਕਸਰ ਨਹੀਂ ਛੱਡ ਰਿਹਾ। ਪਨਾਮਾ ਸਰਕਾਰ ਨੇ ਵੀ ਡਾਰੀਅਨ ਗੈਪ ’ਚ 1200 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਨੇ, ਪਰ ਇਸ ਮੁਸੀਬਤ ਦਾ ਹੱਲ ਸਿਰਫ਼ ਇੱਕ ਦੇਸ਼ ਦੀ ਜ਼ਿੰਮੇਵਾਰੀ ਨਹੀਂ। ਸਾਰੇ ਮੁਲਕਾਂ ਨੂੰ ਮਿਲ ਕੇ ਇਸ ਰੂਟ ’ਤੇ ਤਸਕਰੀ ਨੂੰ ਰੋਕਣ ਦੀ ਲੋੜ ਹੈ।
ਈ.ਡੀ. ਦੀਆਂ ਛਾਪੇਮਾਰੀਆਂ, ਐਨ.ਆਈ.ਏ. ਦੀਆਂ ਗ੍ਰਿਫ਼ਤਾਰੀਆਂ ਤੇ ਸਰਕਾਰ ਦੀ ਸਖ਼ਤੀ ਇਸ ਗੱਲ ਦਾ ਸਬੂਤ ਨੇ ਕਿ ਹੁਣ ਇਸ ਰੈਕੇਟ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਨੌਜਵਾਨਾਂ ਨੂੰ ਅਜਿਹੇ ਸੁਪਨੇ ਵੇਚਣ ਵਾਲਿਆਂ ਤੋਂ ਕਿਵੇਂ ਬਚਾ ਸਕਦੇ ਹਾਂ? ਕੀ ਅਸੀਂ ਉਹਨਾਂ ਨੂੰ ਆਪਣੇ ਮੁਲਕ ਵਿੱਚ ਹੀ ਇੱਕ ਬਿਹਤਰ ਜੀਵਨ ਦੀ ਆਸ ਦੇ ਸਕਦੇ ਹਾਂ? ਜਦੋਂ ਤੱਕ ਇਹ ਸਵਾਲ ਸੁਣਨ ਵਿੱਚ ਨਹੀਂ ਆਉਂਦੇ,ਡਾਰੀਅਨ ਗੈਪ ਵਰਗੇ ਜੰਗਲ ਸੁਪਨਿਆਂ ਨੂੰ ਨਿਗਲਦੇ ਰਹਿਣਗੇ, ਤੇ ‘ਡੰਕੀ ਰੂਟ’ ਦੀਆਂ ਦੁਖਾਂਤਕ ਦਾਸਤਾਨਾਂ ਸਾਡੇ ਦਿਲਾਂ ਨੂੰ ਦਹਿਲਾਉਂਦੀਆਂ ਰਹਿਣਗੀਆਂ।
![]()
