ਟੈਨਿਸ ਜਗਤ ਦਾ ਚਮਕਦਾ ਤਾਰਾ ਆਂਦਰੇ ਅਗਾਸੀ

In ਖੇਡ ਖਿਡਾਰੀ
July 11, 2025

ਪ੍ਰਿੰਸੀਪਲ ਸਰਵਣ ਸਿੰਘ

ਆਂਦਰੇ ਅਗਾਸੀ ਦੀ ਸ਼ਖ਼ਸੀਅਤ ਇਕਹਿਰੀ ਨਹੀਂ, ਦੂਹਰੀ ਤੀਹਰੀ ਹੈ। ਉਹ ਟੈਨਿਸ ਦਾ ਲੀਜੈਂਡਰੀ ਖਿਡਾਰੀ ਸੀ ਜੋ ਡਿੱਗ ਕੇ ਉੱਠਦਾ ਤੇ ਲੋਪ ਹੋ ਕੇ ਉਜਾਗਰ ਹੁੰਦਾ ਰਿਹਾ। ਉਹਦੀ ਜੀਵਨ ਕਹਾਣੀ ਚਾਨਣ ’ਚੋਂ ਹਨੇਰੇ ਵੱਲ ਪਰਤਣ ਤੇ ਹਨੇਰੇ ’ਚੋਂ ਮੁੜ ਚਾਨਣ ਵੱਲ ਵਧਣ ਦੀ ਵਾਰਤਾ ਹੈ। ਉਹ ਆਰਮੇਨੀ-ਇਰਾਨੀ ਮੂਲ ਦਾ ਅਮਰੀਕਨ ਹੈ। ਟੈਨਿਸ ਦੀ ਖੇਡ ਵਿੱਚ ਉਸ ਦੀਆਂ ਧੁੰਮਾਂ ਲੰਮਾ ਸਮਾਂ ਪੈਂਦੀਆਂ ਰਹੀਆਂ। ਉਹਦੇ ਜੀਵਨ ਵਿੱਚ ਕਈ ਮੋੜ ਘੋੜ ਆਏ। ਉਹ ਕਿਸਮਤ ਦਾ ਮਾਰਿਆ, ਪਰ ਕਰਮਾਂ ਦਾ ਬਲੀ ਨਿਕਲਿਆ।
ਉਸ ਦਾ ਪਿਤਾ ਬੌਕਸਰ ਹੋਣ ਦੇ ਬਾਵਜੂਦ ਟੈਨਿਸ ਦੀ ਖੇਡ ਦਾ ਦੀਵਾਨਾ ਸੀ। ਉਸ ਨੇ ਪੁੱਤਰ ਦੀ ਇੱਛਾ ਦੇ ਉਲਟ ਉਸ ਨੂੰ ਟੈਨਿਸ ਖੇਡਣ ਲਾਇਆ। ਉਹ ਫਿਰ ਸਖ਼ਤ ਅਨੁਸ਼ਾਸਨ ਤੇ ਸਖ਼ਤ ਮਿਹਨਤ ਨਾਲ ਟੈਨਿਸ ਦਾ ਵਿਸ਼ਵ ਦਾ ਨੰਬਰ 1 ਖਿਡਾਰੀ, ਐਟਲਾਂਟਾ-1996 ਦੀਆਂ ਉਲੰਪਿਕ ਖੇਡਾਂ ਦਾ ਚੈਂਪੀਅਨ ਤੇ ਚਾਰੇ ਗਰੈਂਡ ਸਲੈਮਾਂ ਦਾ ਜੇਤੂ ਬਣਿਆ। ਖੇਡ ਤੋਂ ਰਿਟਾਇਰ ਹੋ ਕੇ 2009 ਵਿੱਚ ਉਸ ਨੇ ‘ਓਪਨ’ ਨਾਂ ਦੀ ਸਵੈਜੀਵਨੀ ਰਿਲੀਜ਼ ਕੀਤੀ ਜੋ ਸਭ ਤੋਂ ਵੱਧ ਵਿਕਣ ਵਾਲੀ ਪੁਸਤਕ ਬਣੀ। ਉਹਦੇ ’ਚ ਉਸ ਨੇ ਕਈ ਗੁੱਝੇ ਭੇਤ ਸਾਂਝੇ ਕੀਤੇ।
1992 ਵਿੱਚ ਉਸ ਨੇ ਟੈਨਿਸ ਦਾ ਪਹਿਲਾ ਗ੍ਰੈਂਡ ਸਲੈਮ ਵਿੰਬਲਡਨ ਜਿੱਤਿਆ ਸੀ। ਉਹ ਗ੍ਰੈਂਡ ਸਲੈਮ ਪਹਿਲਾਂ ਵੀ ਖੇਡਦਾ ਰਿਹਾ ਸੀ, ਪਰ ਕਦੇ ਟਾਈਟਲ ਜਿੱਤਣ ਤੱਕ ਨਹੀਂ ਸੀ ਪਹੁੰਚਿਆ। ਉਸ ਦੀਆਂ ਅਨੇਕ ਹਾਰਾਂ ਤੋਂ ਬਾਅਦ ਇਹ ਵੱਡੀ ਜਿੱਤ ਮਸੀਂ ਉਹਦੇ ਹੱਥ ਆਈ ਸੀ। ਸਮਝ ਲਓ ਹਨੇਰੇ ’ਚੋਂ ਚਾਨਣ ਵਿੱਚ ਵੱਡੀ ਛਾਲ ਵੱਜੀ ਸੀ। 1994 ਵਿੱਚ ਉਹ ਯੂ.ਐੱਸ.ਏ. ਓਪਨ ਜਿੱਤਿਆ, 1995 ਵਿੱਚ ਆਸਟ੍ਰੇਲੀਅਨ ਓਪਨ ਤੇ 1996 ’ਚ ਐਂਟਲਾਂਟਾ ਦੀਆਂ ਉਲੰਪਿਕ ਖੇਡਾਂ ਦਾ ਗੋਲਡ ਮੈਡਲ। ਉਦੋਂ ਉਹ ‘ਕਰੀਅਰ ਗੋਲਡਨ ਸਲੈਮ’ ਦਾ ਖ਼ਿਤਾਬ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਮਰਦ ਖਿਡਾਰੀ ਐਲਾਨਿਆ ਗਿਆ। ਲਗਾਤਾਰ ਤਿੰਨ ਸਾਲ ਸ਼ਾਨਾਂ ਮੱਤੀਆਂ ਜਿੱਤਾਂ ਜਿੱਤਣ ਮਗਰੋਂ ਉਹ ਦੁਬਾਰਾ ਦੋ ਸਾਲ ਹਨੇਰਿਆਂ ’ਚ ਗੁਆਚ ਗਿਆ ਸੀ।
ਉਸ ਦਾ ਪੂਰਾ ਨਾਂ ਆਂਦਰੇ ਕਰਕੋਰੀਅਨ ਅਗਾਸੀ ਹੈ। ਉਹਦਾ ਜਨਮ 29 ਅਪ੍ਰੈਲ 1970 ਨੂੰ ਅਮਰੀਕਾ ਦੀ ਨੇਵਾਡਾ ਸਟੇਟ ਦੇ ਸ਼ਹਿਰ ਲਾਸ ਵੇਗਾਸ ਵਿੱਚ ਇਮਾਨੂਏਲ ਮਾਈਕ ਆਗਾਸੀ ਦੇ ਘਰ ਐਲਜ਼ਾਬੈੱਥ ਬੈਟੀ ਅਗਾਸੀ ਦੀ ਕੁੱਖੋਂ ਹੋਇਆ ਸੀ। ਉਹਦਾ ਪਿਤਾ ਮਾਈਕ ਅਗਾਸੀ ਸਾਬਕਾ ਉਲੰਪਿਕ ਬੌਕਸਰ ਸੀ ਤੇ ਮਾਂ ‘ਬੈਟੀ’ ਸਟਾਫ ਨਰਸ ਸੀ। ਉਨ੍ਹਾਂ ਦੇ ਵੱਡ ਵਡੇਰੇ ਆਰਮੀਨੀਅਨ ਅਸੀਰੀਅਨ ਇਰਾਨੀ ਮੂਲ ਦੇ ਸਨ। ਮਾਈਕ ਤੇ ਬੈਟੀ 1959 ਵਿੱਚ ਸ਼ਿਕਾਗੋ ਵਿਖੇ ਡੇਟਿੰਗ ਕਰਨ ਉਪਰੰਤ ਉਸੇ ਸਾਲ ਲਾਸ ਵੇਗਾਸ ਆ ਗਏ ਸਨ। ਉੱਥੇ ਉਨ੍ਹਾਂ ਦੇ ਚਾਰ ਬੱਚੇ ਪੈਦਾ ਹੋਏ। ਆਂਦਰੇ ਸਭ ਤੋਂ ਛੋਟਾ ਹੈ। ਪਿਤਾ ਨੇ ਬੌਕਸਰ ਹੋਣ ਦੇ ਬਾਵਜੂਦ ਆਪਣੇ ਪੁੱਤਰ ਨੂੰ ਬੌਕਸਿੰਗ ਦੀ ਥਾਂ ਟੈਨਿਸ ਦੀ ਖੇਡ ’ਚ ਪਾਉਣਾ ਬਿਹਤਰ ਸਮਝਿਆ।
ਆਂਦਰੇ ਨੇ 16 ਸਾਲ ਦੀ ਉਮਰੇ 1986 ਵਿੱਚ ਪੇਸ਼ਾਵਰ ਟੈਨਿਸ ਦੀ ਦੁਨੀਆ ’ਚ ਪਹਿਲਾ ਕਦਮ ਰੱਖਿਆ। ਅੱਗੇ ਸਖ਼ਤ ਤੋਂ ਸਖ਼ਤ ਮੁਕਾਬਲਿਆਂ ਦਾ ਪੈਂਡਾ ਸੀ। ਉਹ ਉਚਾਣਾਂ ਨਿਵਾਣਾਂ ਵਿੱਚ ਦੀ ਲੰਘਦਾ ਅੱਗੇ ਤੋਂ ਅੱਗੇ ਵਧਦਾ ਗਿਆ। 1987 ਦੇ ਮੁੱਕਣ ਤੱਕ ਉਹ ਦਰਸ਼ਕਾਂ ਦਾ ਪਸੰਦੀਦਾ ਖਿਡਾਰੀ ਬਣ ਗਿਆ। ਉਸ ਦੇ ਗੋਰੇ ਨਿਸ਼ੋਹ ਰੰਗ, ਤਿੱਖੇ ਨੈਣ ਨਕਸ਼, ਬਲੌਰੀ ਅੱਖਾਂ, ਨਵੇਂ ਫੈਸ਼ਨੀ ਕੱਪੜੇ, ਲੰਮੇ ਮਸਨੂਈ ਵਾਲ ਤੇ ਰੀਬੌਕ ਬੂਟਾਂ ਨੇ ਟੈਨਿਸ ਦੀ ਪਰੰਪਰਾਵਾਦੀ ਦੁਨੀਆ ਵਿੱਚ ਨਵੀ ਹਲਚਲ ਛੇੜ ਦਿੱਤੀ। 1987 ਵਿੱਚ ਉਸ ਨੇ ਪਹਿਲਾ ਪ੍ਰੋਫੈਸ਼ਨਲ ਟੂਰਨਾਮੈਂਟ ਤੇ 1988 ਵਿੱਚ 6 ਹੋਰ ਪ੍ਰੋਫੈਸ਼ਨਲ ਟੂਰਨਾਮੈਂਟ ਜਿੱਤੇ, ਪਰ 1989 ਵਿੱਚ ਉਹ ਕਿਤੇ ਵੀ ਨਾ ਰੜਕਿਆ। 1990-91 ਵਿੱਚ ਉਹ ਤਿੰਨ ਫਾਈਨਲ ਖੇਡਿਆ ਤੇ ਤਿੰਨੇ ਗ੍ਰੈਂਡ ਸਲੈਮ ਹਾਰਿਆ। 1992-93 ਫਿਰ ਖਾਲੀ ਹੱਥ ਰਿਹਾ। 1994 ਵਿੱਚ ਉਹਦੇ ਕੋਚ ਨਿੱਕ ਬੋਲਟੇਰੀ ਨੇ ਉਸ ਤੋਂ ਮੁੱਖ ਮੋੜ ਲਿਆ। ਆਂਦਰੇ ਨੇ ਫਿਰ ਬ੍ਰਾਡ ਗਿਲਬਰਟ ਨੂੰ ਆਪਣਾ ਨਵਾਂ ਗੁਰੂ ਧਾਰ ਲਿਆ। 1995 ’ਚ ਉਸ ਨੇ ਆਸਟ੍ਰੇਲੀਅਨ ਓਪਨ ਦਾ ਫਾਈਨਲ ਜਿੱਤਿਆ ਤਾਂ ਉਸ ਦੀ ਗੁੱਡੀ ਐਸੀ ਚੜ੍ਹੀ ਕਿ 1996 ’ਚ ਐਟਲਾਂਟਾ ਉਲੰਪਿਕਸ ਵਿੱਚੋਂ ਵੀ ਉਹ ਸਿੰਗਲਜ਼ ਦਾ ਗੋਲਡ ਮੈਡਲ ਜਿੱਤ ਗਿਆ।
ਟੈਨਿਸ ਦੇ ਅਸਤਰ ਆਂਦਰੇ ਦਾ ਝੁਕਾਅ ਟੈਨਿਸ ਦੀ ਮਲਿਕਾ ਸਟੈਫੀ ਗ੍ਰਾਫ ਵੱਲ ਹੋ ਗਿਆ। ਉਹ ਟੈਨਿਸ ਦੇ ਟੂਰਨਾਮੈਂਟਾਂ ’ਚ ਜਾਂਦੇ ਆਉਂਦੇ ਇੱਕ ਦੂਜੇ ਨੂੰ ਹੈਲੋ-ਹਾਏ ਤਾਂ ਪਹਿਲਾਂ ਹੀ ਕਹਿੰਦੇ ਸਨ, ਪਰ ਉਨ੍ਹਾਂ ਵਿਚਕਾਰ ਡੇਟਿੰਗ 1999 ਦੇ ਅਖ਼ੀਰ ਵਿੱਚ ਸ਼ੁਰੂ ਹੋਈ। ਪੱਛਮੀ ਮੁਲਕਾਂ ਵਿੱਚ ਡੇਟਿੰਗ ਨੂੰ ਜਾਂਚਣ ਪਰਖਣ ਦਾ ਸਮਾਂ ਸਮਝਿਆ ਜਾਂਦੈ। ਉਦੋਂ ਤੱਕ ਆਂਦਰੇ ਦੀ ਉਮਰ 31 ਸਾਲ ਦੀ ਹੋ ਗਈ ਸੀ ਤੇ ਸਟੈਫੀ ਦੀ 32 ਸਾਲ। ਸਟੈਫੀ ਗ੍ਰਾਫ ਦਾ ਪਹਿਲਾ ਤੇ ਅਗਾਸੀ ਦਾ ਇਹ ਦੂਜਾ ਵਿਆਹ 23 ਅਕਤੂਬਰ 2001 ਨੂੰ ਉਨ੍ਹਾਂ ਦੇ ਘਰ ’ਚ ਹੀ ਹੋਇਆ। ਵਿਆਹ ਦੀ ਗਵਾਹੀ ਦੋਹਾਂ ਦੀਆਂ ਮਾਵਾਂ ਨੇ ਪਾਈ। ਉਨ੍ਹਾਂ ਦਾ ਪਹਿਲਾ ਬੱਚਾ 26 ਅਕਤੂਬਰ 2001 ਨੂੰ ਲਾਸ ਵੇਗਾਸ ਦੇ ਹਸਪਤਾਲ ਵਿੱਚ ਹੋਇਆ। ਉਹਦਾ ਨਾਂ ਜੇਡਨ ਗਿਲ ਅਗਾਸੀ ਰੱਖਿਆ ਗਿਆ ਜੋ ਮਾਪਿਆਂ ਵਾਂਗ ਹੀ ਬੜਾ ਸੋਹਣਾ ਸੁਨੱਖਾ ਨਿਕਲਿਆ। ਉਹਦੀ ਭੈਣ ਜੈਜ਼ ਐਲੀ ਅਗਾਸੀ ਵੀ ਭਰਾ ਵਾਂਗ ਬੇਹੱਦ ਖ਼ੂਬਸੂਰਤ ਹੈ। ਜੇਡਨ ਬੇਸਬਾਲ ਦਾ ਵਧੀਆ ਖਿਡਾਰੀ ਹੈ ਤੇ ਜੈਜ਼ ਡਾਂਸਰ ਹੋਣ ਦੇ ਨਾਲ ਘੋੜ ਸਵਾਰੀ ਦੀ ਸ਼ੌਕੀਨ ਹੈ। ਆਂਦਰੇ-ਸਟੈਫੀ ਜੋੜੇ ਨੇ ਆਪਣੇ ਦੋਵੇਂ ਬੱਚੇ ਬੜੀਆਂ ਰੀਝਾਂ ਨਾਲ ਪਾਲੇ ਜੋ ਹੁਣ ਜੁਆਨ ਹਨ।
ਬੀ.ਬੀ.ਸੀ. ਨੇ ਆਂਦਰੇ ਅਗਾਸੀ ਨੂੰ 1992 ਦੀ ‘ਓਵਰਸੀਜ਼ ਸਪੋਰਟਸ ਪਰਸਨੈਲਟੀ ਆਫ਼ ਦਾ ਯੀਅਰ’ ਐਲਾਨਿਆ ਸੀ ਤੇ ਸਪੋਰਟਸ ਇਲੱਸਟ੍ਰੇਟਿਡ ਨੇ ਸਰਬ ਸਮਿਆਂ ਦਾ 7ਵਾਂ ਸਰਬੋਤਮ ਪੁਰਸ਼ ਖਿਡਾਰੀ ਕਿਹਾ ਸੀ। ਉਸ ਦਾ ਨਾਂ 9 ਜੁਲਾਈ 2011 ਨੂੰ ਇੰਟਰਨੈਸ਼ਨਲ ਹਾਲ ਆਫ਼ ਫੇਮ ਵਿੱਚ ਫਰੇਮ ਕੀਤਾ ਗਿਆ ਸੀ। ਆਂਦਰੇ ਅਗਾਸੀ ਇੱਕ ਐਸਾ ਅਦਾਕਾਰ ਖਿਡਾਰੀ ਹੈ ਜੋ ਆਪਣੀ ਖੇਡ ਨਾਲ ਹੀ ਨਹੀਂ ਸਗੋਂ ਆਪਣੀ ਆਤਮਿਕ ਯਾਤਰਾ ਨਾਲ ਵੀ ਜੁੜਿਆ ਆ ਰਿਹੈ। ਜਿੱਥੇ ਉਸ ਨੇ ਉਲੰਪਿਕ ਖੇਡਾਂ ਦਾ ਗੋਲਡ ਮੈਡਲ, 8 ਗ੍ਰੈਂਡ ਸਲੈਮ ਤੇ 60 ਹੋਰ ਖ਼ਿਤਾਬ ਜਿੱਤੇ, ਉੱਥੇ ਲੱਖਾਂ ਲੋਕਾਂ ਦੇ ਦਿਲ ਵੀ ਜਿੱਤੇ। ਉਹ ਵਰਿ੍ਹਆਂ-ਬੱਧੀ ਨੌਜਵਾਨ ਖਿਡਾਰੀਆਂ ਦਾ ਪ੍ਰੇਰਨਾ ਸਰੋਤ ਬਣਿਆ ਰਿਹਾ। ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਜਿੱਤ ਸਿਰਫ਼ ਕੱਪ ਜਿੱਤਣ ਤੱਕ ਹੀ ਸੀਮਤ ਨਹੀਂ ਹੁੰਦੀ, ਸਗੋਂ ਉਹ ਸੰਘਰਸ਼ਮਈ ਯਾਤਰਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਪਛਾਣਦੇ ਹਾਂ। ਆਂਦਰੇ ਦੀ ਖੇਡ, ਹਾਰਾਂ ਤੇ ਜਿੱਤਾਂ, ਉਹਦੀ ਆਤਮ ਕਥਾ ਅਤੇ ਚੈਰਿਟੀ ਦੇ ਕਾਰਜ ਦੇਰ ਤੱਕ ਦਿਲਾਂ ਨੂੰ ਟੁੰਬਦੇ ਰਹਿਣਗੇ।

Loading