
ਵਾਸ਼ਿੰਗਟਨ/ਏ.ਟੀ.ਨਿਊਜ਼:
ਦੋ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਤਣਾਅ ਹੋਰ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਵਿੱਚ ਟਰੰਪ ਨੇ ਦੱਸਿਆ ਹੈ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ’ਤੇ ਟੈਕਸ 35 ਫ਼ੀਸਦੀ ਤੱਕ ਵਧਾਉਣਗੇ। ਫ਼ਰਵਰੀ ਵਿੱਚ ਟਰੰਪ ਵੱਲਂੋ ਪਹਿਲਾਂ 25 ਫ਼ੀਸਦੀ ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਧੇ ਦਾ ਕਾਰਨ ਕੈਨੇਡਾ ਨੂੰ ਫ਼ੈਂਟਾਨਿਲ ਦੀ ਤਸਕਰੀ ’ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਦੱਸਿਆ ਗਿਆ ਹੈ। ਵਧੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਟਰੰਪ ਨੇ ਲਿਖਿਆ, “‘ਮੈਨੂੰ ਇਹ ਦੱਸਣਾ ਪਵੇਗਾ ਕਿ ਫ਼ੈਂਟਾਨਿਲ ਕੈਨੇਡਾ ਨਾਲ ਸਾਡੀ ਇਕਲੌਤੀ ਚੁਣੌਤੀ ਨਹੀਂ ਹੈ। ਇਸ ਦੀਆਂ ਕਈ ਟੈਕਸ ਅਤੇ ਗੈਰ-ਟੈਕਸ ਨੀਤੀਆਂ ਅਤੇ ਵਪਾਰਕ ਰੁਕਾਵਟਾਂ ਹਨ।”’
ਟਰੰਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ (ਪਲੇਟਫ਼ਾਰਮ) ’ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਆਪਣੀ ਇੱਕ ਤਸਵੀਰ ਪੋਸਟ ਕੀਤੀ। ਉਨ੍ਹਾਂ ਕਿਹਾ, ‘ਆਲਮੀ ਵਪਾਰਕ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਕੈਨੇਡਾ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਵੱਲ ਮੁੜ ਰਹੀ ਹੈ।’” ਇਸ ਦੌਰਾਨ ਟਰੰਪ ਨੇ ਕਈ ਦੇਸ਼ਾਂ ਨੂੰ ਟੈਕਸ ਪੱਤਰ ਭੇਜੇ ਹਨ।