ਸ਼ੇਰਾਂ ਨੂੰ ਪਾਲਤੂ ਜਾਨਵਰ ਵਜੋਂ ਰੱਖਣ ਦਾ ਵਧਿਆ ਰੁਝਾਨ

In ਮੁੱਖ ਖ਼ਬਰਾਂ
July 14, 2025

ਲਾਹੌਰ/ਏ.ਟੀ.ਨਿੳਜ਼: ਪਾਕਿਸਤਾਨ ਵਿਚ ਇਕ ਖ਼ਤਰਨਾਕ ਰੁਝਾਨ ਵਧਦਾ ਜਾ ਰਿਹਾ ਹੈ| ਇੱਥੇ ਲੋਕ ਗ਼ੈਰ ਕਾਨੂੰਨੀ ਢੰਗ ਨਾਲ ਸ਼ੇਰਾਂ ਨੂੰ ਘਰਾਂ ਵਿਚ ਪਾਲ ਰਹੇ ਹਨ| ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰੱਖੇ 18 ਪਾਲਤੂ ਸ਼ੇਰਾਂ ਨੂੰ ਜ਼ਬਤ ਕੀਤਾ ਹੈ| ਪਿਛਲੇ ਹਫ਼ਤੇ ਪੰਜਾਬ ਦੇ ਲਾਹੌਰ ਵਿੱਚ ਇੱਕ ਸ਼ੇਰ ਪਿੰਜਰੇ ਵਿੱਚੋਂ ਭੱਜ ਗਿਆ ਅਤੇ ਉਸ ਨੇ ਇੱਕ ਔਰਤ ਅਤੇ ਦੋ ਬੱਚਿਆਂ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਸੂਬੇ ਵਿੱਚ ਸ਼ੇਰ ਰੱਖਿਅਕਾਂ ਵਿਰੁੱਧ ਗੁੱਸਾ ਦੇਖਿਆ ਗਿਆ| ਹਮਲੇ ਵਿੱਚ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਝਰੀਟਾਂ ਆਈਆਂ ਜਦੋਂ ਕਿ ਪੰਜ ਅਤੇ ਸੱਤ ਸਾਲ ਦੇ ਦੋ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ| ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ| ਸ਼ੇਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ|
ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਸ਼ੇਰਾਂ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਉੱਥੇ ਪਾਲਤੂ ਸ਼ੇਰਾਂ ਨੂੰ ਰੱਖਣ ’ਤੇ ਪਾਬੰਦੀ ਲਗਾਉਣਾ ਬਹੁਤ ਮੁਸ਼ਕਲ ਹੈ| ਪਾਕਿਸਤਾਨ ਦੇ ਲੋਕ ਅਕਸਰ ਸਮਾਜ ਵਿੱਚ ਆਪਣਾ ਦਬਦਬਾ ਦਿਖਾਉਣ ਲਈ ਸ਼ੇਰ ਪਾਲਦੇ ਹਨ| ਪਾਕਿਸਤਾਨ ਵਿੱਚ ਹਾਲ ਹੀ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਕਾਰਨ ਸ਼ੇਰਾਂ ਨੂੰ ਪਾਲਤੂ ਜਾਨਵਰ ਵਜੋਂ ਰੱਖਣ ਦਾ ਰੁਝਾਨ ਵਧਿਆ ਹੈ|
ਪੰਜਾਬ ਦੇ ਜੰਗਲੀ ਜੀਵ ਅਤੇ ਪਾਰਕ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ ਘਰਾਂ ਅਤੇ ਪ੍ਰਜਨਨ ਫਾਰਮਾਂ ਵਿੱਚ 584 ਸ਼ੇਰ ਅਤੇ ਬਾਘ ਹਨ| ਯੂਨਾਈਟਿਡ ਸਟੇਟਸ ਸੈਂਟਰ ਫਾਰ ਐਨੀਮਲ ਲਾਅ ਸਟੱਡੀਜ਼ ਵਿੱਚ ਇੱਕ ਵਿਜ਼ਿਟਿੰਗ ਅਸਿਸਟੈਂਟ ਪ੍ਰੋਫੈਸਰ ਹੀਰਾ ਜਲੀਲ ਨੇ ਪਾਕਿਸਤਾਨ ਵਿੱਚ ਜਾਨਵਰਾਂ ਦੇ ਕਾਨੂੰਨ ’ਤੇ ਕੰਮ ਕੀਤਾ ਹੈ| ਉਹ ਦੱਸਦੀ ਹੈ ਕਿ ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਹਨ ਜੋ ਗ਼ੈਰ-ਕਾਨੂੰਨੀ ਤੌਰ ’ਤੇ ਸ਼ੇਰਾਂ ਨੂੰ ਰੱਖਦੇ ਹਨ| ਪਤਰਕਾਰਾਂ ਨਾਲ ਗੱਲ ਕਰਦੇ ਹੋਏ, ਉਸਨੇ ਕਿਹਾ, ‘ਮੇਰੇ ਕੁਝ ਦੋਸਤ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਸ਼ੇਰ ਦੇਖੇ ਹਨ| ਉਹ ਕਹਿੰਦੇ ਹਨ ਕਿ ਕੁਝ ਲੋਕ ਗੱਡੀ ਦੀ ਪਿਛਲੀ ਸੀਟ ’ਤੇ ਸ਼ੇਰ ਲੈ ਕੇ ਜਾਂਦੇ ਹਨ ਅਤੇ ਕੁਝ ਤਾਂ ਆਪਣੇ ਪਾਲਤੂ ਸ਼ੇਰਾਂ ਨੂੰ ਸੈਰ ਲਈ ਵੀ ਲੈ ਜਾਂਦੇ ਹਨ ਜਿਵੇਂ ਉਹ ਪਾਲਤੂ ਕੁੱਤੇ ਹੋਣ|
ਉਸਨੇ ਦੱਸਿਆ ਕਿ ਬਹੁਤ ਸਾਰੇ ਸ਼ੇਰਾਂ ਨੂੰ ਮਾੜੀ ਹਾਲਤ ਵਿੱਚ ਰੱਖਿਆ ਜਾਂਦਾ ਹੈ| ਉਸਨੇ ਕਿਹਾ, ‘ਲੋਕ ਆਪਣੇ ਘਰਾਂ ਦੇ ਵਿਹੜੇ ਵਿੱਚ ਖਾਲੀ ਥਾਵਾਂ ’ਤੇ ਮਾੜੀ ਹਾਲਤ ਵਿੱਚ ਸ਼ੇਰਾਂ ਨੂੰ ਰੱਖਦੇ ਹਨ| ਲੋਕ ਉਨ੍ਹਾਂ ਦੇ ਪੰਜੇ ਕੱਟਦੇ ਹਨ, ਉਨ੍ਹਾਂ ਨੂੰ ਹਮੇਸ਼ਾ ਬੇਹੋਸ਼ ਰੱਖਿਆ ਜਾਂਦਾ ਹੈ ਅਤੇ ਸਿਰਫ ਫੋਟੋਆਂ ਖਿੱਚਣ ਲਈ ਵਰਤਿਆ ਜਾਂਦਾ ਹੈ|’ ਸ਼ੇਰ ਦੇ ਬੱਚਿਆਂ ਦੇ ਤਿੱਖੇ ਪੰਜੇ ਬਚਪਨ ਵਿੱਚ ਹੀ ਕੱਟ ਦਿੱਤੇ ਜਾਂਦੇ ਹਨ ਤਾਂ ਜੋ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕਣ ਪਰ ਇਸ ਦਰਦਨਾਕ ਪ੍ਰਕਿਰਿਆ ਕਾਰਨ ਸ਼ੇਰ ਹੋਰ ਹਮਲਾਵਰ ਹੋ ਜਾਂਦੇ ਹਨ| ਉਨ੍ਹਾਂ ਨੂੰ ਸ਼ਾਂਤ ਰੱਖਣ ਲਈ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ|

Loading