ਸ਼ਹੀਦ ਭਾਈ ਤਾਰੂ ਸਿੰਘ ਅਤੇ ਸ਼ਹੀਦੀ ਸਥਾਨ ਦਾ ਪ੍ਰਸੰਗ

In ਮੁੱਖ ਲੇਖ
July 14, 2025

ਦਿਲਜੀਤ ਸਿੰਘ ਬੇਦੀ

ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਨਾਂਅ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ। 

ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਅਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਸਿੰਘ ਜੰਗਲਾਂ ਵਿਚ ਜਾ ਵਸੇ ਅਤੇ ਉੱਥੇ ਹੀ ਜਥੇਬੰਦਕ ਤਿਆਰੀਆਂ ਕਰਨ ਲੱਗੇ। ਇਲਾਕੇ ਦੇ ਸਿੰਘ ਜੰਗਲਾਂ ‘ਚ ਰਹਿ ਰਹੇ ਯੋਧਿਆਂ ਨੂੰ ਲੰਗਰ-ਪਾਣੀ ਦੀ ਸੇਵਾ ਉਤਸ਼ਾਹ ਨਾਲ ਕਰਦੇ। ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੇ ਵਸਨੀਕ ਭਾਈ ਤਾਰੂ ਸਿੰਘ ਵੀ ਇਨ੍ਹਾਂ ਹੀ ਸਿਦਕੀ ਸਿੰਘਾਂ ‘ਚੋਂ ਇਕ ਸਨ। ਉਹ ਖੇਤੀਬਾੜੀ ਕਰਦੇ ਸਨ ਤੇ ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲਗਦਾ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ। ਉਨ੍ਹਾਂ ਦੀ ਭੈਣ ਤੇ ਮਾਤਾ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਅਤੇ ਭਾਈ ਤਾਰੂ ਸਿੰਘ ਜਥੇ ਦੇ ਸਿੰਘਾਂ ਨੂੰ ਲੰਗਰ ਪਹੁੰਚਾਉਣ ਦੀ ਸੇਵਾ ਕਰਦੇ। ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖ਼ਾਨ ਨੂੰ ਭਾਈ ਤਾਰੂ ਸਿੰਘ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ।

ਜ਼ਕਰੀਆ ਖ਼ਾਨ ਨੇ ਤੁਰੰਤ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਸਿਪਾਹੀ ਭੇਜੇ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਤੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ ਪਰ ਗੁਰੂ ਦਾ ਸਿੰਘ ਹਕੂਮਤ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਦਾ ਰਿਹਾ:

ਜਿਮ-ਜਿਮ ਸਿੰਘ ਕੋ ਤੁਰਕ ਸਤਾਵੈ

ਤਿਮ-ਤਿਮ ਮੁਖ ਸਿੰਘ ਲਾਲੀ ਆਵੈ (ਪ੍ਰਾਚੀਨ ਪੰਥ ਪ੍ਰਕਾਸ਼)

ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖ਼ਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਲਾਲਚ ਦਿੱਤੇ ਗਏ। ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ੍ਹ ਨਿਸ਼ਚਾ ਵੇਖ ਸੂਬੇ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ‘ਤੇ ਭਾਈ ਸਾਹਿਬ ਨੇ ਬਚਨ ਕੀਤਾ ਕਿ ਕੇਸ ਜੋ ਮੇਰੇ ਗੁਰੂ ਦੀ ਅਮਾਨਤ ਹਨ, ਇਨ੍ਹਾਂ ਨੂੰ ਅਲਹਿਦਾ ਕਰਨ ਦੀ ਥਾਂ ਜੇਕਰ ਆਪ ਮੇਰੀ ਜਾਨ ਵੀ ਲੈਣੀ ਚਾਹੋ ਤਾਂ ਮੈਂ ਤਿਆਰ ਹਾਂ। ਇਸ ‘ਤੇ ਸੂਬੇ ਨੇ ਜਲਾਦ ਨੂੰ ਬੁਲਾ ਕੇ ਭਾਈ ਸਾਹਿਬ ਦੀ ਖੋਪਰੀ ਉਤਾਰਨ ਦਾ ਜ਼ਾਲਮਾਨਾ ਹੁਕਮ ਸੁਣਾ ਦਿੱਤਾ। ਭਾਈ ਸਾਹਿਬ ਨੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਅ ਕੇ ਕੌਮ ਲਈ ਅਨੋਖੇ ਪੂਰਨੇ ਪਾਏ ਹਨ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਹੱਸਦੇ ਹੋਏ ਖੋਪਰੀ ਲੁਹਾ ਕੇ ਇਹ ਦੱਸਿਆ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਇਸ ਤਰ੍ਹਾਂ ਉਹ 1745 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਪਰਉਪਕਾਰ ਦੀ ਮੂਰਤ ਭਾਈ ਤਾਰੂ ਸਿੰਘ ਦੀ ਬਰਸੀ ਇਸ ਵਾਰ ਵੀ ਲਾਹੌਰ ‘ਚ ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਦੀ ਸਮਾਧ ਵਿਖੇ ਨਹੀਂ ਮਨਾਈ ਜਾਵੇਗੀ। ਲਾਹੌਰ ‘ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ ‘ਚ ਸਥਿਤ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਨੂੰ ਜਾਣ ਵਾਲੇ ਰਸਤੇ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ 6 ਸਾਲ ਪਹਿਲਾਂ ਸੀਲ ਕੀਤਾ ਗਿਆ ਸੀ। ਇਹ ਸਥਾਨ ਪਾਕਿਸਤਾਨੀ ਸਿੱਖਾਂ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਅਜੇ ਵੀ ਬੰਦ ਹੈ ਤੇ ਉਨ੍ਹਾਂ ਨੂੰ ਇੱਥੇ ਜਾਣ ਦੀ ਮਨਜ਼ੂਰੀ ਨਹੀਂ ਹੈ, ਜਿਸ ਕਰਕੇ ਸਿੱਖ ਸੰਗਤਾਂ ‘ਚ ਭਾਰੀ ਰੋਸ ਹੈ। ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਨਾਂਅ ਹਿੰਦੂ ਔਕਾਫ਼ ਵਲੋਂ ਲਗਾਈ 4-5 ਕਨਾਲ ਭੂਮੀ ਹਥਿਆਉਣ ਲਈ ਸੁਹੇਲ ਬੱਟ ਪੁੱਤਰ ਸਲਾਹੁਦੀਨ ਬੱਟ, ਰਜ਼ਾ ਬੱਟ, ਉਮੇਰ ਅਤੇ ਕੱਟੜਪੰਥੀ ਸਮੂਹ ਦਾਵਤ-ਏ-ਇਸਲਾਮੀ (ਬਰੇਲਵੀ) ਵਲੋਂ ਵਿਵਾਦ ਖੜ੍ਹਾ ਕਰਕੇ ਇਸ ਸਥਾਨ ਨੂੰ ਪੱਕੇ ਤੌਰ ‘ਤੇ ਸੀਲ ਕਰਵਾਇਆ ਗਿਆ ਹੈ। ਪਾਕਿਸਤਾਨ ਲਾਹੌਰ ਵਿਖੇ ਗੁ. ਸ਼ਹੀਦ ਗੰਜ ਭਾਈ ਤਾਰੂ ਸਿੰਘ ਤੇ ਗੁ. ਸ਼ਹੀਦ ਸਿੰਘ ਸਿੰਘਣੀਆਂ ਨੇੜੇ-ਨੇੜੇ ਹਨ। ਲਾਹੌਰ ‘ਚ ਗੁ. ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਅਹਾਤੇ ਅੰਦਰ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜ਼੍ਹਾਰ ਬਣਾਈ ਗਈ ਹੈ। ਕੋਈ ਅਨਸਖਾਵੀਂ ਘਟਨਾ ਨਾ ਵਾਪਰੇ ਇਸ ਲਈ ਸਰਕਾਰ ਨੇ ਗੁਰਦੁਆਰਾ ਸਾਹਿਬ ਨੂੰ ਸੀਲ ਕੀਤਾ ਹੋਇਆ ਹੈ।

ਇਸ ਧਰਮ-ਧਾਮ ਨੂੰ ਪ੍ਰਾਪਤ ਕਰਨ ਲਈ ਸਿੱਖ ਕੌਮ ਨੂੰ ਲੰਮਾ ਸੰਘਰਸ਼ ਕਰਨਾ ਪਿਆ, ਜਿਸ ਦਾ ਅੰਤਿਮ ਨਿਪਟਾਰਾ 2 ਮਈ 1940 ਈ. ਵਿਚ ਹੋਇਆ। ਇਸ ਦਾ ਸੰਬੰਧ ਲਾਹੌਰ ਦੇ ਲੰਡਾ ਬਾਜ਼ਾਰ ‘ਚ ਸਥਿਤ ਗੁਰਦੁਆਰਾ ‘ਸ਼ਹੀਦ ਗੰਜ’ ਨਾਲ ਹੈ। ਇਹ ਉਸ ਥਾਂ ‘ਤੇ ਬਣਿਆ ਹੋਇਆ ਹੈ, ਜਿੱਥੇ ਪਹਿਲਾਂ ਨਖਾਸ ਚੌਕ ਹੁੰਦਾ ਸੀ ਅਤੇ ਜਿੱਥੇ ਗੁਲਾਮਾਂ ਤੇ ਪਸ਼ੂਆਂ ਨੂੰ ਵੇਚਿਆ-ਖ਼ਰੀਦਿਆ ਜਾਂਦਾ ਸੀ। ਇੱਥੇ ਮੀਰ ਮੰਨੂ ਵੇਲੇ ਇਕ ਮਸਜਿਦ ਨੁਮਾ ਇਮਾਰਤ ਬਣਾਈ ਗਈ, ਜਿੱਥੇ ਬੈਠ ਕੇ ਮੁਗ਼ਲ ਸਰਕਾਰ ਦੇ ਕਾਜ਼ੀ ਤੇ ਮੁਫ਼ਤੀ ਉਨ੍ਹਾਂ ਲੋਕਾਂ ਨੂੰ ਮਾਰਨ ਦੀ ਸਜ਼ਾ ਦਿੰਦੇ ਸਨ, ਜੋ ਇਸਲਾਮ ਨਹੀਂ ਕਬੂਲਦੇ ਸਨ। ਇੱਥੇ ਹਜ਼ਾਰਾਂ ਦੀ ਗਿਣਤੀ ‘ਚ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਨੂੰ ਕਤਲ ਕੀਤਾ ਗਿਆ ਸੀ। ਭਾਈ ਤਾਰੂ ਸਿੰਘ ਦੀ ਸ਼ਹਾਦਤ ਵੀ ਇੱਥੇ ਹੀ ਹੋਈ ਸੀ।

ਜਦੋਂ ਪੰਜਾਬ ‘ਚ ਦਲ ਖ਼ਾਲਸਾ (ਬੁੱਢਾ ਦਲ) ਨੇ ਸ਼ਕਤੀ ਅਰਜਿਤ ਕੀਤੀ ਤਾਂ ਇੱਥੇ ਗੁਰਦੁਆਰਾ ਸ਼ਹੀਦ ਗੰਜ ਦੀ ਸਥਾਪਨਾ ਕੀਤੀ ਗਈ। ਸਿੱਖ ਰਾਜ ਤੋਂ ਬਾਅਦ ਮੁਸਲਮਾਨਾਂ ਨੇ ਇਸ ਨੂੰ ਮਸਜਿਦ ਕਹਿ ਕੇ ਹੱਕ ਜਮਾਉਣ ‘ਤੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਨੇ 20 ਜਨਵਰੀ 1930 ਈ. ਨੂੰ ਫ਼ੈਸਲਾ ਕੀਤਾ ਕਿ ਇਹ ਥਾਂ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਹੈ। ਫਿਰ ਮੁਸਲਮਾਨਾਂ ਨੇ ਹਾਈਕੋਰਟ ‘ਚ ਅਪੀਲ ਕੀਤੀ, ਜੋ 1934 ਵਿਚ ਰੱਦ ਹੋ ਗਈ। ਫ਼ਲਸਰੂਪ ਲਾਹੌਰ ਦੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਰਚ 1935 ‘ਚ ਸ਼ਹੀਦ ਗੰਜ ਦਾ ਕਬਜ਼ਾ ਪ੍ਰਾਪਤ ਕਰ ਲਿਆ। ਸਿੱਖਾਂ ਨੇ 8 ਜੂਨ 1935 ਈ. ਨੂੰ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਆਰੰਭ ਕੀਤਾ ਤਾਂ 29 ਜੂਨ 1935 ਈ. ਨੂੰ ਮੁਸਲਮਾਨਾਂ ਦੇ ਹਜ਼ੂਮ ਨੇ ਅੜਿੱਕੇ ਦੀ ਕੋਸ਼ਿਸ਼ ਕੀਤੀ। ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਹਾਲਾਤ ਵੇਖਦਿਆਂ ਕੰਮ ਰੁਕਵਾ ਦਿੱਤਾ। 8 ਜੁਲਾਈ ਨੂੰ ਸਿੱਖਾਂ ਨੇ ਮੁੜ ਕੰਮ ਸ਼ੁਰੂ ਕਰ ਦਿੱਤਾ। 30 ਅਕਤੂਬਰ 1935 ਈ. ਨੂੰ ਮੁਸਲਮਾਨਾਂ ਨੇ ਸ਼ਹੀਦ ਗੰਜ ਦਾ ਕਬਜ਼ਾ ਲੈਣ ਲਈ ਫਿਰ ਦਾਅਵਾ ਕਰ ਦਿੱਤਾ, ਜੋ 25 ਮਈ 1936 ਈ. ਨੂੰ ਖ਼ਾਰਜ ਕਰ ਦਿੱਤਾ। ਮੁਸਲਮਾਨਾਂ ਨੇ ਫਿਰ ਹਾਈਕੋਰਟ ‘ਚ ਅਪੀਲ ਕੀਤੀ, ਜੋ 26 ਜਨਵਰੀ 1938 ਈ: ਨੂੰ ਨਾ-ਮਨਜ਼ੂਰ ਹੋ ਗਈ। ਇਸ ਤੋਂ ਬਾਅਦ ਪ੍ਰਿਥੀ ਕੌਸ਼ਲ ਦੀ ਜੁਡੀਸ਼ੀਅਲ ਕਮੇਟੀ ਕੋਲ ਅਪੀਲ ਗਈ, ਜੋ 2 ਮਈ 1940 ਈ: ਨੂੰ ਰੱਦ ਹੋ ਗਈ। ਇਸ ਫ਼ੈਸਲੇ ਨਾਲ ਇਸ ਸੰਘਰਸ਼ ਦੀ ਸਮਾਪਤੀ ਹੋਈ। ਪਰ 1947 ਦੀ ਵੰਡ ਤੋਂ ਬਾਅਦ ਇਸ ਮਹਾਨ ਸਥਾਨ ਦੀ ਜੋ ਸੇਵਾ-ਸੰਭਾਲ ਹੋਣੀ ਚਾਹੀਦੀ ਸੀ, ਉਹ ਨਾ ਹੋ ਸਕੀ। ਅੱਜ ਵੀ ਕੁਝ ਮੁਸਲਮਾਨ ਤਾਕਤਾਂ ਸਮਾਧ ਦੇ ਨਾਲ ਲਗਦੇ 4 ਕਨਾਲ ਦੇ ਖਾਲੀ ਪਲਾਟ ‘ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ। ਜਿਸ ਜ਼ਮੀਨ ‘ਤੇ ਸਮਾਧ ਸ਼ਹੀਦ ਭਾਈ ਤਾਰੂ ਸਿੰਘ ਅਤੇ ਇਸ ਦੇ ਸਾਹਮਣੇ ਗੁਰਦੁਆਰਾ ਸਿੰਘ ਸਿੰਘਣੀਆਂ ਸਥਾਪਤ ਹੈ, ਉਹ ਸਾਰੀ ਭੂਮੀ ਹਜ਼ਰਤ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਤੇ ਜ਼ਮੀਨਦੋਜ਼ ਹੋ ਚੁੱਕੀ ਸਮਾਧ ਸ਼ਹੀਦ ਗੰਜ ਦੀ ਹੈ।

Loading