ਲੇਖਕ ਪ੍ਰਮਿੰਦਰ ਸਿੰਘ ਪ੍ਰਵਾਨਾ
ਮਹਾਨ ਸ਼ਾਇਰ ਸ੍ਰ. ਈਸ਼ਰ ਸਿੰਘ ਮੋਮਨ ਦਾ ਜੀਵਨ ਸਫ਼ਰ 8 ਜੁਲਾਈ 2025 ਨੂੰ ਪੂਰਾ ਹੋ ਗਿਆ ਹੈ। ਪੰਜਾਬੀ ਮਾਂ ਬੋਲੀ ਦੇ ਪ੍ਰੋੜ ਸ਼ਾਇਰ ਸਨ। ਗੌਰਵਮਈ ਸਿੱਖ ਇਤਿਹਾਸ ਨੂੰ ਬਹੁਤ ਹੀ ਬਖ਼ੂਬੀ ਨਾਲ ਬਿਆਨ ਕਰਦੇ ਸਨ। ਉਹ ਆਪਣੀਆਂ ਬੀਰ ਰਸੀ ਰਚਨਾਵਾਂ ਧਾਰਮਿਕ ਕਵੀ ਦਰਬਾਰਾਂ ਵਿੱਚ ਬੜੀ ਸ਼ਿੱਦਤ ਨਾਲ ਬੋਲਦੇ ਸਨ। ਸੰਗਤਾਂ ਜੋਸ਼ ਵਿੱਚ ਆ ਕੇ ਜੈਕਾਰੇ ਲਾਉਂਦੀਆਂ। ਬੁਲੰਦ ਆਵਾਜ਼ ਦੇ ਸਟੇਜੀ ਕਵੀ ਸਨ। ਕਾਵਿ ਪੁਸਤਕਾਂ ਲਿਖਣ ਦੇ ਨਾਲ ਪੂਰੇ ਭਾਰਤ ਅਤੇ ਅਮਰੀਕਾ ਵਿੱਚ ਕਵਿਤਾਵਾਂ ਪੜ੍ਹੀਆਂ ਹਨ। ਜਿਵੇਂ ਗਾਜੀਆਵਾਦ, ਰਾਏ ਬਰੇਲੀ, ਬੰਬਈ, ਕੱਲਕਤਾ, ਲਖਨਊ, ਕਾਨਪੁਰ, ਕਸ਼ਮੀਰ, ਸ੍ਰੀਨਗਰ, ਪੰਜਾਬ ਪਠਾਨਕੋਟ ਆਦਿ।
ਮੋਮਨ ਸਾਹਿਬ ਦਾ ਜਨਮ 17 ਜੁਲਾਈ 1926 ਨੂੰ ਪਿਤਾ ਕਰਤਾਰ ਸਿੰਘ, ਮਾਤਾ ਧੰਨ ਕੌਰ ਦੇ ਗ੍ਰਹਿ ਪਿੰਡ ਲੰਗੜੋਆ, ਨਵਾਂ ਸ਼ਹਿਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਸਕੂਲ ਦੀ ਪੜਾਈ ਪਿੰਡ ਜਾਡਲਾ ਦੇ ਸਕੂਲ ਵਿੱਚ ਕੀਤੀ। ਪੰਜਾਬੀ, ਉਰਦੂ ਅਤੇ ਫ਼ਾਰਸੀ ਦੇ ਗਿਆਨ ਵਿੱਚ ਮੁਹਾਰਤ ਹਾਸਲ ਕੀਤੀ। ਫਿਰ ਜੋਤੀ ਹੈਂਡਲੂਮ ਵਿਖੇ 1957 ਤੋਂ 1984 ਤੱਕ ਨੌਕਰੀ ਕੀਤੀ। ਕਵੀ ਦਰਬਾਰਾਂ ਦੀ ਸ਼ਾਨ ਬਣੇ ਰਹੇ। ਆਪਣੇ ਸਮਕਾਲੀ ਸ਼ਾਇਰਾਂ ਦਾ ਨਿੱਘਾ ਸਾਥ ਮਾਣਿਆ। ਜਿਵੇਂ ਰਾਜ ਕਵੀ ਇੰਦਰਜੀਤ ਸਿੰਘ ਤੁਲਸੀ, ਆਜ਼ਾਦ ਜਲੰਧਰੀ, ਗਿਆਨੀ ਪ੍ਰੀਤਮ ਸਿੰਘ, ਬਰਕਤ ਪੰਜਾਬੀ, ਬਲਵੰਤ ਸਿੰਘ ਨਿਰਵੈਰ, ਜਗਜੀਤ ਸਿੰਘ ਨਾਜ਼ਕ, ਹਰਬੰਸ ਸਿੰਘ ਹੀਰਾ, ਬਲਵੰਤ ਸਿੰਘ ਕਾਫਰ, ਪ੍ਰੀਤਮ ਸਿੰਘ ਕਾਸਦ, ਗੁਰਮੀਤ ਸਿੰਘ ਕਮਲਾ, ਹਰਬੰਸ ਸਿੰਘ ਚਮਕ ਆਦਿ। ਯਾਦ ਰਹੇ ਕਿ ਜਗਜੀਤ ਸਿੰਘ ਨਾਜਕ ਅਤੇ ਹਰਬੰਸ ਸਿੰਘ ਹੀਰਾ ਮੋਮਨ ਸਾਹਿਬ ਦੇ ਸ਼ਾਗਿਰਦ ਸਨ। ਸੰਨ 1984 ਵਿੱਚ ਯੁਵਾ ਸਿਟੀ ਅਮਰੀਕਾ ਪ੍ਰਵਾਜ਼ ਕੀਤਾ। ਆਪਣੇ ਬੇਟੇ ਪ੍ਰਦੀਪ ਸਿੰਘ ਪਾਬਲਾ ਦੇ ਪ੍ਰਵਾਰ ਨਾਲ ਸੈਨਹੋਜੇ ਵਿਖੇ ਰਹਿ ਰਹੇ ਸਨ। ਖੁਸ਼ਹਾਲ ਜੀਵਨ ਜਿਉਂਦਿਆਂ ਸ਼ਾਇਰੀ ਨਾਲ ਜੁੜੇ ਰਹੇ। ਦੋ ਕਾਵਿ ਪੁਸਤਕਾਂ ਕਲਮਾਂ ਦੀ ਕਸਤੂਰੀ ਅਤੇ ਗਜ਼ਲ ਗੁਲਜ਼ਾਰ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ।
ਮੋਮਨ ਸਾਹਿਬ ਨੇ ਆਪਣੀ ਕਾਵਿਕ ਸ਼ੈਲੀ ਤੋਂ ਸਾਹਿਤ ਵਿੱਚ ਇੱਕ ਵਿਲੱਖਣਤਾ ਪ੍ਰਾਪਤ ਕੀਤੀ। ਸਾਹਿਤ ਨੂੰ ਹੋਰ ਰੰਗਦਾਰ ਬਣਾਇਆ। ਮੋਮਨ ਸਾਹਿਬ ਦੀਆਂ ਰਚਨਾਵਾਂ ਦੇ ਰੰਗਾਂ ਵਿੱਚ ਸਮਾਜਿਕ ਵਰਤ ਵਿਹਾਰ, ਅੱਜ ਦੇ ਮਨੁੱਖ ਦੇ ਆਧੁਨਿਕ ਆਲ਼ੇ ਦੁਆਲ਼ੇ ਵਿੱਚ , ਵਾਤਾਵਰਣ, ਚਿਹਨ ਚੱਕਰ, ਉਦਾਸੀਆਂ, ਉਦਰੇਵੇਂ, ਦੁੱਖ ਦਰਦ, ਤਲਖੀਆਂ, ਮਜਬੂਰੀਆਂ, ਲਾਚਾਰੀਆਂ, ਸੰਸੇ, ਅਧਿਆਤਮਕ ਪੱਖ ਨੂੰ ਛੋਹਦੀਆਂ ਹਨ। ਖਾਸ ਕਰਕੇ ਵਿਅੰਗਮਈ, ਨਸੀਹਤਾਂ ਲੇਖਣੀ ਪ੍ਰਧਾਨ ਹਨ। ਉਹਨਾਂ ਦੀਆਂ ਰਚਨਾਵਾਂ ਦਾ ਨਿਰੀਖਣ ਕਰਦਿਆਂ, ਰੱਬ ਦੀ ਗੱਲ ਤੋਂ ਸ਼ੁਰੂ ਕਰਦੇ ਹਨ। ਮੋਮਨ ਸਾਹਿਬ ਰੱਬ ਤੋਂ ਕੀ ਮੰਗਦੇ ਹਨ?
ਹਰ ਜਗ੍ਹਾ ਹਰ ਤਰਫ਼ ਤੇਰਾ ਨੂਰ ਹੈ
ਹਰ ਸਮੇਂ ਹੀ ਨੂਰ ਹੈ, ਪ੍ਰਕਾਸ਼ ਹੈ
ਮੈਂ ਨਿਮਾਣਾ ਮਾਣ ਤੇਰੇ ਤੇ ਕਰਾਂ
ਰਹਿਨੁਮਾਈ ਹਰ ਸ਼ੁਬ੍ਹਾ ਤੇ ਸ਼ਾਮ ਦੇ
ਮੋਮਨ ਸਾਹਿਬ ਨੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਨਾਲ ਹੀ ਆਪਣੀ ਬਿਮਾਰ ਰਹਿੰਦੀ ਪਤਨੀ ਦੀ ਵੀ ਬਹੁਤ ਸੇਵਾ ਕੀਤੀ ਹੈ। ਰਿਸ਼ਤਿਆਂ ਦੀ ਗੱਲ ਵਿੱਚ ਭਾਵੁਕਤਾ ਹੈ।
ਮਾਂ ਦੀ ਮਮਤਾ ਬੋਲਦੀ, ਮਰ ਜਾਵੇ ਜੇ ਮਾਂ
ਮਾਂ ਦੇ ਰੱਬੀ ਰੂਪ ਨੂੰ ਰੱਬ ਦੀ ਜਾਤ ਕਹਾਂ।
ਮੋਮਨ ਸਾਹਿਬ ਨੇ ਆਪਣੇ ਨਜ਼ਦੀਕੀਆਂ ਦੇ ਤੁਰ ਜਾਣ ਦਾ ਜ਼ਿੰਦਗੀ ਵਿੱਚ ਬਹੁਤ ਦੁੱਖ ਹੈ ਜੋ ਉਹਨਾਂ ਪਿੰਡੇ ’ਤੇ ਹੰਢਾਇਆ ਹੈ ਪਰ ਉਹਨਾਂ ਦੀ ਸੇਵਾ ਕੀਤੀ ਹੀ ਉਹਨਾਂ ਨੂੰ ਤਸੱਲੀ ਦਿੰਦੀ ਹੈ
ਛੱਡ ਕੇ ਤੁਰ ਜਾਣ ਵਾਲੇ ਹਾਣੀਆਂ
ਤੜਫਦੇ ਦਿਲ ਨੂੰ ਮੰਨਾਵਾਂ ਕਿਸ ਤਰ੍ਹਾਂ
ਹੰਝੂਆਂ ਦੇ ਕਾਫ਼ਲੇ ਨੂੰ ਰੋਕ ਕੇ
ਜ਼ਖ਼ਮ ਦਿਲ ਦੇ ਮੈਂ ਦਿਖਾਵਾਂ ਕਿਸ ਤਰ੍ਹਾਂ
ਫਿਰ ਹੌਂਸਲਾ ਕਰਕੇ ਕਹਿੰਦੇ ਹਨ
ਘੁੰਮਣ ਘੇਰੀ ਘੁੰਮਦੀ ਆਈ,
ਮੈਂ ਹਿੰਮਤ ਨਾ ਹਾਰੀ
ਘੁੰਮਦੇ ਘੁੰਮਦੇ ਪਾਣੀ ਨੇ ਵੀ
ਠੰਡਾ ਹਉਕਾ ਭਰਿਆ
‘ਗੁਰਦੁਆਰਾ ਬੰਗਲਾ ਸਾਹਿਬ’ ਕਵਿਤਾ ਵਿੱਚ ਸ਼ਾਇਰੀ ਦਾ ਨਿਖਾਰ ਹੈ
ਸ਼ਰਧਾ ਦੀ ਝੋਲੀ ਭਰਦੀ ਹੈ, ਫੁੱਲ ਖਿੜਦੇ ਨੇ ਸੰਤਾਨਾਂ ਦੇ
ਸਾਹਿਬਾਂ ਦੇ ਸੋਹਣੇ ਬੰਗਲੇ ’ਚੋਂ ਸੁਖ ਮਿਲਦੇ, ਦੋਹਾਂ ਜਹਾਨਾਂ ਦੇ
ਬੰਗਲੇ ਦੀ ਕੁੱਲ ਇਮਾਰਤ ਤੇ ਸਿਮਰਨ ਦਾ ਲੱਗਾ ਗਾਰਾ ਏ
ਸਿੱਖੀ ਸ਼ਰਧਾ ਦੀ ਰਚਨਾ ਹੈ
ਇਹ ਧਰਮ ਸਿਆਸਤ ਦੇ ਸ਼ਿੰਗਾਰ ’ਚੋਂ ਨਿਕਲੀ ਹੈ
ਬੇਗਿਣਤ ਸ਼ਹੀਦਾਂ ਦੀ ਡਾਰ ’ਚੋਂ ਨਿਕਲੀ ਹੈ
ਇਹ ਸਿੱਧੀ ਧਰਤੀ ਤੇ ਅਸਮਾਨ ’ਚੋਂ ਨਿਕਲੀ ਹੈ
ਇਹ ਮੋਮਨ ਸ਼ਾਹੀ ਦੇ ਇਮਾਨ ’ਚੋਂ ਨਿਕਲੀ ਹੈ।
ਸੁੂਰਬੀਰਾਂ ਅਤੇ ਗਦਾਰਾਂ ਦਾ ਨਿਖੇੜਾਂ ਕਰਦਿਆਂ ਭਾਵੁਕ ਹਨ
ਜਦੋਂ ਸੂੁਰਬੀਰਾਂ ਦੇ ਮੁੱਲ ਪੈਣ ਲੱਗੇ
ਤਾਂ ਸੌਦਾ ਸਿਰਾਂ ਦਾ ਗੱਦਾਰਾਂ ਨੇ ਕੀਤਾ
ਜਦੋਂ ਰੱਸਾ ਫਾਂਸੀ ਦਾ ਮਰਦਾਂ ਨੇ ਚੁੰਮਿਆ
ਸ਼ਹੀਦਾਂ ਨੂੰ ਸਜਦਾ ਕਟਾਰਾਂ ਨੇ ਕੀਤਾ
ਰੱਬੀ ਕਣ ਦੀ ਗੱਲ ਕਰਦਿਆਂ ਸੁਚੇਤ ਹਨ
ਅੰਡਜ ਜੇਰਜ ਸੇਧਜ ਉਤਭਜ
ਦਾਤੇ ਦੀ ਹੀ ਰਚਨਾ ਹੈ
ਕਰਤੇ ਤੇ ਕਰਤਾਰ ਦੇ ਬਾਝੋਂ
ਸਿਰਜਣਹਾਰ ਕਹਾਇਆ ਕੌਣ
ਮੋਮਨ ਸਾਹਿਬ ਦੁਆਲ਼ੇ ਦੇ ਮਲੀਨ ਵਾਤਾਵਰਣ ਤੋਂ ਚਿੰਤਤ ਹਨ
ਜੇ ਹਵਾ ਪਾਣੀ ਹੀ ਮਿਲਣ ਸਾਫ ਨਹੀਂ
ਕੀ ਬਣੇਗੀ ਸਿਹਤ ਖਾਸੋ ਆਮ ਦੀ
ਪੰਜਾਬੀ ਮਾਂ ਬੋਲੀ ਨੂੰ ਵਿਸਾਰਨ ਵਾਲਿਆਂ ਲਈ ਨਸੀਅਤ ਹੈ
ਪੜ ਪੰਜਾਬੀ ਲੇਖ ਤੂੰ ਲਿਖ ਪੰਜਾਬੀ ਲੇਖ
ਮਾਂ ਦੇ ਨਿਰਮਲ ਦੁੱਧ ਵਿੱਚ ਤੂੰ ਕਾਂਜੀ ਨਾ ਘੋਲ
ਇੱਕ ਰੱਬ ਦਾ ਬਣ ਜਾ ਮਨੁੱਖ ਨੂੰ ਨਸੀਅਤ ਹੈ
ਬੰਦਾ ਇੱਕ ਦਾ ਬਣ ਕੇ ਬੈਠੇ
ਬੰਦਾ ਨਹੀਂ ਹੁੰਦਾ ਦਰ ਦਰ ਦਾ
ਮੋਮਨ ਸਾਹਿਬ ਜੀ ਦੀ ਸਮੁੱਚੀ ਰਚਨਾ ਵਿੱਚ ਜੋ ਉਮਰ ਭਰ ਦੇ ਤਜਰਬੇ ਹਨ। ਉਸ ਵਿੱਚ ਆਦਮੀ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਹੀ ਉਸ ਨੂੰ ਦੁਨੀਆ ਵਿੱਚ ਯਾਦ ਰੱਖਿਆ ਜਾ ਸਕੇਗਾ ਤੇ ਰਚਨਾ ਨੂੰ ਅਧਿਆਤਮਕ ਛੋਹ ਵੀ ਪ੍ਰਾਪਤ ਹੈ।
ਲੋਕ ਉਸ ਦੀ ਪੈੜ ਨੂੰ ਸਦਾ ਪੂਜਦੇ
ਭਾਰ ਸਾਰੀ ਜ਼ਿੰਦਗੀ ਦਾ ਜੋ ਮੁਸਾਫ਼ਰ ਸਹਿ ਗਿਆ
ਮੋਮਨ ਸਾਹਿਬ ਨਾਲ ਮੇਰਾ ਸਬੰਧ 30 ਸਾਲ ਤੱਕ ਤੋਂ ਰਿਹਾ ਹੈ। ਜਦੋਂ ਮੈਂ ਮਈ 1995 ਵਿੱਚ ਨਿਊਯਾਰਕ ਤੋਂ ਆ ਕੇ ਕੈਲੀਫੋਰਨੀਆ ਆ ਵਸਿਆ। ਭਾਈਚਾਰੇ ਦੇ ਪ੍ਰੋਗਰਾਮਾਂ ਧਾਰਮਿਕ ਸੱਭਿਆਚਾਰਕ ਅਤੇ ਸਾਹਿਤਕ ਆਦਿ ਵਿੱਚ ਇਕੱਠੇ ਸ਼ਿਰਕਤ ਕਰਦੇ ਰਹੇ ਸਾਂ। ਫਿਰ ਫੋਨ ਤੇ ਲੰਬੀਆਂ ਵਿਚਾਰਾਂ ਹੁੰਦੀਆਂ ਰਹੀਆਂ। ਮੋਮਨ ਸਾਹਿਬ ਮੈਨੂੰ ਕਿਹਾ ਕਰਦੇ ਸਨ ਕਿ ਇਹ ਸਾਡਾ ਪਿਆਰ ਬਣਿਆ ਰਹੇ। ਫਿਰ ਮੈਂ ਵੀ ਤਾਂ ਫੋਨ ਰਾਹੀਂ ਉਹਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਸੀ। ਉਹਨਾਂ ਦੇ ਬਿਮਾਰ ਹੋਣ ਤੋਂ 10 ਦਿਨ ਪਹਿਲਾਂ ਹੀ ਮੈਂ ਉਹਨਾਂ ਦੇ ਘਰ ਆਪਣੀ ਪੁਸਤਕ ‘ਚਾਨਣ ਇਤਿਹਾਸ ਦਾ’ ਭੇਂਟ ਕਰਨ ਗਿਆ। ਉਹਨਾਂ ਮੇਰੀ ਪੁਸਤਕ ਮੱਥੇ ਨਾਲ ਛੁਹਾ ਕੇ ਭੇਂਟ ਸਵੀਕਾਰ ਕੀਤੀ। ਉਹਨਾਂ ਮੇਰੀ ਪੁਸਤਕ ਪੜ੍ਹਨੀ ਵੀ ਸ਼ੁਰੂ ਕਰ ਲਈ ਸੀ। ਅੰਤ ਸਮੇਂ ਤੱਕ ਉਹ ਮੇਰੀ ਪੁਸਤਕ ਪੜ ਰਹੇ ਸਨ। ਜਦੋਂ ਉਹਨਾਂ ਦੀ ਸਿਹਤ ਵਿਗੜੀ ਤਾਂ ਉਹ ਮੇਰੀ ਪੁਸਤਕ ਵਿਚੋਂ ‘ਦਿੱਲੀ ਦੇ ਗੁਰਦੁਆਰਿਆਂ ਦਾ ਇਤਿਹਾਸ’ ਪੜ ਰਹੇ ਸਨ। ਪੜ੍ਹਨੀ ਜਾਰੀ ਰੱਖਣ ਲਈ ਨਿਸ਼ਾਨੀ ਵਜੋਂ ਕਾਗ਼ਜ਼ ਉਸ ਸਫ਼ੇ ’ਤੇ ਰੱਖਿਆ ਹੋਇਆ ਸੀ ਕਿ ਅਜੇ ਹੋਰ ਪੜ੍ਹਨੀ ਹੈ, ਪਰ ..। ਇਹ ਉਹਨਾਂ ਦੀ ਸਾਹਿਤ ਇਤਿਹਾਸ ਪ੍ਰਤੀ ਰੁਚੀ ਦੀ ਵਿਲੱਖਣ ਮਿਸਾਲ ਹੈ।
ਉਮਰ ਦਾ ਤਕਾਜ਼ਾ ਹੈ ਕੁਝ ਸਿਹਤ ਮੁਸ਼ਕਿਲਾਂ ਆ ਜਾਂਦੀਆਂ ਹਨ। ਇਸ ਲਈ ਉਹ ਹੁਣ ਪ੍ਰੋਗਰਾਮਾਂ ਵਿੱਚ ਨਹੀਂ ਆ ਜਾ ਸਕਦੇ ਸਨ। ਲਿਖਣਾ ਵੀ ਛੱਡ ਗਏ ਸਨ। ਕਹਿੰਦੇ ਸਨ ਕਿ ਹੁਣ ਅੱਗੇ ਦਾ ਹੀ ਖਿਆਲ ਕਰੀਏ। ਉਹ ਚੇਤੰਨ ਮਨ ਸਨ ਅਤੇ ਮੰਚ ਕਵੀ ਦੀ ਆਵਾਜ਼ ਬੁਲੰਦ ਸੀ। ਅਖੀਰੀ ਉਮਰ ਵਾਲਿਆਂ ਲਈ ਇਸ਼ਾਰਾ ਕਰਦੇ ਹਨ
ਬੜੀ ਮਾਲਾ ਫੇਰੀ ਬੜਾ ਮਨ ਧੋਇਆ
ਮੈਂ ਹਰ ਸਵਾਸ ਮਣਕੇ ਦੇ ਵਾਂਗੂ ਪ੍ਰੋਇਆ
ਧੂਣੇ ਵੀ ਤਾਏ ਬੜੇ ਯੋਗ ਸਾਧੇ
ਮੇਰੇ ਮਨ ਵਿੱਚ ਤੇਰਾ ਬਸੰਗ ਨਾ ਹੋਇਆ
ਮਹਾਨ ਸ਼ਾਇਰ ਈਸ਼ਰ ਸਿੰਘ ਮੋਮਨ 8 ਜੁਲਾਈ 2025 ਲਗਭਗ 100 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। ਮੋਮਨ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਹਿਬ ਰਾਹੀਂ ਮਾਂ ਬੋਲੀ ਦੀ ਝੋਲੀ ਪਾਏ ਹਨ। ਸਾਡੇ ਕੋਲ ਉਹਨਾਂ ਦੀ ਵਿਸ਼ਾਲ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਹੈ। ਉਹਨਾਂ ਦਾ ਜੀਵਨ ਇੱਕ ਅਜਿਹੀ ਪ੍ਰਯੋਗਸ਼ਾਲਾ ਸੀ, ਜਿਸ ਨੂੰ ਨੇੜਿਓਂ ਵੇਖਿਆ, ਜੀਵਨ ਦੀ ਚੰਗੀ ਸੇਧ ਮਿਲਦੀ ਹੈ। ਇਹੀ ਉਸ ਦੀ ਸ਼ਾਇਰੀ ਦਾ ਸਭ ਤੋਂ ਵੱਡਾ ਹਾਸਿਲ ਹੈ
ਜ਼ਮਾਨਾ ਬੜੇ ਸ਼ੋਕ ਸੇ ਸੁਨ ਰਹਾ ਥਾ
ਹਮੀ ਸੋਂ ਗਏ , ਦਾਸਤਾਂ ਕਹਿਤੇ ਕਹਿਤੇ। ਸਾਕੀਬ ਲਖਨਵੀ।