
ਬਘੇਲ ਸਿੰਘ ਧਾਲੀਵਾਲ
ਪੰਜਾਬ, ਜਿਹੜਾ ਆਪਣੀ ਵੀਰਤਾ ਅਤੇ ਸੱਭਿਆਚਾਰਕ ਵਿਰਸੇ ਲਈ ਜਾਣਿਆ ਜਾਂਦਾ ਹੈ, ਅੱਜ-ਕੱਲ੍ਹ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਅਪਰਾਧ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੇ ਲੋਕਾਂ ਦਾ ਜੀਣ ਮੁਹਾਲ ਕਰ ਦਿੱਤਾ ਹੈ। ਸਰਕਾਰ ਦੀਆਂ ਰਿਪੋਰਟਾਂ ਨੂੰ ਹੀ ਸਹੀ ਮੰਨੀਏ ਤਾਂ ਇਸ ਵੇਲੇ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਹਨ ਜੋ ਜੀਵਨ ਦੀ ਸਹੀ ਤੋਰ ਤੋਂ ਭਟਕ ਕੇ ਗੈਂਗਸਟਰਾਂ ਦਾ ਜੀਵਨ ਜੀਉ ਰਹੇ ਹਨ। ਸਿੱਧੇ ਸਾਦੇ ਨੌਜਵਾਨ ਪੜ੍ਹਨ ਦੀ ਉਮਰੇ ਅਜਿਹੇ ਪੁੱਠੇ ਕਾਰਿਆਂ ਵਿੱਚ ਕਿਉਂ ਫ਼ਸ ਜਾਂਦੇ ਹਨ, ਜੋ ਉਹਨਾਂ ਦੀ ਬਰਬਾਦੀ ਦਾ ਕਾਰਨ ਬਣਦੇ ਹਨ।
ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਸਾਡੇ ਰਾਜਨੀਤਕ ਲੀਡਰ ਹਨ। ਅੱਜਕੱਲ੍ਹ ਰਾਜਨੀਤੀ ਵਿੱਚ ਗੁੰਡਾਗਰਦੀ ਦੇ ਅੰਸ਼ ਵਧ ਰਹੇ ਹਨ। ਜਿਹੜੀ ਵੀ ਧਿਰ ਸ਼ਕਤੀ ਵਿੱਚ ਆਉਂਦੀ ਹੈ, ਉਹੀ ਵਿਰੋਧੀਆਂ ਨੂੰ ਦਬਾਉਣ ਲਈ ਗੁੰਡਾ ਅਨਸਰਾਂ ਦਾ ਸਹਾਰਾ ਲੈਂਦੀ ਹੈ। ਇੱਕ ਲੀਡਰ (ਵਿਸ਼ੇਸ਼ ਤੌਰ ’ਤੇ ਸਾਡੇ ਐੱਮ. ਐੱਲ. ਏਜ.) ਅਤੇ ਉਸਦੇ ਇਲਾਕੇ ਵਿੱਚ ਰਹਿਣ ਵਾਲੇ ਉਸਦੇ ਨੇੜਲੇ ਆਦਮੀਆਂ ਦੁਆਲੇ ਅਜਿਹੇ ਨੌਜਵਾਨ ਜੁੜ ਜਾਂਦੇ ਹਨ, ਜੋ ਨਜਾਇਜ਼ ਕਬਜ਼ੇ ਕਰਨ ਅਤੇ ਇਲਾਕੇ ਵਿੱਚ ਹੁੰਦੇ ਝਗੜਿਆਂ ਵਿੱਚ ਘੜੰਮ ਚੌਧਰੀ ਬਣਨ ਦੀ ਲਾਲਸਾ ਰੱਖਦੇ ਹਨ। ਇਹ ਛੋਟੇ ਛੋਟੇ ਲੀਡਰ ਵੱਡੇ ਲੀਡਰ ਦੀ ਹਮਾਇਤ ਅਤੇ ਪੁਲਿਸ ਦੀ ਮਦਦ ਨਾਲ ਆਪਣੀ ਚੱਕਵੀਂ ਕਿਸਮ ਦੀ ਲੀਡਰੀ ਕਰਨ ਲੱਗ ਪੈਂਦੇ ਹਨ। ਕਿਉਂਕਿ ਲੀਡਰ ਅਤੇ ਉਸਦੇ ਆਦਮੀਆਂ ਨੇ ਇਹਨਾਂ ਨੌਜਵਾਨਾਂ ਨੂੰ ਹਰ ਇਲੈਕਸ਼ਨ ਵਿੱਚ ਜਾਇਜ਼ ਨਜਾਇਜ਼ ਕੰਮਾਂ ਲਈ ਵਰਤਣਾ ਹੁੰਦਾ ਹੈ, ਇਸ ਲਈ ਉਹ ਇਹਨਾਂ ਨੌਜਵਾਨਾਂ ਦੀ ਹਮਾਇਤ ਕਰਦੇ ਹਨ। ਇਸ ਲੁਕਵੀਂ ਹਮਾਇਤ ਸਦਕਾ ਪੁਲਿਸ ਇਹਨਾਂ ਦੇ ਕੰਮਾਂ (ਕਿਤੇ ਕਿਸੇ ਦਾ ਕਬਜ਼ਾ ਕਰਾਇਆ, ਕਿਸੇ ਨੂੰ ਧਮਕੀ ਦਿੱਤੀ, ਕਿਸੇ ਨੂੰ ਕੁੱਟ ਦਿੱਤਾ) ਤੋਂ ਅੱਖਾਂ ਮੀਟ ਰੱਖਦੀ ਹੈ। ਅਕਸਰ ਇਹ ਨੌਜਵਾਨ ਨਸ਼ੇੜੀ ਕਿਸਮ ਦੇ ਹੁੰਦੇ ਹਨ। ਹਰ ਇਲਾਕੇ ਦਾ ਐੱਮ. ਐੱਲ. ਏ. ਅਤੇ ਐੱਸ. ਐੱਚ. ਓ. ਇਹਨਾਂ ਦੇ ਨਸ਼ਿਆਂ ਦੀ ਪੂਰਤੀ ਕਰਦੇ ਹਨ। ਮੁਫ਼ਤ ਵਿੱਚ ਮਿਲਦੇ ਨਸ਼ਿਆਂ ਕਾਰਨ ਇਹ ਲੋਕ ਆਪਣੇ ਜੋਟੀਦਾਰਾਂ ਵਿੱਚ ਵਾਧਾ ਕਰਦੇ ਜਾਂਦੇ ਹਨ। ਜਦੋਂ ਮਹਿੰਗੇ ਨਸ਼ਿਆਂ ਦੀ ਪੂਰਤੀ ਵਿੱਚ ਕਮੀ ਆਉਂਦੀ ਹੈ ਤਾਂ ਇਹ ਲੋਕ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦੇ ਹਨ। ਕਿਉਂਕਿ ਇਹ ਲੋਕ ਨਸ਼ਿਆਂ ਦੇ ਕਾਰੋਬਾਰ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹਨ, ਇਸ ਲਈ ਛੇਤੀ ਹੀ ਪੈਸੇ ਵੀ ਕਮਾਉਣ ਲੱਗ ਪੈਂਦੇ ਹਨ। ਇੰਝ ਐਸ਼ ਪ੍ਰਸਤ ਜ਼ਿੰਦਗੀ ਜਿਊਣ ਵਾਲੇ ਲਈ ਗੈਂਗਸਟਰ ਬਣਨ ਦਾ ਰਾਹ ਖੁੱਲ੍ਹਦਾ ਹੈ।
ਇਹਨਾਂ ਨੌਜਵਾਨਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਇਹ ਨਸ਼ਿਆਂ ਦੀ ਦਲਦਲ ਵਿੱਚ ਧਕੇਲ ਰਹੇ ਲੀਡਰ ਉਹਨਾਂ ਦਾ ਭਲਾ ਨਹੀਂ ਕਰ ਰਹੇ। ਉਹਨਾਂ ਦੁਆਲੇ ਜੋ ਤਾਕਤ ਦੇ ਖੰਭ ਨਿਕਲੇ ਹਨ, ਇਹ ਪਰਾਏ ਹਨ। ਜਦੋਂ ਤੁਸੀਂ ਲੀਡਰਾਂ ਦੇ ਕਹਿਣੇ ਵਿੱਚ ਨਾ ਰਹੇ ਜਾਂ ਉਹਨਾਂ ਦੇ ਕੰਮ ਦੇ ਨਾ ਰਹੇ, ਤੁਹਾਨੂੰ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਕਾਨੂੰਨ ਨਾਲ ਖਿਲਵਾੜ ਜੇਲ੍ਹ ਅਤੇ ਗੁਮਨਾਮੀ ਵੱਲ ਜਾਂਦਾ ਰਸਤਾ ਹੈ, ਜੀਵਨ ਤੇ ਖੁਸ਼ਹਾਲੀ ਵੱਲ ਨਹੀਂ।
ਗੈਂਗਸਟਰ ਬਣਨ ਦਾ ਦੂਸਰਾ ਵੱਡਾ ਕਾਰਨ ਬੇਰੁਜ਼ਗਾਰੀ ਹੈ। ਪਿੰਡ ਕੀ, ਸ਼ਹਿਰ ਕੀ, ਹਰ ਥਾਂ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹਨ। ਸਰਕਾਰਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਪਹਿਲੀਆਂ ਸਰਕਾਰਾਂ ਆਪਣੇ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਬਾਰੇ ਸੋਚਦੀਆਂ ਸਨ, ਪਰ ਅੱਜ ਦੀਆਂ ਸਰਕਾਰਾਂ ਤਾਂ ਸਿਰਫ਼ ਦਲਾਲੀ ਕਰਨ ਨੂੰ ਹੀ ਰਾਜਨੀਤੀ ਸਮਝਦੀਆਂ ਹਨ। ਵੱਡੀਆਂ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਦੇਸ਼ ਦੇ ਕੁਦਰਤੀ ਸ੍ਰੋਤ ਵੇਚੀ ਜਾ ਰਹੀਆਂ ਹਨ। ਨੌਜਵਾਨਾਂ ਦੀ ਭਲਾਈ ਲਈ ਕੋਈ ਸਕੀਮ ਨਹੀਂ। ਜੇਕਰ ਸਕੀਮ ਹੈ ਤਾਂ ਮੁਫ਼ਤ ਫ਼ੋਨ, ਮੁਫ਼ਤ ਮੋਬਾਇਲ ਡਾਟਾ, ਮੁਫ਼ਤ ਯਾਤਰਾ ਆਦਿ। ਪਰਿਵਾਰ ਪਾਲਣ ਦੀ ਉਮਰੇ ਬੇਰੁਜ਼ਗਾਰ ਨੌਜਵਾਨ ਜਾਂ ਤਾਂ ਧਾਰਮਿਕ ਡੇਰਿਆਂ ਤੇ ਬਾਬਿਆਂ ਦੇ ਅੰਧਵਿਸ਼ਵਾਸੀ ਪ੍ਰਵਚਨ ਸੁਣਨ ਲਈ ਜਾਂਦੇ ਹਨ ਜਾਂ ਫ਼ਿਰ ਰਾਜਨੀਤਕ ਲੀਡਰਾਂ ਦੇ ਚਮਚਿਆਂ ਕੋਲ ਨਸ਼ਿਆਂ ਦੀ ਪੂਰਤੀ ਕਰਨ। ਨੌਜਵਾਨ ਪੀੜ੍ਹੀ ਕੋਲ ਕੋਈ ਆਦਰਸ਼ ਨਹੀਂ ਰਹਿ ਗਿਆ। ਰੋਜ਼ਗਾਰ ’ਤੇ ਲੱਗਾ ਹੋਇਆ ਕੋਈ ਵਿਅਕਤੀ ਸੌਖਿਆਂ ਗੈਂਗਸਟਰ ਨਹੀਂ ਬਣਦਾ ਪਰ ਬੇਰੁਜ਼ਗਾਰੀ ਦੀ ਹਾਲਤ ਵਿੱਚ ਗੈਂਗਸਟਰ ਬਣਨ ਦੇ ਬਹੁਤ ਮੌਕੇ ਹੋ ਸਕਦੇ ਹਨ। ਰੋਜ਼ਗਾਰ ਲੈਣਾ ਦੇਸ਼ ਦੇ ਨਾਗਰਿਕਾਂ ਦਾ ਹੱਕ ਹੁੰਦਾ ਹੈ, ਕੋਈ ਖੈਰਾਤ ਨਹੀਂ ਹੁੰਦੀ।
ਪੰਜਾਬ ਪੁਲਿਸ, ਜਿਹੜੀ ਲੋਕਾਂ ਦੀ ਸੁਰੱਖਿਆ ਅਤੇ ਇਨਸਾਫ਼ ਦੀ ਰਾਖੀ ਲਈ ਹੋਣੀ ਚਾਹੀਦੀ ਸੀ, ਉਹ ਅਕਸਰ ਆਪਣੇ ਹੀ ਲੋਕਾਂ ਵਿਰੁੱਧ ਜ਼ੁਲਮ ਦੀ ਮਿਸਾਲ ਬਣ ਜਾਂਦੀ ਹੈ। ਝੂਠੇ ਪੁਲਿਸ ਮੁਕਾਬਲੇ, ਜਿਨ੍ਹਾਂ ਦੀਆਂ ਕਹਾਣੀਆਂ 70-80 ਦੇ ਦਹਾਕੇ ਤੋਂ ਚੱਲੀਆਂ ਆ ਰਹੀਆਂ ਹਨ, ਅੱਜ ਵੀ ਪੰਜਾਬ ਦੇ ਲੋਕਾਂ ਦੇ ਜ਼ਖ਼ਮਾਂ ਨੂੰ ਹੋਰ ਡੂੰਘਾ ਕਰ ਰਹੀਆਂ ਹਨ। ਤਾਜ਼ਾ ਮਾਮਲਾ ਅਬੋਹਰ ਦਾ ਹੈ, ਜਿੱਥੇ ਇੱਕ ਕੱਪੜਾ ਵਪਾਰੀ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਚਰਚਾ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਇਹ ਕਹਾਣੀਆਂ ਹੁਣ ਇੰਨੀਆਂ ਪੁਰਾਣੀਆਂ ਹੋ ਚੁੱਕੀਆਂ ਹਨ ਕਿ ਲੋਕਾਂ ਦਾ ਭਰੋਸਾ ਪੁਲਿਸ ਤੋਂ ਉੱਠਦਾ ਜਾ ਰਿਹਾ ਹੈ। ਹਰ ਵਾਰ ਇੱਕੋ ਜਿਹੀ ਕਹਾਣੀ—ਕੋਈ ਮੁਲਜ਼ਮ ਅਸਲੇ ਦੀ ਬਰਾਮਦਗੀ ਸਮੇਂ ਪੁਲਿਸ ’ਤੇ ਹਮਲਾ ਕਰਦਾ ਹੈ ਅਤੇ ਜਵਾਬੀ ਗੋਲੀਬਾਰੀ ਵਿੱਚ ਮਾਰਿਆ ਜਾਂਦਾ ਹੈ। ਕੀ ਇਹ ਸੰਭਵ ਹੈ ਕਿ ਹਰ ਵਾਰ ਮੁਲਜ਼ਮ ਨੂੰ ਅਜਿਹਾ ਮੌਕਾ ਮਿਲ ਜਾਵੇ? ਇਹ ਸਵਾਲ ਹਰ ਇਨਸਾਫ਼ ਪਸੰਦ ਵਿਅਕਤੀ ਦੇ ਮਨ ਵਿੱਚ ਉੱਠ ਰਿਹਾ ਹੈ। ਪੰਜਾਬ ਪੁਲਿਸ ਕੋਲ ਅੱਜ ਨਵੀਨਤਮ ਹਥਿਆਰ, ਸੰਚਾਰ ਸਾਧਨ ਅਤੇ ਤਕਨੀਕ ਹੈ, ਪਰ ਫ਼ਿਰ ਵੀ ਇਹ ਝੂਠੇ ਮੁਕਾਬਲਿਆਂ ਦੀਆਂ ਪੁਰਾਣੀਆਂ ਕਹਾਣੀਆਂ ਤੋਂ ਅੱਗੇ ਨਹੀਂ ਵਧ ਸਕੀ। ਇਹ ਸਿਰਫ਼ ਪੁਲਿਸ ਦੀ ਨਾਕਾਮੀ ਨਹੀਂ, ਸਗੋਂ ਸੂਬਾ ਸਰਕਾਰ ਦੀ ਨੀਅਤ ਅਤੇ ਕੇਂਦਰ ਦੀ ਪੰਜਾਬ ਵਿਰੋਧੀ ਸੋਚ ਦਾ ਨਤੀਜਾ ਵੀ ਹੈ। ਪੁਲਿਸ ਦੀ ਇਹ ਕਾਰਗੁਜ਼ਾਰੀ ਨਾ ਸਿਰਫ਼ ਲੋਕਾਂ ਦੇ ਹੱਕਾਂ ਦੀ ਉਲੰਘਣਾ ਕਰਦੀ ਹੈ, ਸਗੋਂ ਸਮਾਜ ਵਿੱਚ ਅਸੁਰੱਖਿਆ ਅਤੇ ਡਰ ਦਾ ਮਾਹੌਲ ਪੈਦਾ ਕਰਦੀ ਹੈ। ਇਸ ਦੇ ਨਾਲ ਹੀ, ਪੰਜਾਬ ਵਿੱਚ ਅਪਰਾਧ ਦਾ ਗ੍ਰਾਫ਼ ਵੀ ਘਟਣ ਦੀ ਬਜਾਏ ਵਧ ਰਿਹਾ ਹੈ। ਨਸ਼ਿਆਂ ਦੀ ਸਮੱਸਿਆ, ਜਿਸ ਖਿਲਾਫ਼ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਅੱਜ ਵੀ ਜਿਉਂ ਦੀ ਤਿਉਂ ਹੈ। ਪਿੰਡ-ਪਿੰਡ ਵਿੱਚ ਨਸ਼ੇ ਦੀ ਉਪਲਬਧਤਾ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੇ ਸਰਕਾਰ ਅਤੇ ਪੁਲਿਸ ਦੀਆਂ ਪੋਲਾਂ ਖੋਲ੍ਹ ਦਿੱਤੀਆਂ ਹਨ। ਗੈਂਗਵਾਰ ਅਤੇ ਫ਼ਿਰੌਤੀਆਂ ਦਾ ਖੌਫ਼ ਲੋਕਾਂ ਦੀ ਨੀਂਦ ਉਡਾ ਰਿਹਾ ਹੈ। ਸਿੱਧੂ ਮੂਸੇਵਾਲਾ ਵਰਗੇ ਮਸ਼ਹੂਰ ਗਾਇਕ ਦਾ ਕਤਲ ਅਜੇ ਵੀ ਪੰਜਾਬ ਦੇ ਸਿਸਟਮ ਤੇ ਕਾਲਖ ਦਾ ਧੱਬਾ ਹੈ। ਸਵਾਲ ਇਹ ਹੈ ਕਿ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਅਜਿਹੇ ਗੁਨਾਹ ਕਿਉਂ ਕਰਦੀ ਹੈ? ਕੀ ਕਾਨੂੰਨ ਦੀ ਪਾਲਣਾ ਕਰਨਾ ਪੁਲਿਸ ਦਾ ਮੁੱਢਲਾ ਫ਼ਰਜ਼ ਨਹੀਂ? ਜੇਕਰ ਪੁਲਿਸ ਹੀ ਕਾਨੂੰਨ ਦੀ ਧੱਜੀਆਂ ਉਡਾਵੇਗੀ, ਤਾਂ ਲੋਕਾਂ ਨੂੰ ਇਨਸਾਫ਼ ਕਿੱਥੋਂ ਮਿਲੇਗਾ? ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਸਖ਼ਤੀ ਨਾਲ ਧਿਆਨ ਦੇਵੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੌਕਰਸ਼ਾਹੀ ’ਤੇ ਨਕੇਲ ਕੱਸਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲਾ ਸਮਾਂ ਹੋਰ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ। ਅੰਤ ਵਿੱਚ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਰਮਾਤਮਾ ਦੀ ਕਚਹਿਰੀ ਵਿੱਚ ਸਭ ਨੂੰ ਹਿਸਾਬ ਦੇਣਾ ਪੈਂਦਾ ਹੈ। ਭਾਵੇਂ ਅਪਰਾਧੀ ਹੋਵੇ, ਪੁਲਿਸ ਅਧਿਕਾਰੀ ਜਾਂ ਸਿਆਸਤਦਾਨ, ਕਰਮਾਂ ਦਾ ਫ਼ਲ ਸਭ ਨੂੰ ਮਿਲਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਵੇ ਅਤੇ ਪੁਲਿਸ ਨੂੰ ਜਵਾਬਦੇਹ ਬਣਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਅਤੇ ਸੁਰੱਖਿਆ ਮਿਲ ਸਕੇ। 2027 ਦੀਆਂ ਚੋਣਾਂ ਵਿੱਚ ਲੋਕ-ਕਚਹਿਰੀ ਸਰਕਾਰ ਦੀ ਹਰ ਕਾਰਗੁਜ਼ਾਰੀ ਦਾ ਹਿਸਾਬ ਮੰਗੇਗੀ ਅਤੇ ਉਸ ਸਮੇਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ।